ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਲੈਬ ਤੇ ਲਾਇਬ੍ਰੇਰੀ ਸਟਾਫ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਦਾ ਅਯੋਜਨ ਖੇਤੀਬਾੜੀ ਕਾਲਜ਼ ਦੇ ਸਾਹਮਣੇ ਕੀਤਾ ਗਿਆ। ਜਿਸ ’ਚ ਮੁਲਾਜ਼ਮਾਂ ਦੀਆਂ ਵੱਖ ਵੱਖ ਸਮੱਸਿਆਵਾਂ ’ਤੇ ਵਿਚਾਰਾਂ ਕਰਨ ਸਮੇਤ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਹਰਬੰਸ ਸਿੰਘ ਮੁੰਡੀ ਦੀ ਅਗਵਾਈ ਵਾਲੀ ਟੀਮ ’ਤੇ ਲੈਬ ਤੇ ਲਾਇਬ੍ਰੇਰੀ ਸਟਾਫ ਨਾਲ ਧੱਕਾ ਕਰਨ ਦਾ ਦੋਸ਼ ਲਗਾਇਆ ਗਿਆ।
ਇਸ ਮੀਟਿੰਗ ਦੀ ਕਾਰਵਾਈ ਲੈਬ ਤੇ ਲਾਇਬ੍ਰੇਰੀ ਸਟਾਫ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਰੀਕ ਸਿਘ ਘੁੰਗਰਾਣਾ ਵੱਲੋਂ ਚਲਾਈ ਗਈ, ਜਦਕਿ ਪ੍ਰਧਾਨਗੀ ਸੁਭਾਸ਼ ਕੁਮਾਰ ਵੱਲੋਂ ਕੀਤੀ ਗਈ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਿੰਦਰ ਸਿੰਘ, ਧਰਮਿੰਦਰ ਸਿੰਘ, ਵਿਨੈ ਕੁਮਾਰ ਤਿਵਾੜੀ, ਸੁਰਿੰਦਰ ਵਾੜਾ, ਭਜਨ ਸਿੰਘ, ਅਮਰਜੀਤ ਸਿੰਘ, ਬਹਾਦਰ ਸਿੰਘ, ਅਵਰੇਜ ਸਿੰਘ, ਰਮੇਸ਼ ਮਸੰਦ ਵੱਲੋਂ ਵੀ ਸੰਬੋਧਨ ਕੀਤਾ ਗਿਆ।
ਜਿਨ੍ਹਾਂ ਬੁਲਾਰਿਆਂ ਨੇ ਮੁੰਡੀ ਧੜੇ ਦੀਆਂ ਨੀਤੀਆਂ ਨੂੰ ਸਿਰ੍ਹੇ ਤੋਂ ਨਕਾਰਦਿਆਂ ਕਿਹਾ ਕਿ ਹਰਬੰਸ ਸਿੰਘ ਮੁੰਡੀ ਦੀ ਅਗਵਾਈ ਵਾਲੀ ਟੀਮ ਵੱਲੋਂ ਕਰੀਬ ਦੋ ਸਾਲ ਪਹਿਲਾਂ ਚੋਣਾਂ ਵੇਲੇ ਮੁਲਾਜ਼ਮਾਂ ਨਾਲ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਹੈ। ਇਸ ਲੜੀ ਹੇਠ ਪ੍ਰਮੋਸ਼ਨ ਲਈ ਤਜ਼ੁਰਬੇ ਦਾ ਸਮਾਂ ਅੱਠ ਸਾਲ ਤੋਂ ਘਟਾ ਕੇ ਪੰਜ ਸਾਲ, ਚਾਰ ਸਾਲ, ਤਿੰਨ ਸਾਲ ਕਰਨ ਤੋਂ ਇਲਾਵਾ ਪ੍ਰੇ ਗ੍ਰੇਡ 1900 ਤੋਂ 2400 ਕਰਵਾਇਆ ਜਾਣਾ ਸੀ। ਪਰ ਇਨ੍ਹਾਂ ਨੇ ਕੋਈ ਵੀ ਫੈਸਲਾ ਲਾਗੂ ਨਹੀਂ ਕਰਵਾਇਆ ਹੈ ਤੇ ਤਜ਼ੁਰਬੇ ਦੀ ਚਿੱਠੀ ਰਾਹੀਂ ਮੁਲਾਜ਼ਮਾਂ ਨਾਲ ਧੱਕਾ ਕਰਦਿਆਂ ਲਾਇਬ੍ਰੇਰੀ ਸਟਾਫ ਨੂੰ ਪੂਰੀ ਤਰ੍ਹਾਂ ਅਣਗੋਲਿਆ ਗਿਆ ਹੈ।
ਇਸੇ ਤਰ੍ਹਾਂ, ਮੁੰਡੀ ਟੀਮ ਵੱਲੋਂ ਜਨਸੰਖਿਆ ਦੀ ਗਿਣਤੀ ਦੀ ਕੰਮ ਲਈ ਮੁਲਾਜ਼ਮਾਂ ਡਿਊਟੀ ਨੂੰ ਦੁਪਹਿਰ 2 ਵਜੇ ਤੋਂ ਬਾਅਦ ਲਗਵਾ ਦਿੱਤਾ ਗਿਆ, ਜੋ ਪੂਰੀ ਤਰ੍ਹਾਂ ਧੱਕਾ ਹੈ। ਇਸ ਦੌਰਾਨ ਸਮੂਹ ਮੁਲਾਜ਼ਮਾਂ ਵੱਲੋਂ ਫੈਸਲਾ ਲਿਆ ਗਿਆ ਕਿ ਕੱਲ੍ਹ 6.1.2016 ਦਿਨ ਬੁੱਧਵਾਰ ਨੂੰ ਹੋਣ ਵਾਲੀ ਜਨਰਲ ਬਾਡੀ ਦੀ ਮੀਟਿੰਗ ਦੌਰਾਨ ਤਰੱਕੀ ਲਈ ਤਜ਼ੁਰਬੇ ਦੀ ਕੱਢੀ ਚਿੱਠੀ ਤੇ ਹੋਰਨਾਂ ਮੁਲਾਜ਼ਮ ਵਿਰੋਧੀ ਫੈਸਲਿਆਂ ਦਾ ਡੱਟਵਾਂ ਵਿਰੋਧ ਕੀਤਾ ਜਾਵੇਗਾ। ਮੀਟਿੰਗ ’ਚ ਵੱਡੀ ਗਿਣਤੀ ’ਚ ਮੁਲਾਜ਼ਮ ਸ਼ਾਮਿਲ ਰਹੇ।