ਚੰਡੀਗੜ੍ਹ – ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਬੱਤ ਖ਼ਾਲਸਾ ਦੇ ਮੁੱਖ ਪ੍ਰਬੰਧਕ ਭਾਈ ਮੋਹਕਮ ਸਿੰਘ ਨੂੰ 10 ਨਵੰਬਰ 2015 ਦੇ ਹੋਏ ਸਰਬੱਤ ਖ਼ਾਲਸਾ ਉਪਰੰਤ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨੇ ਇਸ ਮੰਦਭਾਵਨਾ ਅਧੀਨ ਬ਼ਗਾਵਤ ਅਤੇ ਦੇਸ਼-ਧ੍ਰੋਹੀ ਦੇ ਝੂਠੇ ਕੇਸਾਂ ਵਿਚ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਅਤੇ ਕਈ ਹੋਰਨਾਂ ਆਗੂਆਂ ਨੂੰ ਗੈਰ-ਕਾਨੂੰਨੀ ਤਰੀਕੇ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਬੰਦੀ ਬਣਾ ਦਿੱਤਾ ਗਿਆ ਸੀ ਤਾਂ ਕਿ ਇਹ ਜਥੇਦਾਰ ਸਾਹਿਬਾਨ ਅਤੇ ਪੰਥਕ ਆਗੂ ਸਰਬੱਤ ਖ਼ਾਲਸਾ ਦੇ ਵੱਲੋ ਹੋਏ ਫੈਸਲਿਆ ਨੂੰ ਦੇਸ਼-ਵਿਦੇਸ਼ ਵਿਚ ਬੈਠੀ ਸਿੱਖ ਕੌਮ ਵਿਚ ਲਾਗੂ ਕਰਕੇ ਬਾਦਲ-ਬੀਜੇਪੀ ਹਕੂਮਤ ਨੂੰ ਬਿਪਤਾ ਵਿਚ ਨਾ ਪਾ ਦੇਣ । ਜਦੋਕਿ ਸਰਬੱਤ ਖ਼ਾਲਸੇ ਦੇ ਇੱਕਠ ਵਿਚ ਪਹੁੰਚੇ 7 ਲੱਖ ਦੇ ਕਰੀਬ ਸੰਗਤਾਂ ਅਤੇ ਇਸ ਤੋ ਵੀ ਵੱਡੀ ਗਿਣਤੀ ਵਿਚ ਸਿੱਖਾਂ ਨੇ ਬਾਦਲ ਦੇ ਉਪਰੋਕਤ ਬਦਲੇ ਦੀ ਭਾਵਨਾ ਨਾਲ ਕੀਤੇ ਗਏ ਅਮਲਾਂ ਦੀ ਨਿਖੇਧੀ ਹੀ ਨਹੀਂ ਕੀਤੀ, ਬਲਕਿ ਸਿੱਖ ਕੌਮ ਬਾਦਲ ਦੇ ਹਰ ਪ੍ਰੋਗਰਾਮ ਨੂੰ ਅਸਫ਼ਲ ਬਣਾਉਦੀ ਆ ਰਹੀ ਹੈ । ਖ਼ਾਲਸਾ ਪੰਥ ਵੱਲੋਂ ਉਠਾਈ ਸੱਚ ਦੀ ਆਵਾਜ਼ ਦੀ ਉਦੋ ਕੌਮਾਂਤਰੀ ਪੱਧਰ ਤੇ ਜਿੱਤ ਹੋ ਗਈ, ਜਦੋ ਪੰਜਾਬ-ਹਰਿਆਣਾ ਹਾਈਕੋਰਟ ਦੇ ਜਸਟਿਸ ਐਮ.ਐਮ.ਸਿੰਘ ਬੇਦੀ ਕੋਲ ਉਪਰੋਕਤ ਆਗੂਆਂ ਦੀ ਜ਼ਮਾਨਤਾਂ ਲਈ ਲੱਗੀ ਪਟੀਸ਼ਨ ਉਤੇ ਪਾਰਟੀ ਦੇ ਕਾਨੂੰਨੀ ਸਲਾਹਕਾਰਾਂ ਸ. ਸਿਮਰਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਸਿੱਧੂ ਵੱਲੋਂ ਬਾਦਲੀਲ ਢੰਗ ਨਾਲ ਜਸਟਿਸ ਨੂੰ ਕਾਇਲ ਕਰਦੇ ਹੋਏ ਆਪਣੇ ਦੋਵੇ ਆਗੂਆਂ ਦੀਆਂ ਜ਼ਮਾਨਤਾਂ ਕਰਵਾਉਣ ਲਈ ਹੁਕਮ ਕਰਵਾ ਲਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਦੋਵੇ ਉਪਰੋਕਤ ਕਾਨੂੰਨੀ ਸਲਾਹਕਾਰਾਂ ਵੱਲੋਂ ਕੀਤੇ ਗਏ ਉਦਮ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਬਾਦਲ-ਬੀਜੇਪੀ ਹਕੂਮਤ ਵੱਲੋਂ ਕੀਤੇ ਜਾ ਰਹੇ ਕਾਨੂੰਨ ਵਿਰੋਧੀ ਅਮਲਾਂ ਲਈ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਸਟਿਸ ਐਮ.ਐਮ. ਸਿੰਘ ਬੇਦੀ ਵੱਲੋ ਸਾਡੇ ਨਿਰਦੋਸ਼ ਆਗੂਆਂ ਨੂੰ ਦਿੱਤੀਆਂ ਗਈਆਂ ਜ਼ਮਾਨਤਾਂ ਮੋਦੀ, ਬਾਦਲ-ਬੀਜੇਪੀ ਹਕੂਮਤਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ । ਜੋ ਮੰਦਭਾਵਨਾ ਅਧੀਨ ਸਾਡੇ ਜਥੇਦਾਰ ਸਾਹਿਬਾਨ ਅਤੇ ਆਗੂਆਂ ਨੂੰ ਜੇਲ੍ਹਾਂ ਵਿਚ ਜ਼ਬਰੀ ਡੱਕੇ ਰੱਖਣ ਵਿਚ ਮਸਰੂਫ ਹਨ । ਉਹਨਾਂ ਕਿਹਾ ਕਿ ਇਹਨਾਂ ਹਕੂਮਤਾਂ ਨੇ ਮੇਰੇ ਉਤੇ ਵੀ ਕੋਈ 77-78 ਦੇ ਕਰੀਬ ਪੰਜਾਬ ਅਤੇ ਪੰਜਾਬ ਤੋ ਬਾਹਰ ਇਸ ਲਈ ਝੂਠੇ ਕੇਸ ਦਰਜ ਕਰ ਰੱਖੇ ਸਨ, ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਆਪਣੇ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਸੰਘਰਸ਼ ਨਾ ਕਰ ਸਕੇ । ਮੈਂ ਉਹਨਾਂ ਸਾਰੇ ਕੇਸਾਂ ਵਿਚ ਬਾਇੱਜ਼ਤ ਬਰੀ ਵੀ ਹੋ ਚੁੱਕਾ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਾਪਤੀ ਲਈ ਅੱਜ ਵੀ ਉਸੇ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਜਥੇਦਾਰ ਸਾਹਿਬਾਨ ਅਤੇ ਹੋਰਨਾਂ ਆਗੂਆਂ ਨੂੰ ਵੀ ਇਹਨਾਂ ਹਿੰਦੂਤਵ ਹਕੂਮਤਾਂ ਵੱਲੋਂ ਅਵੱਸ ਰਿਹਾਅ ਕਰਨਾ ਪਵੇਗਾ ।