ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਆਗੂ ਸ੍ਰ. ਮਨਜਿੰਦਰ ਸਿੰਘ ਸਿਰਸਾ ਵੱਲੋ ਸਿੱਖਾਂ ਦੀ ਬਜਾਏ ਗੈਰ ਸਿੱਖਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਧੇਰੇ ਵਿਸ਼ਵਾਸ਼ ਹੋਣ ਦੀ ਬਾਤ ਪਾਉਣਾ ਸਾਬਤ ਕਰਦਾ ਕਿ ਇਹ ਲੋਕ ਹੁਣ ਸਿੱਖਾਂ ਵਿੱਚੋ ਆਪਣਾ ਵਕਾਰ ਪੂਰੀ ਤਰ੍ਹਾਂ ਗੁਆ ਚੁੱਕੇ ਹਨ ਤੇ ਸਿੱਖਾਂ ਨਾਲ ਨਰਾਜਗੀ ਪ੍ਰਗਟ ਕਰਨ ਲਈ ਹੀ ਅਜਿਹੀਆਂ ਬੇਤੁਕੀਆਂ ਗੱਲਾਂ ਕਰ ਰਹੇ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ੍ਰ. ਮਨਜਿੰਦਰ ਸਿੰਘ ਸਿਰਸਾ ਨੇ ਬੀਤੇ ਕਲ੍ਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਲੀ ਕਮੇਟੀ ਵੱਲੋਂ ਮਨਾਏ ਗਏ ਪ੍ਰਕਾਸ਼ ਪੁਰਬ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਧਰਮ ਵਿੱਚ ਸਿੱਖਾਂ ਨਾਲੋਂ ਗੈਰ ਸਿੱਖ ਵਧੇਰੇ ਸ਼ਰਧਾਵਾਨ ਹਨ। ਉਹਨਾਂ ਕਿਹਾ ਕਿ ਸਿਰਸਾ ਆਪਣਾ ਦਿਮਾਗੀ ਤਵਾਜ਼ਨ ਗੁਆ ਚੁੱਕਾ ਹੈ ਤੇ ਉਸ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਪਰ ਸਿੱਖ ਤਾਂ ਇਸ ਨੂੰ ਆਪਣਾ ਜਗਤ ਗੁਰੂ ਮੰਨ ਕੇ ਮੱਥਾ ਟੇਕ ਤੇ ਆਪਣੀ ਅਥਾਹ ਸ਼ਰਧਾ ਦਾ ਇਜ਼ਹਾਰ ਕਰਦੇ ਹਨ। ਉਹਨਾਂ ਕਿਹਾ ਕਿ ਸਿੱਖ ਧਰਮ ਵਿੱਚ ਦੇਹਧਾਰੀ ਗੁਰੂਆਂ ਭਾਵ ਗੁਰੂ ਡੰਮ ਦਾ ਵਿਰੋਧ ਕੀਤਾ ਜਾਂਦਾ ਹੈ ਜਦ ਕਿ ਬਾਕੀ ਕਈ ਧਰਮਾਂ ਦੇ ਲੋਕ ਦੇਹਧਾਰੀ ਗੁਰੂਆਂ ਨੂੰ ਹੀ ਆਪਣੇ ਗੁਰੂ ਮੰਨੀ ਜਾਂਦੇ ਹਨ। ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਅਕਾਲੀਦਲ ਬਾਦਲ ਨਾਲ ਸਬੰਧਿਤ ਆਗੂ ਆਪਣਾ ਵਿਸ਼ਵਾਸ਼ ਸਿੱਖਾਂ ਵਿੱਚੋਂ ਗੁਆ ਚੁੱਕੇ ਹਨ ਤੇ ਉਹ ਹੁਣ ਗੈਰ ਸਿੱਖਾਂ ਵਿੱਚ ਆਪਣੀ ਸਾਖ ਨੂੰ ਬਹਾਲ ਰੱਖਣ ਲਈ ਹੀ ਅਜਿਹੀਆਂ ਬੇਤੁਕੀਆਂ ਗੱਲਾਂ ਕਰ ਰਹੇ ਹਨ।
ਨਵੰਬਰ 1984 ਦੀ ਹੋਈ ਸਿੱਖ ਨਸ਼ਲਕੁਸ਼ੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਕਦੇ ਵੀ ਸ਼ਹੀਦਾਂ ਦੀ ਯਾਦ ਬਣਾਉਣ ਦਾ ਵਿਰੋਧੀ ਨਹੀਂ ਰਿਹਾ ਸਗੋਂ ਆਪਣੇ ਸਮੇਂ ਦੌਰਾਨ ਪੂਰੇ ਯਤਨ ਕੀਤੇ ਸਨ ਕਿ ਬਾਹਰ ਕਿਸੇ ਜਗ੍ਹਾ ਤੇ ਇਹ ਯਾਦਗਾਰ ਬਣਾਈ ਜਾਵੇ ਪਰ ਨੌਵੇਂ ਪਾਤਸ਼ਾਹ ਦੇ ਪਵਿੱਤਰ ਅਸਥਾਨ ਗੁਰੂਦੁਆਰਾ ਰਕਾਬ ਗੰਜ ਦੇ ਕੰਪਲੈਕਸ ਵਿੱਚ ਅਜਿਹੀ ਕੋਈ ਵੀ ਯਾਦਗਾਰ ਬਣਾਉਣ ਦੇ ਉਹ ਹੱਕ ਵਿੱਚ ਨਹੀਂ ਹਨ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਬਰਾਬਰੀ ਕੋਈ ਵੀ ਵਿਅਕਤੀ ਨਹੀਂ ਕਰ ਸਕਦਾ । ਉਹਨਾਂ ਕਿਹਾ ਕਿ ਜੇਕਰ ਇਹ ਗੁਰੂਦੁਆਰਾ ਕੰਪਲੈਕਸ ਵਿੱਚੋਂ ਬਾਹਰ ਕਿਸੇ ਢੁਕਵੀਂ ਜਗਾ ‘ਤੇ ਬਣਾਈ ਜਾਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਐਲਾਨ ਕਰਦਾ ਹੈ ਕਿ ਉਹ ਸਭ ਤੋਂ ਪਹਿਲਾਂ ਆਪਣੀ ਸਮੱਰਥਾ ਅਨੁਸਾਰ ਯੋਗਦਾਨ ਪਾਵੇਗਾ। ਉਹਨਾਂ ਕਿਹਾ ਕਿ ਮਰਿਆਦਾ ਤੇ ਪਰੰਪਰਾਵਾਂ ਦਾ ਘਾਣ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਗੁਰੂ ਸਾਹਿਬ ਦੇ ਪਵਿੱਤਰ ਅਸਥਾਨ ਦੇ ਬਰਾਬਰ ਦਨਿਆਵੀ ਵਿਅਕਤੀਆਂ ਦੀ ਯਾਦਗਾਰ ਬਣਾਉਣਾ ਬੱਜਰ ਗਲਤੀ ਹੋਵੇਗੀ।