ਫ਼ਤਹਿਗੜ੍ਹ ਸਾਹਿਬ – “ਜਿਵੇ ਬੀਤੇ ਸਮੇਂ ਦੀਆਂ ਸੈਟਰ ਦੀਆਂ ਹਿੰਦੂਤਵ ਹਕੂਮਤਾਂ ਵੱਲੋਂ ਸਿੱਖ ਕੌਮ ਉਤੇ ਜ਼ਬਰ-ਜੁਲਮ ਅਤੇ ਘੋਰ ਵਿਤਕਰੇ ਹੁੰਦੇ ਰਹੇ ਹਨ, ਅਜੋਕੇ ਸਮੇਂ ਦੀ ਸੈਟਰ ਦੀ ਮੋਦੀ ਹਕੂਮਤ, ਦਿੱਲੀ ਦੀ ਕੇਜਰੀਵਾਲ ਹਕੂਮਤ ਦੋਵੇ ਹੀ ਅੱਜ ਵੀ ਹਿੰਦੂਤਵ ਸੋਚ ਵਾਲੇ ਹੀ ਅਮਲ ਕਰ ਰਹੀਆਂ ਹਨ । ਕਿਉਂਕਿ ਸਰਬੱਤ ਖ਼ਾਲਸਾ ਦੇ ਇੱਕਠ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਨਿਯੁਕਤ ਕੀਤੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਜੋ 10 ਜਨਵਰੀ 2016 ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋ ਸਨਮਾਨ ਮਾਰਚ ਚੱਲਕੇ ਦਿੱਲੀ ਵਿਖੇ ਪਹੁੰਚਿਆ, ਉਸ ਵਿਚ 5 ਸਖਸ਼ੀਅਤਾਂ ਸਿਮਰਨਜੀਤ ਸਿੰਘ ਮਾਨ, ਬਾਬਾ ਪਰਦੀਪ ਸਿੰਘ ਚਾਦਪੁਰਾ, ਬੀਬੀ ਪ੍ਰੀਤਮ ਕੌਰ, ਪ੍ਰੌ. ਮਹਿੰਦਰਪਾਲ ਸਿੰਘ ਅਤੇ ਸ. ਬਹਾਦਰ ਸਿੰਘ ਯੂਨਾਈਟਡ ਅਕਾਲੀ ਦਲ ਹਨ, ਜਿਨ੍ਹਾਂ ਨੂੰ ਸ. ਹਵਾਰਾ ਨਾਲ ਸੰਬੰਧਤ ਕੇਸ ਦੇ ਜੱਜ ਨੇ ਮਿਲਣ ਦੀ ਇਜ਼ਾਜਤ ਦਿੱਤੀ ਸੀ । ਲੇਕਿਨ ਮੋਦੀ ਅਤੇ ਕੇਜਰੀਵਾਲ ਹਕੂਮਤਾਂ ਦੇ ਦਬਾਅ ਅਧੀਨ ਸ. ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਿਚ ਪੇਸ਼ ਨਾ ਕਰਕੇ ਸ. ਹਵਾਰਾ ਦੇ ਵਿਧਾਨਿਕ ਹੱਕਾਂ ਉਤੇ ਡਾਕਾ ਮਾਰਨ ਦੀ ਕਾਰਵਾਈ ਕੀਤੀ ਗਈ ਹੈ । ਜਿਸ ਤੋਂ ਮੋਦੀ ਅਤੇ ਕੇਜਰੀਵਾਲ ਹਕੂਮਤਾਂ ਦੀ ਅਸਲ ਤਸਵੀਰ ਸਾਹਮਣੇ ਆ ਗਈ ਹੈ । ਇਸ ਲਈ ਪੰਜਾਬ ਵਿਚ ਸ੍ਰੀ ਕੇਜਰੀਵਾਲ ਜੋ ਆਮ ਆਦਮੀ ਪਾਰਟੀ ਰਾਹੀ ਦਿੱਲੀ ਹਕੂਮਤ ਅਤੇ ਪੰਜਾਬ ਦੀ ਹਕੂਮਤ ਤੇ ਪੰਜਾਬੀਆਂ ਅਤੇ ਸਿੱਖਾਂ ਨੂੰ ਗੁੰਮਰਾਹ ਕਰਕੇ ਕਾਬਜ ਹੋਣ ਦੇ ਸੁਪਨੇ ਲੈ ਰਹੇ ਹਨ, ਉਹ ਆਪਣੇ ਮੰਦਭਾਵਨਾ ਭਰੇ ਮਿਸ਼ਨ ਵਿਚ ਇਸ ਲਈ ਕਾਮਯਾਬ ਨਹੀਂ ਹੋ ਸਕਣਗੇ, ਕਿਉਂਕਿ ਉਹ ਸਿੱਖ ਕੌਮ ਲਈ ਵੀ ਕੋਈ ਸੰਜ਼ੀਦਗੀ ਨਹੀਂ ਰੱਖਦੇ । 2017 ਵਿਚ ਪੰਜਾਬ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਪੰਜਾਬੀ ਅਤੇ ਸਿੱਖ ਕੌਮ ਇਹਨਾਂ ਹਿੰਦੂਤਵ ਆਗੂਆਂ ਅਤੇ ਪਾਰਟੀਆਂ ਨੂੰ ਅਵੱਸ ਆਪਣੀ ਵੋਟ ਸ਼ਕਤੀ ਰਾਹੀ ਸਜ਼ਾ ਦੇਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਪੰਥਕ ਜਥੇਬੰਦੀਆਂ ਦੀਆਂ 5 ਸਖਸ਼ੀਅਤਾਂ ਨੂੰ ਸਾਜ਼ਸੀ ਢੰਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਹੋਣ ਵਾਲੀ ਮੁਲਾਕਾਤ ਤੋ ਦੂਰ ਰੱਖਣ ਦੇ ਅਮਲਾਂ ਦੀ ਜਿਥੇ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ ਗਏ, ਉਥੇ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਇਹਨਾਂ ਹਿੰਦੂਤਵ ਜਮਾਤਾਂ ਕਾਂਗਰਸ, ਬੀਜੇਪੀ, ਆਰ.ਐਸ.ਐਸ, ਸੀ.ਪੀ.ਆਈ, ਸੀ.ਪੀ.ਐਮ, ਆਮ ਆਦਮੀ ਪਾਰਟੀ ਦੀਆਂ ਮੋਮੋਠਗਣੀਆਂ ਗੱਲਾਂ ਵਿਚ ਪੰਜਾਬੀ ਅਤੇ ਸਿੱਖ ਕੌਮ ਬਿਲਕੁਲ ਨਾ ਆਉਣ । ਇਹ ਜਮਾਤਾਂ ਸਿੱਖ ਕੌਮ ਦੇ ਅਤੇ ਪੰਜਾਬ ਸੂਬੇ ਦੇ ਕਿਸੇ ਵੀ ਮਸਲੇ ਨੂੰ ਹੱਲ ਕਰਨ ਦੇ ਸਮਰੱਥ ਨਹੀਂ ਹਨ । ਸੈਟਰ ਦੇ ਹੁਕਮਾਂ ਉਤੇ ਹੀ ਸੰਭੂ ਬਾਰਡਰ ਤੇ ਹਰਿਆਣੇ ਦੀ ਖੱਟਰ ਹਕੂਮਤ ਅਤੇ ਕਰਨਾਲ ਵਿਖੇ ਸਨਮਾਨ ਮਾਰਚ ਵਿਚ ਪਹੁੰਚੀਆਂ ਸੰਗਤਾਂ ਨੂੰ ਆਪਣੀ ਮੰਜਿ਼ਲ ਵੱਲ ਜਾਣ ਤੋ ਰੋਕਣ ਅਧੀਨ ਹੀ ਕੁਝ ਸਮੇਂ ਲਈ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਅਤੇ ਰੁਕਾਵਟਾਂ ਪਾਈਆਂ ਗਈਆਂ । ਸ. ਮਾਨ ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਗੁਰੂਆਂ ਦੀ ਪਵਿੱਤਰ ਧਰਤੀ ਮੁਕਤਸਰ ਵਿਖੇ 14 ਜਨਵਰੀ 2016 ਨੂੰ ਇਹਨਾਂ ਹਿੰਦੂਤਵ ਜਮਾਤਾਂ ਅਤੇ ਆਗੂਆਂ ਵੱਲੋਂ ਕੀਤੇ ਜਾਣ ਵਾਲੇ ਇਕੱਠਾਂ ਦੀ ਗਿਣਤੀ ਨੂੰ ਵਧਾਉਣ ਲਈ ਧਨ-ਦੌਲਤਾਂ ਦੇ ਭੰਡਾਰ, ਸਾਧਨਾਂ ਅਤੇ ਮੀਡੀਏ ਦੀ ਦੁਰਵਰਤੋ ਕਰਕੇ ਵੱਡੇ ਇਕੱਠ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ ਤਾਂ ਕਿ ਵੱਡੇ ਇਕੱਠ ਕਰਕੇ ਪੰਜਾਬੀਆਂ ਅਤੇ ਸਿੱਖਾਂ ਨੂੰ 2017 ਦੀਆਂ ਚੋਣਾਂ ਲੲ਼ੀ ਆਪਣੇ ਹੱਕ ਵਿਚ ਕਰ ਸਕਣ । ਲੇਕਿਨ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਦੇ ਨੇਕ ਮਿਸ਼ਨ ਦੀ ਪੂਰਤੀ ਲਈ ਅਤੇ ਇਹਨਾਂ ਸਿੱਖ ਵਿਰੋਧੀ ਜਮਾਤਾਂ ਨੂੰ ਸਬਕ ਸਿਖਾਉਣ ਲਈ “ਸਰਬੱਤ ਖ਼ਾਲਸਾ” ਵਿਚ ਸ਼ਾਮਿਲ ਜਥੇਬੰਦੀਆਂ ਵੱਲੋਂ ਜੋ ਸਾਂਝੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਟੇਜ ਉਤੇ ਕੌਮੀ ਸੰਦੇਸ਼ ਅਤੇ ਅਗਲੇ ਪ੍ਰੋਗਰਾਮ ਦਿੱਤੇ ਜਾ ਰਹੇ ਹਨ, ਉਹਨਾਂ ਨੂੰ ਕਾਮਯਾਬ ਕਰਨ ਲਈ ਹਰ ਗੁਰਸਿੱਖ ਇਸ ਸਰਬੱਤ ਖ਼ਾਲਸਾ ਦੀ ਸੋਚ ਵਾਲੇ ਇਕੱਠ ਵਿਚ ਆਪਣੀ ਸਮੂਲੀਅਤ ਕਰਨ ਵਿਚ ਯੋਗਦਾਨ ਪਾਵੇ। ਦਿੱਲੀ ਵਿਖੇ ਸ. ਹਵਾਰਾ ਨੂੰ ਮਿਲਣ ਗਈਆ ਸਖਸ਼ੀਅਤਾਂ ਦੇ ਨਾਲ ਰਵਿੰਦਰ ਸਿੰਘ ਗੋਗੀ, ਮਾਸਟਰ ਕਰਨੈਲ ਸਿੰਘ ਨਾਰੀਕੇ, ਸੁਰਜੀਤ ਸਿੰਘ ਕਾਲਾਬੂਲਾ, ਸੰਸਾਰ ਸਿੰਘ, ਗੁਰਪ੍ਰੀਤ ਸਿੰਘ ਯੂਥ ਆਗੂ ਦਿੱਲੀ, ਹਰਭਜਨ ਸਿੰਘ ਕਸ਼ਮੀਰੀ, ਬੀਬੀ ਪ੍ਰੀਤਮ ਕੌਰ ਆਦਿ ਆਗੂ ਹਾਜ਼ਰ ਸਨ ।