ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋਏ ਦੋ ਦਿਨੀਂ ਨੈਸ਼ਨਲ ਸੈਮੀਨਾਰ ਦੌਰਾਨ ਸਾਬਕਾ ਫੌਜ ਮੁਖ਼ੀ ਜਨਰਲ ਜੇ.ਜੇ. ਸਿੰਘ ਅਤੇ ਪੰਜ ਹੋਰ ਫੌਜੀ ਜਰਨੈਲਾਂ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ । ਕਮੇਟੀ ਦੇ ਖੋਜ਼ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸੱਟਡੀਜ਼ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਜਨਰਲ ਜੇ.ਜੇ.ਸਿੰਘ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਬਾਬਾ ਬੰਦਾ ਸਿੰਘ ਸੰਪ੍ਰਦਾ ਰਿਆਸੀ ਦੇ ਮੁਖੀ ਬਾਬਾ ਜਤਿੰਦਰ ਪਾਲ ਸਿੰਘ, ਅਦਾਰੇ ਦੇ ਕੋਅਰਡੀਨੇਟਰ ਕੁਲਮੋਹਨ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਆਪਣੇ ਵਿਚਾਰ ਰੱਖੇ।
ਜਨਰਲ ਜੇ.ਜੇ. ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦਾ ਮਹਾਨ ਜਰਨੈਲ ਦੱਸਦੇ ਹੋਏ ਉਨ੍ਹਾਂ ਦੀ ਨਿਰਭਉ ਅਤੇ ਨਿਰਵੈਰੀ ਸ਼ਖਸੀਅਤੀ ਤੇ ਵੀ ਚਾਣਨਾ ਪਾਇਆ।ਜੀ.ਕੇ. ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਨੂੰ ਭਾਰਤੀ ਸਮਾਜ ’ਚ ਪੱਛਾਣ ਦਿਵਾਉਣ ਲਈ ਕਮੇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਵੀ ਵੇਰਵਾ ਦਿੱਤਾ। ਜੀ.ਕੇ. ਨੇ ਕਿਹਾ ਕਿ ਵਿਦਵਾਨਾਂ ਨੇ ਜਿੱਥੇ ਬਾਬਾ ਜੀ ਦੇ ਜੀਵਨ ਨੂੰ ਆਪਣੇ ਬੌਧਿਕ ਤਲ ਤੇ ਪੇਸ਼ ਕਰਨਾ ਹੈ, ਉੱਥੇ ਹੀ ਕਮੇਟੀ ਬਾਬਾ ਜੀ ਦੇ ਅਕਸ਼ ਨੂੰ ਲੋਕਾਂ ਦੇ ਦਿੱਲਾਂ ’ਚ ਸੁਰਜੀਤ ਕਰਨ ਵਾਸਤੇ ਮਹਿਰੌਲੀ ਵਿਖੇ ਬਾਬਾ ਜੀ ਦਾ ਵੱਡਾ ਬੁੱਤ ਲਗਭਗ 7.5 ਏਕੜ ਦੇ ਪਾਰਕ ’ਚ ਲਗਾਉਣ ਜਾ ਰਹੀ ਹੈ ਤਾਂਕਿ ਆਉਣ ਵਾਲੀਆਂ ਪੀੜੀਆਂ ਬਾਬਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਦੀਵੀ ਕਾਲ ਤਕ ਯਾਦ ਰੱਖ ਸਕਣ।
ਸਿਰਸਾ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਬਾਬਾ ਜੀ ਨੂੰ ਮਹਾਨ ਯੋਧਾ ਦੇ ਰੂਪ ’ਚ ਪਛਾਣ ਦਿੰਦੀਆਂ ਸਿੱਖ ਇਤਿਹਾਸ ਦੇ ਅਣਗੋਲੇ ਯੋਧਿਆਂ ਦੀ ਸੂਰਬੀਰਤਾ ਵੀ ਸੰਗਤਾਂ ਨਾਲ ਸਾਂਝੀ ਕੀਤੀ। ਡਾ. ਜਸਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ‘‘ਬੰਦਾ ਕੌਣ ਹੈ’’ਨੂੰ ਗੁਰਬਾਣੀ ਦੇ ਹਵਾਲੇ ਨਾਲ ਸਮਝਾਉਂਦੇ ਹੋਏ ਦਸ਼ਮ ਗੁਰੂ ਦੇ ਜ਼ਫ਼ਰਨਾਮੇ ਦੀਆਂ ਕਈ ਸਤਰਾਂ ਦੀ ਵੀ ਵਿਆਖਿਆ ਕੀਤੀ। ਤ੍ਰਿਲੋਚਨ ਸਿੰਘ ਨੇ ਸਵਰਾਜ ਮੁਹਿੰਮ ਦਾ ਬਾਬਾ ਜੀ ਨੂੰ ਮੋਢੀ ਵੀ ਕਰਾਰ ਦਿੱਤਾ। ਕੁਲਮੋਹਨ ਸਿੰਘ ਨੇ ਆਏ ਹੋਏ ਬੁੱਧੀਜੀਵੀਆਂ ਦਾ ਧੰਨਵਾਦ ਕਰਦੇ ਹੋਏ ਫੌਜ਼ ਦੇ ਜਰਨੈਲਾਂ ਦੇ ਸਨਮਾਨ ਪੱਤਰ ਵੀ ਪੜ੍ਹੇ।
ਕਮੇਟੀ ਵੱਲੋਂ ਜਰਨਲ ਜੇ.ਜੇ. ਸਿੰਘ , ਲੈਫਟੀਨੈਂਟ ਜਨਰਲ ਅਰਵਿੰਦਰ ਸਿੰਘ ਲਾਂਬਾ, ਲੈਫਟੀਨੈਂਟ ਜਨਰਲ ਹਰਜਿੰਦਰ ਸਿੰਘ ਬੱਗਾ, ਮੇਜ਼ਰ ਜਨਰਲ ਦਲਜੀਤ ਸਿੰਘ, ਮੇਜ਼ਰ ਜਨਰਲ ਅਰਵਿੰਦਰ ਸਿੰਘ ਘਈ ਅਤੇ ਮੇਜ਼ਰ ਜਨਰਲ ਮਹਿੰਦਰ ਸਿੰਘ ਚੱਢਾ ਨੂੰ ਸਨਮਾਨਿਤ ਕੀਤਾ ਗਿਆ।ਅਦਾਰੇ ਦੀ ਡਾਈਰੈਕਟਰ ਡਾ. ਹਰਬੰਸ ਕੌਰ ਸੱਗੂ ਨੇ ਜਰਨਲ ਜੇ.ਜੇ. ਸਿੰਘ ਦਾ ਸਨਮਾਨ ਪੱਤਰ ਪੜ੍ਹਨ ਦੇ ਨਾਲ ਹੀ ਸਟੇਜ਼ ਦਾ ਬਾਖੂਬੀ ਸੰਚਾਲਨ ਕੀਤਾ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਚੱਢਾ, ਸਾਬਕਾ ਵਿਧਾਇਕ ਸੁਭਾਸ਼ ਸਚਦੇਵਾ, ਅਤੇ ਵੱਡੀ ਗਿਣਤੀ ਵਿਚ ਸਿੱਖ ਬੁੱਧੀਜੀਵੀ ਮੌਜੂਦ ਸਨ। ਸੈਮੀਨਾਰ ਦੌਰਾਨ ਬਾਬਾ ਜੀ ਦੇ ਸਖਸ਼ੀਅਤ ਦੇ ਵੱਖ-ਵੱਖ ਪਹਿਲੂਆਂ ਉਪਰ ਵਿਦਵਾਨਾਂ ਵੱਲੌਂ ਪਰਚੇ ਵੀ ਪੜ੍ਹੇ ਗਏ।