ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਹੇ ਨੌਰਥ ਜੋਨ ਦੇ 31ਵੇਂ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦੇ ਤੀਜੇ ਦਿਨ ਇਕਾਂਗੀ, ਫੋਕ-ਆਰਕੈਸਟਰਾ, ਸਮੂਹ ਗਾਨ, ਸਕਿੱਟ, ਭਾਸ਼ਣ ਪ੍ਰਤੀਯੋਗਤਾ, ਕਲਾਸੀਕਲ ਨ੍ਰਿਤ, ਪੇਟਿੰਗ ਅਤੇ ਰੰਗੋਲੀ ਦੇ ਰੰਗ ਹਰ ਪਾਸੇ ਖਿੜੇ ਦਿਖੇ । ਵਿਦਿਆਰਥੀਆਂ ਦੇ ਚਿਹਰੇ ਜਿਹੜੇ ਨੂਰ ਨਾਲ ਭਰੇ ਹੋਏ ਸਨ, ਇਸ ਗੱਲ ਦੀ ਗਵਾਹੀ ਭਰਦੇ ਸਨ ਕਿ ਇਹ ਕਲਾਵਾਂ ਅਤੇ ਮੁਕਾਬਲੇ ਉਨ੍ਹਾਂ ਦੀ ਜੀਵਨ-ਊਰਜਾ ਨੂੰ ਲਟ-ਲਟ ਬਾਲ ਦਿੰਦੇ ਹਨ। ਬਾਹਰਲੇ ਰਾਜਾਂ ਤੋਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਆਏ ਕੁਝ ਵਿਦਿਆਰਥੀਆਂ ਨੇ ਪੰਜਾਬੀਆਂ ਦੀ ਜੀਵਨ-ਜਾਚ ਦੀ ਵਿਸ਼ੇਸ਼ ਰੂਪ ਵਿੱਚ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਸੱਚੇ ਦਿਲੋਂ ਮਿਲਣਸਾਰ, ਮਦਦਗਾਰ ਅਤੇ ਉਤਸ਼ਾਹੀ ਹਨ । ਕੁਝ ਵਿਦਿਆਰਥੀਆਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਹਰਿਆਲੀ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਸਰ੍ਹੋਂ ਦੇ ਖੇਤਾਂ ਵਿੱਚ ਫੋਟੋ ਖਿਚਵਾਉਂਦੇ ਹੋਏ ਦਿਸੇ । ਪੀ ਏ ਯੂ ਦੇ ਇਸ ਰੰਗਲੇ ਮਾਹੌਲ ਵਿੱਚ ਅਨੇਕਾਂ ਰੰਗਾਂ ਨਾਲ ਰੰਗੇ ਵਿਦਿਆਰਥੀ ਕਲਾਕਾਰਾਂ ਦਾ ਇਹ ਗੁਲਦਸਤਾ ਦਰਸ਼ਕਾਂ ਨੂੰ ਵੀ ਲੁਭਾਉਂਦਾ ਰਿਹਾ ।
ਅੱਜ ਦੇ ਮੁਕਾਬਲਿਆਂ ਵਿੱਚ ਪ੍ਰਤੀਯੋਗੀਆਂ ਨੇ ‘ਮੇਕ ਇਨ ਇੰਡੀਆ’ ਉਪਰ ਵਾਦ-ਵਿਵਾਦ ਰਚਾਇਆ । ਰੰਗ-ਮੰਚ ਉਪਰ ਸਮਾਜ ਅਤੇ ਲਤਾੜੀ ਗਈ ਔਰਤ ਲਈ ਆਵਾਜ਼ ਬੁਲੰਦ ਹੁੰਦੀ ਦਿਸੀ । ਇਸ ਤੋਂ ਬਿਨਾਂ ਵੱਖੋ-ਵੱਖਰੀਆਂ ਥਾਵਾਂ ਤੇ ਇਨ੍ਹਾਂ ਵਿਦਿਆਰਥੀਆਂ ਨੇ ਰੰਗੋਲੀ ਅਤੇ ਪੇਟਿੰਗ ਮੁਕਾਬਲਿਆਂ ਵਿੱਚ ਆਪਣੀ ਕਲਾ ਅਤੇ ਰਚਨਾਤਮਿਕਤਾ ਦੇ ਜੌਹਰ ਦਿਖਾਏ । ਯੂਨੀਵਰਸਿਟੀ ਕੈਂਪਸ ਵਿੱਚ ਵੱਖੋ-ਵੱਖਰੇ ਸਭਿਆਚਾਰਾਂ ਦੇ ਵਿਦਿਆਰਥੀ ਕਿਤੇ ਇਕੱਲੇ ਅਤੇ ਕਿਤੇ ਸਮੂਹਾਂ ਵਿੱਚ ਗੁਣ-ਗੁਣਾਉਂਦੇ ਦਿਸੇ । ਫੋਕ-ਆਰਕੈਸਟਰਾ ਅਤੇ ਕਲਾਸੀਕਲ ਡਾਂਸ ਦੀਆਂ ਸੰਗੀਤਕ ਧੁਨਾਂ ਨੇ ਤੀਜੇ ਦਿਨ ਦੀ ਇਸ ਸ਼ਾਮ ਨੂੰ ਮੁਕੰਮਲ ਰੂਪ ਵਿੱਚ ਸੰਗੀਤਕ ਬਣਾਈ ਰੱਖਿਆ ।