ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਉੱਘੇ ਸਾਹਿਤਕਾਰ ਅਤੇ ਸਾਹਿਤ ਅਕਾਦੇਮੀ ਪੁਰਸਕਾਰ ਨਾਲ ਸਨਮਾਨਤ ਡਾ. ਜਸਵਿੰਦਰ ਸਿੰਘ ਅਤੇ ਨਵ-ਪ੍ਰਤਿਭਾ ਪੁਰਸਕਾਰ ਨਾਲ ਸਨਮਾਨਤ ਸਿਮਰਨ ਧਾਲੀਵਾਲ ਨਾਲ ਰੂਬਰੂ ਕਰਵਾਇਆ ਗਿਆ। ਸਮਾਗਮ ਮੌਕੇ ਬੋਲਦਿਆਂ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਲਿਖਤ ਤੁਹਾਡਾ ਇਮਤਿਹਾਨ ਲੈਂਦੀ ਹੈ ਅਤੇ ਹੁੰਗਾਰਾ ਬਣਦੀ ਹੈ।ਲਿਖਤ ਦੇ ਖੇਤਰ ਵਿਚ ਕਾਹਲ ਬਹੁਤ ਖਤਰਨਾਕ ਹੈ। ਸਿਧਾਂਤ ਨੂੰ ਸਭਿਆਚਾਰ ਦੇ ਪਰਿਪੇਖ ਵਿਚ
ਰੱਖ ਕੇ ਹੀ ਵਧੇਰੇ ਸਹੀ ਤਰੀਕੇ ਨਾਲ ਲਾਗੂ ਕੀਤਾ ਜਾ ਸਕਦਾ ਹੈ। ਸਿਮਰਨ ਧਾਲੀਵਾਲ ਨੇ ਗੱਲ ਕਰਦਿਆਂ ਕਿਹਾ ਕਿ ਸਾਡੇ ਸਮਿਆਂ ਵਿਚ ਸਾਡੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਮੰਗ ਤੇ ਪੂਰਤੀ ਦੇ ਸਿਧਾਂਤ ਅਧੀਨ ਪਸ਼ੂਆਂ ਦੀ ਮੰਡੀ ਵਾਂਗ ਪਸ਼ੂ ਸਮਝ ਕੇ ਚੁਣਿਆ ਜਾ ਰਿਹਾ ਹੈ। ਸਾਡੇ ਲਈ ਮੁੱਢਲੀ ਲੋੜ ਰੁਜ਼ਗਾਰ ਦੇ ਮੌਕੇ ਬਹੁਤ ਸੁੰਗੜ ਗਏ ਹਨ।
ਇਨ੍ਹਾਂ ਦੋਨਾਂ ਸਾਹਿਤਕਾਰਾਂ ਨੂੰ ਇਸ ਵਾਰ ਹੀ ਸਾਹਿਤ ਅਕਾਦੇਮੀ ਦਿੱਲੀ ਵੱਲੋਂ ਇਨਾਮ ਦਿੱਤਾ ਗਿਆ ਹੈ। ਡਾ. ਜਸਵਿੰਦਰ ਸਿੰਘ ਨੂੰ ਉਨ੍ਹਾਂ ਦੀ ਪੁਸਤਕ ‘‘ਮਾਤ ਲੋਕ’’ ਲਈ ਸਨਮਾਨ ਮਿਲਿਆ ਹੈ ਅਤੇ ਸਿਮਰਨ ਧਾਲੀਵਾਲ ਨੂੰ ਉਨ੍ਹਾਂ ਦੀ ਪੁਸਤਕ ‘ਆਸ ਅਜੇ ਬਾਕੀ ਹੈ’ ਲਈ ਨਵ-ਪ੍ਰਤਿਭਾ ਪੁਰਸਕਾਰ ਮਿਲਿਆ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਦੋਨਾਂ ਸਾਹਿਤਕਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਜੀਵਨ ਅਤੇ ਸਾਹਿਤਕ ਰਚਨਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਦਾ ਆਲੋਚਨਾ ਸਫ਼ਰ ਅਤੇ ਜੀਵਨ ਦੀ ਸਰੋਤਿਆਂ ਨਾਲ ਸਾਂਝ ਪੁਆਈ। ਸਿਮਰਨ ਧਾਲੀਵਾਲ ਦੀ ਜਾਣ-ਪਛਾਣ ਕਰਵਾਉਦਿਆਂ ਗੁਰਮੀਤ ਆਰਿਫ਼ ਨੇ ਸਿਮਰਨ ਨੂੰ ਸਚਮੁੱਚ ਨਵੀਂ ਪ੍ਰਤਿਭਾ ਵਾਲਾ ਨਵੇਂ ਮਸਲਿਆਂ ਦੇ ਸਨਮੁੱਖ ਹੋਣ ਵਾਲਾ ਸਾਹਿਤਕਾਰ ਕਿਹਾ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਸਨਮਾਨਤ ਸਾਹਿਤਕਾਰਾਂ ਸਮੇਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਡਾ. ਧਨਵੰਤ ਕੌਰ, ਉੱਘੇ ਪਰਵਾਸੀ ਨਾਵਲਕਾਰ ਸ੍ਰੀ ਨਿੰਦਰ ਗਿੱਲ, ਸ਼ਾਇਰ ਪ੍ਰੋ. ਮਹਿੰਦਰ ਦੀਪ ਗਰੇਵਾਲ, ਕੈਲਗਰੀ ਤੋਂ ਕਵਿੱਤਰੀ ਸੁਰਿੰਦਰ ਗੀਤ, ਸਮਾਗਮ ਦੇ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ। ਡਾ. ਗੁਲਜ਼ਾਰ ਸਿੱਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸਿਮਰਨ ਧਾਲੀਵਾਲ ਦੀਆਂ ਕਹਾਣੀਆਂ ਦੀਆਂ ਤਿੰਨ ਪੁਸਤਕਾਂ ਛਪ ਚੁੱਕੀਆਂ ਹਨ ਅਤੇ ਡਾ. ਜਸਵਿੰਦਰ ਸਿੰਘ ਦੀ ਆਲੋਚਨਾ ਅਤੇ ਸਿਰਜਨਾਤਮਕ ਸਾਹਿਤ ਦੀਆਂ ਪੁਸਤਕਾਂ ਦੀ ਦੋ ਦਰਜਨ ਦੇ ਕਰੀਬ ਲੰਮੀ ਸੂਚੀਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਦੋਹਾਂ ਸਾਹਿਤਕਾਰਾਂ ਨੂੰ ਪੁਸਤਕਾਂ ਦੇ ਸੈੱਟ, ਗੁਲਦਸਤੇ ਅਤੇ ਦੋਸ਼ਾਲੇ ਦੇ ਕੇ ਸਨਮਾਨਤ ਕੀਤਾ। ਡਾ. ਜਸਵਿੰਦਰ ਸਿੰਘ ਨੂੰ ਪਿ੍ਰੰ. ਪ੍ਰੇਮ ਸਿੰਘ ਬਜਾਜ ਜੀ, ਸ੍ਰੀ ਸੁਰਿੰਦਰ ਕੈਲੇ ਨੇ ਸਿਮਰਨ ਧਾਲੀਵਾਲ ਨੂੰ ਅਤੇ ਸ੍ਰੀ ਨਿੰਦਰ ਗਿੱਲ ਨੂੰ ਡਾ. ਭੀਮ ਇੰਦਰ ਸਿੰਘ ਨੇ ਅਤੇ ਪ੍ਰੋ. ਮਹਿੰਦਰਦੀਪ ਗਰੇਵਾਲ ਨੂੰ ਪ੍ਰੋ. ਰਵਿੰਦਰ ਭੱਠਲ, ਸਾਬਕਾ ਜਨਰਲ ਸਕੱਤਰ ਨੇ ਗੁਲਦਸਤੇ ਭੇਟ ਕੀਤੇ।
ਸੰਵਾਦ ਦੇ ਸੈਸ਼ਨ ਵਿਚ ਸਵੀਡਨ ਤੋਂ ਆਏ ਨਾਵਲਕਾਰ ਸ੍ਰੀ ਨਿੰਦਰ ਗਿੱਲ, ਜਨਮੇਜਾ ਸਿੰਘ ਜੌਹਲ, ਗੁਰਮੀਤ ਆਰਿਫ਼ ਨੇ ਤਿੱਖੇ ਪ੍ਰਸ਼ਨ ਕੀਤੇ। ਸਮੁੱਚੇ ਸੰਬਾਦ ਵਿਚ ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਡਾ। ਭੀਮ ਇੰਦਰ ਸਿੰਘ, ਸੁਰਿੰਦਰ ਰਾਮਪੁਰੀ, ਹਰਬੰਸ ਮਾਲਵਾ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ ਸਮੇਤ ਸਾਹਿਤਕਾਰਾਂ ਨੇ ਭਾਗ ਲਿਆ। ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਸਿਮਰਨ ਧਾਲੀਵਾਲ ਨੇ ਕਿਹਾ ਕਿ ਮੈਂ ਹਮੇਸ਼ਾ ਪਾਤਰ ਦੀ ਸ਼ਖ਼ਸੀਅਤ ਦਾ ਖਿਆਲ ਕਰਕੇ ਲਿਖਦਾ ਹਾਂ। ਮੇਰੇ ਯਤਨ ਹੁੰਦਾ ਹੈ ਕਿ ਥੀਮ ਹਾਂ ਪੱਖੀ ਰਹੇ। ਡਾ. ਜਸਵਿੰਦਰ ਸਿੰਘ ਜੀ ਨੇ ਸਾਰੇ ਪ੍ਰਸ਼ਨਾਂ ਦਾ ਉੱਤਰ ਬੜੇ ਗੰਭੀਰ, ਬਾਦਲੀਲ ਅਤੇ ਠਰੰਮੇ ਨਾਲ ਆਪਣੇ ਗਹਿਰੇ ਅਧਿਐਨ ’ਤੇ ਅਧਾਰਿਤ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਦਾਰ ਪੰਛੀ, ਕੇ. ਸਾਧੂ ਸਿੰਘ, ਮਨਜਿੰਦਰ ਧਨੋਆ, ਕਰਮਜੀਤ ਸਿੰਘ ਔਜਲਾ, ਦਲਵੀਰ ਲੁਧਿਆਣਵੀ, ਬਰਿਸ਼ ਭਾਨ ਘਲੋਟੀ, ਰਵੀ ਦੀਪ, ਅਜੀਤ ਪਿਆਸਾ, ਜਗੀਰ ਸਿੰਘ ਪ੍ਰੀਤ, ਰਾਜਦੀਪ ਤੂਰ, ਕੁਲਵਿੰਦਰ ਕੌਰ ਕਿਰਨ, ਸੁਰਿੰਦਰ ਦੀਪ, ਪਾਲੀ ਖਾਦਿਮ, ਸੁਰਿੰਦਰ ਪਾਲ ਸਿੰਘ, ਭੁਪਿੰਦਰ ਵਿਰਦੀ, ਹਰਭਜਨ ਫੱਲੇਵਾਲਵੀ, ਬਲਕੌਰ ਸਿੰਘ
ਗਿੱਲ, ਵੀ। ਕੇ। ਪੁਰੀ, ਜਸਵਿੰਦਰ ਕੌਰ, ਸਤੀਸ਼ ਗੁਲਾਟੀ, ਬੁੱਧ ਸਿੰਘ ਨੀਲੋਂ, ਅਜਮੇਰ ਸਿੰਘ, ਹਰਬੰਸ ਘੇਈ, ਤਰਲੋਚਨ ਸਿੰਘ, ਬਲਕਾਰ ਸਿੰਘ ਬਾਜਵਾ, ਇੰਜ. ਸੁਰਜਨ ਸਿੰਘ, ਦਲੀਪ ਅਵਧ, ਪਰਵੀਨ ਛਾਬੜਾ, ਦਲਵਿੰਦਰ ਸਿੰਘ ਗਰੇਵਾਲ, ਰਾਹੁਲ ਸ਼ੁਕਲਾ ਸਮੇਤ ਕਾਫ਼ੀ ਗਿਣਤੀ ਵਿਚ ਪੰਜਾਬੀ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਸੰਵਾਦ ਏਨਾ ਗੰਭੀਰ ਅਤੇ ਮੁੱਦਿਆਂ ਨੂੰ ਸੰਬੋਧਿਤ ਸੀ ਕਿ ਸਮਾਗਮ ਯਾਦਗਾਰੀ ਹੋ ਨਿਬੜਿਆ।