ਅੱਧੀ ਰਾਤ ਸਪੀਕਰ ਧੂੜ੍ਹਾਂ ਪੁੱਟਦੇ,
ਵਿੱਚ ਬਾਂਗਾਂ ਕੁੱਕੜ ਵੀ ਪਿੱਛੇ ਸੁੱਟਦੇ,
ਢੋਲਕੀ ਚਿਮਟੇ ਖੜਤਾਲਾਂ ਕੁੱਟਦੇ,
ਕੂਕਾਂ ਮਾਰ ਡਰਾ ਪਏ ਰੱਬ ਲੁੱਟਦੇ,
ਇਹ ਕੰਵਲ ਹੈ ਲੋਕ ਸੁਣਾਵੇ ਦਾ,
ਭੱਠ ਪਵੇ ਜਾ ਧਰਮ ਦਿਖਾਵੇ ਦਾ ।
ਦੁੱਧ ਡੋਬ ਨਵ੍ਹਾ ਪਏ ਪਾਪ ਕੱਟਦੇ,
ਘੋਟਦੇ ਨੇ ਸਾਹ ਢੇਰ ਫੁੱਲਾਂ ਦੱਬਦੇ,
ਛਿੜਕਾ ਕੇ ਇਤਰ ਮੁਸ਼ਕਾਂ ਕੱਜਦੇ,
ਰੱਬ ਦੀਆਂ ਨਾਸਾਂ ਧੂੰਆਂ ਧੂਫ਼ ਧੱਕਦੇ,
ਕੰਵਲ ਬਾਹਰੀ ਸੁੰਘ ਸੁੰਘਾਵੇ ਦਾ,
ਭੱਠ ਪਵੇ ਜਾ ਧਰਮ ਦਿਖਾਵੇ ਦਾ ।
ਜਗਤ ਉਪਦੇਸ਼ ਚੱਲੇ ਦਿਨ ਰਾਤ,
ਗੱਚੋ ਗੱਚ ਵਿਸ਼ਟਾ ਆਡੰਬਰੀ ਬਾਤ,
ਅੱਠੇ ਪਹਿਰੀ ਲੁੱਟ ਹੋਰੈ ਹੋਰ ਝਾਤ,
ਸਦਾਚਾਰ ਸਿਖਾਵੇ ਵਿਭਚਾਰੀ ਜ਼ਾਤ,
ਕੰਵਲ ਖੇਲ੍ਹ ਚਲਿੱਤ੍ਰ ਰਚਾਵੇ ਦਾ,
ਭੱਠ ਪਵੇ ਜਾ ਧਰਮ ਦਿਖਾਵੇ ਦਾ ।
ਬਹੁ ਭੇਖ ਧਰੇ ਸਭ ਹੋਏ ਖੁਆਰ,
ਹੱਠ ਤੱਪ ਕਾਂਡ ਨਾ ਨਿਕਸਿਓ ਪਾਰ,
ਗ੍ਰੰਥ ਬੇਦ ਕਤੇਬ ਢਲੇ ਨਾ ਵਿਚਾਰ,
ਨਾ ਬਣੇ ਕਿਰਦਾਰ ਸਿਰੇ ਸਿਰ ਭਾਰ,
ਸਭ ਮਸਲਾ ਕੰਵਲ ਚੜ੍ਹਾਵੇ ਦਾ,
ਭੱਠ ਪਵੇ ਜਾ ਧਰਮ ਦਿਖਾਵੇ ਦਾ ।
ਨਫ਼ਰਤ ਲਹੂ ਕਾਰੋਬਾਰ ਚਲਦੇ,
ਹੂਰਾਂ ‘ਤੇ ਲਲਚਾਅ ਸ਼ੈਤਾਨ ਰਲਦੇ,
ਲਾਸ਼ਾਂ ਦੇ ਢੇਰਾਂ ਉੱਤੇ ਜੰਨਤਾਂ ਮੱਲਦੇ,
ਜ਼ਿੰਦਗੀਆਂ ਬਰਬਾਦ ਘਰ ਬਲਦੇ,
ਹੈ ਕੰਵਲ ਇਹ ਵੰਡੀਆਂ ਪਾਵੇ ਦਾ,
ਭੱਠ ਪਵੇ ਜਾ ਧਰਮ ਦਿਖਾਵੇ ਦਾ ।