ਨਵੀਂ ਦਿੱਲੀ : ਨੌਜਵਾਨਾਂ ਨੂੰ ਧਰਮ ਦੇ ਨਾਲ ਜੋੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਾਸਟਰ ਤਾਰਾ ਸਿੰਘ ਵੱਲੋਂ ਬਣਾਈ ਗਈ ਗੈਰ ਸਿਆਸੀ ਜਥੇਬੰਦੀ ਬੀਰ ਖਾਲਸਾ ਦਲ ਨੇ ਦਿੱਲੀ ਵਿੱਖੇ ਆਪਣੇ ਕਾਰਜ ਖੇਤਰ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਦਲ ਦੇ ਦਿੱਲੀ ਵਿਖੇ ਮੁਖੀ ਸੁਰਿੰਦਰ ਸਿੰਘ (ਬਿੱਲਾ) ਅਤੇ ਨੌਜਵਾਨ ਆਗੂ ਸਤਬੀਰ ਸਿੰਘ ਗਗਨ ਵੱਲੋਂ ਪੱਛਮ ਦਿੱਲੀ ਦੇ ਫਤਿਹ ਨਗਰ ਦੇ ਸੁਖੋ ਖਾਲਸਾ ਸਕੂਲ ਵਿਖੇ ਬੁਲਾਈ ਗਈ ਮੀਟਿੰਗ ’ਚ ਭਰਵਾ ਇਕੱਠ ਹੋਣ ਨੂੰ ਬਿੱਲਾ ਨੇ ਪੰਥ ਪ੍ਰਤੀ ਨੌਜਵਾਨਾਂ ਦੇ ਪਿਆਰ ਨਾਲ ਜੋੜਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਪੂਰਣ ਤੌਰ ਤੇ ਜਥੇਬੰਦੀ ਵੱਲੋਂ ਸਮਰਪਿਤ ਹੋਣ ਦਾ ਬਿੱਲਾ ਨੇ ਦਾਅਵਾ ਕਰਦੇ ਹੋਏ ਨੌਜਵਾਨਾਂ ਨੂੰ ਗੈਰ ਸਿਆਸੀ ਜਥੇਬੰਦੀ ਦਾ ਹਿੱਸਾ ਬਣਨ ਵਾਸਤੇ ਵੀ ਪ੍ਰੇਰਿਆ।
ਉਨ੍ਹਾਂ ਕਿਹਾ ਕਿ ਸਿਆਸੀ ਜਥੇਬੰਦੀਆਂ ਅਕਸਰ ਆਪਣੇ ਸਿਆਸੀ ਮੁਫਾਦਾ ਵਾਸਤੇ ਪੰਥ ਪ੍ਰਤੀ ਆਪਣੀ ਜਿੰਮੇਵਾਰੀਆਂ ਤੋਂ ਪਿੱਠ ਵਿਖਾ ਕੇ ਸਿਆਸੀ ਲੋਕਾਂ ਦੀ ਗੋਦ ਦਾ ਨਿਘ ਮਾਣਨ ਦਾ ਕਾਰਨ ਬਣ ਜਾਉਂਦੀਆਂ ਹਨ। ਉਨ੍ਹਾਂ ਵਾਸਤੇ ਕੁਰਸੀ ਪਹਿਲੇ ਅਤੇ ਪੰਥ ਪਿੱਛੇ ਹੋ ਜਾਉਂਦਾ ਹੈ। ਇਸ ਕਰਕੇ ਨੌਜਵਾਨਾਂ ਨੂੰ ਧਰਮ ਅਤੇ ਵਿਰਸੇ ਨਾਲ ਜਥੇਬੰਦਕ ਤੌਰ ਤੇ ਜੋੜਨ ਵਾਸਤੇ ਮਾਸਟਰ ਤਾਰਾ ਸਿੰਘ ਵੱਲੋਂ ਬਣਾਈ ਗਈ ਉਕਤ ਜੱਥੇਬੰਦੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਵੱਡੇ ਪੰਥਕ ਆਗੂ ਜਥੇਦਾਰ ਸੰਤੋਖ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਮਜਬੂਤੀ ਦਿੰਦੇ ਹੋਏ ਆਪਣਾ ਵੈਚਾਰਿਕ ਅਤੇ ਨੈਤਿਕ ਸਮਰਥਨ ਦਿੱਤਾ ਸੀ।
ਗਗਨ ਨੇ ਨੌਜਵਾਨਾਂ ਨੂੰ ਪੰਥ ਦੀ ਰੀੜ ਦੀ ਹੱਡੀ ਦੱਸਦੇ ਹੋਏ ਵੱਡੀ ਗਿਣਤੀ ’ਚ ਦਿੱਲੀ ਵਿੱਖੇ ਜਥੇਬੰਦਕ ਢਾਂਚੇ ਨੂੰ ਬਣਾਉਣ ਦਾ ਵੀ ਐਲਾਨ ਕੀਤਾ। ਗਗਨ ਨੇ ਸਾਫ ਕੀਤਾ ਕਿ ਸਿਆਸੀ ਪ੍ਰਭਾਵ ਤੋਂ ਦੂਰ ਪੰਥ ਦੀ ਸੇਵਾ ਲਈ ਨੌਜਵਾਨਾਂ ਨੂੰ ਵੱਡੀਆਂ ਪੰਥਕ ਸੇਵਾਵਾਂ ਦਾ ਹਿੱਸਾ ਬਣਾਉਣ ਲਈ ਇਸ ਕਾਰਜ ਨੂੰ ਸ਼ੁਰੂ ਕੀਤਾ ਗਿਆ ਹੈ। ਗਗਨ ਨੇ ਜਥੇਬੰਦੀ ਦੇ ਪ੍ਰਚਾਰ ਨੂੰ ਧਰਮ ਦੇ ਖੇਤਰ ਤਕ ਹੀ ਸੀਮਿਤ ਰੱਖਣ ਦਾ ਵੀ ਦਾਅਵਾ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਬਣਾਏ ਗਏ ਪੰਥ ਦੇ ਨਿਵੇਕਲੇ ਸਿਧਾਂਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਨੌਤੀ ਦੇਣ ਵਾਲੇ ਲੋਕਾਂ ਨੂੰ ਵੀ ਗਗਨ ਨੇ ਪੰਥ ਦੀ ਏਕਤਾ ਲਈ ਇਕ ਨਿਸ਼ਾਨ ਹੇਠਾਂ ਇਕਜੁੱਟ ਹੋਣ ਦਾ ਵੀ ਸਦਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਸਮੂਲਿਅਤ ਕੀਤੀ।