ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨ ਨਾਲ ਹੋਏ ਪਰਮਾਣੂੰ ਸਮਝੌਤੇ ਤੇ ਖੁਸ਼ੀ ਜਾਹਿਰ ਕੀਤੀ ਹੈ। ਉਨ੍ਹਾਂ ਨੇ ਇਸ ਸਮਝੌਤੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਹਰ ਉਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਈਰਾਨ ਪਰਮਾਣੂੰ ਹੱਥਿਆਰ ਬਣਾ ਸਕਦਾ ਸੀ।
ਈਰਾਨ ਨੇ ਆਈਏਈਏ਼ ਦੀਆਂ ਸ਼ਰਤਾਂ ਮੰਨ ਲਈਆਂ ਗਈਆਂ ਹਨ। ਅੰਤਰਰਾਸ਼ਟਰੀ ਪਰਮਾਣੂੰ ਊਰਜਾ ਏਜੰਸੀ (ਆਈਏਈਏ) ਦੀ ਇਸ ਘੋਸ਼ਣਾ ਤੋਂ ਬਾਅਦ ਕਿ ਈਰਾਨ ਨੇ ਅਮਝੌਤੇ ਅਨੁਸਾਰ ਆਪਣੇ ਪਰਮਾਣੂੰ ਪ੍ਰੋਗਰਾਮਾਂ ਵਿੱਚ ਕਟੌਤੀ ਕਰ ਲਈ ਹੈ। ਇਸ ਸਮਝੌਤੇ ਤੋਂ ਬਾਅਦ ਯੌਰਪੀ ਸੰਘ ਅਤੇ ਅਮਰੀਕਾ ਵੱਲੋਂ ਈਰਾਨ ਤੇ ਲਗਾਈਆਂ ਗਈਆਂ ਬੰਧਸ਼ਾਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਕ ਟੀਵੀ ਚੈਨਲ ਤੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਨਿਚਰਵਾਰ ਦਾ ਦਿਨ ਈਰਾਨ ਨੂੰ ਪਰਮਾਣੂੰ ਹੱਥਿਆਰ ਹਾਸਿਲ ਕਰਨ ਤੋਂ ਰੋਕਣ ਲਈ ਇੱਕ ਮੀਲ ਦਾ ਪੱਥਰ ਸਾਬਿਤ ਹੋਇਆ ਹੈ। ਅਸਾਂ ਪੱਛਮੀ ਏਸ਼ੀਆ ਵਿੱਚ ਇੱਕ ਹੋਰ ਯੁੱਧ ਦਾ ਜੋਖਿਮ ਲਏ ਬਿਨਾਂ ਕੂਟਨੀਤੀ ਦੁਆਰਾ ਇਸ ਇਤਿਹਾਸਿਕ ਨਤੀਜੇ ਨੂੰ ਪ੍ਰਾਪਤ ਕੀਤਾ ਹੈ। ਬ੍ਰਿਟੇਨ ਨੇ ਵੀ ਅੰਤਰਰਾਸ਼ਟਰੀ ਪੱਧਰ ਤੇ ਈਰਾਨ ਦੇ ਖਿਲਾਫ਼ ਲਗੇ ਆਰਥਿਕ ਪ੍ਰਤੀਬੰਧ ਹਟਾਏ ਜਾਣ ਦਾ ਸਵਾਗਤ ਕੀਤਾ ਹੈ।
ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਦੁਨੀਆਂ ਦੇ 6 ਸ਼ਕਤੀਸ਼ਾਲੀ ਦੇਸ਼ਾਂ ਦੇ ਨਾਲ ਪਰਮਾਣੂੰ ਸਮਝੌਤਾ ਹੋ ਜਾਣ ਦੇ ਬਾਅਦ ਆਰਥਿਕ ਰੋਕਾਂ ਹਟਾਏ ਜਾਣ ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ। ਈਰਾਨ ਦੁਆਰਾ ਅਮਰੀਕੀ ਨਾਗਰਿਕਾਂ ਨੂੰ ਛੱਡੇ ਜਾਣ ਤੋਂ ਬਾਅਦ ਅਮਰੀਕਾ ਨੇ ਵੀ ਈਰਾਨੀ ਕੈਦੀਆਂ ਨੂੰ ਛੱਡ ਦਿੱਤਾ ਹੈ।