ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਨੇ ਸੰਚਾਰ ਅਤੇ ਸੂਚਨਾ ਦੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਬਣਾਉਂਦੇ ਹੋਏ ਗੂਗਲ ਦੇ ਕੌਮਾਂਤਰੀ ਬਾਜ਼ਾਰ ਵਿਚ ਆਪਣੀ ਦਫ਼ਤਰੀ ਆਨਲਾਈਨ ਐਂਡਰਾਇਡ ਮੋਬਾਇਲ ਐਪਲੀਕੇਸ਼ਨ ‘ਜੀ ਕੇ ਯੂ’ ਲੋਕ ਅਰਪਣ ਕੀਤੀ। ਇਸ ਐਪ ਨਾਲ ਦਫ਼ਤਰੀ ਕੰਮਕਾਜ ਵਿਚ ਤੇਜ਼ੀ ਅਤੇ ਸੁਧਾਰ ਆਉਣ ਦੇ ਨਾਲ-ਨਾਲ ਯੂਨੀਵਰਸਿਟੀ ਕੋਰਸਾਂ ਲਈ ਦਾਖ਼ਲਾ ਵਿਧੀ ਤੇ ਨਿਯਮਾਵਲੀ, ਇਮਤਿਹਾਨਾਂ ਦੇ ਨਤੀਜੇ, ਖ਼ਬਰਾਂ, ਵਿੱਦਿਅਕ ਸੈਮੀਨਾਰ ਅਤੇ ਹੋਰ ਗਤੀਵਿਧੀਆਂ ਬਾਰੇ ਯੂਨੀਵਰਸਿਟੀ ਸੰਬੰਧੀ ਸੰਪੂਰਨ ਜਾਣਕਾਰੀ ਸਿਰਫ ਇਕ ਕਲਿੱਕ ਨਾਲ ਹੀ ਮਿਲ ਸਕੇਗੀ। ਇਹ ਐਪ ਯੂਨੀਵਰਸਿਟੀ ਸੰਬੰਧੀ ਸਹੀ ਅਤੇ ਸੁਰੱਖਿਅਤ ਜਾਣਕਾਰੀ ਦਾ ਇਕ ਅਨਮੋਲ ਖਜ਼ਾਨਾ ਹੋਵੇਗੀ।ਇਸ ਐਪਲੀਕੇਸ਼ਨ ਨੂੰ ਇੰਜੀਨੀਅਰ ਵਿਸ਼ਾਲ ਕੱਕੜ ਦੁਆਰਾ ਡਾ. ਅਸ਼ਵਨੀ ਸੇਠੀ, ਡਿਪਟੀ ਡਾਇਰੈਕਟਰ ਅਤੇ ਪ੍ਰੋ. ਬਰਜਿੰਦਰ ਸਿੰਘ ਮਾਨ, ਕੰਟਰੋਲਰ ਪ੍ਰੀਖਿਆਵਾਂ ਦੀ ਅਗਵਾਈ ਹੇਠ ਵਿਕਸਿਤ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਸੂਤਰਾਂ ਅਨੁਸਾਰ, “ਹਰ ਇਕ ਵਿਦਿਆਰਥੀ ਪ੍ਰੀਖਿਆ ਦੇ ਨਤੀਜੇ ਅਤੇ ਨੋਟਿਸ ਆਦਿ ਇਸ ਐਪਲੀਕੇਸ਼ਨ ਦੇ ਜ਼ਰੀਏ ਵੇਖ ਸਕਦਾ ਹੈ।”
ਡਾ. ਨਛੱਤਰ ਸਿੰਘ ਮੱਲ੍ਹੀ, ਉਪ ਕੁਲਪਤੀ ਨੇ ਅਜੋਕੇ ਜਾਣਕਾਰੀ ਦੇ ਯੁੱਗ ਦੀ ਇਸ ਪਹਿਲਕਦਮੀ ਵਾਲੇ ਉੱਦਮ ਸੰਬੰਧੀ ਸਮੂਹ ਸਟਾਫ ਮੈਂਬਰਾਂ ਨੂੰ ਵਧਾਈ ਦੇ ਪਾਤਰ ਦਰਸਾਇਆ। ਨਾਲ ਹੀ ਉਨ੍ਹਾਂ ਇਸ ਗੱਲ ਦਾ ਭਰੋਸਾ ਵੀ ਦਿਵਾਇਆ ਕਿ ਜਿੱਥੋਂ ਤੱਕ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਦਫ਼ਤਰੀ ਕੰਮਕਾਜਾਂ ਦਾ ਸੰਬੰਧ ਹੈ, ਇਹ ਮੋਬਾਇਲ ਐਪਲੀਕੇਸ਼ਨ ਬਹੁਤ ਲਾਭਕਾਰੀ ਸਿੱਧ ਹੋਵੇਗੀ ਅਤੇ ਇਸਦੀ ਯੋਗ ਕਾਰਗੁਜ਼ਾਰੀ ਦਾ ਸਮੇਂ-ਸਮੇਂ ਮੁਲਾਂਕਣ ਵੀ ਕੀਤਾ ਜਾਂਦਾ ਰਹੇਗਾ।
ਡਾ. ਜਸਮੇਲ ਸਿੰਘ ਧਾਲੀਵਾਲ, ਚਾਂਸਲਰ, ਸ੍ਰ. ਗੁਰਲਾਭ ਸਿੰਘ ਸਿੱਧੂ ਚੇਅਰਮੈਨ, ਸ੍ਰ. ਸੁਖਰਾਜ ਸਿੰਘ ਸਿੱਧੂ ਮੈਨੇਜਿੰਗ ਡਾਇਰੈਕਟਰ ਅਤੇ ਪਰੋ-ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਨੇ ਯੂਨੀਵਰਸਿਟੀ ਦੇ ਇਸ ਨਵੇਂ ਮੀਲ ਪੱਥਰ ਸੰਬੰਧੀ ਸੰਬੰਧਿਤ ਅਧਿਕਾਰੀਆਂ ਨੂੰ ਵਧਾਈ ਦਿੱਤੀ।