ਨਵੀਂ ਦਿੱਲੀ : ਬੀਤੇ 20 ਦਸੰਬਰ ਨੂੰ ਰਾਜੌਰੀ ਗਾਰਡਨ ਦੇ ਇਕ ਮਾੱਲ ਵਿਖੇ ਸਿੱਖ ਪਰਿਵਾਰ ਨਾਲ ਹੋਈ ਕੁੱਟ ਮਾਰ ’ਤੇ ਥਾਣਾ ਰਾਜੌਰੀ ਗਾਰਡਨ ’ਚ ਦਰਜ ਕੀਤੀ ਗਈ ਐਫ.ਆਈ.ਆਰ. ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਦਾ ਦਾਇਰਾ ਵਧਾਉਣ ਦੀ ਅਪੀਲ ਕੀਤੀ ਗਈ ਹੈ। ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਇਸ ਬਾਬਤ ਥਾਣਾ ਰਾਜੌਰੀ ਗਾਰਡਨ ਦੇ ਐਸ.ਐਚ.ਓ. ਨੂੰ ਪੁਲਿਸ ਵੱਲੋਂ ਜਾਣਬੁਝ ਕੇ ਗੈਰ ਜਮਾਨਤੀ ਧਾਰਾਵਾਂ ਆਰੋਪੀਆਂ ਦੇ ਖਿਲਾਫ ਨਾ ਲਗਾਉਣ ਦਾ ਵਿਰੋਧ ਪੱਤਰ ਰਾਹੀਂ ਜਤਾਇਆ ਹੈ।
ਮਾਮਲੇ ਦਾ ਹਵਾਲਾ ਦਿੰਦੇ ਹੋਏ ਜੌਲੀ ਨੇ ਦੱਸਿਆ ਕਿ ਇਕ ਵੱਡੇ ਸਟੋਰ ਵਿਚ ਕਿਸੇ ਸਕੀਮ ਤੇ ਡਿਸਕਾਉਂਟ ਦੀ ਮਾਤਰਾ ਨੂੰ ਲੈ ਕੇ ਹੋਈ ਸ਼ਬਦੀ ਤਕਰਾਰ ਤੋਂ ਬਾਅਦ ਸਟੋਰ ਦੇ 10 ਤੋਂ 12 ਬੰਦਿਆਂ ਦੇ ਸਟਾਫ਼ ਵੱਲੋਂ ਬਜ਼ੁਰਗ ਸਿੱਖ ਬੀਬੀ ਨਰਿੰਦਰ ਕੌਰ, ਉਸਦੀ ਬੇਟੀ ਅਤੇ ਪੁੱਤਰ ਨਾਲ ਕੀਤੀ ਗਈ ਗੈਰ ਮਨੁੱਖੀ ਮਾਰਪੀਟ ਦੌਰਾਨ ਸਿੱਖ ਲੜਕੇ ਦੀ ਦਸਤਾਰ ਉਤਰਨ ਦੇ ਨਾਲ ਹੀ ਦਾੜ੍ਹੀ ਪੁੱਟਣ ਦਾ ਦੋਸ਼ ਵੀ ਪੀੜਿਤ ਪਾਸੋਂ ਲਗਾਇਆ ਗਿਆ ਸੀ। ਜਿਸਤੇ ਉਸ ਵੇਲੇ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਇਸ ਘਟਨਾ ਨੂੰ ਨਾ ਬਰਦਾਸ਼ਤ ਕਰਨ ਵਾਲੀ ਘਟਨਾ ਦੱਸਦੇ ਹੋਏ ਪੁਖਤਾ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਸੀ।
ਜੌਲੀ ਨੇ ਦਾਅਵਾ ਕੀਤਾ ਕਿ ਆਰੋਪੀਆਂ ਵੱਲੋਂ ਕੀਤੇ ਗਏੇ ਜ਼ੁਰਮ ਹਾਲਾਂਕਿ ਗੈਰ ਜਮਾਨਤੀ ਧਾਰਾਵਾਂ ਦੇ ਅਧੀਨ ਆਉਂਦੇ ਸੀ ਪਰ ਪੁਲਿਸ ਅਧਿਕਾਰੀਆਂ ਨੇ ਦਰਜ਼ ਕੀਤੀ ਐਫ.ਆਈ.ਆਰ. ਨੰਬਰ 1956/2015 ਵਿਚ ਗੈਰ ਜਮਾਨਤੀ ਧਾਰਾਵਾਂ ਲਗਾਕੇ ਆਰੋਪੀਆਂ ਨੂੰ ਬਚਾਵ ਦਾ ਰਸਤਾ ਦੇ ਦਿੱਤਾ।ਜਿਸ ਕਰਕੇ ਦੂਜੇ ਦਿਨ ਅਦਾਲਤ ਵੱਲੋਂ ਉਨ੍ਹਾਂ ਨੂੰ ਸਹਿਜ ਹੀ ਜਮਾਨਤ ਮਿਲ ਗਈ। ਜੌਲੀ ਨੇ ਐਸ.ਐਚ.ਓ. ਨੂੰ ਇਸ ਕੇਸ ਦੀ ਜਾਂਚ ਦਾ ਦਾਇਰਾ ਵੱਧਾਉਂਦੇ ਹੋਏ ਗੈਰ ਜਮਾਨਤੀ ਧਾਰਾਵਾਂ ਮੁੜ੍ਹ ਤੋਂ ਐਫ.ਆਈ.ਆਰ. ਨਾਲ ਜੋੜਨ ਦੀ ਵਕਾਲਤ ਕੀਤੀ ਹੈ। ਜੌਲੀ ਨੇ ਕਿਹਾ ਕਿ ਸਿੱਖ ਧਰਮ ਦੇ ਚਿਨ੍ਹਾਂ ਨਾਲ ਹੋਈ ਬੇਅਦਬੀ ਜਮਾਨਤੀ ਅਪਰਾਧ ’ਚ ਪੁਲਿਸ ਨੇ ਕਿਵੇਂ ਸ਼ਾਮਿਲ ਕੀਤੀ ਇਹ ਜਾਂਚ ਦਾ ਮੁਖ ਬਿੰਦੂ ਹੋਣਾ ਚਾਹੀਦਾ ਹੈ। ਇਸ ਪੱਤਰ ਦਾ ਉਤਾਰਾ ਦਿੱਲੀ ਦੇ ਪੁਲਿਸ ਕਮਿਸ਼ਨਰ ਅਤੇ ਡੀ.ਸੀ.ਪੀ. ਵੈਸਟ ਦਿੱਲੀ ਨੂੰ ਵੀ ਭੇਜਿਆ ਗਿਆ ਹੈ।