ਫ਼ਤਹਿਗੜ੍ਹ ਸਾਹਿਬ – “ਪਠਾਨਕੋਟ ਏਅਰਬੇਸ ਦੇ ਉਤੇ 3-4 ਜਨਵਰੀ ਦੀ ਰਾਤ ਨੂੰ ਹੋਏ ਹਮਲੇ ਦੌਰਾਨ ਤਿੰਨ ਧਿਰਾ ਹਿੰਦੂ, ਮੁਸਲਿਮ ਅਤੇ ਸਿੱਖ ਕੌਮਾਂ ਨਾਲ ਸੰਬੰਧਤ ਇਨਸਾਨ ਮਾਰੇ ਗਏ ਹਨ । ਇਹ ਠੀਕ ਹੈ ਕਿ ਏਅਰਬੇਸ ਵਿਚ ਮਿਗ ਜਹਾਜ, ਹੈਲੀਕਾਪਟਰ ਅਤੇ ਹੋਰ ਫੌਜੀ ਸੁਰੱਖਿਆ ਦਾ ਸਮਾਨ ਦਾ ਨੁਕਸਾਨ ਹੋਣ ਤੋ ਬਚ ਗਿਆ ਹੈ । ਲੇਕਿਨ ਸੈਟਰ ਦੇ ਵਜ਼ੀਰਾਂ ਵੱਲੋਂ ਇਸ ਗੱਲ ਦੀ ਖੁਸ਼ੀ ਮਨਾਉਣਾ ਕਿ ਸੁਰੱਖਿਆ ਸਮਾਨ ਬਚ ਗਿਆ ਹੈ, ਭਾਵੇ ਕਿ ਇਨਸਾਨੀ ਜਾਨਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ । ਉਹਨਾਂ ਇਨਸਾਨੀ ਜਾਨਾਂ ਦੇ ਜਾਣ ਦਾ ਨਾ ਤਾਂ ਕਾਂਗਰਸ, ਨਾ ਬੀਜੇਪੀ, ਨਾ ਬਾਦਲ ਦਲ ਅਤੇ ਨਾ ਹੀ ਆਪ ਪਾਰਟੀ ਵਾਲਿਆ ਨੂੰ ਕੋਈ ਫਿਕਰ ਹੈ । ਸੈਟਰ ਵਿਚ ਉਪਰੋਕਤ ਕਿਸੇ ਵੀ ਹਿੰਦੂਤਵ ਜਮਾਤ ਦੀ ਹਕੂਮਤ ਹੋਵੇ, ਉਹਨਾਂ ਨੂੰ ਮਾਰੇ ਜਾਣ ਵਾਲੇ ਇਨਸਾਨਾਂ ਦੀ ਚਿੰਤਾ ਕਤਈ ਨਹੀਂ ਹੁੰਦੀ । ਜਦੋਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਨੁੱਖਤਾ ਦੇ ਹਰ ਤਰ੍ਹਾਂ ਦੇ ਘਾਣ ਦੇ ਖਿਲਾਫ਼ ਹੈ । ਅਜਿਹੇ ਹਮਲਿਆ ਦੇ ਹੋਣ ਨਾਲ ਇਕ ਗੱਲ ਪ੍ਰਤੱਖ ਹੋ ਗਈ ਹੈ ਕਿ ਕਾਂਗਰਸ, ਬੀਜੇਪੀ, ਆਪ ਪਾਰਟੀ ਜਾਂ ਬਾਦਲ ਦਲ ਸਭ ਸਿੱਖਾਂ ਨੂੰ ਗੁਲਾਮ ਬਣਾਕੇ ਰੱਖਣਾ ਚਾਹੁੰਦੇ ਹਨ । ਇਸੇ ਲਈ ਸੈਟਰ ਅਤੇ ਪੰਜਾਬ ਵਿਚ ਹਕੂਮਤ ਕਰਨ ਵਾਲੀ ਕੋਈ ਵੀ ਜਮਾਤ ਨਾ ਤਾਂ ਸਿੱਖਾਂ ਨੂੰ ਵਿਧਾਨਿਕ ਹੱਕ ਪ੍ਰਦਾਨ ਕਰਦੀਆਂ ਹਨ ਅਤੇ ਨਾ ਹੀ ਉਹਨਾਂ ਨੂੰ ਇਥੋ ਦੇ ਕਾਨੂੰਨ ਅਨੁਸਾਰ ਇਨਸਾਫ਼ ਦਿਵਾਉਣ ਦਾ ਪ੍ਰਬੰਧ ਕਰਦੀਆਂ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੀ ਦੁਨੀਆਂ ਨੂੰ ਇਕ ਗੱਲ ਸਪੱਸਟ ਕਰਦਾ ਹੈ ਕਿ ਹੁਕਮਰਾਨ ਕਿਸੇ ਸਾਜਿ਼ਸ ਅਧੀਨ ਬੇਸ਼ੱਕ ਘੱਟ ਗਿਣਤੀ ਮੁਸਲਿਮ ਅਤੇ ਸਿੱਖ ਕੌਮਾਂ ਨੂੰ ਬਦਨਾਮ ਕਰਨ, ਪਰ ਅਸਲੀਅਤ ਵਿਚ ਸਰਹੱਦਾਂ ਰਾਹੀ ਹੋਣ ਵਾਲੀ ਨਸ਼ੀਲੀਆਂ ਵਸਤਾਂ ਅਤੇ ਹਥਿਆਰਾਂ ਦੀ ਸਮਗਲਿੰਗ ਸਿਆਸਤਦਾਨਾਂ ਦੀ ਸਰਪ੍ਰਸਤੀ ਹਾਸਿਲ ਲੋਕ ਹੀ ਕਰਦੇ ਹਨ ਅਤੇ ਇਹੀ ਲੋਕ ਪਠਾਨਕੋਟ ਏਅਰਬੇਸ ਹਮਲੇ ਦੇ ਹਮਲਾਵਰਾਂ ਲਈ ਗਾਇਡ ਬਣਕੇ ਸਾਹਮਣੇ ਆਏ ਹਨ । ਹੁਣ ਹੁਕਮਰਾਨ ਸੱਚ ਨੂੰ ਸਾਹਮਣੇ ਲਿਆਉਦੇ ਹਨ ਜਾਂ ਦਬਾਉਦੇ ਹਨ ਇਹ ਦੇਖਣਾ ਬਾਕੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਅਤੇ ਜੰਮੂ-ਕਸ਼ਮੀਰ ਦੀਆਂ ਸਰਹੱਦਾਂ ਉਤੇ ਨਸ਼ੀਲੀਆਂ ਵਸਤਾਂ ਦੀ ਅਤੇ ਹਥਿਆਰਾਂ ਦੀ ਹੁੰਦੀ ਆ ਰਹੀ ਸਮਗਲਿੰਗ ਅਤੇ ਪਠਾਨਕੋਟ ਏਅਰਬੇਸ ਵਰਗੇ ਹਮਲਿਆ ਲਈ ਇਥੋ ਦੇ ਸਿਆਸਤਦਾਨਾਂ ਅਤੇ ਉਹਨਾਂ ਦੇ ਪਾਲੇ ਹੋਏ ਸਮਗਲਰਾਂ, ਬਲੈਕ ਕੈਟਸ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਅਤੇ ਇਸ ਦੀ ਨਿਰਪੱਖਤਾ ਤੇ ਇਮਾਨਦਾਰੀ ਨਾਲ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸੈਟਰ ਦੇ ਹੁਕਮਰਾਨ ਭਾਵੇ ਉਹ ਕਾਂਗਰਸ ਹੋਵੇ, ਬੀਜੇਪੀ ਜਾਂ ਹੋਰ ਸਭ ਸਿੱਖ ਕੌਮ ਨੂੰ ਗੁਲਾਮ ਬਣਾਉਣ ਦੀ ਸੋਚ ਅਧੀਨ ਅਮਲ ਕਰਦੇ ਹੋਏ ਹੀ ਪੰਜਾਬ ਦੇ ਸਰਹੱਦੀ ਸੂਬੇ ਵਿਚ ਹੈਰੋਈਨ, ਅਫ਼ੀਮ, ਸਮੈਕ ਆਦਿ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਕਰਵਾਕੇ ਇਥੋ ਦੀ ਸਿੱਖ ਨੌਜ਼ਵਾਨੀ ਨੂੰ ਇਸ ਕਰਕੇ ਨਸਿ਼ਆਂ ਵਿਚ ਡੋਬਣਾ ਚਾਹੁੰਦੇ ਹਨ, ਤਾਂ ਕਿ ਸਿੱਖ ਕੌਮ ਦੀ ਨੌਜ਼ਵਾਨੀ ਆਪਣੀ ਆਜ਼ਾਦੀ ਅਤੇ ਸਾਫ-ਸੁਥਰੀ ਸਿਆਸਤ ਦੀ ਆਵਾਜ਼ ਉਠਾਉਣ ਦੇ ਕਾਬਲ ਨਾ ਰਹੇ । ਜਦੋ ਅਸੀਂ ਬੀਤੇ ਲੰਮੇ ਸਮੇ ਤੋ ਇਹ ਕਹਿੰਦੇ ਆ ਰਹੇ ਹਾਂ ਕਿ ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਖੁਦ ਹੁਕਮਰਾਨ ਤੇ ਸਿਆਸਤਦਾਨ ਕਰਵਾ ਰਹੇ ਹਨ, ਇਸ ਨੂੰ ਕੋਈ ਨਹੀਂ ਸੀ ਪ੍ਰਵਾਨ ਕਰਦਾ । ਲੇਕਿਨ ਹੁਣ ਜਦੋ ਇਹਨਾਂ ਸਮੱਗਲਰਾਂ ਦੀ ਗਾਇਡੈਸ ਦੇ ਰਾਹੀ ਹੀ ਹਮਲਾਵਰ ਪਠਾਨਕੋਟ ਏਅਰਬੇਸ ਅੰਦਰ ਪਹੁੰਚੇ ਹਨ, ਉਹਨਾਂ ਸੰਬੰਧੀ ਹੁਕਮਰਾਨ ਕਹਿੰਦੇ ਹਨ ਪਾਕਿਸਤਾਨ ਤੋ ਆਏ ਹਨ, ਉਹਨਾਂ ਹਮਲਾਵਰਾਂ ਨੂੰ ਗਾਇਡ ਕਰਨ ਵਾਲਿਆ ਸਮਗਲਰਾਂ ਨੂੰ ਪਨਾਹ ਤਾਂ ਹਿੰਦੂਤਵ ਹੁਕਮਰਾਨ, ਕਾਂਗਰਸੀਏ, ਬੀਜੇਪੀ ਅਤੇ ਬਾਦਲ ਦਲੀਏ ਹੀ ਦਿੰਦੇ ਆ ਰਹੇ ਹਨ । ਫਿਰ ਹੁਣ ਸਿੱਖ ਕੌਮ ਤਾਂ ਹੁਕਮਰਾਨਾਂ ਵੱਲੋ ਬੀਤੇ ਸਮੇ ਵਿਚ ਲਗਾਏ ਗਏ ਆਧਾਰਹੀਣ ਦੋਸ਼ਾਂ ਤੋ ਬਰੀ ਹੈ ਅਤੇ ਇਹ ਸਿਆਸਤਦਾਨ ਤੇ ਇਹਨਾਂ ਦੇ ਸਮੱਗਲਰ ਹੀ ਹਥਿਆਰਾਂ ਤੇ ਨਸ਼ੀਲੀਆਂ ਵਸਤਾਂ ਦੀ ਖਰੀਦੋ-ਫਰੋਖਤ ਕਰਨ ਅਤੇ ਪੰਜਾਬ ਦੇ ਸਰਹੱਦੀ ਸੂਬੇ ਦੇ ਮਾਹੌਲ ਨੂੰ ਗੰਧਲਾ ਕਰਨ ਅਤੇ ਪਠਾਨਕੋਟ ਏਅਰਬੇਸ ਵਰਗੇ ਹਮਲਿਆ ਲਈ ਜਿੰਮੇਵਾਰ ਨਹੀਂ ?
ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਸੰਕੋਚਦੇ ਹੋਏ ਇਸ ਗੱਲ ਤੇ ਇਥੋ ਦੇ ਨਿਵਾਸੀਆਂ ਦਾ ਧਿਆਨ ਕੇਦਰਿਤ ਕਰਦੇ ਹੋਏ ਕਿਹਾ ਕਿ ਜੋ ਇੰਕਸਾਫ ਪੁਲਿਸ ਦੇ ਡੀ.ਐਸ.ਪੀ. ਭੋਲੇ, ਪਿੰਕੀ ਕੈਟ ਅਤੇ ਹੋਰਨਾਂ ਕਈ ਪੁਲਿਸ ਅਧਿਕਾਰੀਆਂ ਨੇ ਕੀਤੇ ਹਨ, ਉਹਨਾਂ ਸਭਨਾਂ ਦੀ ਨਿਰਪੱਖਤਾ ਨਾਲ ਛਾਣਬੀਨ ਨਾ ਹੋਣ ਦੀ ਬਦੌਲਤ ਸਭ ਸਿਆਸੀ ਸਰਪ੍ਰਸਤੀ ਵਾਲੇ “ਅਪਰਾਧਾ” ਨੂੰ ਸਾਜਿ਼ਸ ਅਧੀਨ ਦਬਾਇਆ ਜਾ ਰਿਹਾ ਹੈ । ਜੋ ਹੁਕਮਰਾਨ ਇਹ ਕਹਿ ਰਹੇ ਹਨ ਕਿ ਸੁਰੱਖਿਆ ਅਤੇ ਮਿਲਟਰੀ ਸਮਾਨ ਬਚ ਗਿਆ ਹੈ, ਇਹ ਮਿਲਟਰੀ ਸਮਾਨ ਅਤੇ ਫੌਜੀ ਭੰਡਾਰ ਤਦ ਹੀ ਸੁਰੱਖਿਅਤ ਰਹਿ ਸਕਣਗੇ, ਜੇਕਰ ਹਥਿਆਰਾ ਅਤੇ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਕਰਨ ਵਾਲੇ ਸਮੱਗਲਰਾਂ ਨੂੰ ਪਨਾਹ ਦੇਣ ਵਾਲੇ ਕਮਲ ਸਰਮਾ ਵਰਗੇ ਆਗੂ ਅਤੇ ਬਾਦਲ-ਬੀਜੇਪੀ ਵਿਜਾਰਤ ਦੇ ਵਜ਼ੀਰ, ਕਾਂਗਰਸੀ ਜੋ ਗਲਤ ਢੰਗਾਂ ਰਾਹੀ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਵਿਚ ਮਸਰੂਫ ਹਨ, ਉਹਨਾਂ ਨੂੰ ਅਜਿਹੇ ਗੈਰ-ਕਾਨੂੰਨੀ ਧੰਦੇ ਕਰਨ ਦੀ ਸਰਪ੍ਰਸਤੀ ਨੂੰ ਰੋਕਿਆ ਜਾਵੇਗਾ । ਉਹਨਾਂ ਕਿਹਾ “ਜਿਵੇ ਦੈਤ ਦੀ ਜਾਨ ਤੋਤੇ ਵਿਚ ਹੁੰਦੀ ਹੈ” ਦੀ ਕਹਾਵਤ ਅਨੁਸਾਰ, ਉਸੇ ਤਰ੍ਹਾਂ ਸਭ ਗੈਰ-ਕਾਨੂੰਨੀ, ਨਸ਼ੀਲੀਆਂ ਵਸਤਾਂ ਅਤੇ ਹਥਿਆਰਾ ਦੇ ਧੰਦੇ ਕਰਵਾਉਣ ਵਾਲੇ ਅਜੋਕੇ ਸਿਆਸਤਦਾਨਾਂ ਦੀ ਜਾਨ ਨਾਮਵਾਰ “ਸਮੱਗਲਰਾਂ” ਵਿਚ ਹੈ । ਜਮਹੂਰੀਅਤ ਪਸੰਦ ਵੱਡੇ ਮੁਲਕ ਵੀ ਇਸ ਗੱਲ ਲਈ ਚਿੰਤਾ ਵਿਚ ਹਨ ਕਿ ਏਅਰਬੇਸ ਵਰਗੇ ਹਮਲੇ ਕਰਨ ਵਾਲੇ ਖਾੜਕੂਆਂ ਦੇ ਹੱਥ ਨਿਊਕਲਰ ਹਥਿਆਰ ਨਾ ਆ ਜਾਣ । ਜੇਕਰ ਇਹਨਾਂ ਕਾਲੇ ਕਾਰਨਾਮਿਆ ਦੀ ਨਿਰਪੱਖਤਾ ਅਤੇ ਇਮਾਦਨਾਰੀ ਨਾਲ ਛਾਣਬੀਨ ਕਰਵਾਈ ਜਾਵੇ ਤਾਂ ਇਹਨਾਂ ਦੇ ਮੁੱਖ ਸਰਗਨੇ ਰੀਬੇਰੋ, ਕੇ.ਪੀ.ਐਸ. ਗਿੱਲ, ਐਸ.ਐਸ. ਵਿਰਕ ਅਤੇ ਸੁਮੇਧ ਸੈਣੀ ਤੇ ਜਾ ਕੇ ਸੂਈ ਅਟਕੇਗੀ । ਅਜਿਹੀਆ ਬੁਰਾਈਆ ਦਾ ਖਾਤਮਾ ਇਹਨਾਂ ਬੁਰਾਈਆਂ ਨੂੰ ਜਨਮ ਦੇਣ ਵਾਲੇ “ਸਿਆਸਤਦਾਨ ਅਤੇ ਪੁਲਿਸ ਅਫ਼ਸਰਾਂ” ਦਾ ਕਾਨੂੰਨ ਤੇ ਜਮਹੂਰੀਅਤ ਢੰਗਾਂ ਅਨੁਸਾਰ ਸਫਾਇਆ ਕਰਕੇ ਹੀ ਕੀਤਾ ਜਾ ਸਕਦਾ ਹੈ । ਵਰਨਾ ਹਿੰਦ ਅਤੇ ਹੋਰਨਾਂ ਵੱਡੇ ਮੁਲਕਾਂ ਉਤੇ ਵੀ ਅਜਿਹੇ ਮਨੁੱਖਤਾ ਵਿਰੋਧੀ ਮਾਰੂ ਖ਼ਤਰੇ ਦੀ ਤਲਵਾਰ ਲਟਕਦੀ ਰਹੇਗੀ ।