ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਉਪਲਕਸ਼ ਮਿਤੀ 10 ਜਨਵਰੀ 2016 ਨੂੰ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੋਕੇ ਦਿੱਲੀ ਦੇ ਅਨੇਕਾਂ ਬਜ਼ਾਰਾਂ ਤਾਲਕਟੋਰਾ ਰੋਡ, ਸ਼ੰਕਰ ਰੋਡ, ਰਾਜਿੰਦਰ ਨਗਰ, ਪਟੇਲ ਨਗਰ, ਸ਼ਾਦੀਪੁਰ ਡਿਪੂ, ਮੋਤੀ ਨਗਰ, ਕੀਰਤੀ ਨਗਰ, ਰਾਜਾ ਗਾਰਡਨ, ਰਾਜੌਰੀ ਗਾਰਡਨ, ਸ਼ੁਭਾਸ਼ ਨਗਰ ਮੋੜ, ਤਿਲਕ ਨਗਰ, ਜੇਲ ਰੋਡ ਤੇ ਫਤਿਹ ਨਗਰ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਿਵ ਨਗਰ ਵਿਖੇ ਪੁੱਜਾ।
ਇਸ ਮੌਕੇ ’ਤੇ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ. ਨੇ ਸਮੂੰਹ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਸਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਤੇ ਕਿਹਾ ਕਿ ਪੁਰਤਾਨ ਕਾਲ ਤੋਂ ਹੀ ਭਾਰਤੀ ਸਮਾਜ ਵਿੱਚ ਵਰਨਵੰਡ ਤੁਰੀ ਆ ਰਹੀ ਸੀ ਤੇ ਇਹ ਵਰਨਵੰਡ ਇੰਨੀ ਵੱਧ ਗਈ ਸੀ ਕਿ ਵਿਦੇਸ਼ੀ ਹਮਲਾਵਰ ਕਦੇ ਪਠਾਨ ਤੇ ਕਦੇ ਮੁਗਲ ਬੇਝਿਜਕ ਹਿੰਦੁਸਤਾਨ ’ਤੇ ਹਮਲੇ ਕਰਦੇ ਤੇ ਲੁੱਟ ਪਾਟ ਦੇ ਨਾਲ-ਨਾਲ ਔਰਤਾਂ ਦੀ ਬੇਪਤੀ ਵੀ ਕਰਦੇ। ਦਸਮ ਪਾਤਿਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਭ ਜਾਤੀਆਂ ਨੂੰ ਇੱਕੋ ਖੰਡੇ ਬਾਟੇ ਵਿੱਚ ਅੰਮ੍ਰਿਤ ਛਕਾਇਆ ਤੇ ਵਰਨ ਵੰਡ ਦਾ ਭੇਦ ਮਿਟਾ ਦਿੱਤਾ ਅਤੇ ਜ਼ੁਲਮ ਨੂੰ ਮਿਟਾਉਣ ਲਈ ਖਾਲਸਾ ਪੰਥ ਦੀ ਨੀਂਹ ਰੱਖੀ।
ਕਮੇਟੀ ਦੇ ਜਨਰਲ ਸਕੱਤਰ ਸ੍ਰ. ਮਨਜਿੰਦਰ ਸਿੰਘ ਸਿਰਸਾ ਨੇ ਵੀ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਹੋਇਆ ਕਿਹਾ ਕਿ ਗੁਰੂ ਜੀ ਨੇ ਦੱਬੀ ਕੁਚਲੀ ਤੇ ਸਾਹ ਸੱਤ ਹੀਨ ਹੋ ਚੁੱਕੀ ਪਰਜਾ ਵਿੱਚ ਨਵੀਂ ਰੂਹ ਪਾਈ ਤੇ ਨੌਜਵਾਨਾਂ ਵਿੱਚ ਬੀਰ ਰਸ ਵਧਾਉਣ ਤੇ ਜ਼ਾਲਮਾਂ ਨਾਲ ਟਾਕਰਾ ਕਰਨ ਲਈ ਸ਼ਸਤਰ ਚਲਾਉਣੇ, ਘੋੜ ਸਵਾਰੀ, ਨੇਜ਼ਾ ਬਾਜ਼ੀ ਦੇ ਨਾਲ-ਨਾਲ ਹੀ ਹਰ ਤਰ੍ਹਾਂ ਦੇ ਸਸ਼ਤਰ ਚਲਾਉਣ ਦੀ ਸਿਖਲਾਈ ਦਿੱਤੀ। ਗੁਰੂ ਜੀ ਦਾ ਸਾਰਾ ਜੀਵਨ ਜ਼ਾਲਮ ਤੇ ਜ਼ੁਲਮਾਂ ਨੂੰ ਖਤਮ ਕਰਨ ਵਿੱਚ ਹੀ ਬੀਤਿਆ। ਉਨ੍ਹਾਂ ਨੇ ਕਿਸੇ ਵੀ ਸਮੇਂ ਕਿਸੇ ਵੀ ਪੜਾਅ ’ਤੇ ਜ਼ਾਲਮ ਨਾਲ ਕੋਈ ਸਮਝੌਤਾ ਨਹੀਂ ਕੀਤਾ ਤੇ ਆਪਣਾ ਸਰਬੰਸ ਵਾਰਕੇ ਵੀ ਹਿੰਦੋਸਤਾਨ ਦੀ ਜਨਤਾ ਨੂੰ ਜ਼ਾਲਮ ਤੋਂ ਬਚਾਉਣ ਲਈ ਵੀ ਕੋਈ ਗੁਰੇਜ਼ ਨਹੀਂ ਕੀਤਾ।
ਗੁਰੂ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਸਾਰੀ ਸੰਗਤ, ਸ਼ਬਦੀ ਜੱਥੇ, ਸਕੂਲਾਂ ਦੇ ਬੱਚੇ, ਬੈਂਡ, ਗਤਕਈ ਅਖਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਚਲੇ।
ਇਸ ਮੌਕੇ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ, ਮੈਂਬਰ ਰਵਿੰਦਰ ਸਿੰਘ ਖੁਰਾਣਾ, ਕੁਲਮੋਹਨ ਸਿੰਘ, ਕੁਲਵੰਤ ਸਿੰਘ ਬਾਠ, ਹਰਮੀਤ ਸਿੰਘ ਕਾਲਕਾ, ਦਰਸ਼ਨ ਸਿੰਘ, ਹਰਦੇਵ ਸਿੰਘ ਧਨੋਆ, ਗੁਰਵਿੰਦਰਪਾਲ ਸਿੰਘ, ਗੁਰਦੇਵ ਸਿੰਘ ਭੋਲਾ, ਕੁਲਦੀਪ ਸਿੰਘ ਸਾਹਨੀ, ਰਵੇਲ ਸਿੰਘ, ਚਮਨ ਸਿੰਘ, ਰਵਿੰਦਰ ਸਿੰਘ ਲਵਲੀ, ਪਰਮਜੀਤ ਸਿੰਘ ਚੰਢੋਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਕੁਲਦੀਪ ਸਿੰਘ ਭੋਗਲ, ਵਿਕਰਮ ਸਿੰਘ ਜੀ. ਕੇ., ਵਿਕਰਮ ਸਿੰਘ ਰੋਹਿਣੀ, ਯੂਥ ਅਕਾਲੀ ਦਲ ਦੇ ਜਸਪ੍ਰੀਤ ਸਿੰਘ ਵਿੱਕੀ ਮਾਨ, ਕਮੇਟੀ ਦੇ ਮੀਡੀਆ ਸਲਾਹਕਾਰ ਸ੍ਰ. ਪਰਮਿੰਦਰਪਾਲ ਸਿੰਘ ਮੋਤੀ ਨਗਰ ਸਮੇਤ ਹੋਰ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
ਨਗਰ ਕੀਰਤਨ ਵਿੱਚ ਸਮੂਹ ਖਾਲਸਾ ਸਕੂਲਾਂ, ਕਾਲਜਾਂ ਦੇ ਬੱਚਿਆਂ ਨੇ ਬੈਂਡ ਵਾਜਿਆਂ ਸਮੇਤ ਭਾਗ ਲਿਆ ਤੇ ਸ਼ਸਤਰ ਵਿਦਿਆ ਦਲ ਦੇ ਗਤਕਈ ਅਖਾੜਿਆਂ ਨੇ ਸ਼ਸਤਰਾਂ ਰਾਹੀਂ ਆਪਣੀ ਕਲਾ ਦੇ ਜੌਹਰ ਦਿਖਾਏ। ਸੇਵਕ ਜੱਥਿਆਂ, ਝਾੜੂ ਸੇਵਕ ਜਥੇ, ਛਬੀਲ ਵਾਲੇ ਜਥੇ ਤੋਂ ਇਲਾਵਾ ਐਂਬੂਲੈਂਸ ਬ੍ਰੀਗੇਡ ਨੇ ਵੀ ਬਾਖੂਬੀ ਸੇਵਾ ਨਿਭਾਈ। ਰਸਤੇ ਵਿੱਚ ਜਗ੍ਹਾ-ਜਗ੍ਹਾ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਖੜੀਆਂ ਸਨ ਤੇ ਸੰਗਤਾਂ ਵੱਲੋਂ ਗੁਰੂ ਮਹਾਰਾਜ ਦੇ ਸਵਾਗਤ ਲਈ ਸਵਾਗਤੀ ਗੇਟ ਬਨਾਏ ਗਏ ਸਨ ਤੇ ਹਰ ਥਾਂ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਿਤੀ 16 ਜਨਵਰੀ 2016 ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਬੜੀ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ/ਢਾਡੀ ਜੱਥੇ ਕੀਰਤਨ/ਢਾਡੀ ਪ੍ਰਸੰਗ ਰਾਹੀਂ ਤੇ ਕਥਾਵਾਚਕ ਸ਼ਬਦ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।