ਨਵੀਂ ਦਿੱਲੀ – ਐਨਜੀਟੀ ਦੇ ਆਦੇਸ਼ ਤੇ ਅੱਜ ਤੋਂ ਰਾਜਧਾਨੀ ਦਿੱਲੀ ਤੋਂ ਹੋ ਕੇ ਜਾਣ ਵਾਲੇ ਭਾਰੀ ਕਮਰਸੀਅਲ ਵਾਹਣਾਂ ਦੇ ਸਿਟੀ ਅੰਦਰ ਦਾਖਿਲ ਹੋਣ ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਦਿੱਲੀ ਨੂੰ ਪਰਦੂਸ਼ਣ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚੋਂ ਹੀ ਇੱਕ ਹੈ।
ਹੁਣ ਫਰੀਦਾਬਾਦ, ਗੁੜਗਾਵਾਂ, ਗਾਜੀਆਬਾਦ, ਰੇਵਾੜੀ ਅਤੇ ਨੋਇਡਾ ਦੀ ਤਰਫ਼ ਜਾਣ ਵਾਲੇ ਵਾਹਣਾਂ ਨੂੰ ਦੂਸਰੇ ਰਸਤਿਆਂ ਦੁਆਰਾ ਭੇਜਿਆ ਜਾ ਰਿਹਾ ਹੈ। ਦਿੱਲੀ ਦੇ ਟਰਾਂਸਪੋਰਟ ਵਿਭਾਗ ਦੁਆਰਾ ਸਬੰਧਤ ਰਾਜਾਂ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਨੂੰ ਰਾਜ ਮਾਰਗ ਤੇ ਸਾਈਨ ਬੋਰਡ ਲਗਾਉਣ ਲਈ ਆਦੇਸ਼ ਦੇ ਦਿੱਤੇ ਗਏ ਹਨ, ਤਾਂ ਜੋ ਡਰਾਈਵਰਾਂ ਨੂੰ ਆਪਣੀ ਮੰਜਿ਼ਲ ਤੇ ਪਹੁੰਚਣ ਲਈ ਕੋਈ ਦਿਕਤ ਪੇਸ਼ ਨਾਂ ਆਵੇ।
ਦਿੱਲੀ ਹਾਈਕੋਰਟ ਨੇ ਪਰਦੂਸ਼ਣ ਘੱਟ ਕਰਨ ਲਈ ਹਾਲ ਹੀ ਵਿੱਚ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਸਖਤ ਕਦਮ ਉਠਾਉਣ ਦੀ ਹਿਦਾਇਤ ਦਿੱਤੀ ਸੀ। ਜਿਸ ਦੇ ਤਹਿਤ ਹੁਣ ਦਿੱਲੀ ਦੇ ਰਸਤੇ ਉਤਰਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਹੋਰ ਰਾਜਾਂ ਨੂੰ ਜਾਣ ਵਾਲੇ ਵਾਹਣਾਂ ਨੂੰ ਦਿੱਲੀ ਤੋਂ ਪਹਿਲਾਂ ਹੀ ਰੋਕ ਕੇ ਹੋਰ ਰਸਤਿਆਂ ਰਾਹੀਂ ਭੇਜਿਆ ਜਾਵੇਗਾ।