ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਦਿੱਲੀ ਦੇ ਮੁਖਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਸਿੱਖ ਵਿਰੋਧੀ ਤਾਕਤਾਂ ਦਾ ਪਨਾਹਗਾਰ ਐਲਾਨਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਗਏ ਲੋਕਾਂ ਦੇ ਨਾਲ ਕੇਜਰੀਵਾਲ ਦੀ ਕਥਿਤ ਦੋਸ਼ਤੀ ਦੇ ਸਬੂਤ ਮੀਡੀਆ ਦੇ ਸਾਹਮਣੇ ਰਖਦੇ ਹੋਏ ਆਰ।ਟੀ।ਆਈ। ਦੇ ਰਾਹੀਂ 1984 ਸਿੱਖ ਕਤਲੇਆਮ ਦੇ ਪੀੜਿਤਾਂ ਦੀ ਮਦਦ ਦਿੱਲੀ ਸਰਕਾਰ ਵੱਲੋਂ ਕਰਨ ਦੇ ਕੀਤੇ ਜਾਉਂਦੇ ਦਾਅਵਿਆ ਦੀ ਪੋਲ ਵੀ ਖੋਲੀ।
ਬੀਤੀ 27 ਨਵੰਬਰ 2015 ਨੂੰ ਦਿੱਲੀ ਦੇ ਬੁਰਾੜੀ ਵਿਖੇ ਹੋਏ ਨਿਰੰਕਾਰੀ ਸੰਮੇਲਨ ’ਚ ਕੇਜਰੀਵਾਲ ਵੱਲੋਂ ਆਪਣੇ ਸਾਰੇ ਸਾਥੀ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਬਾਬੇ ਦੇ ਦਰਬਾਰ ਵਿਚ ਲਗਾਈ ਗਈ ਹਾਜ਼ਰੀ ਦੌਰਾਨ ਦਿੱਤੇ ਗਏ ਭਾਸ਼ਣ ਨੂੰ ਜੀ. ਕੇ. ਨੇ ਕੇਜਰੀਵਾਲ ਦੀ ਸਿੱਖ ਵਿਰੋਧੀ ਮਾਨਸਿਕਤਾ ਨਾਲ ਜੋੜਿਆ। ਜੀ. ਕੇ. ਨੇ ਨਿਰੰਕਾਰੀਆਂ ਵੱਲੋਂ 13 ਅਪ੍ਰੈਲ 1978 ਦੀ ਵਿਸਾਖੀ ਦੇ ਦਿਨ 13 ਸਿੰਘਾਂ ਨੂੰ ਸ਼ਹੀਦ ਕਰਨ ਦੇ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹਰ ਸਿੱਖ ਨੂੰ ਨਿਰੰਕਾਰੀਆਂ ਨਾਲ ਰੋਟੀ-ਬੇਟੀ ਦਾ ਰਿਸ਼ਤਾ ਨਾ ਰੱਖਣ ਦੇ ਦਿੱਤੇ ਗਏ ਆਦੇਸ਼ ਦਾ ਵੀ ਹਵਾਲਾ ਦਿੱਤਾ। ਜੀ. ਕੇ. ਨੇ ਕੇਜਰੀਵਾਲ ਦੇ ਭਾਸ਼ਣ ਦੇ ਅੰਸ਼ਾਂ ਦਾ ਜਿਕਰ ਕਰਦੇ ਹੋਏ ਸਵਾਲ ਕੀਤਾ ਕਿ ਕੇਜਰੀਵਾਲ ਜੇਕਰ ਸਿੱਖ ਕੌਮ ਦੇ ਕਾਤਿਲ ਨਿਰੰਕਾਰੀ ਬਾਬੇ ਨੂੰ ਆਪਣਾ ਗੁਰੂ ਮੰਨਦੇ ਹਨ ਤਾਂ ਉਹ ਸਿੱਖਾਂ ਦੇ ਹਮਦਰਦ ਕਿਵੇਂ ਹੋ ਸਕਦੇ ਹਨ ”; ਇਸੇ ਤਰ੍ਹਾਂ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਕੌਮ ਤੋਂ ਛੇਕੇ ਗਏ ਰਾਗੀ ਦਰਸ਼ਨ ਸਿੰਘ ਦੇ ਨਾਲ ਕੇਜਰੀਵਾਲ ਦੀ ਫੋਟੋ ਨੂੰ ਜਾਰੀ ਕਰਦੇ ਹੋਏ ਜੀ. ਕੇ. ਨੇ ਸਿੱਖ ਵਿਰੋਧੀ ਤਾਕਤਾਂ ਨੂੰ ਕੇਜਰੀਵਾਲ ਵੱਲੋਂ ਪਨਾਹ ਦੇਣ ਦਾ ਵੀ ਦੋਸ਼ ਲਾਇਆ।
ਜੀ. ਕੇ. ਨੇ ਆਮ ਆਦਮੀ ਪਾਰਟੀ ਦੇ ਫੇਸਬੁੱਕ ਪੇਜ਼ ਤੇ ਕੇਜਰੀਵਾਲ ਦੀ 14 ਜਨਵਰੀ 2016 ਦੀ ਮੁਕਤਸਰ ਰੈਲੀ ਨੂੰ ਲੈ ਕੇ ਜਾਰੀ ਵੀਡਿਓ ਦੀ ਭਾਸ਼ਾ ਨੂੰ ਸਿੱਖ ਸ਼ਹੀਦਾਂ ਦੀ ਬੇਅਦਬੀ ਵੱਜੋਂ ਦੱਸਿਆ। ਜੀ. ਕੇ. ਨੇ ਦੱਸਿਆ ਕਿ ਹਰ ਸਿੱਖ ਰੋਜ਼ਾਨਾ ਮੁਕਤਸਰ ਵਿਚ ਸ਼ਹੀਦ ਹੋਏ 40 ਮੁਕਤਿਆਂ ਦੀ ਸ਼ਹੀਦੀ ਨੂੰ ਅਰਦਾਸ ਵਿਚ ਯਾਦ ਕਰਦਾ ਹੈ। ਸ਼ਹੀਦਾਂ ਦੀ ਯਾਦ ਵਿਚ 14 ਜਨਵਰੀ ਨੂੰ ਮੁਕਤਸਰ ਵਿਖੇ ਪਿਛਲੇ 300 ਸਾਲਾਂ ਤੋਂ ਲਗ ਰਹੇ ਮਾਘੀ ਮੇਲੇ ’ਚ ਆਉਣ ਦੇ ਸੱਦੇ ਨੂੰ ਲੈ ਕੇ ਜਾਰੀ ਵੀਡਿਓ ਵਿਚ ਕੇਜਰੀਵਾਲ ਵੱਲੋਂ ਲੋਕਾਂ ਨੂੰ ਰੇਵੜੀ (ਮਠਿਆਈ) ਲੈ ਕੇ ਆਉਣ ਦੀ ਹਲਕੇ ਫੁੱਲਕੇ ਅੰਦਾਜ਼ ਵਿਚ ਕੀਤੀ ਗਈ ਅਪੀਲ ਨੂੰ ਜੀ. ਕੇ. ਨੇ ਸ਼ਹੀਦਾਂ ਨੂੰ ਛੁੱਟਕਾਉਣ ਬਰਾਬਰ ਦੱਸਿਆ। ਜੀ. ਕੇ. ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਨੂੰ ਛੋਟਾ ਕਰਕੇ ਕੇਜਰੀਵਾਲ ਨੇ ਆਪਣੀ ਜੁਬਾਨ ਦੇ ਸੁਆਦ ਨੂੰ ਵੱਧ ਤਵੱਜੋ ਦੇ ਕੇ ਸਿੱਖ ਭਾਵਨਾਵਾਂ ਦੀ ਬੇਅਦਬੀ ਕੀਤੀ ਹੈ।
ਜੀ. ਕੇ. ਨੇ ਵਿਅੰਗ ਕਰਦੇ ਹੋਏ ਕਿਹਾ ਕਿ ਜਿਸ ਇਨਸਾਨ ਨੂੰ ਮਰਿਯਾਦਾ ਦਾ ਪਤਾ ਨਹੀਂ ਹੈ ਉਹ ਸਿੱਖਾਂ ਦਾ ਹਮਦਰਦ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੀ. ਕੇ. ਨੇ ਪੰਜਾਬ ਦੀ ਅਮਨ, ਸ਼ਾਂਤੀ ਤੇ ਭਾਈਚਾਰੇ ਨੂੰ 1980 ਦੇ ਦਹਾਕੇ ਦੀ ਸ਼ੁਰੂਆਤ ਦੌਰਾਨ ਕਾਂਗਰਸ ਵੱਲੋਂ ਨਿਰੰਕਾਰੀਆਂ ਦਾ ਸਾਥ ਲੈ ਕੇ ਖਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ ਨੂੰ ਆਪਣੀ ਚੋਣ ਲੈਬੋਰੇਟਰੀ ਵਿਚ ਹਰ ਕੀਮਤ ਤੇ ਜਿੱਤ ਦੇ ਲਈ ਕੇਜਰੀਵਾਲ ਵੱਲੋਂ ਇਸਤੇਮਾਲ ਕਰਨ ਦਾ ਵੀ ਖਦਸਾ ਜਤਾਇਆ। 1984 ਸਿੱਖ ਕਤਲੇਆਮ ਦੀ ਪੀੜਿਤਾਂ ਦੀ ਮਦਦ ਦਿੱਲੀ ਸਰਕਾਰ ਵੱਲੋਂ ਆਪਣੇ ਫੰਡਾਂ ਰਾਹੀਂ ਪ੍ਰਤੀ ਪੀੜਿਤ ਪੰਜ ਲੱਖ ਰੁਪਏ ਸਹਾਇਤਾ ਦੇ ਤੌਰ ਤੇ ਦੇਣ ਦੇ ਕੀਤੇ ਜਾਂਦੇ ਦਾਅਵੇ ਦੀ ਪੜਤਾਲ ਦੇ ਲਈ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਵੱਲੋਂ ਲਗਾਈ ਗਈਆਂ ਵੱਖ-ਵੱਖ ਆਰ।ਟੀ।ਆਈ। ਦੇ ਆਏ ਜਵਾਬ ਦੇ ਹਵਾਲੇ ਨਾਲ ਦਿੱਲੀ ਸਰਕਾਰ ਵੱਲੋਂ ਉਕਤ ਰਾਸ਼ੀ ਕੇਂਦਰ ਸਰਕਾਰ ਵੱਲੋਂ ਜਾਰੀ ਫੰਡ ’ਚੋ ਦੇਣ ਦੇ ਦਿੱਤੇ ਗਏ ਜਵਾਬ ਦੀ ਜੀ. ਕੇ. ਨੇ ਜਾਣਕਾਰੀ ਦਿੱਤੀ। ਜੀ. ਕੇ. ਨੇ ਆਪ ਪਾਰਟੀ ਦੇ ਆਗੂਆਂ ਵੱਲੋਂ ਇਸ ਮਸਲੇ ਤੇ ਆਪਣੀ ਪਿੱਠ ਥਾਪੜਨ ਲਈ ਲਾਏ ਗਏ ਪੋਸਟਰਾਂ ਦੀ ਤੁਲਨਾ ਕਿਸੇ ਡਾਕੀਏ ਵੱਲੋਂ ਮਨੀਆਰਡਰ ਦਿੰਦੇ ਸਮੇਂ ਆਪਣੇ ਆਪ ਨੂੰ ਖੁੱਦ ਭੇਜਣ ਵਾਲੇ ਵੱਜੋਂ ਦੱਸਣ ਨਾਲ ਕੀਤੀ। ਜੀ. ਕੇ. ਨੇ ਕਿਹਾ ਕਿ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਉਹ ਪੰਜਾਬ ਵਿਚ ਸਿੱਖ ਵਿਰੋਧੀ ਨੂੰ ਕਿਵੇਂ ਸਬਕ ਸਿਖਾਉਣਾ ਚਾਹੁੰਦੇ ਹਨ।
ਸਿਰਸਾ ਨੇ ਕੁਰਸੀ ਦੇ ਲਾਲਚ ਵਾਸਤੇ ਕੇਜਰੀਵਾਲ ਵੱਲੋਂ ਦੋਹਰੇ ਮਾਪਦੰਡ ਇਸਤੇਮਾਲ ਕਰਨ ਦਾ ਦੋਸ਼ ਲਗਾਉਂਦੇ ਹੋਏ ਨਿਰੰਕਾਰੀ ਸਮਾਗਮ ਵਿਚ ਚਾਰੇ ਸਿੱਖ ਵਿਧਾਇਕਾਂ ਦੇ ਜਾਉਂਣ ਦਾ ਵੀ ਕੇਜਰੀਵਾਲ ਦੇ ਭਾਸ਼ਣ ਦੇ ਹਵਾਲੇ ਤੋਂ ਦਾਅਵਾ ਕੀਤਾ। ਸਿਰਸਾ ਨੇ ਕਿਹਾ ਕਿ ਬੜੇ ਸ਼ਰਮ ਦੀ ਗਲ ਹੈ ਕਿ ਚਾਰੇ ਸਿੱਖ ਵਿਧਾਇਕ ਕੌਮ ਦੇ 13 ਸ਼ਹੀਦਾਂ ਦੀ ਸ਼ਹੀਦੀ ਨੂੰ ਭੁੱਲ ਕੇ ਕੇਜਰੀਵਾਲ ਦੇ ਸਿੱਖ ਵਿਰੋਧੀ ਏਜੰਡੇ ਦੇ ਕੁਲਹਾੜੇ ਦਾ ਦਸਤਾ ਬਣਕੇ ਸਿੱਖ ਭਾਵਨਾਵਾਂ ਦਾ ਸ਼ੋਸ਼ਣ ਕਰ ਰਹੇ ਹਨ। ਸਿਰਸਾ ਨੇ ਕਿਹਾ ਕਿ ਇਕ ਪਾਸੇ ਤਾਂ ਕੇਜਰੀਵਾਲ ਮੌਜੂਦਾ ਨਿਰੰਕਾਰੀ ਬਾਬੇ ਦਾ ਗੁਣਗਾਨ ਕਰਕੇ ਨਿਰੰਕਾਰੀਆਂ ਦਾ ਭਗਤ ਹੋਣ ਦਾ ਪ੍ਰਮਾਣ ਦੇ ਰਿਹਾ ਹੈ ਤੇ ਦੂਜੇ ਪਾਸੇ ਸਾਬਕਾ ਨਿਰੰਕਾਰੀ ਬਾਬਾ ਨੂੰ ਮਾਰਨ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਆਪਣੇ ਨਾਲ ਰੱਖ ਕੇ ਸਿੱਖਾਂ ਨੂੰ ਗੁਮਰਾਹ ਕਰ ਰਿਹਾ ਹੈ। ਸਿਰਸਾ ਨੇ ਕੇਜਰੀਵਾਲ ਤੇ ਕਾਂਗਰਸ ਦੇ ਪੁਰਾਣੇ ਏਜੰਡੇ ’ਤੇ ਚਲਣ ਦਾ ਦੋਸ਼ ਲਗਾਉਂਦੇ ਹੋਏ ਕੇਜਰੀਵਾਲ ਨੂੰ ਸਿੱਖ ਹਮਦਰਦੀ ਦਾ ਮੁਖੌਟਾ ਲਗਾਉਣ ਤੋਂ ਪਹਿਲਾ ਸਿੱਖ ਇਤਿਹਾਸ ਨੂੰ ਪੜ੍ਹਨ ਦੀ ਵੀ ਨਸੀਹਤ ਦਿੱਤੀ। ਸਿਰਸਾ ਨੇ ਸਾਫ ਕਿਹਾ ਕਿ ਬੇਸ਼ਕ ਅਸੀਂ ਕੇਜਰੀਵਾਲ ਦੇ ਝੂਠ ਦਾ ਮੁਕਾਬਲਾ ਨਹੀਂ ਕਰ ਸਕਦੇ ਹਾਂ ਪਰ ਸੱਚ ਨੂੰ ਲੋਕਾਂ ਤਕ ਪਹੁੰਚਾਉਣ ਦਾ ਆਪਣਾ ਫਰਜ ਤਾਂ ਨਿਭਾ ਸਕਦੇ ਹਾਂ। ਸਿਰਸਾ ਨੇ ਕੇਜਰੀਵਾਲ ਤੇ ਦਿੱਲੀ ਦੇ ਵਿਕਾਸ ਕਾਰਜਾਂ ਨੂੰ ਰੋਕ ਕੇ ਸਿਰਫ ਆਪਣੀ ਮਹਿਮਾ ਦਾ ਬਖਾਣ ਕਰਾਉਣ ਵਾਸਤੇ 540 ਕਰੋੜ ਰੁਪਏ ਦਾ ਬਜਟ ਪ੍ਰਚਾਰ ਲਈ ਰਾਖਵਾਂ ਰੱਖਣ ਦਾ ਵੀ ਦੋਸ਼ ਲਗਾਇਆ।
ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਕੇਜਰੀਵਾਲ ਵੱਲੋਂ ਨਿਰੰਕਾਰੀ ਅਤੇ ਦਰਸ਼ਨ ਸਿੰਘ ਵਰਗੀਆਂ ਸਿੱਖ ਵਿਰੋਧੀ ਤਾਕਤਾਂ ਨੂੰ ਨਾਲ ਲੈ ਕੇ ਚਲਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਨਤੀਜੇ ਪੰਜਾਬ ਦੇ ਭਵਿੱਖ ਲਈ ਖਤਰਨਾਕ ਹੋਣ ਦੀ ਵੀ ਚੇਤਾਵਨੀ ਦਿੱਤੀ। ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਨੇ ਪੰਜਾਬ ਵਿਧਾਨਸਭਾ ਦੀਆਂ ਆਮ ਚੋਣਾਂ ਨੂੰ ਜਿੱਤਣ ਦਾ ਸਪਨਾ ਵੇਖ ਰਹੇ ਕੇਜਰੀਵਾਲ ਨੂੰ ਆਪਣਾ ਉਮੀਦਵਾਰ ਖਡੂਰ ਸਾਹਿਬ ਜਿਮਣੀ ਚੋਣ ’ਚ ਉਤਾਰ ਕੇ ਆਪਣੀ ਤਾਕਤ ਨੂੰ ਪਰਖਣ ਦੀ ਵੀ ਚੁਨੌਤੀ ਦਿੱਤੀ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਹਰਜਿੰਦਰ ਸਿੰਘ, ਦਰਸ਼ਨ ਸਿੰਘ, ਹਰਵਿੰਦਰ ਸਿੰਘ ਕੇ।ਪੀ।, ਹਰਦੇਵ ਸਿੰਘ ਧਨੌਵਾ, ਕੈਪਟਨ ਇੰਦਰਪ੍ਰੀਤ ਸਿੰਘ, ਜੀਤ ਸਿੰਘ, ਪਰਮਜੀਤ ਸਿੰਘ ਚੰਢੋਕ, ਤਨਵੰਤ ਸਿੰਘ, ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ, ਅਕਾਲੀ ਆਗੂ ਵਿਕਰਮ ਸਿੰਘ, ਜਸਪ੍ਰੀਤ ਸਿੰਘ ਵਿੱਕੀਮਾਨ ਅਤੇ ਸੁਰਿੰਦਰਪਾਲ ਸਿੰਘ ਓਬਰਾਇ ਮੌਜੂਦ ਸਨ।