ਖਡੂਰ ਸਾਹਿਬ – ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਤਪਿਆਣਾ ਸਾਹਿਬ ਕੰਪਲੈਕਸ ਵਿਚ ਮੌਜੂਦ ਗੁਰੂ ਸਾਹਿਬਾਨ ਨਾਲ ਸਬੰਧਿਤ ਪੁਰਾਤਨ ਤੇ ਇਤਿਹਾਸਿਕ ਬਾਰਾਂਦਰੀ ਅਤੇ ਪਵਿੱਤਰ ਖੂਹੀ ਨੂੰ ਰਸਮੀ ਤੌਰ ‘ਤੇ ਅੱਜ ਸੰਗਤਾਂ ਦੇ ਦਰਸ਼ਨਾਂ ਲਈ ਸਮਰਪਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿਚ ਕੀਰਤਨੀ ਜਥੇ ਵਲੋਂਂ ਸੰਗਤਾਂ ਨੂੰ ਸ਼ਬਦ-ਕੀਰਤਨ ਸਰਵਣ ਕਰਾਇਆ ਗਿਆ। ਉਪਰੰਤ ਪੰਜ ਪਿਆਰੇ ਸਾਹਿਬਾਨ ਵਲੋਂ ਇਹ ਪੁਰਾਤਨ ਇਮਾਰਤਾਂ ਸੰਗਤਾਂ ਨੂੰ ਸਮਰਪਿਤ ਕੀਤੀਆਂ ਗਈਆਂ। ਕਾਰ ਸੇਵਾ ਖਡੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਨੇ ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨਾਲ ਸਬੰਧਿਤ ਇਤਿਹਾਸਕ ਨਿਸ਼ਾਨੀਆਂ ਸਿੱਖ ਕੌਮ ਦੀ ਬੇਸ਼ਕੀਮਤੀ ਧਰੋਹਰ ਹਨ, ਜਿਹਨਾਂ ਦੀ ਸਾਂਭ-ਸੰਭਾਲ ਵੱਲ ਧਿਆਨ ਦੇਣਾ ਬੇਹੱਦ ਜਰੂਰੀ ਹੈ। ਉਹਨਾਂ ਪੰਜਾਬ ਦੇ ਪੁਰਾਤੱਤਵ ਮਹਿਕਮੇ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ, ਜਿਹਨਾਂ ਨੇ ਇਹਨਾਂ ਇਮਾਰਤਾਂ ਦੀ ਖੋਜ-ਪੜਤਾਲ ਅਤੇ ਸਾਂਭ-ਸੰਭਾਲ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ ਅਤੇ ਭਰਪੂਰ ਸਹਿਯੋਗ ਦਿੱਤਾ।
ਕਾਰ ਸੇਵਾ ਖਡੂਰ ਸਾਹਿਬ ਦੇ ਸਲਾਹਕਾਰ ਡਾ. ਰਘਬੀਰ ਸਿੰਘ ਬੈਂਸ (ਕਨੇਡਾ) ਜਿਹਨਾਂ ਦਾ ਇਹਨਾਂ ਉਸਾਰੀਆਂ ਦੇ ਇਤਿਹਾਸਕ ਪੱਖ ਨੂੰ ਉਘਾੜਨ ਵਿਚ ਵਿਸ਼ੇਸ਼ ਯੋਗਦਾਨ ਰਿਹਾ, ਨੇ ਕਿਹਾ ਕਿ ਇਹ ਵਿਰਸਾ-ਵਿਰਾਸਤੀ ਇਮਾਰਤਾਂ ਸਿੱਖ ਕੌਮ ਦੀ ਨੌਜਵਾਨ ਪੀੜੀ ਲਈ ਪ੍ਰੇਰਨਾਸਰੋਤ ਸਿੱਧ ਹੋਣਗੀਆਂ ਅਤੇ ਉਹਨਾਂ ਨੂੰ ਇਹਨਾਂ ਤੋਂ ਨਿਆਰੀ ਸੇਧ ਮਿਲੇਗੀ। ਉਹਨਾਂ ਅੱਗੇ ਕਿਹਾ ਕਿ ਮਾਹਿਰਾਂ ਅਨੁਸਾਰ ਇਹਨਾਂ ਦੋਵਾਂ ਪੁਰਾਤਨ, ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਨੂੰ ਸੁਚੱਜੇ ਢੰਗ ਨਾਲ ਸਲਾਮਤ ਰੱਖਣ ਲਈ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਅਧੀਨ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਡਾ. ਬੈਂਸ ਨੇ ਅੱਗੇ ਕਿਹਾ ਕਿ ਵਿਸ਼ਵ ਭਰ ਵਿੱਚ ਕਿਸੇ ਗੁਰੂ ਸਾਹਿਬ ਦੇ ਸਮੇਂ ਦੌਰਾਨ ਉਸਾਰੀਆਂ ਗਈਆਂ ਇਮਾਰਤਾਂ ਆਦਿ ਵਿੱਚੋਂ ਉਪਰੋਕਤ ਵਿਰਾਸਤੀ ਭਵਨ ਸਿੱਖ ਜਗਤ ਲਈ ਪੁਰਾਤਨ ਤੇ ਗੌਰਵਮਈ ਖਜ਼ਾਨਾ ਹਨ ਅਤੇ ਸਿੱਖ ਇਤਿਹਾਸ ਦਾ ਸਾਡੇ ਲਈ ਇਹ ਵਡਮੁੱਲਾ ਤੋਹਫਾ ਵੀ ਹਨ। ਇੱਥੇ ਹੀ ਗੁਰੂੁ ਅੰਗਦ ਦੇਵ ਜੀ ਰਿਸ਼ੀਆਂ, ਮੁਨੀਆਂ, ਜੋਗੀਆਂ ਤੇ ਦਾਰਸ਼ਨਿਕ ਲੋਕਾਂ ਨਾਲ ਵਾਰਤਾਲਾਪ ਵੀ ਕਰਦੇ ਰਹੇ ਤੇ ਉਨ੍ਹਾਂ ਦੇ ਭਰਮ ਭੁਲੇਖੇ ਦੂਰ ਕਰਕੇ ਉਨ੍ਹਾਂ ਨੂੰ ਸੁਚਾਰੂ ਜੀਵਨ ਨਾਲ ਜੁੜਨ ਲਈ ਸੇਧ ਦਿੰਦੇ ਰਹੇ।
ਪੁਰਾਤੱਤਵ ਮਹਿਕਮੇ ਦੇ ਸਾਬਕਾ ਅਧਿਕਾਰੀ ਸ. ਰਜਿੰਦਰ ਸਿੰਘ ਬਾਠ ਜਿਹਨਾˆ ਦੀ ਅਗਵਾਈ ਵਿਚ ਇਹਨਾਂ ਇਮਾਰਤਾਂ ਦੀ ਖੋਜਬੀਣ ਕੀਤੀ ਗਈ, ਨੇ ਕਿਹਾ ਕਿ ਤਾਜਾ ਖੋਜ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਦੇ ਸਰੋਵਰ ਦੇ ਕੰਢੇ ‘ਤੇ ਬਣੀ ਪੁਰਾਤਨ ‘ਬਾਰਾਂਦਰੀ’ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਕਾਲ ਦੌਰਾਨ ਬਣੀ ਹੋਈ ਹੈ ਅਤੇ ਮਾਤਾ ਖੀਵੀ ਲੰਗਰ ਹਾਲ ਦੀ ਬੇਸਮੈਂਟ ਵਿਚ ਬਣੀ ਪੁਰਾਤਨ ‘ਖੂਹੀ’ ਵੀ ਗੁਰੂ ਸਾਹਿਬ ਦੇ ਮਹਿਲ (ਸੁਪਤਨੀ) ਮਾਤਾ ਖੀਵੀ ਜੀ ਨਾਲ ਸਬੰਧਿਤ ਹੈ ਅਤੇ ਉਸੇ ਹੀ ਸਮੇਂ ਦੀ ਬਣੀ ਹੋਈ ਹੈ। ਇਸ ਮੌਕੇ ਦੁਨੀਆਂ ਭਰ ਤੋਂ ਆਈਆਂ ਅਨੇਕਾਂ ਨਾਮਵਰ ਹਸਤੀਆਂ ਨੇ ਵੀ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ।
ਕਾਬਲੇ-ਗ਼ੌਰ ਹੈ ਕਿ ਇਸ ਇਤਿਹਾਸਕ ਨਗਰ ਜਿਸ ਦਾ ਕਿ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਬਕਾਇਦਾ ਤੌਰ ‘ਤੇ ਆਉਂਦਾ ਹੈ, ਵਿਖੇ ਸਥਿਤ ਗੁਰੂ ਸਾਹਿਬ ਨਾਲ ਸਬੰਧਿਤ ਵਿਰਾਸਤੀ ਇਮਾਰਤਾਂ ਅਤੇ ਹੋਰ ਨਿਸ਼ਾਨੀਆਂ ਸਬੰਧੀ ਖੋਜ ਅਤੇ ਤਸਦੀਕੀਕਰਨ ਦੀ ਮੰਗ ਚਿਰਾਂ ਤੋਂ ਉਠਦੀ ਆ ਰਹੀ ਹੈ। ਬਾਬਾ ਸੇਵਾ ਸਿੰਘ, ਸਿੱਖ ਵਿਦਵਾਨ ਡਾ. ਰਘਬੀਰ ਸਿੰਘ ਬੈਂਸ ਅਤੇ ਪ੍ਰਿੰਸੀਪਲ ਡਾ. ਭਗਵੰਤ ਸਿੰਘ ਖਹਿਰਾ ਇਸ ਦਿਸ਼ਾ ਵਿਚ ਚਿਰਾਂ ਤੋਂ ਯਤਨਸ਼ੀਲ ਹਨ। ਡਾ. ਬੈਂਸ ਨੇ 2003 ਵਿਚ ਕੇਂਦਰ ਸਰਕਾਰ ਦੀ ਪੁਰਾਤੱਤਵ ਮਹਿਕਮੇ ਨੂੰ ਆਪਣੇ ਮਾਹਿਰਾਂ ਕੋਲੋਂ ਇਸ ਸਬੰਧੀ ਖੋਜ ਕਰਾਉਣ ਦੀ ਬੇਨਤੀ ਕੀਤੀ ਸੀ ਪਰ ਉਸ ਵਲੋਂ ਇਸ ਮਾਮਲੇ ਵਿਚ ਕੋਈ ਦਿਲਚਸਪੀ ਨਾ ਦਿਖਾਉਣ ਕਾਰਨ ਇਹ ਕਾਰਜ ਲੰਮੇ ਸਮੇˆ ਤੱਕ ਅਧਵਾਟੇ ਹੀ ਪਿਆ ਰਿਹਾ। ਫਿਰ ਡਾ. ਬੈਂਸ ਨੇ ਕੁਝ ਸਮਾਂ ਪਹਿਲਾਂ ਪੰਜਾਬ ਦੇ ਪੁਰਾਤੱਤਤ ਮਹਿਕਮੇ ਨੂੰ ਇਸ ਸਬੰਧੀ ਚਿੱਠੀ ਲਿਖੀ। ਡਾ. ਬੈˆਸ ਦੇ ਦੱਸਣ ਮੁਤਾਬਕ ਮਹਿਕਮੇ ਦੇ ਡਾਇਰੈਕਟਰ ਸਾਹਿਬ ਨੇ ਇਸ ਮਾਮਲੇ ਵਿਚ ਭਰਵਾਂ ਹੁੰਗਾਰਾ ਦਿੱਤਾ ਅਤੇ ਉਹਨਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਰਾਤੱਤਵ ਅਫਸਰ ਸ. ਰਾਜਿੰਦਰ ਸਿੰਘ ਬਾਠ ਦੀ ਅਗਵਾਈ ਵਿਚ ਮਹਿਕਮੇ ਦੀ ਟੀਮ ਵਲੋਂਂ ਖਡੂਰ ਸਾਹਿਬ ਆ ਕੇ ਪੁਰਾਤਨ ਇਮਾਰਤਾਂ ਦਾ ਜਾਇਜਾ ਲਿਆ ਗਿਆ ਅਤੇ ਖੋਜ ਕੀਤੀ ਗਈ।
ਸਰੋਵਰ ਦੇ ਕੰਢੇ ਉੱਤਰ ਵੱਲ ਸਥਿਤ ਪੁਰਾਤਨ ਬਾਰਾਂਦਾਰੀ ਦੀ ਲੰਬਾਈ 33 ਫੁੱਟ ਅਤੇ ਚੌੜਾਈ 12 ਫੁੱਟ 7 ਇੰਚ ਅਤੇ ਉਚਾਈ 10 ਫੁੱਟ 9 ਇੰਚ ਹੈ ਅਤੇ ਇਸ ਦੀਆਂ ਕੰਧਾਂ ਲਖੌਰੀ/ਛੋਟੀਆਂ ਇੱਟਾਂ ਦੀਆਂ ਚੂਨੇ-ਸੁਰਖੀ ਦੀਆਂ ਬਣੀਆਂਂ ਹੋਈਆਂ ਹਨ ਜੋ ਕਿ 80 ਸੈਂਟੀਮੀਟਰ ਦੇ ਲਗਭਗ ਚੌੜੀਆਂ ਹਨ। ਬਾਰਾਂਦਰੀ ਦਾ ਆਰਕੀਟੈਕਟ, ਆਰਕਾਂ, ਛੱਤਾਂ ਦੇ ਡਿਜ਼ਾਇਨ ਅਤੇ ਛੋਟੀਆਂ ਇੱਟਾਂ ਇਹ ਦਰਸਾਉਂਦੀਆਂ ਹਨ ਕਿ ਇਸ ਕਿਸਮ ਦੀਆਂ ਬਾਰਾਂਦਰੀਆਂਂ 16ਵੀਂ ਸਦੀ ਦੀ ਸ਼ੁਰੂਆਤ ਵਿਚ ਬਣਨ ਲੱਗੀਆਂ ਸਨ। ਇਸ ਮੁਤਾਬਕ ਇਹ ਬਾਰਾਂਦਰੀ 16ਵੀਂ ਸਦੀ ਦੀ ਹੈ ਅਤੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਦੀ ਬਣੀ ਹੋਈ ਹੈ। ਮਹਿਕਮੇ ਦੀ ਰਿਪੋਰਟ ਅਨੁਸਾਰ ਇਹ ਸਾਰੇ ਤੱਥ ਇਹ ਦਰਸਾਉਂਦੇ ਹਨ ਕਿ ਇਸ ਬਾਰਾਂਦਰੀ ਦੇ ਵਿਚ ਗੁਰੂ ਅੰਗਦ ਸਾਹਿਬ ਆਪਣੇ ਸਿੱਖ ਸੰਗਤਾਂ ਨੂੰ ਮਿਲਦੇ ਹੋਣਗੇ ਅਤੇ ਸੰਗਤਾ ਨੂੰ ਸੰਬੋਧਨ ਕਰਦੇ ਹੋਣਗੇ।
ਇਸ ਤੋਂ ਇਲਾਵਾ ਬਾਰਾਂਦਾਰੀ ਨੇੜੇ ਹੀ ਬਣੇ ਹੋਏ ਆਧੁਨਿਕ ਮਾਤਾ ਖੀਵੀ ਲੰਗਰ ਘਰ ਦੀ ਤਿੰਨ ਮੰਜ਼ਿਲਾ ਇਮਾਰਤ ਦੇ ਬੇਸਮੈਂਟ ਵਿਚ ਇਕ ਪੁਰਾਤਨ ਖੂਹੀ ਵੀ ਬਣੀ ਹੋਈ ਹੈ। ਇਹ ਖੂਹੀ ਵੀ ਛੋਟੀਆਂ ਲਖੌਰੀ ਇੱਟਾਂਂ ਦੀ ਬਣੀ ਹੋਈ ਹੈ। ਇਸ ਵਿਚ ਵਰਤੀ ਗਈ ਹੋਰ ਸਮੱਗਰੀ ਵੀ ਪੁਰਾਤਨ ਬਾਰਾਂਦਰੀ ਦੀ ਸਮੱਗਰੀ ਨਾਲ ਮੇਲ ਖਾਂਦੀ ਹੈ। ਇਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਇਹ ਖੂਹੀ ਗੁਰੂ ਅੰਗਦ ਸਾਹਿਬ ਵੇਲੇ ਦੀ ਹੀ ਹੈ। ਯਾਦ ਰਹੇ ਕਿ ਮਾਤਾ ਖੀਵੀ ਜੀ ਸਿੱਖ ਸੰਗਤਾਂ ਜਾਂ ਸ਼ਰਧਾਲੂਆਂ ਨੂੰ ਆਪਣੇ ਹੱਥੀਂ ਲੰਗਰ-ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦੇ ਹੁੰਦੇ ਸਨ।