ਤਲਵੰਡੀ ਸਾਬੋ – ਸੜਕੀ ਦੁਰਘਟਨਾਵਾਂ ਨੂੰ ਚਿੰਤਾ ਦਾ ਵਿਸ਼ਾ ਸਮਝਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਯੂਨੀਵਰਸਿਟੀ ਕਾਲਜ ਆਫ਼ ਬੇਸਿਕ ਸਾਇੰਸਜ਼ ਵੱਲੋਂ ਡਾ. ਹਰਪ੍ਰੀਤ ਕੌਰ ਦੇ ਉੱਦਮ ਨਾਲ ਇੱਕ ਮਹੱਤਵਪੂਰਨ ਲੈਕਚਰ ਕਰਵਾਇਆ ਗਿਆ।ਇਸ ਮੌਕੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (ਬਠਿੰਡਾ) ਦੇ ਸ੍ਰੀ ਲਤੀਫ਼ ਅਹਿਮਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਡੀਨ ਡਾ. ਪਵਨ ਕੁਮਾਰ ਗਰਗ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ।ਬਠਿੰਡਾ ਜ਼ੋਨ ਦੇ ਟਰਾਂਸਪੋਰਟ ਵਿਭਾਗ ਕੋਆਰਡੀਨੇਟਰ ਈ ਗਵਰਨੈਂਸ ਸ੍ਰੀ ਨਰਾਇਨ ਬੀਰ ਸਿੰਘ ਨੇ ਡਰਾਈਵਿੰਗ ਲਾਇਸੰਸ ਬਣਾਉਣ ਲਈ ਕਿਹੜੇ ਕਿਹੜੇ ਪੜਾਵਾਂ ਵਿੱਚੋਂ ਗੁਜ਼ਰਨਾ ਪੈਂਦਾ, ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਇਸ ਮੌਕੇ ਡੀ.ਟੀ.ਓ. ਲਤੀਫ਼ ਅਹਿਮਦ ਨੇ ਕਿਹਾ ਕਿ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ ਸਭ ਤੋਂ ਵੱਧ ਸੜਕੀ ਦੁਰਘਟਨਾਵਾਂ ਹੁੰਦੀਆਂ ਹਨ।ਸਾਨੂੰ ਆਪਣੀ ਸੁਰੱਖਿਆ ਲਈ ਖੁਦ ਜਾਗਰਿਤ ਹੋਣਾ ਪਵੇਗਾ।ਹਰ ਰੋਜ਼ ਵੱਡੇ ਪੱਧਰ ਤੇ ਹੋ ਰਹੇ ਜਾਨੀ ਮਾਲੀ ਨੁਕਸਾਨ ਦਾ ਮੁੱਖ ਕਾਰਨ ਆਮ ਲੋਕਾਂ ਦਾ ਸੜਕੀ ਨਿਯਮਾਂ ਤੋਂ ਜਾਣੂ ਨਾ ਹੋਣਾ ਹੈ।ਟ੍ਰੈਫਿਕ ਨਿਯਮਾਂ ਦਾ ਪਾਲਣ ਸਾਨੂੰ ਆਪਣਾ ਫ਼ਰਜ਼ ਸਮਝ ਕੇ ਕਰਨਾ ਚਾਹੀਦਾ ਹੈ। ਪਰੋ ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਨੂੰ ਦਿਲੋਂ ਅਪਣਾਉਣ ਦਾ ਸੱਦਾ ਦਿੱਤਾ।ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਵੰਤ ਸਿੰਘ ਸੰਧੂ ਨੇ ਨਿਭਾਈ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਅਜਿਹੇ ਉਤਸ਼ਾਹੀ ਲੈਕਚਰ ਨੂੰ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਡੀ ਟੀ ਓ ਨਾਲ ਵਿਚਾਰ ਵਟਾਂਦਰੇ ਦੌਰਾਨ ਯੂਨੀਵਰਸਿਟੀ ਵਿਚ ਕੁੱਝ ਵਿਦਿਆਰਥੀਆਂ ਨੂੰ ਟਰੈਫਿਕ ਲਈ ਬਰੈਂਡ ਅੰਬੈਸਡਰ ਦੇ ਤੌਰ ‘ਤੇ ਪੈਦਾ ਕਰਨ ਦੀ ਗੱਲ ਆਖੀ ਅਤੇ ਡਾ. ਹਰਪ੍ਰੀਤ ਕੌਰ ਔਲਖ ਦੀ ਅਜਿਹੇ ਪ੍ਰੋਗਰਾਮਾਂ ਵਿਚ ਵਿਸ਼ੇਸ਼ ਦਿਲਚਸਪੀ ਦੀ ਸ਼ਲਾਘਾ ਕੀਤੀ।
‘ਸੜਕੀ ਨਿਯਮਾਂ ਦੀ ਪਾਲਣਾ ਫ਼ਰਜ਼ ਸਮਝ ਕੇ ਕਰਨੀ ਚਾਹੀਦੀ ਹੈ’ ਡੀ.ਟੀ.ਓ. ਲਤੀਫ਼ ਅਹਿਮਦ
This entry was posted in ਪੰਜਾਬ.