ਪਟਨਾ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਸੁਪਰ ਸੀਐਮ ਦੇ ਆਰੋਪਾਂ ਨੂੰ ਨਕਾਰਦੇ ਹੋਏ ਭਾਜਪਾ ਨੇਤਾਵਾਂ ਦੀ ਤੁਲਣਾ ਖਟਮਲ ਨਾਲ ਕੀਤੀ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਜਿਸ ਤਰ੍ਹਾਂ ਖਟਮਲ ਬਿਸਤਰੇ ਤੋਂ ਨਿਕਲ ਕੇ ਲੋਕਾਂ ਨੂੰ ਕਟਦਾ ਰਹਿੰਦਾ ਹੈ,ਉਸੇ ਤਰ੍ਹਾਂ ਬੀਜੇਪੀ ਨੇਤਾ ਨਵੀਆਂ-ਨਵੀਆਂ ਅਫ਼ਵਾਹਾਂ ਫੈਲਾਉਂਦੇ ਰਹਿੰਦੇ ਹਨ।
ਲਾਲੂ ਯਾਦਵ ਨੇ ਆਪਣੇ ਟਵੀਟ ਤੇ ਲਿਖਿਆ ਹੈ ਕਿ ਖਰਮਾਸ ਦੇ ਬਾਅਦ ਉਹ ਭੋਂਪੂ ਲੈ ਕੇ ਪੂਰੇ ਦੇਸ਼ ਵਿੱਚ ਭਾਜਪਾ ਦਾ ਸੱਚ ਦੱਸਣਗੇ। ਉਨ੍ਹਾਂ ਨੇ ਕਿਹਾ ਹੈ ਕਿ ਬਿਹਾਰ ਵਿੱਚ ਮਹਾਂਗਠਬੰਧਨ ਦੀ ਸਰਕਾਰ ਦੁਆਰਾ ਵਿਕਾਸ ਕੀਤਾ ਜਾ ਰਿਹਾ ਹੈ ਤਾਂ ਬੀਜੇਪੀ ਨੇਤਾਵਾਂ ਨੂੰ ਖਟਮਲ ਕਟਣ ਲਗੇ ਹਨ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਪੂੰਜੀ ਸਿਰਫ਼ ਸੰਪਰਦਾਇਕਤਾ ਹੈ। ਉਹ ਇਸ ਦਾ ਇਸਤੇਮਾਲ ਰਾਜਨੀਤਕ ਲਾਭ ਲਈ ਕਰਦੀ ਰਹੀ ਹੈ। ਭਾਜਪਾ ਨੇਤਾ ਅਫ਼ਵਾਹਾਂ ਫੈਲਾਉਣ ਵਿੱਚ ਮਾਹਿਰ ਹਨ। ਬਿਹਾਰ ਸਰਕਾਰ ਸਬੰਧੀ ਵੀ ਉਹ ਪਰਚਾਰ ਕਰ ਰਹੇ ਹਨ ਕਿ ਇਹ ਸਰਕਾਰ ਜਲਦੀ ਹੀ ਡਿੱਗ ਜਾਵੇਗੀ, ਜਿਆਦਾ ਦੇਰ ਤੱਕ ਨਹੀਂ ਚਲੇਗੀ।
ਲਾਲੂ ਨੇ ਕਮੇਡੀਅਨ ਕਿਕੂ ਸ਼ਾਰਦਾ ਦੀ ਗ੍ਰਿਫ਼ਤਾਰੀ ਦੀ ਵੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਮੇਰੀ ਵੀ ਨਕਲ ਕਰਦੇ ਹਨ, ਪਰ ਮੈਂ ਕਦੇ ਵੀ ਬੁਰਾ ਨਹੀਂ ਮੰਨਿਆ। ਮੇਰੀ ਨਕਲ ਉਤਾਰਨ ਨਾਲ ਜੇ ਕਿਸੇ ਦੀ ਰੋਜ਼ੀ-ਰੋਟੀ ਚੱਲਦੀ ਹੈ ਤਾਂ ਮੈਨੂੰ ਖੁਸ਼ੀ ਹੁੰਦੀ ਹੈ, ਵੈਸੈ ਵੀ ਸੱਭ ਨੂੰ ਦੇਣ ਵਾਲਾ ਤਾਂ ਰੱਬ ਹੈ।