ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਅਲੌਕਿਕ ,ਇਲਾਹੀ ਹਰਿ ਕੀ ਜੋਤਿ ਅਤੇ ਸਰਗੁਣ ਸੰਪਨ ਅਜ਼ੀਮ ਸ਼ਖਸ਼ੀਅਤ ਅਤੇ ‘ਧਰਮ ਚਲਾਵਣ’ਤੇ ‘ਪੰਥ ਪ੍ਰਚੁਰ’ਕਰਨ ਦੇ ਰੱਬੀ ਹੁਕਮ ਦੀ ਪੂਰਤੀ ਹਿੱਤ ਸਰਬੰਸ ਕੁਰਬਾਨ ਕਰਨ ਦੀ ਮਾਰਮਿਕ ਕਥਾ ਦਾ ਸ਼ਬਦਾਂ ਰਾਹੀਂ ਵਰਨਣ ਅਸੰਭਵ ਹੈ ।ਭਗਤੀ- ਸ਼ਕਤੀ,ਰਾਜ-ਯੋਗ ਦੀਨ ਦੁਨੀ ਅਤੇ ਮੀਰੀ ਪੀਰੀ ਦਾ ਸੁਮੇਲ ਹਨ ਗੁਰੂ ਕਲਗੀਧਰ ।ਗੁਰੂ ਪਾਤਸ਼ਾਹ ਦੀ ਦ੍ਰਿਸ਼ਟੀ ਤੇ ਸੋਚ ਵਿਸ਼ਵ ਵਿਆਪੀ ਹੈ ।ਹਰ ਧਰਮ,ਹਰ ਦੇਸ਼ ਦੀ ਲੋਕਾਈ ਨੂੰ ਆਪਣੇ ਪਿਆਰ ਭਰੇ ਕਲਾਵੇ ਵਿੱਚ ਲੈਣ ਵਾਲੀ ਹੈ।ਸਾਧੂ ਟੀ.ਐਲ ਵਾਸਵਾਨੀ ਅਨੁਸਾਰ ਸਦੀਆਂ ਤੋਂ ਨੀਵੇਂ ਤੇ ਹੀਣੇ ਲੋਕਾਂ ਨੂੰ ਗੁਰੂ ਕਾ ਬੇਟਾ ਦੀ ਪਦਵੀ ਬਖਸ਼ ,ਉਨ੍ਹਾਂ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਨਾਲ ਨਿਵਾਜਣਾ ਤੇ ਸਰਦਾਰ ਬਨਾਉਣਾ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਹੀ ਆਇਆ ਹੈ ।ਵਾਸਵਾਨੀ ਪਹਿਲਾਂ ਹੋਏ ਸਾਰੇ ਪੈਗੰਬਰਾਂ ਦੇ ਸਮੁੱਚੇ ਗੁਣ ,ਗੁਰੂ ਨਾਨਕ ਸਾਹਿਬ ਦੀ ਮਿੱਠਤ ਨੀਵੀਂ , ਹਜ਼ਰਤ ਈਸਾ ਦੀ ਤਰਸ ਭਰੀ ਮਾਸੂਮੀਅਤ ,ਮਹਾਤਮਾ ਬੁੱਧ ਦਾ ਆਤਮ ਗਿਆਨ,ਹਜ਼ਰਤ ਮੁਹੰਮਦ ਸਾਹਿਬ ਵਾਲਾ ਜੋਸ਼,ਕ੍ਰਿਸ਼ਨ ਭਗਵਾਨ ਵਰਗਾ ਜਲੌ ,ਮਰਯਾਦਾ ਪਰਸ਼ੋਤਮ ਰਾਮ ਵਾਲੀ ਮਰਯਾਦਾ ਅਤੇ ਸ਼ਹਿਨਸ਼ਾਹਾਂ ਵਾਲੀ ਸ਼ਾਨ,ਗੁਰੂ ਦਸਮੇਸ਼ ਵਿੱਚ ਵੇਖਦੇ ਹਨ।ਇਤਿਹਾਸਕਾਰ ਲਤੀਫ ਤੇ ਇੰਦੂਭੂਸ਼ਨ ਬੈਨਰਜੀ ਨੂੰ ਗੁਰੂ ਜੀ ਨੂੰ ਰੁਹਾਨੀ ਰਹਿਬਰ,ਮੈਦਾਨੇ ਜੰਗ ਵਿੱਚ ਨਿਰਭੈ ਯੋਧੇ ,ਤਖਤ ਤੇ ਬੈਠੇ ਸੱਚੇ ਪਾਤਸ਼ਾਹ ਅਤੇ ਸੰਗਤ ਵਿੱਚ ਬੈਠੇ ਦਰਵੇਸ਼ ਨਜਰ ਆਉਂਦੇ ਹਨ। ਭਾਈ ਨੰਦ ਲਾਲ ਸਿੰਘ ਜੀ ਨੇ ‘ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ,ਸ਼ਾਹਿ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ’ਆਦਿ ਅਨੇਕ ਸਿਫਤੀ ਨਾਵਾਂ ਦੀ ਪੂਰੀ ਗਜ਼ਲ ਲਿਖੀ ਹੈ।ਦਸਮੇਸ਼ ਪਿਤਾ ਐਸੇ ਸੰਤ-ਸਿਪਾਹੀ ਹਨ ਜੋ ਪ੍ਰਮਾਤਮਾ ਨੂੰ ਜੰਗਲਾਂ ਵਿੱਚ ਖੋਜਣ ਨਹੀਂ ਜਾਂਦੇ ਬਲਕਿ ‘ਗਿਆਨਹਿ ਕੀ ਬਢਨੀ (ਬਹੁਕਰ,ਹਥਿਆਰ) ਮਨਹੁ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ’ ਕਾਇਰਤਾ ਨੂੰ ਕੁਤਰਾ-ਕੁਤਰਾ ਕਰਕੇ, ਦੁਨਿਆਵੀ ਤਾਕਤਾਂ ਤੋਂ ਨਿਡਰ ਸੰਤ-ਸਿਪਾਹੀ ਬਣਾ ਦੇਂਦੇ ਹਨ ।‘ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ॥’ ਦੇ ਰੱਬੀ-ਕਾਰਜ ਲਈ ਤੱਤਪਰ ਰਹਿੰਦੇ ਹਨ।
ਗੁਰੂ ਗੋਬਿੰਦ ਸਿੰਘ ਜੀ ਦੀ ਦੁਨਿਆਵੀ ਉਮਰ ਕੇਵਲ 42 ਸਾਲ ਹੈ ।ਖਾਲਸੇ ਦੀ ਸਿਰਜਨਾ,ਦਸਮੇਸ਼ ਪਿਤਾ ਲਿਆਂਦਾ ਇੱਕ ਐਸਾ ਇਨਕਲਾਬ ਹੈ ਜਿਸਦੇ ਆਣ ਨਾਲ ਨਾਂ ਤਾਂ ਕਿਸੇ ਜਮੀਨ ਤੇ ਕਬਜਾ ਹੋਇਆ ਨਾਂ ਕਿਤੇ ਮਨੁੱਖਤਾ ਦਾ ਕਤਲ ਲੇਕਿਨ ਜਿਸਦੇ ਆਣ ਨਾਲ ਮਨੁਖਤਾ ਨੂੰ ਇੱਕ ਹੋਣ ਦਾ ਮਾਣ ਨਸੀਬ ਹੋਇਆ ।ਲੇਕਿਨ ਐਨਾ ਕੁਝ ਸਾਡੀ(ਮਨੁਖਤਾ)ਦੀ ਝੋਲੀ ਪਾਉਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਪਰਮ ਪੁਰਖ ਦੇ ਅਜੇਹੇ ਦਾਸ ਹਨ ਜੋ ਮਨੁੱਖੀ ਇਤਿਹਾਸ ਵਿੱਚ ਇਕੱਲੇ ਹਨ ਜਿਨ੍ਹਾਂ ਨੇ ਸਭ ਕੁਝ ਕੁਰਬਾਨ ਕਰਕੇ ਵੀ ਜਗਤ ਦਾ ਤਮਾਸ਼ਾ ਦੇਖਿਆ ਅਤੇ ਮਾਣਿਆ ਹੈ।ਜੇ ਉਹ ਖ਼ਾਲਸਾ ਸਾਜਦੇ ਹਨ ਤਾਂ ਉਸ ਨੂੰ ਅਕਾਲ ਪੁਰਖ ਦੇ ਆਦੇਸ਼ ਅਨੁਸਾਰ ਅਕਾਲ ਪੁਰਖ ਦੇ ਲੜ੍ਹ ਲਾਉਂਦੇ ਹਨ ‘ਗੁਰੁਬਰ ਅਕਾਲ ਕੇ ਹੁਕਮ ਸਿਉਂ ਉਪਜਿਓ ਬਿਗਿਆਨਾ। ਤਬ ਸਹਿਜੇ ਰਚਿਓ ਖਾਲਸਾ ਸਾਬਤ ਮਰਦਾਨਾ । । ਜੇ ਉਹ ਬਾਣੀ ਉਚਾਰਦੇ ਹਨ ਤਾਂ ‘ਗੁਰ ਪ੍ਰਸਾਦਿ, ਤ੍ਵ ਪ੍ਰਸਾਦਿ, ਕਬਿਯੋ ਬਾਚ ਬੇਨਤੀ ਚੌਪਈ’ ਹੀ ਕਹਿੰਦੇ ਹਨ। ਆਪਣਾ ਆਪ ਵੀ ਸ਼ਬਦ ਵਿੱਚ ਅਭੇਦ ਕਰ ਗ੍ਰੰਥ ਜੀ ਨੂੰ ਗੁਰੂ-ਗ੍ਰੰਥ ਦੀ ਪਦਵੀ ਬਖਸ਼ ਸਦੀਵੀ ਸਤਿਗੁਰੂ ਥਾਪ ਦਿੰਦੇ ਹਨ।
ਦੁਨੀਆਂ ਵਿੱਚ ਜੰਗਾਂ ਜ਼ਰ, ਜ਼ੋਰੂ ਅਤੇ ਜ਼ਮੀਨ ਅਰਥਾਤ ਧਨ, ਜਾਇਦਾਦ, ਇਸਤਰੀ ਅਤੇ ਧਰਤੀ ਤੇ ਰਾਜ ਕਾਇਮ ਕਰਨ ਲਈ, ਕਬਜ਼ਾ ਕਰਨ ਲਈ ਹੀ ਹੋਈਆਂ ਹਨ ਲੇਕਿਨ ਮਰਦ ਅਗੰਮੜੇ ਗੁਰੁ ਗੋਬਿੰਦ ਸਿੰਘ ਮਹਾਰਾਜ ਨੇ ਚੌਦਾਂ ਜੰਗਾਂ ਲੜੀਆਂ, ਕਿਸੇ ਤੇ ਹਮਲਾ ਨਹੀਂ ਕੀਤਾ ,ਹੱਕ ਸਚ ਇਨਸਾਫ ਖਾਤਿਰ ਸਾਰੇ ਹੀਲੇ ਵਿਅਰਥ ਚਲੇ ਜਾਣ ਤੇ ਹੀ ਸ਼ਸ਼ਤਰ ਦਾ ਸਹਾਰਾ ਲਿਆ, ਆਪਣੇ ਤੇ ਹੋਣ ਵਾਲੇ ਹਰ ਹਮਲੇ ਦੇ ਮੁਕਾਬਲੇ ਲਈ ਯੁੱਧ ਕੀਤਾ ਅਤੇ ਇੱਕ ਇੰਚ ਭਰ ਵੀ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਦੁਨਿਆਵੀ ਬਾਦਸ਼ਾਹਤ ਕਾਇਮ ਨਹੀਂ ਕੀਤੀ।ਦੁਨਿਆਵੀ ਜੰਗਾਂ ਬਾਰੇ ਮਨੌਤ ਹੈ ਕਿ ਮੁਹੱਬਤ ਤੇ ਜੰਗ ਵਿੱਚ ਸਭ ਜਾਇਜ਼ ਹੈ ਲੇਕਿਨ ਗੁਰੂ ਗੋਬਿੰਦ ਸਿੰਘ ਜੀ, ਮਨੁੱਖ ਦੇ ਪਿਆਰ,ਧਰਮ ਤੇ ਇਖ਼ਲਾਕ ਦੀਆਂ ਉੱਚ ਕਦਰਾਂ-ਕੀਮਤਾਂ ਬਰਕਰਾਰ ਰੱਖਦੇ ਹੋਏ ਯੁੱਧ ਕਰਦੇ ਹਨ। ਜੰਗ ਜਿੱਤਣ ਉਪ੍ਰੰਤ ਉਹ ਦੁਸ਼ਮਣ ਦੀ ਇਸਤਰੀ ਨਾਲ ਵੀ ਇਖ਼ਲਾਕ ਦੀ ਸੀਮਾਂ ਟੱਪਣ ਦੀ ਆਗਿਆ ਨਹੀਂ ਦੇਂਦੇ।ਗੁਰੂ ਗੋਬਿੰਦ ਸਿੰਘ ਜੀ ਦੇ ਹਰ ਤੀਰ ਤੇ ਸਵਾ-ਤੋਲਾ ਸੋਨਾ ਲੱਗਿਆ ਹੁੰਦਾ ਸੀ ਤਾਂ ਜੋ ਮਰਨ ਵਾਲੇ ਦਾ ਉਸ ਸੋਨੇ ਨਾਲ ਅੰਤਿਮ ਕ੍ਰਿਆ ਕ੍ਰਮ ਕੀਤਾ ਜਾ ਸਕੇ। ਬ੍ਰਹਮ ਗਿਆਨਤਾ ਨੂੰ ਪ੍ਰਾਪਤ ਉਨ੍ਹਾ ਦਾ ਇੱਕ ਸਿੱਖ, ਭਾਈ ਘਨੱਈਆ ਸਿੱਖਾਂ ਤੇ ਦੁਸ਼ਮਣਾਂ ਵਿੱਚ ਅਕਾਲ ਪੁਰਖ ਦੀ ਇਕ ਜੋਤ ਦੇਖ ਮਿੱਤਰ ਅਤੇ ਦੁਸ਼ਮਣ ਇਕ ਸਮਾਨ ਜਾਣ, ਜਲ ਛਕਾਉਂਦੇ ਹਨ। ਜਦ ਸਿੱਖਾਂ ਨੇ ਸ਼ਿਕਾਇਤ ਕੀਤੀ ਤਾਂ ਭਾਈ ਘਨੱਈਆ ਜੀ ਦਾ ਉੱਤਰ ਸੀ ਕਿ ਪਾਤਸ਼ਾਹ ਮੈਨੂੰ ਤਾਂ ਜੰਗ ਵਿੱਚ ਕੋਈ ਮਿੱਤਰ ਜਾਂ ਦੁਸ਼ਮਣ ਨਹੀਂ ਬਲਕਿ ਆਪ ਹੀ ਨਜ਼ਰ ਆਉਂਦੇ ਹੋ, ਤਾਂ ਪਾਤਸ਼ਾਹ ਨੇ ਮਰਹੱਮ ਪੱਟੀ ਦੇ ਕੇ ਕਿਹਾ ਕਿ ਹੁਣ ਤੁਸੀਂ ਜਲ ਦੇ ਨਾਲ ਨਾਲ ਮਰਹੱਮ ਪੱਟੀ ਵੀ ਕਰਨੀ ਹੈ।ਦੁਨੀਆਂ ਦੀਆਂ ਹੁਣ ਤੀਕ ਹੋਈਆਂ ਜੰਗਾਂ ਵਿੱਚ ਜਦੋਂ ਇਕ ਧਿਰ ਦੂਜੀ ਧਿਰ ਨੂੰ ਆਪਣੇ ’ਤੇ ਭਾਰੂ ਤੇ ਸ਼ਕਤੀਸ਼ਾਲੀ ਦੇਖਦੀ ਹੈ ਤਾਂ ਹਥਿਆਰ ਸੁੱਟ ਕੇ ਅਧੀਨਗੀ ਕਬੂਲ ਕਰ ਲਂੈਦੀ ਹੈ।ਦੁਨੀਆਂ ਸਭ ਤੋਂ ਵੱਡਾ ਜੰਗਜੂ ਵਿਜੇਤਾ ਨੈਪੋਲੀਅਨ ਮੰਨਿਆ ਜਾਂਦਾ ਹੈ ਜੋ ਹਰ ਜੰਗ ਜਿੱਤਣ ਉਪਰੰਤ ਕਹਿਣ ਲੱਗ ਪਿਆ ਸੀ : ‘ਮੈਂ ਆਇਆ, ਮੈਂ ਦੇਖਿਆ ਤੇ ਜੰਗ ਜਿੱਤ ਲਈ’ਲੇਕਿਨ ਜਦੋਂ ਉਸ ਵਿਜੇਤਾ ਅਖਵਾਉਣ ਵਾਲੇ ਨੇ ਆਖਰੀ ਲੜਾਈ ਵਿੱਚ ਹਾਰ ਮੰਨੀ ਤਾਂ ਉਸ ਕੋਲ ਬੜੀ ਵੱਡੀ ਤਾਦਾਦ ਵਿੱਚ ਹਥਿਆਰ ਬੰਦ ਫ਼ੌਜ ਵੀ ਸੀ ਅਤੇ ਉਹ ਜੰਗ ਵੀ ਪੱਕੇ ਕਿਲ੍ਹੇ ਵਿੱਚ ਲੜ ਰਿਹਾ ਸੀ । ਅਸ਼ਕੇ ਜਾਈਏ ਮਰਦ ਅਗੰਮੜੇ ਦਸਮੇਸ਼ ਪਿਤਾ ਦੇ ਜੋ ਚਮਕੌਰ ਦੀ ਗੜ੍ਹੀ ਵਿੱਚ ਭੁੱਖੇ ਤਿਹਾਏ 40 ਸਿੱਖਾਂ ਨਾਲ ਕੱਚੀ ਗੜ੍ਹੀ ਵਿੱਚ ਹਜ਼ਾਰਾਂ-ਲੱਖਾਂ ਦੀ ਫ਼ੌਜ ਵਿੱਚ ਘਿਰੇ ਹੋਣ ਤੇ ਰਣਤਤੇ ਵਿੱਚ ਜੂਝੇ ਅਤੇ ਸਿੰਘਾਂ ਦੇ ਨਾਲ ਨਾਲ,ਇੱਕ-ਇੱਕ ਕਰਕੇ ਆਪਣੇ ਦੋ ਪੁਤਰਾਂ ਨੂੰ ਜੰਗ ਲੜਦਿਆਂ, ਸ਼ਹੀਦ ਹੁੰਦਿਆਂ ਤੱਕਿਆ ਲੇਕਿਨ ਹਾਰ ਨਹੀਂ ਮੰਨੀ।ਪੰਜ ਪਿਆਰਿਆਂ ਦਾ ਸਰੂਪ ਜਾਣ ਸਿੰਘਾ ਦਾ ਹੁਕਮ ਮੰਨ ਗੜ੍ਹੀ ਤਿਆਗ ਦਿੱਤੀ , ਬੇਸਰੋ ਸਮਾਨੀ ਦੇ ਹਾਲਾਤ ਵਿੱਚ ਕੰਡਿਆਂ ਭਰੇ ਪੈਂਡੇ ਵਿੱਚ ਲਹੂ-ਲੁਹਾਨ ਪੈਰਾਂ ਅਤੇ ਲੀਰੋ-ਲੀਰ ਜਾਮੇਂ ਨਾਲ ਨੀਲੇ ਅਸਮਾਨ ਥੱਲੇ ਉਜਾੜ ਜੰਗਲ ਵਿੱਚ ਵੀ ਉਸ ਦੇ ਭਾਣੇ ਨੂੰ ਭਲਾ ਕਰ ਮੰਨਿਆਂ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਮਾਛੀਵਾੜੇ ਦੇ ਜੰਗਲ ਵਿੱਚ ਜਦੋਂ ਮਾਹੀ ਨੇ ਛੋਟੇ ਦੋ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਨ ਦੀ ਦਾਸਤਾਂ ਸੁਣਾਈ ਤਾਂ ਵੀ ਇਸ ਇਲਾਹੀ ਮਾਹੀ ਨੇ ਕਿਹਾ ‘ਸ਼ੁਕਰ ਹੈ ਆਜ ਤੇਰੀ ਅਮਾਨਤ ਅਦਾ ਹੁਈ’ । ਉਸ ਅਕਾਲ ਪੁਰਖ ਨੂੰ ਆਪਣਾ ਮਿੱਤਰ-ਪਿਆਰਾ ਮੁਖਾਤਬ ਕਰਕੇ ਆਪਣੇ ਪਿੰਡੇ ’ਤੇ ਹੰਢਾਏ ਸਾਰੇ ਜਖ਼ਮਾਂ ਦੀ ਪੀੜਾ ਸਹਿਨ ਕਰਦਿਆਂ ਹੋਇਆਂ ਆਪਣੀ ਪ੍ਰੀਤ ਪੁਗਾਉਣ ਦੀ ਗੱਲ ਕਹੀ ‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਣਾ’ ਫਿਰ ਮਹਿਲ ਮਾੜੀਆਂ ਨਾਲੋ ‘ਯਾਰੜੇ ਦਾ ਸਾਨੂੰ ਸੱਥਰ ਚੰਗਾ’ ਕਹਿ ਕੇ ਹੁਕਮ ਰਜਾਈ ਚੱਲਣ ਦੇ ਗੁਰੂ ਨਾਨਕ ਸਾਹਿਬ ਵਲੋਂ ਨਿਸ਼ਚਤ ਕੀਤੇ ਮਾਰਗ ’ਤੇ ਚਲ ਕੇ ਹੁਕਮ ਦੀ ਰਜ਼ਾ ਵਿੱਚ ਚੱਲਣ ਦੇ ਮਾਰਗ ਨੂੰ ਆਉਂਦੀਆਂ ਪੀੜ੍ਹੀਆਂ ਲਈ ਪ੍ਰਕਾਸ਼ਮਾਨ ਕੀਤਾ।ਸਰਕਾਰ ਦੇ ਭੇਜੇ ਕਈ ਦੂਤਾਂ ਤੇ ਚੇਲਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਫ਼ੌਜਾਂ ਕਿਲ੍ਹਿਆਂ ਤੇ ਪਰਿਵਾਰ ਤੋਂ ਬਿਨਾਂ ਦੇਖਿਆ ਤਾਂ ਹਕੂਮਤ ਦੀ ਈਨ ਮੰਨ ਕੇ ਸਮਝੌਤਾ ਕਰਨ ਦੀ ਗੱਲ ਕਹੀ ਤਾਂ ਉਸ ਇਲਾਹੀ ਪ੍ਰੀਤਮ ਨੇ ਹਰ ਐਸੀ ਪੇਸ਼ਕਸ਼ ਨੂੰ ਠੁਕਰਾਇਆ ਹੀ ਨਹੀਂ ਉਲਟਾ ਦੀਨਾ ਕਾਂਗੜ ਦੀ ਧਰਤ ਤੋਂ ਜਿੱਤ ਦਾ ਖ਼ਤ ਅਰਥਾਤ ‘ਜ਼ਫ਼ਰਨਾਮਾ’ ਲਿਖ ਭਾਈ ਦਇਆ ਸਿੰਘ ਰਾਹੀਂ ਔਰੰਗਜ਼ੇਬ ਪਾਸ ਭੇਜਿਆ।ਔਰੰਗਜ਼ੇਬ ਨੂੰ ਉਸ ਦੇ ਕੀਤੇ ਜ਼ੁਲਮਾਂ ਦੀ ਤਸਵੀਰ ਦਿਖਾਈ , ਉਸ ਨੂੰ ਦਿੱਲੀ ਤਖ਼ਤ ਦੇ ਅਯੋਗ ਕਰਾਰ ਦੇ ਕੇ ਚੁਨੌਤੀ ਵੀ ਦਿੱਤੀ ਕਿ ‘ਕੀ ਹੋਇਆ, ਜੇ ਤੂੰ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਅਜੇ ਤਾਂ ਫਨੀਅਰ ਨਾਗ ਦੇ ਰੂਪ ਵਿੱਚ ਮੈਂ ਤੇਰੇ ਜ਼ੁਲਮਾਂ ਦੀ ਸਜ਼ਾ ਦੇਣ ਲਈ ਅਜੇ ਵੀ ਮੋਜ਼ੂਦ ਹਾਂ’ ਚਣੌਤੀ ਦਿੱਤੀ ਕਿ ‘ਤੂੰ ਪੰਜਾਬ ਆ ਤੇਰੇ ਘੋੜਿਆਂ ਦੇ ਪੈਰਾਂ ਥੱਲੇ ਬਗਾਵਤ ਦੀ ਐਸੀ ਅੱਗ ਬਾਲ ਦਿਆਂਗਾ ਕਿ ਸਾਰੇ ਪੰਜਾਬ ਵਿੱਚ ਤੇਰੇ ਘੋੜਿਆਂ ਤੇ ਘੋੜ ਸਵਾਰਾਂ ਨੂੰ ਭੱਜਦਿਆਂ ਪਾਣੀ ਨਹੀਂ ਮਿਲੇਗਾ’।
ਦਸਮੇਸ਼ ਪਿਤਾ ਦੇ ਸਾਜੇ ਖਾਲਸੇ ਨੇ ਦੇਸ਼ ਕੌਮ ਲਈ ਜੋ ਕੁਰਬਾਨੀਆਂ ਕੀਤੀਆਂ ਉਸਦਾ ਕੋਈ ਥਾਹ ਨਹੀ ਹੈ,7 ਅਤੇ 9 ਸਾਲ ਦੀ ਉਮਰ ਵਿੱਚ ਸ਼ਹੀਦ ਹੋਣ ਵਾਲੇ ਬਾਬਾ ਜ਼ੋਰਾਵਰ ਸਿੰਘ,ਬਾਬਾ ਫਤਿਹ ਸਿੰਘ ਵੀ ਹਨ ਤੇ ਸੀਸ ਤਲੀ ਤੇ ਧਰਕੇ ਸਿਰਧੜ ਦੀ ਬਾਜੀ ਲਾਣ ਵਾਲੇ 72 ਸਾਲਾ ਬਾਬਾ ਦੀਪ ਸਿੰਘ ਵੀ ਹਨ। ਜਿਥੇ 9 ਸਾਲ ਦੀ ਉਮਰ ਵਿੱਚ ਔਰੰਗਜੇਬ ਦੁਆਰਾ ਹਿੰਦੂਆਂ ਦੇ ਜਬਰੀ ਧਰਮ ਪ੍ਰੀਵਰਤਨ ਕੀਤੇ ਜਾਣ ਨੂੰ ਠੱਲ ਪਾਣ ਲਈ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਲਈ ਦਿੱਲੀ ਭੇਜਦੇ ਹਨ ਤਾਂ 7 ਅਤੇ9 ਸਾਲ ਦੇ ਉਨ੍ਹਾ ਦੇ ਸਾਹਿਬਜਾਦੇ ਮੁਗਲਾਂ ਦਾ ਧਰਮ ਕਬੂਲਣ ਦੀ ਬਜਾਏ ਸਹਾਦਤ ਦਾ ਮਾਰਗ ਚੁਣਦੇ ਹਨ।ਅੱਜ ਇੱਕ ਵਾਰ ਫਿਰ ਇਸ ਦੇਸ਼ ਵਿੱਚ ਘਰ ਵਾਪਸੀ ਦੇ ਨਾਮ ਹੇਠ ਜਬਰੀ ਧਰਮ ਪ੍ਰੀਵਰਤਨ ਦੀ ਲਹਿਰ ਚਲਾਈ ਜਾ ਰਹੀ ਹੈ ।ਅੱਜ ਲੋੜ ਹੈ ਸੰਸਾਰ ਨੂੰ ਆਪਣੇ ਪ੍ਰੇਮ ਦੇ ਕਲਾਵੇ ਵਿੱਚ ਲੈਣ ਦੀ ਨਾਕਿ ਤ੍ਰਿਸਕਾਰਕੇ ਦੂਰ ਕਰਨ ਦੀ ।ਸੱਤਾ ਦੇ ਛਤਰ ਹਮੇਸ਼ਾ ਹੀ ਕਾਇਮ ਰਹਿੰਦੇ ਹਨ ਲੇਕਿਨ ਇਨ੍ਹਾਂ ਹੇਠ ਬੈਠਣ ਵਾਲੇ ਸਿਰ ਸਥਾਈ ਨਹੀ ਰਹਿੰਦੇ ਇਹ ਕੁਦਰਤ ਦਾ ਅਸੂਲ ਹੈ ਇਸ ਲਈ ਉਸ ਖਾਲਕ ਦੀ ਖਲਕਤ ਦੀ ਸੇਵਾ ਕਰਦਿਆਂ ਖੁੱਦ ਨੂੰ ਦੀਨ ਦੁਨੀ ਦਾ ਖਿਦਮਤਗਾਰ ਸਮਝਣ ਵਿੱਚ ਹੀ ਵਡੱਪਣ ਹੈ ਜਿਸਦੀ ਪ੍ਰਤੱਖ ਮਿਸਾਲ ਸਾਡੇ ਸਾਹਮਣੇ ਦਸਮੇਸ਼ ਪਿਤਾ ਦੀ ਜੀਵਨ ਹਯਾਤੀ ਦਾ ਇੱਕ ਇੱਕ ਪੱਲ ਹੈ ,ਜੋ ਖੁਦ ਉਸ ਅਕਾਲ ਪੁਰਖ ਦੇ ਹੁਕਮ ਨਾਲ ਇਸ ਸੰਸਾਰ ਵਿੱਚ ਆਉਂਦੇ ਹਨ,ਉਸਦੇ ਇਲਾਹੀ ਹੁਕਮ ਅਨੁਸਾਰ ਸਭ ਕੁਝ ਨਿਛਾਵਰ ਕਰ ਸਰਬੰਸਦਾਨੀ ਹੋਣ ਦਾ ਮਾਣ ਤਾਂ ਸੰਸਾਰ ਵੀ ਦਿੰਦਾ ਹੈ ਲੇਕਿਨ ਉਹ ਖੁੱਦ ਨੂੰ ‘ਪਰਮ ਪੁਰਖ ਕੋ ਦਾਸਾ’ਕਹਿ ਕੇ ਸਾਰੀ ਵਡਿਆਈ ਉਸ ਪਰਮ ਪਿਤਾ ਪ੍ਰਮਾਤਮਾ ਨੂੰ ਅਤੇ ਆਪਣੇ ਜੀਵਨ ਦੀ ਹਰ ਜਿੱਤ ਨੂੰ ਆਪਣੇ ਹੀ ਸਾਜੇ ਨਿਵਾਜੇ ਖਾਲਸੇ ਦੀ ਝੋਲੀ ‘ਜੁੱਧ ਜਿਤੇ ਇਨਹੀ ਕੇ ਪ੍ਰਸਾਦਿ’ ਹਨ।