ਸੁਰਿੰਦਰ ਸੈਣੀ ਮੁਹੱਬਤਾਂ ਅਤੇ ਅੱਥਰੀਆਂ ਪੀੜਾਂ ਦੀ ਵਣਜਾਰਨ ਹੈ। ਉਸਦੀ ਕਵਿਤਾ ਦੀ ਦੂਜੀ ਪੁਸਤਕ ‘ਅੱਥਰੀ ਪੀੜ’ ਦੀਆਂ ਬਹੁਤੀਆਂ ਕਵਿਤਾਵਾਂ ਮੁਹੱਬਤਾਂ ਦੇ ਗੀਤ ਗਾਉਂਦੀਆਂ ਮਨੁੱਖੀ ਮਨਾਂ ਵਿਚ ਤਰੰਗਾਂ ਛੇੜਦੀਆਂ ਹੋਈਆਂ ਸਰਸਰਾਹਟ ਪੈਦਾ ਕਰਦੀਆਂ ਹਨ। ਅਸਲ ਵਿਚ ਉਸ ਦੀਆਂ ਕਵਿਤਾਵਾਂ ਨਿੱਜ ਤੋਂ ਪਰ ਦਾ ਸਫਰ ਤਹਿ ਕਰਕੇ ਲੋਕ ਪੀੜਾ ਦਾ ਪ੍ਰਗਟਾਵਾ ਕਰਨ ਦੀਆਂ ਕੋਸ਼ਿਸ਼ਾਂ ਕਰਦੀਆਂ ਲਗਦੀਆਂ ਹਨ। ਉਸਦੀ ਪਲੇਠੀ ਪੁਸਤਕ ‘ਚੰਨਾਂ ਦੂਰ ਦਿਆ’ ਤੋਂ ਬਾਅਦ ਇਸ ਪੁਸਤਕ ਦੀਆਂ ਕਵਿਤਾਵਾਂ ਪੜ੍ਹਨ ਤੋਂ ਮਹਿਸੂਸ ਹੁੰਦਾ ਹੈ ਕਿ ਉਸਦੀ ਕਵਿਤਾ ਦਾ ਸਫਰ ਵੀ ਸਾਰਥਕ ਮੋੜ ਤੇ ਪਹੁੰਚ ਗਿਆ ਲਗਦਾ ਹੈ। ਇਸ ਪੁਸਤਕ ਦੇ 112 ਪੰਨਿਆਂ ਵਿਚ 95 ਕਵਿਤਾਵਾਂ ਹਨ। ਪ੍ਰਤੀਕ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਿਤ ਕੀਤੀ ਹੈ। ਪੁਸਤਕ ਦੀ ਕੀਮਤ 200 ਰੁਪਏ ਹੈ। ਸੁਰਿੰਦਰ ਸੈਣੀ ਦੀਆਂ ਕਵਿਤਾਵਾਂ ਤੋਂ ਪ੍ਰਭਾਵ ਪੈਂਦਾ ਹੈ ਕਿ ਉਹ ਸੰਸਾਰ ਦੀਆਂ ਪੀੜਾਂ ਦਾ ਅਨੁਭਵ ਵਧੇਰੇ ਚੰਗੀ ਤਰ੍ਹਾਂ ਕਰਦੀ ਹੋਈ ਉਨ੍ਹਾਂ ਦੀਆਂ ਪੀੜਾਂ ਦੇ ਦਰਦ ਨੂੰ ਲੋਕਾਂ ਗੋਚਰੇ ਕਰਕੇ ਮਾਨਸਿਕ ਤੌਰ ਤੇ ਤ੍ਰਿਪਤ ਮਹਿਸੂਸ ਕਰਦੀ ਹੈ। ਪਹਿਲੀ ਨਜ਼ਰੇ ਉਸਦੀਆਂ ਕਵਿਤਾਵਾਂ ਨਿੱਜੀ ਰੋਣਾ ਧੋਣਾ ਹੀ ਲਗਦੀਆਂ ਹਨ ਪ੍ਰੰਤੂ ਗੰਭੀਰਤਾ ਨਾਲ ਪੜ੍ਹਨ ਤੋਂ ਬਾਅਦ ਇਉਂ ਲਗਦਾ ਹੈ ਕਿ ਉਹ ਲੋਕ ਪੀੜਾ ਨੂੰ ਭਲੀ ਭਾਂਤ ਸਮਝਦੀ ਹੈ। ਭਾਵੇਂ ਉਸ ਦੀਆਂ ਬਹੁਤੀਆਂ ਕਵਿਤਾਵਾਂ ਬ੍ਰਿਹਾ, ਵਿਛੋੜਾ ਅਤੇ ਕਲਪਨਾ ਦਾ ਗੀਤ ਗਾਉਂਦੀਆਂ ਹਨ ਪ੍ਰੰਤੂ ਇਸ ਦੇ ਨਾਲ ਹੀ ਉਹ ਆਸ਼ਾਵਾਦੀ ਕਵਿਤਰੀ ਵੀ ਹੈ ਕਿਉਂਕਿ ਉਸ ਦੀਆਂ ਕਵਿਤਾਵਾਂ ਮਨੁੱਖ ਨੂੰ ਹਰ ਦੁੱਖ ਤੇ ਕਾਬੂ ਪਾ ਕੇ ਭਾਵੇਂ ਉਹ ਮੁਹੱਬਤਾਂ ਦੇ ਮੁਹਾਜ ਤੇ ਸਫਲ ਵੀ ਨਹੀਂ ਹੁੰਦੇ ਤਾਂ ਵੀ ਕਾਲਪਨਿਕ ਪ੍ਰਾਪਤੀ ਰਾਹੀਂ ਸੁਚੱਜਾ ਜੀਵਨ ਬਸਰ ਕਰਨ ਦੀ ਪ੍ਰੇਰਨਾ ਵੀ ਦਿੰਦੀਆਂ ਹਨ। ਉਹ ਸਮਝਦੀ ਹੈ ਕਿ ਇਨਸਾਨੀ ਜੀਵਨ ਦੁਬਾਰਾ ਨਹੀਂ ਆਉਂਦਾ। ਇਸ ਲਈ ਇਸਨੂੰ ਪੂਰੀ ਤਰ੍ਹਾਂ ਮਾਣਿਆਂ ਜਾਵੇ ਪ੍ਰੰਤੂ ਇਹ ਰਹੱਸਵਾਦੀ ਅਨੰਦ ਮਾਣਦਿਆਂ ਜ਼ਜਬਾਤਾਂ ਨੂੰ ਆਪਣੇ ਆਪ ਤੇ ਭਾਰੂ ਨਾ ਹੋਣ ਦਿੱਤਾ ਜਾਵੇ। ਇਸ ਇਨਸਾਨੀ ਜੀਵਨ ਦਾ ਸਦਉਪਯੋਗ ਕਰਦਿਆਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ। ਉਹ ਸੰਜੀਦਾ ਕਵਿਤਰੀ ਹੈ ਜਿਸਨੇ ਆਪਣੇ ਪਰਿਵਾਰਿਕ ਜੀਵਨ ਦੇ ਗਹਿਰ ਗੰਭੀਰ ਤਜਰਬੇ ਅਤੇ 60 ਸਾਲ ਦੀ ਉਮਰ ਤੋਂ ਬਾਅਦ ਆਪਣੀ ਆਧਿਆਪਕਾ ਦੀ 38 ਸਾਲ ਦੀ ਨੌਕਰੀ ਤੋਂ ਸੇਵਾ ਮੁਕਤ ਹੋਣ ਤੇ ਹੀ ਆਪਣੀਆਂ ਭਾਵਨਾਵਾਂ ਨੂੰ ਕਵਿਤਾ ਦਾ ਰੂਪ ਦੇਣਾ ਸ਼ੁਰੂ ਕੀਤਾ। ਸੁਰਿੰਦਰ ਸੈਣੀ ਦੀਆਂ ਸਾਰੀਆਂ ਕਵਿਤਾਵਾਂ ਪੜ੍ਹਨ ਤੋਂ ਬਾਅਦ ਇਉਂ ਮਹਿਸੂਸ ਹੁੰਦਾ ਹੈ ਕਿ ਭਰ ਜਵਾਨੀ ਵਿਚ ਪਤੀ ਗੁਰਚਰਨਜੀਤ ਸਿੰਘ ਦੇ ਵਿਛੋੜੇ ਨੇ ਉਸਦੀ ਮਾਨਸਿਕਤਾ ਨੂੰ ਗਹਿਰੀ ਚੋਟ ਮਾਰੀ ਜਿਹੜੀ ਹਰ ਕਵਿਤਾ ਵਿਚੋਂ ਝਲਕਦੀ ਨਜ਼ਰ ਆਉਂਦੀ ਹੈ ਪ੍ਰੰਤੂ ਪਤੀ ਦੇ ਵਿਛੋੜੇ ਦੇ ਦਰਦ ਨੂੰ ¦ਮਾਂ ਸਮਾਂ ਛੁਪਾ ਕੇ ਰੱਖਿਆ ਅਤੇ ਸੇਵਾ ਮੁਕਤੀ ਤੋਂ ਬਾਅਦ ਕਾਗਜ ਦੀ ਕੈਨਵਸ ਤੇ ਪ੍ਰਗਟ ਕੀਤਾ। ਇਸੇ ਕਰਕੇ ਉਸ ਦੀਆਂ ਕਵਿਤਾਵਾਂ ਇਕ ਸੁਲਝੇ ਹੋਏ ਇਨਸਾਨ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹਨ। ਸੁਰਿੰਦਰ ਸੈਣੀ ਖੁਲ੍ਹੀਆਂ ਅਤੇ ਸੁਰ ਤਾਲ ਵਾਲੀਆਂ ਰਲਵੀਆਂ ਮਿਲਵੀਆਂ ਕਵਿਤਾਵਾਂ ਲਿਖਦੀ ਹੈ, ਸੁਰ, ਤਾਲ, ਲੈ ਅਤੇ ਸਰੋਦ ਨਾਲੋਂ ਵੱਧ ਵਿਚਾਰਧਾਰਾ ਤੇ ਅਧਾਰਿਤ ਗਲਬਾਤੀ ਢੰਗ ਵਿਚ ਵਿਚ ਹੀ ਕਵਿਤਾਵਾਂ ਲਿਖਦੀ ਹੈ। ਉਹ ਸ਼ਬਦਾਵਲੀ ਵੀ ਸਰਲ ਅਤੇ ਲੋਕਧਾਰਾ ਵਿਚੋਂ ਸ਼ਬਦ ਚੁਣਕੇ ਵਰਤਦੀ ਹੈ। ਕਵਿਤਾਵਾਂ ਵਿਚ ਉਸਨੇ ਪੇਂਡੂ ਰੋਜਾਨਾ ਜੀਵਨ ਵਿਚ ਵਰਤੇ ਜਾਣ ਵਾਲੇ ਠੇਠ ਸ਼ਬਦਾਂ ਨੂੰ ਤਰਜੀਹ ਦਿੱਤੀ ਹੈ। ਉਸ ਦੀਆਂ ਕਵਿਤਾਵਾਂ ਪੜ੍ਹਦਿਆਂ ਇਉਂ ਲੱਗ ਰਿਹਾ ਹੁੰਦਾ ਹੈ ਕਿ ਜਿਵੇਂ ਉਹ ਤ੍ਰਿੰਜਣ ਵਿਚ ਬੈਠੀ ਗੱਲਾਂ ਕਰ ਰਹੀ ਹੋਵੇ। ਹੁਸ਼ਿਆਰਪੁਰ ਜਿਲ੍ਹੇ ਦੇ ਖਡਿਆਲਾ ਸੈਣੀਆਂ ਵਿਚ ਜੰਮੀ, ਪਲੀ ਅਤੇ ਬੀ.ਏ.ਅਤੇ ਸੀ.ਪੀ.ਐਡ ਦਾ ਕੋਰਸ ਕਰਕੇ ਅਧਿਅਪਕਾ ਦੀ ਨੌਕਰੀ ਕਰ ਲਈ। ਰੋਪੜ ਦੇ ਗੁਰਚਰਨਜੀਤ ਸਿੰਘ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਈ। ਆਪ ਦੀਆਂ ਤਿੰਨ ਲੜਕੀਆਂ ਹਨ, ਜਿਨ੍ਹਾਂ ਵਿਚੋਂ ਇੱਕ ਅਮਰੀਕਾ, ਇੱਕ ਸਪੇਨ ਅਤੇ ਤੀਜੀ ਉਸ ਕੋਲ ਰੋਪੜ ਵਿਖੇ ਰਹਿ ਰਹੀ ਹੈ। ਇਕੱਲਤਾ ਦੇ ਜੀਵਨ ਦੇ ਸੰਤਾਪ ਨੂੰ ਕਵਿਤਾ ਵਿਚ ਪ੍ਰਗਟਾਇਆ ਗਿਆ ਹੈ। ਮੁਹੱਬਤਾਂ ਦੇ ਵਣਜ ਨਾਲ ਸੰਬੰਧਤ ਕਵਿਤਾਵਾਂ ਵਿਚ ਪਿਆਰ ਮੁਹੱਬਤ ਦੀ ਗੱਲ ਕਰਦੀ ਹੋਈ ‘ਹੁੜਕ ਤੇਰੀ’ ਸਿਰਲੇਖ ਵਾਲੀ ਕਵਿਤਾ ਉਸਦੀ ਸੁਰ, ਤਾਲ, ਲੈ ਅਤੇ ਸਰੋਦ ਵਿਚ ਲਿਖੀ ਬਿਹਤਰੀਨ ਕਵਿਤਾ ਕਹੀ ਜਾ ਸਕਦੀ ਹੈ ਜਿਹੜੀ ਠੇਠ ਪੰਜਾਬੀ ਸ਼ਬਦਾਂ ਦੀ ਵਰਤੋਂ ਕਰਦੀ ਹੋਈ ਪਿਆਰ ਮੁਹੱਬਤ ਵਿਚ ਤੜਪਦੀ ਹੋਈ ਇਸਤਰੀ ਦੇ ਮਨ ਦੀ ਵੇਦਨਾ ਦਾ ਇਜ਼ਹਾਰ ਕਰਦੀ ਹੈ।
ਮੋਹ ਦੇ ਮੱਲ੍ਹੇ ‘ਚ ਚੁੰਨੀ ਮੇਰੀ ਅੜ ਗਈ, ਤੂੰਬਾ ਤੂੰਬਾ ਰੂਹ ਮੇਰੀ ਦਾ ਕਰ ਗਈ।
ਮੱਠਾ ਮੱਠਾ ਤਾਪ ਹਿਰਵੇ ਦਾ ਚੜ੍ਹ ਗਿਆ, ਨਿੱਚੜੀਆਂ ਅੱਖਾਂ ਨਾਲ ਹਉਕਾ ਭਰ ਗਈ।
ਅੱਗ ਹਿਜ਼ਰਾਂ ਦੀ ਸੀਨੇ ‘ਚ ਬਲ ਗਈ, ਲਾਟਾਂ ਪੀੜਾਂ ਦੀਆਂ ਹਿੱਕ ਤੇ ਧਰ ਗਈ।
ਯਾਦਾਂ ਦੀ ਹਾਂਡੀ ‘ਚ ਨਿੱਤ ਰਿਝਦੀ ਗਈ, ਹੁੜਕ ਤੇਰੀ ਕਬਰਾਂ ਦੇ ਨੇੜੇ ਕਰ ਗਈ।
ਡੁੱਬਦੇ ਸੂਰਜ ਦੀ ਲਾਲੀ ਵੀ ਮੁੱਕ ਚਲੀ, ਜ਼ਿੰਦਗੀ ਨਸੀਬਾਂ ਨਾਲ ਧ੍ਰੋਹ ਕਰ ਗਈ।
ਇਸ਼ਕ ਮੁਹੱਬਤ ਦੀ ਗੱਲ ਕਰਦੀ ਹੋਈ ਉਹ ਰੂਹ ਦੀਆਂ ਬਾਤਾਂ ਵੀ ਪਾਉਂਦੀ ਹੋਈ ‘ਮੈਂ ਪੁੱਛਦੀ ਹਾਂ ਵਾਰਿਸ ਸ਼ਾਹ ਨੂੰ’ ਕਵਿਤਾ ਵਿਚ ਲਿਖਦੀ ਹੈ ਕਿ ਪਿਆਰੇ ਹਰ ਮੁਸੀਬਤ ਦਾ ਮੁਕਾਬਲਾ ਕਰਨ ਲਈ ਆਪਣੀ ਜ਼ਿੰਦਗੀ ਨੂੰ ਵੀ ਦਾਅ ਤੇ ਲਾ ਦਿੰਦੇ ਹਨ ਭਾਵੇਂ ਉਨ੍ਹਾਂ ਦੇ ਰਸਤੇ ਵਿਚ ਕਿਤਨੀਆਂ ਹੀ ਔਕੜਾਂ ਆ ਰਸਤਾ ਰੋਕਣ ਦੀ ਕੋਸ਼ਿਸ਼ ਕਰਨ।
ਰੂਹ ਦੀਆਂ ਪੀੜਾਂ ਦਾ ਤੇਲ ਪਾ ਕੇ, ਜੋ ਸੀਨੇ ਤੇ ਦੀਵਾ ਬਾਲਦੀ ਏ।
ਮੂਧੇ ਮੂੰਹ ਡਿਗਕੇ ਵੀ, ਮੁਹੱਬਤ ਦੇ ਪੋਟਿਆਂ ਨਾਲ। ਸਿੱਦਕ ਦੇ ਫੱਟ ਸਿਉਂਦੀ ਏ।
ਮੁਹੱਬਤ ਦੀ ਗੱਲ ਕਰਦੀ, ਪਿਆਰ ਦੇ ਵਣਜ ਵਿਚ ਪੀੜਾਂ ਦਾ ਨਿੱਘ ਹੰਢਾਉਂਦੀ ਹੋਈ ‘ਲੰਘ ਜਾ ਸਾਵਨ’ ਕਵਿਤਾ ਵਿਚ ਕਹਿੰਦੀ ਹੈ
ਜੀਉਂਦੇ ਜੀ ਅਸੀਂ ਤਾਂ ਮਰ ਗਏ ਰੱਬਾ, ਅੱਖਾਂ ਨਿਰਮੋਹੇ ਸੰਗ ਲਾਈਆਂ ਨੇ।
ਟੁੱਟ ਗਏ ਸੋਨ ਸੁਨਹਿਰੇ ਸੁਪਨੇ, ਖ਼ੁਸ਼ੀਆਂ ਵੀ ਕੁਮਲਾਈਆਂ ਨੇ।
ਆਪਣੇ ਵਸ ਹੁਣ ਕੁਝ ਨਾ ਰਿਹਾ, ਪੀੜਾਂ ਵੀ ਗਲਵਕੜੀ ਪਾਈਆਂ ਨੇ।
ਸੁਰਿੰਦਰ ਸੈਣੀ ਪਿਆਰ ਮੁਹੱਬਤ ਦਾ ਕਸੀਦਾ ਕੱਢਦੀ ਹੋਈ ਨਿਰਾਸ਼ ਨਹੀਂ ਹੁੰਦੀ ਸਗੋਂ ਉਸਨੂੰ ਆਸ ਦੀ ਕਿਰਨ ਨਜ਼ਰ ਆਉਂਦੀ ਹੈ, ਜਿਸ ਬਾਰੇ ‘ਵਲਵਲੇ’ ਕਵਿਤਾ ਵਿਚ ਲਿਖਦੀ ਹੈ-
ਸਮਾਂ ਰਿੜ੍ਹਦਾ ਰਿਹਾ, ਮੁਹੱਬਤ ਨਿੱਖ਼ਰਦੀ ਰਹੀ।
ਟਾਹਣੀ ਸੁੱਕ ਗਈ, ਪੱਤਾ ਕੰਬਦਾ ਰਿਹਾ।
ਰਾਹਾਂ ਨਿਖੜ ਗਈਆਂ, ਤਲਾਸ਼ ਜਾਰੀ ਹੈ।
ਅਰਮਾਨ ਸੜ ਗਏ, ਆਸ ਮਘਦੀ ਰਹੀ।
ਉਸ ਦੀਆਂ ਰੋਮਾਂਟਿਕ ਕਵਿਤਾਵਾਂ ਵਿਚ ਵੀ ਆਸ਼ਾ ਦੀ ਰੌਸ਼ਨੀ ਦਿਸਦੀ ਹੈ ਇਸੇ ਲਈ ਇੱਕ ਹੋਰ ਆਸਾਵਾਦੀ ਕਵਿਤਾ ਆਸ ਵਿਚ ਕਾਮਨਾ ਕਰਦੀ ਹੈ-
ਕਾਲੀ ਘਟਾ ਚੜ੍ਹੇ ਤਾਂ, ਮੀਂਹ ਦੀ ਆਸ ਵੀ ਹੋ ਜਾਂਦੀ ।
ਖਿਆਲਾਂ ‘ਚ ਕੋਈ ਆਵੇ ਤਾਂ, ਮਿਲਣ ਦੀ ਤਾਂਘ ਵੀ ਹੋ ਜਾਂਦੀ।
ਦਿਲਾਂ ‘ਚ ਪਿਆਰ ਹੋਵੇ ਤਾਂ, ਦੂਰੀਆਂ ‘ਚ ਨੇੜਤਾ ਵੀ ਹੋ ਜਾਂਦੀ।
ਸੁਰਿੰਦਰ ਸੈਣੀ ਦੀਆਂ ਕਵਿਤਾਵਾਂ ਪ੍ਰਤੀਕਾਤਮਿਕ ਹੁੰਦੀਆਂ ਹਨ। ਗਲ ਤਾਂ ਉਹ ਪਿਆਰ ਮੁਹੱਬਤ ਦੀ ਕਰਦੀ ਹੁੰਦੀ ਹੈ ਪ੍ਰੰਤੂ ਉਸਦੀ ਸ਼ਬਦਾਵਲੀ ਸਿਮਬਾਲਿਕ ਹੁੰਦੀ ਹੈ, ਜਿਸਨੂੰ ਪਿਆਰ ਵਿਚ ਪਰੁਚਿਆ ਹੋਇਆ ਇਨਸਾਨ ਹੀ ਸਮਝ ਸਕਦਾ ਹੈ। ਉਸਦੀ ਕਵਿਤਾ ਰੰਗ ਵਿਰੰਗੀ ਹੈ। ਉਸ ਵਿਚ ਅਨੇਕਾਂ ਰੰਗ ਵੇਖਣ ਨੂੰ ਮਿਲਦੇ ਹਨ, ਦਾਜ ਦਹੇਜ, ਲੜਕੀਆਂ ਨਾਲ ਸਮਾਜਿਕ ਤਾਣੇ ਬਾਣੇ ਵਿਚ ਦੁਰਵਿਵਹਾਰ, ਸਮਾਜਿਕ ਲੁੱਟ ਘਸੁੱਟ, ਗ਼ਰੀਬੀ, ਬੇਰੋਜ਼ਗਾਰੀ, ਖ਼ੁਦਕਸ਼ੀਆਂ ਆਦਿ ਬਾਰੇ ਆਪਣੇ ਵਾਤਵਰਨ ਅਤੇ ਆਲੇ ਆਲੇ ਦੁਆਲੇ ਤੋਂ ਪ੍ਰਭਾਵ ਵੀ ਗ੍ਰਹਿਣ ਕਰਕੇ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਉਂਦੀ ਹੈ ਪ੍ਰੰਤੂ ਮੁੜ ਘਿੜ ਕੇ ਹਰ ਕਵਿਤਾ ਨੂੰ ਪਿਆਰ ਦੇ ਸਲੇਟੀ ਰੰਗ ਦਾ ਗਿਲਾਫ਼ ਚੜ੍ਹਾ ਦਿੰਦੀ ਹੈ, ਜਦੋਂ ਉਹ ‘ਉਹ ਪਰਤੇਗਾ’ ਕਵਿਤਾ ਵਿਚ ਲਿਖਦੀ ਹੈ-
ਮਿੱਠਾ ਜ਼ਹਿਰ ਵਿਛੋੜੇ ਦਾ ਵੱਢ ਵੱਢ ਖਾਂਦਾ, ਪੁਰਾਣੀਆਂ ਪੀੜਾਂ ‘ਤੇ ਉਮੀਦਾਂ ਦਾ ਫੇਹਾ ਲਾ ਲੈਂਦੀ।
ਦੁੱਖ ਵੀ ਹੁਣ ਤਾਂ ਖ਼ੁਸ਼ੀਆਂ ਵਾਂਗ ਹੋ ਗਏ,ਯਾਦਾਂ ਦੀ ਛਾਵੇਂ ਬਹਿ ਔਂਸੀਆਂ ਪਾ ਲੈਂਦੀ।
ਇਉਂ ਲੱਗਦਾ ਹੈ ਕਿ ਸੁਰਿੰਦਰ ਸੈਣੀ ਮੁਹੱਬਤ ਦੀਆਂ ਬਾਤਾਂ ਪਾਉਂਦੀ, ਜ਼ਿੰਦਗੀ ਵਿਚ ਅਨੇਕਾਂ ਦੁਸ਼ਾਵਰੀਆਂ ਦਾ ਮੁਕਾਬਲਾ ਕਰਦੀ ਅਤੇ ਸਫਲਤਾ ਦੀਆਂ ਪਾਉੜੀਆਂ ਚੜ੍ਹਦੀ ਹੋਈ ਸੰਤੁਸ਼ਟਤਾ ਦਾ ਪ੍ਰਭਾਵ ਆਪਣੀਆਂ ਕਵਿਤਾਵਾਂ ਵਿਚ ਦਿੰਦੀ ਹੋਈ, ਉਮੀਦਾਂ ਦੀ ਸਵੇਰ’ ਕਵਿਤਾ ਵਿਚ ਲਿਖਦੀ ਹੈ-
ਦੁਨੀਆਂ ਦੀ ਮੰਡੀ ਵਿਚ ਭਾਵੇਂ ਸਭ ਕੁਝ ਲੁੱਟਿਆ ਗਿਆ।
ਸੁਰਿੰਦਰ ਨੂੰ ਖ਼ੂਬਸੂਰਤ ਉਮੀਦਾਂ ਦਾ ਸੰਗ ਹੋ ਗਿਆ।
ਸੁਰਿੰਦਰ ਕਈ ਵਾਰੀ ਇਕ ਕਵਿਤਾ ਵਿਚ ਹੀ ਬਹੁਤ ਸਾਰੀਆਂ ਬੁਝਾਰਤਾਂ ਪਾ ਦਿੰਦੀ ਹੈ ਜਿਵੇਂ ਅਜ਼ਾਦੀ ਸਿਰਲੇਖ ਵਾਲੀ ਕਵਿਤਾ ਵਿਚ ਉਸਨੇ ਅਨੇਕਾਂ ਵਿਸ਼ਿਆਂ ਤੇ ਕਿੰਤੂ ਪ੍ਰੰਤੂ ਕੀਤਾ ਹੈ ਜਿਹੜੇ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ। ਅਜ਼ਾਦੀ ਬਾਰੇ ਗੱਲ ਕਰਦਿਆਂ ਉਹ ਕਹਿੰਦੀ ਹੈ ਲੱਖਾਂ ਸ਼ਹੀਦਾਂ ਦੇ ਖ਼ੂਨ ਨਾਲ ਪ੍ਰਾਪਤ ਕੀਤੀ ਪ੍ਰੰਤੂ ਹਾਕਮਾਂ ਨੇ ਇਸ ਦੀ ਦੁਰਵਰਤੋਂ ਕੀਤੀ ਹੈ, ਉਦਾਹਰਣ ਲਈ-
ਵੱਡਾ ਹੋਇਆ ਤਾਂ ਇਸ ਦੇ ਹਾਕਮਾਂ ਪ੍ਰਦੂਸ਼ਣ ਫੈਲਾ ਦਿੱਤਾ,
ਇਸ ਦੇ ਫੁੱਲ ਫਲ ਪੱਤੀਆਂ ਸਿਆਸਤ ਨੇ ਮਰੁੰਡ ਲਈਆਂ।
ਅਜ਼ਾਦੀ ਵਜ਼ੀਰਾਂ ਦੇ ਘਰ ਝਾੜੂ ਫੇਰਨ ਲੱਗੀ,
ਅਜ਼ਾਦੀ ਦਾ ਜਸ਼ਨ ਹੁਣ ਕੀ ਮਨਾਈਏ ਇਸ ਦੀ।
ਜਨਨੀ ਦਾ ਹੀ ਕੁੱਖ ‘ਚ ਕਤਲ ਹੋਣ ਲੱਗਾ,
ਇਸ ਦੇਸ਼ ਦੀ ਔਰਤ ਅੱਜ ਵੀ ਗ਼ੁਲਾਮ ਹੈ।
ਭੁੱਖੇ ਭੇੜੀਆਂ ਦਾ ਸ਼ਿਕਾਰ ਬਣਦੀ ਹੈ,
ਬੇਰੋਜ਼ਗਾਰੀ ਤੇ ਗ਼ਰੀਬੀ ਨੇ।
ਖ਼ੁਦਕਸ਼ੀਆਂ ਨੂੰ ਸੱਦਾ ਦਿੱਤਾ ਹੈ,
ਮਿਲਾਵਟ ਘਰ ਘਰ ਜ਼ਹਿਰ ਦੀਆਂ ਬੂੰਦਾਂ ਪਿਲਾ ਰਹੀ ਹੈ।
ਨਸ਼ਿਆਂ ਨੇ ਵੀ ਆਪਣਾ ਝੰਡਾ ਗੱਡ ਲਿਆ ਹੈ,
ਭ੍ਰਿਸ਼ਟਾਚਾਰ ਰੰਗਰਲੀਆਂ ਮਨਾ ਰਿਹਾ ਹੈ।
ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸੁਰਿੰਦਰ ਸੈਣੀ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਆਧਾਰ ਤੇ ਪਿਆਰ ਮੁਹੱਬਤ, ਬ੍ਰਿਹਾ ਅਤੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾਵਾਂ ਲਿਖਣ ਵਾਲੀ ਕਵਿਤਰੀ ਹੈ। ਭਵਿਖ ਵਿਚ ਉਸ ਕੋਲੋਂ ਹੋਰ ਚੰਗੀਆਂ ਕਵਿਤਾਵਾਂ ਲਿਖਣ ਦੀ ਆਸ ਰੱਖੀ ਜਾ ਸਕਦੀ ਹੈ ਕਿਉਂਕਿ ਉਹ ਹੁਣ ਪਰਿਵਾਰਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਰੁਖ਼ਸਤ ਹੋ ਗਈ ਹੈ ਅਤੇ ਕੁਲਵਕਤੀ ਲੇਖਿਕਾ ਦੇ ਤੌਰ ਤੇ ਵਿਚਰ ਰਹੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ