ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਕਮੇਟੀ ਵੱਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਗੋਲਡਨ ਜੁਬਲੀ ਮਨਾਉਣ ਲਈ ਸਕੂਲੀ ਬੱਚਿਆਂ ਕੋਲੋਂ ਫੰਡ ਇਕੱਠਾ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਆਪਣੇ ਢਿੱਡ ਭਰਨ ਲਈ ਬੱਚਿਆਂ ਕੋਲੋਂ ਫੰਡ ਇਕੱਠਾ ਕਰਕੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਤੇ ਬੋਝ ਪਾਵੇ।
ਜਾਰੀ ਇੱਕ ਬਿਆਨ ਸ੍ਰ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਨੇ ਪਹਿਲਾਂ ਸਾਰੇ ਦਿੱਲੀ ਕਮੇਟੀ ਦੇ ਖਾਤਿਆਂ ਨੂੰ ਸਾਫ ਕਰਨ ਦੇ ਨਾਲ ਨਾਲ ਉਹਨਾਂ (ਸਰਨਾ) ਦੁਆਰਾ ਜਮਾ ਕੀਤੇ ਗਏ 98 ਕਰੋੜ ਰੁਪਏ ਵੀ ਛੱਕ ਲੈ ਗਏ। ਉਹਨਾਂ ਕਿਹਾ ਕਿ ਇਹਨਾਂ ਦੀ ਭੁੱਖ ਇੰਨੀ ਵੱਧ ਗਈ ਹੈ ਕਿ ਹੁਣ ਸਕੂਲ ਦੇ ਬੱਚਿਆਂ ਦੇ ਮਾਪਿਆਂ ਦੀਆਂ ਜੇਬਾਂ ਵੀ ਖਾਲੀ ਕਰਨ ਦਾ ਮਨਸੂਬਾ ਬਣਾ ਲਿਆ ਹੈ। ਉਹਨਾਂ ਕਿਹਾ ਕਿ ਕਈ ਮਾਪੇ ਆਪਣੇ ਬੱਚਿਆਂ ਦੀ ਫੀਸ ਹੀ ਬੜੀ ਮੁਸ਼ਕਲ ਨਾਲ ਦਿੰਦੇ ਹਨ ਤੇ ਉਹਨਾਂ ‘ਤੇ ਫੰਡ ਦਾ ਹੋਰ ਬੋਝ ਪਾਉਣਾ ਕਦਾਚਿਤ ਵੀ ਤਰਕ ਸੰਗਤ ਨਹੀਂ ਹੈ। ਉਹਨਾਂ ਕਿਹਾ ਕਿ ਗੋਲਡਨ ਜੁਬਲੀ ਸ਼ਾਨੋ ਸ਼ੌਕਤ ਨਾਲ ਮਨਾਉਣ ਦੀ ਬਜਾਏ ਜੇਕਰ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਇਤਿਹਾਸਕਾਰਾਂ ਰਾਹੀ ਬੱਚਿਆਂ ਨੂੰ ਸਿੱਖ ਪੰਥ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਜੁਬਲੀ ਮਨਾਉਣ ਦਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਸਕੂਲਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸੂਰਤ ਵਿੱਚ ਫੰਡ ਅਦਾ ਨਾ ਕਰਨ ਤੇ ਦਿੱਲੀ ਕਮੇਟੀ ਆਪਣੇ ਪੱਧਰ ਤੇ ਗੋਲਡਨ ਜੁਬਲੀ ਮਨਾਏ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦੀ ਭੁੱਖ ਚਰਮ ਸੀਮਾ ਤੇ ਪੁੱਜ ਗਈ ਹੈ ਅਤੇ ਇਹ ਹਮੇਸ਼ਾਂ ਲੁੱਟ ਮਚਾਉਣ ਦੇ ਮਨਸੂਬਿਆਂ ਦੀਆਂ ਤਕਰੀਬਾਂ ਹੀ ਸੋਚਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਇਸ ਵੇਲੇ ਵਿਭਚਾਰ, ਲੁੱਟ ਘਸੁੱਟ ਤੇ ਮਨਮਾਨੀਆਂ ਨੂੰ ਅੰਜਾਮ ਦੇਣ ਦਾ ਇੱਕ ਅੱਡਾ ਬਣ ਚੁੱਕੀ ਹੈ ਤੇ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਦਾ 2013 ਤੋ ਪਹਿਲਾਂ ਤੇ ਅੱਜ ਤੱਕ ਦੇ ਸਾਰੇ ਵਸੀਲਿਆਂ ਤੋਂ ਇਕੱਠੀ ਕੀਤੀ ਗਈ ਜਾਇਦਾਦ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਕਿ ਇਹਨਾਂ ਨੇ ਗੁਰੂ ਦੀ ਗੋਲਕ ਨੂੰ ਹੁਣ ਤੱਕ ਕਿੰਨੇ ਕਰੋੜ ਦਾ ਚੂਨਾ ਲਗਾਇਆ ਹੈ। ਉਹਨਾਂ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਪੂਰੀ ਤਰਹਾਂ ਜਾਗਰੂਕ ਹਨ ਤੇ 2017 ਦੇ ਆਰੰਭ ਵਿੱਚ ਹੋਣ ਵਾਲੀਆ ਦਿੱਲੀ ਕਮੇਟੀ ਦੀਆ ਚੋਣਾਂ ਸਮੇਂ ਇਹਨਾਂ ਕੋਲੋ ਗੁਰੂ ਦੀ ਗੋਲਕ ਦਾ ਹਿਸਾਬ ਜਰੂਰ ਮੰਗਣਗੀਆਂ।
ਦਿੱਲੀ ਕਮੇਟੀ ਨੂੰ ਗੋਲਡਨ ਜੁਬਲੀ ਮਨਾਉਣ ਦੇ ਨਾਮ ‘ਤੇ ਬੱਚਿਆਂ ਕੋਲੋਂ ਫੰਡ ਇਕੱਠਾ ਕਰਨ ਦਾ ਕੋਈ ਅਧਿਕਾਰ ਨਹੀਂ-ਸਰਨਾ
This entry was posted in ਭਾਰਤ.