ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਚਲ ਰਹੇ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦੇ ਚੌਥੇ ਦਿਨ ਅਨੇਕਾਂ ਮੁਕਾਬਲੇ ਹੋਏ । ਯੂਨੀਵਰਸਿਟੀ ਦੇ ਖੁੱਲੇ ਰੰਗ ਮੰਚ ਵਿਖੇ ਕਬਾਇਲੀ ਲੋਕ ਨਾਚਾਂ ਦੇ ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਦੇ ਵਿੱਚ ਉਤਰੀ ਭਾਰਤ ਦੀਆਂ 20 ਯੂਨੀਵਰਸਿਟੀਆਂ ਨੇ ਭਾਗ ਲਿਆ । ਇਹਨਾਂ ਮੁਕਾਬਲਿਆਂ ਦੇ ਵਿੱਚ ਵਿਦਿਆਰਥੀਆਂ ਨੇ ਭੰਗੜਾ, ਲੁੱਡੀ, ਘੂਮਰ, ਪਹਾੜੀ ਡਾਂਸ ਆਦਿ ਨਾਲ ਲੋਕਾਂ ਨੂੰ ਥਿਰਕਣ ਲਾ ਦਿੱਤਾ । ਯੂਨੀਵਰਸਿਟੀ ਦੇ ਜੈਕਬ ਹਾਲ ਵਿਖੇ ਵਾਦ-ਵਿਵਾਦ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ’ਵਿਭਿੰਨਤਾ ਵਿੱਚ ਏਕਤਾ’ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ । ਮੇਲੇ ਦੇ ਚੌਥੇ ਦਿਨ ਫੋਟੋਗ੍ਰਾਫੀ ਅਤੇ ਇੰਸਟਾਲੇਸ਼ਨ ਦੇ ਮੁਕਾਬਲੇ ਵਿੱਚ 19 ਟੀਮਾਂ ਨੇ ਭਾਗ ਲਿਆ। ਵਿਦਿਆਰਥੀ ਵੱਖੋ-ਵੱਖ ਥਾਵਾਂ ਤੇ ਕੈਮਰਿਆਂ ਰਾਹੀਂ ਯੂਨੀਵਰਸਿਟੀ ਦੇ ਝਰੋਖੇ ਚੋਂ ਕੁਦਰਤ ਨੂੰ ਕੈਦ ਕਰਦੇ ਨਜ਼ਰ ਆਏ । ਬੇਲੋੜੇ ਸਮਾਨ ਨੂੰ ਕਲਾਕ੍ਰਿਤੀਆਂ ਵਿੱਚ ਤਬਦੀਲ ਕਰਦੇ ਇਹ ਵਿਦਿਆਰਥੀ ਜਿਥੇ ਮੁਕਾਬਲੇ ਲਈ ਜਿੱਤ ਦੀ ਉਮੰਗ ਨਾਲ ਭਰੇ ਹੋਏ ਸਨ ਉਥੇ ਸਮਾਜ ਲਈ ਕੁਝ ਨਵਾਂ ਸਿਰਜਨ ਦਾ ਸੁਨੇਹਾ ਵੀ ਦੇ ਰਹੇ ਸਨ । ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਵੈਸਟਰਨ ਸਮੂਹ ਗਾਨ ਵਿੱਚ 16 ਅਤੇ ਵਿਅਕਤੀਗਤ ਮੁਕਾਬਲੇ ਵਿੱਚ ਵੀ 16 ਟੀਮਾਂ ਨੇ ਭਾਗ ਲਿਆ । ਚਾਰ ਦਿਨ ਚੱਲੇ ਇਸ ਯੁਵਕ ਮੇਲੇ ਦੌਰਾਨ ਵੱਖ-ਵੱਖ ਵੰਨਗੀਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਕੱਲ੍ਹ ਯੂਨੀਵਰਸਿਟੀ ਦੇ ਖੁੱਲ੍ਹੇ ਰੰਗ ਮੰਚ ਵਿਖੇ ਦਿੱਤੇ ਜਾਣਗੇ । ਸਮਾਪਤੀ ਸਮਾਰੋਹ ਵਿੱਚ ਇਹਨਾਂ ਇਨਾਮਾਂ ਦੀ ਵੰਡ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਕਰਨਗੇ । ਲੋਕ ਨਾਚਾਂ ਦੇ ਮੁਕਾਬਲੇ ਦੌਰਾਨ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ, ਭਾਰਤੀ ਯੂਨੀਵਰਸਿਟੀ ਐਸੋਸੀਏਸ਼ਨ ਦੇ ਨਿਗਰਾਨ ਡਾ. ਵੀ ਕੇ ਸ਼ਰਮਾ, ਡਾ. ਅਰੁਨ ਪਾਟਿਲ ਅਤੇ ਵੱਡੀ ਗਿਣਤੀ ਦੇ ਵਿੱਚ ਵਿਗਿਆਨੀ ਅਤੇ ਵਿਦਿਆਰਥੀ ਸ਼ਾਮਲ ਸਨ ।
ਨਾਰਥ-ਜ਼ੋਨ ਦਾ 31ਵਾਂ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦਾ ਚੌਥਾ ਦਿਨ ਕਬਾਇਲੀ ਲੋਕ-ਨਾਚਾਂ ਦੇ ਨਾਂ ਰਿਹਾ
This entry was posted in ਪੰਜਾਬ.