ਫ਼ਤਹਿਗੜ੍ਹ ਸਾਹਿਬ – “ਬੀਤੇ ਕੁਝ ਦਿਨ ਪਹਿਲੇ ਰੋਜ਼ਾਨਾ ਅਜੀਤ, ਪਹਿਰੇਦਾਰ ਅਤੇ ਰੋਜ਼ਾਨਾ ਸਪੋਕਸਮੈਨ ਵਿਚ ਦੂਰਅੰਦੇਸ਼ੀ ਰੱਖਣ ਵਾਲੇ ਜਰਨਲਿਸਟਾਂ ਵੱਲੋ ਇਹ ਖ਼ਬਰਾ ਪ੍ਰਕਾਸਿ਼ਤ ਹੋਈਆਂ ਸਨ ਕਿ ਫ਼ਰਾਂਸ ਦੇ ਸਦਰ ਸ੍ਰੀ ਹੋਲਾਂਦੇ ਦੇ ਚੰਡੀਗੜ੍ਹ ਦੌਰੇ ਸਮੇਂ ਕਿਸੇ ਵੀ ਸਿੱਖ ਆਗੂ ਜਾਂ ਜਥੇਬੰਦੀ ਨੇ ਫ਼ਰਾਂਸ ਦੇ ਦਸਤਾਰ ਮੁੱਦੇ ਅਤੇ ਫ਼ਰਾਂਸ ਵਿਚ ਸਿੱਖਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਮੁਲਾਕਾਤ ਕਰਨ ਦਾ ਸਮਾਂ ਹੀ ਨਹੀਂ ਮੰਗਿਆਂ । ਜਿਸ ਤੋ ਸਿੱਖ ਆਗੂਆਂ ਅਤੇ ਸਿਆਸੀ ਜਥੇਬੰਦੀਆਂ ਦੀ ਸੰਜ਼ੀਦਗੀ ਸਾਹਮਣੇ ਆਉਦੀ ਹੈ । ਇਹਨਾਂ ਜਰਨਲਿਸਟਾਂ ਨੇ ਸਿੱਖ ਆਗੂਆਂ ਤੇ ਜਥੇਬੰਦੀਆਂ ਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਅਤੇ ਕੌਮੀ ਜਿੰਮੇਵਾਰੀਆਂ ਨੂੰ ਇਮਾਨਦਾਰੀ ਤੇ ਦ੍ਰਿੜਤਾ ਨਾਲ ਪੂਰਨ ਕਰਨ ਲਈ ਦਲੀਲ ਸਹਿਤ ਅਗਵਾਈ ਦਿੱਤੀ ਹੈ । ਜਿਸ ਦਾ ਅਸੀਂ ਸਵਾਗਤ ਕਰਦੇ ਹਾਂ । ਪਰ ਨਾਲ ਹੀ ਸਿੱਖ ਕੌਮ ਵਿਚ ਇਹ ਵੀ ਸੰਜ਼ੀਦਾ ਸਵਾਲ ਉਤਪੰਨ ਹੋ ਜਾਂਦਾ ਹੈ ਕਿ ਸਮੇਂ-ਸਮੇਂ ਤੇ ਜਦੋ ਵੀ ਸਿੱਖ ਕੌਮ ਵਿਚ ਕੋਈ ਵੱਡਾ ਮਸਲਾ ਜਾਂ ਵਿਵਾਦ ਉੱਠਦਾ ਹੈ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਉਤੇ ਨਸ਼ਲੀ ਹਮਲੇ ਹੁੰਦੇ ਹਨ ਜਾਂ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਤਾਂ ਉਹਨਾਂ ਮੁਸ਼ਕਿਲਾਂ ਨੂੰ ਦਲੀਲ ਸਹਿਤ ਇਥੋ ਦੀ ਪਾਰਲੀਮੈਟ, ਪੰਜਾਬ ਦੀ ਵਿਧਾਨ ਸਭਾ ਅਤੇ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਅਤੇ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਕੋਲ ਸਹੀ ਦਿਸ਼ਾ ਨਾਲ ਉਠਾਉਣ ਲਈ ਅਜਿਹਾ ਕੋਈ ਸੂਝਵਾਨ ਨੁਮਾਇੰਦਾ ਇਹਨਾਂ ਸੰਸਥਾਵਾਂ ਵਿਚ ਕੀ ਚੁਣਕੇ ਭੇਜਿਆ ਹੈ ? ਜੋ ਅਜਿਹੇ ਸਮੇ ਆਪਣੀ ਕੌਮੀ ਅਤੇ ਪੰਜਾਬ ਸੂਬੇ ਪ੍ਰਤੀ ਬਣਦੀ ਜਿੰਮੇਵਾਰੀ ਨੂੰ ਦ੍ਰਿੜਤਾ ਤੇ ਇਮਾਨਦਾਰੀ ਨਾਲ ਨਿਭਾਕੇ ਸਿੱਖ ਕੌਮ ਦੀ ਤਰਜਮਾਨੀ ਕਰੇ । ਜਦੋ ਇਹ ਸਵਾਲ ਸਾਹਮਣੇ ਆਉਦਾ ਹੈ ਤਾਂ ਸਿੱਖ ਕੌਮ ਖੁਦ-ਬ-ਖੁਦ ਇਸ ਕਟਹਿਰੇ ਵਿਚ ਸਵਾਲੀਆ ਚਿੰਨ੍ਹ ਤੇ ਆ ਜਾਂਦੀ ਹੈ । ਕਿਉਂਕਿ ਸਿੱਖ ਕੌਮ ਹਿੰਦ ਦੀ ਪਾਰਲੀਮੈਟ, ਪੰਜਾਬ ਦੀ ਵਿਧਾਨ ਸਭਾ ਅਤੇ ਐਸ.ਜੀ.ਪੀ.ਸੀ. ਵਿਚ ਸਹੀ ਨੁਮਾਇੰਦਗੀ ਕਰਨ ਵਾਲੇ ਨੁਮਾਇੰਦੇ ਹੀ ਨਹੀਂ ਭੇਜੇ ਜਾਂਦੇ । ਫਿਰ ਇਹਨਾਂ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਵਾਲੇ ਅਪਰਾਧਿਕ ਕਾਰਵਾਈਆ ਵਿਚ ਸ਼ਾਮਿਲ ਸਮੱਗਲਰਾਂ, ਗੁੰਡੇ ਰਾਜ ਦੇ ਧਾਰਨੀ ਸੋਚ ਦੇ ਮਾਲਕ ਅਜਿਹੇ ਨੁਮਾਇੰਦਿਆਂ ਤੋਂ ਕਿਸ ਤਰ੍ਹਾਂ ਦੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਬਾਹਰਲੇ ਮੁਲਕਾਂ ਦੇ ਮੁੱਖੀਆਂ ਨਾਲ ਜਾਂ ਇਥੋ ਦੇ ਹੁਕਮਰਾਨਾਂ ਨਾਲ ਗੱਲਬਾਤ ਕਰਕੇ ਸਿੱਖ ਕੌਮ ਦੀਆਂ ਮੁਸ਼ਕਿਲਾਂ ਨੂੰ ਉਠਾਉਣਗੇ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੂਝਵਾਨ ਜਰਨਲਿਸਟਾਂ ਵੱਲੋ ਸਹੀ ਸਮੇਂ ਤੇ ਸਿੱਖ ਕੌਮ ਨੂੰ ਆਪਣੀਆਂ ਲਿਖਤਾ ਰਾਹੀ ਸੁਚੇਤ ਕਰਨ ਅਤੇ ਆਪਣੀਆਂ ਜਿੰਮੇਵਾਰੀਆਂ ਨੂੰ ਸਮਝਣ ਅਤੇ ਕਾਨੂੰਨੀ ਤੇ ਧਾਰਮਿਕ ਸੰਸਥਾਵਾਂ ਵਿਚ ਸਹੀ ਨੁਮਾਇੰਦੇ ਭੇਜਣ ਦੇ ਦਿੱਤੇ ਗਏ ਵਿਚਾਰਾਂ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਅਤੇ ਪੰਜਾਬੀਆਂ ਨੂੰ ਆਪਣੀ ਵੋਟ ਦੀ ਕੀਮਤ ਨੂੰ ਸਮਝਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਵਿਧਾਨ ਸਭਾ ਵਿਚ, ਪਾਰਲੀਮੈਂਟ ਵਿਚ ਅਤੇ ਐਸ.ਜੀ.ਪੀ.ਸੀ. ਵਿਚ ਭੇਜੇ ਗਏ 95% ਨੁਮਾਇੰਦੇ ਤਾਂ ਰਿਸ਼ਵਤਖੋਰੀ, ਧੋਖੇ-ਫਰੇਬ, ਨਸ਼ੀਲੀਆਂ ਵਸਤਾਂ ਅਤੇ ਹਥਿਆਰਾਂ ਦੀ ਸਮਗਲਿੰਗ, ਕਤਲ, ਲੁੱਟਾ-ਖੋਹਾ ਦੇ ਧੰਦਿਆਂ ਵਿਚ ਮਸਰੂਫ ਹੋ ਕੇ ਆਪੋ-ਆਪਣੇ ਪਰਿਵਾਰਿਕ ਜਾਇਦਾਦਾਂ ਅਤੇ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਵਿਚ ਲੱਗੇ ਹੋਏ ਹਨ । ਜੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ, ਕਾਂਗਰਸ ਆਦਿ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿਚੋ ਵੀ ਬਹੁਤੀ ਗਿਣਤੀ ਕਾਨੂੰਨੀ ਅਤੇ ਸਮਾਜਿਕ ਤੌਰ ਤੇ ਦਾਗੀ ਹੋਈ ਪਈ ਹੈ । ਬਾਦਲ-ਬੀਜੇਪੀ ਹਕੂਮਤ ਕੋਲ ਕੋਈ ਵੀ ਪੰਜਾਬ ਸੂਬੇ ਨੂੰ ਤਰੱਕੀ ਦੇ ਰਾਹ ਤੇ ਲਿਆਜਣ ਲਈ, ਇਥੋ ਦੇ ਜਿੰਮੀਦਾਰ, ਮਜ਼ਦੂਰ, ਮੁਲਾਜ਼ਮ, ਵਪਾਰੀ ਵਰਗ ਨੂੰ ਮਾਲੀ ਤੇ ਇਖ਼ਲਾਕੀ ਤੌਰ ਤੇ ਮਜ਼ਬੂਤ ਕਰਨ ਦੀ ਕੋਈ ਯੋਜਨਾ ਨਹੀ। ਅਜੇ ਤੱਕ ਪੰਜਾਬ ਸੂਬੇ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੇ ਹੈੱਡਵਰਕਸ, ਪੰਜਾਬ ਦੀਆਂ ਨਦੀਆਂ ਅਤੇ ਦਰਿਆਵਾਂ ਦੇ ਪਾਣੀ ਨੂੰ ਪੂਰਨ ਤੌਰ ਤੇ ਪੰਜਾਬ ਦੇ ਹਵਾਲੇ ਕਰਨ ਲਈ ਹੁਕਮਰਾਨਾਂ ਵਲੋ ਕੋਈ ਯਤਨ ਨਹੀਂ ਕੀਤਾ ਗਿਆ । 46 ਲੱਖ ਦੇ ਕਰੀਬ ਸਿਖਿਅਤ ਅਤੇ ਅਸਿੱਖਿਅਤ ਬੇਰੁਜ਼ਗਾਰ ਹਨ । ਉਹਨਾਂ ਲਈ ਕੰਮ ਦੇਣ ਜਾਂ ਆਪਣੇ ਕਾਰੋਬਾਰ ਚਲਾਉਣ ਲਈ ਕੋਈ ਵੀ ਯੋਜਨਾ ਨਹੀਂ । ਜਿੰਮੀਦਾਰ ਦੀ ਫਸਲ ਦੀ ਕੀਮਤ ਵੀ ਨਹੀਂ ਦਿੱਤੀ ਜਾ ਰਹੀ, ਨਾ ਹੀ ਉਸਦੀ ਫਸਲ ਦੀ ਸਹੀ ਮਾਰਕਟਿੰਗ ਕਰਵਾਉਣ ਲਈ ਕੋਈ ਪ੍ਰਬੰਧ ਹੈ । ਖਾਦਾ, ਕੀੜੇਮਾਰ ਦਵਾਈਆ ਅਤੇ ਬੀਜਾਂ ਵਿਚ ਵੱਡੇ ਪੱਧਰ ਤੇ ਮਿਲਾਵਟਾਂ ਤੇ ਘਪਲੇ ਹੋ ਰਹੇ ਹਨ । ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਪੰਜਾਬ ਦੀ ਨੌਜਵਾਨੀ ਨੂੰ ਡੂੰਘੀ ਖਾਈ ਵਿਚ ਇਸ ਲਈ ਧਕੇਲਿਆ ਜਾ ਰਿਹਾ ਹੈ ਤਾਂ ਕਿ ਨੌਜਵਾਨ ਸਿੱਖਿਅਤ ਹੋ ਕੇ ਆਪਣੇ ਹੱਕ-ਹਕੂਕ ਪ੍ਰਾਪਤ ਕਰਨ ਲਈ ਅਤੇ ਸਵੈਮਾਨ ਨੂੰ ਕਾਇਮ ਰੱਖਣ ਲਈ ਸੰਘਰਸ਼ ਵਿਚ ਕੁੱਦ ਨਾ ਪਵੇ । ਸਿੱਖ ਕੌਮ ਦੇ ਕਾਤਲ ਲੰਮੇ ਸਮੇਂ ਤੋ ਆਜ਼ਾਦ ਦਨਦਨਾਉਦੇ ਫਿਰਦੇ ਹਨ । ਸਿੱਖ ਕੌਮ ਦੀ ਪਾਰਲੀਮੈਟ ਉਤੇ ਆਰ.ਐਸ.ਐਸ, ਬੀਜੇਪੀ ਰਾਹੀ ਬਾਦਲਾਂ ਨੇ ਹਿੰਦੂਤਵ ਸੋਚ ਦਾ ਕਬਜਾ ਕਰਵਾ ਦਿੱਤਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ, ਹੁਕਮਨਾਮੇ, ਪੰਜ ਪਿਆਰਿਆ ਦੀ ਰਵਾਇਤ, ਤਖ਼ਤਾਂ ਦੇ ਜਥੇਦਾਰਾਂ ਦੇ ਉੱਚ ਰੁਤਬਿਆ ਦੀ ਦੁਰਵਰਤੋ ਆਪਣੇ ਪਰਿਵਾਰਿਕ, ਮਾਲੀ, ਸਿਆਸੀ ਸਵਾਰਥਾਂ ਲਈ ਕਰਕੇ ਇਹਨਾਂ ਸਿੱਖੀ ਸੰਸਥਾਵਾਂ ਦੇ ਸਤਿਕਾਰ-ਮਾਣ ਨੂੰ ਰੋਲਕੇ ਰੱਖ ਦਿੱਤਾ ਹੈ । ਵਿਧਾਨ ਦੀ ਧਾਰਾ 25 ਜੋ ਸਿੱਖ ਕੌਮ ਨੂੰ ਹਿੰਦੂ ਕਰਾਰ ਦਿੰਦੀ ਹੈ, ਉਸਨੂੰ ਖਤਮ ਕਰਵਾਉਣ, ਆਨੰਦ ਮੈਰਿਜ ਐਕਟ 1919 ਨੂੰ ਬਹਾਲ ਕਰਵਾਉਣ ਲਈ ਹੁਕਮਰਾਨਾਂ ਅਤੇ ਐਸ.ਜੀ.ਪੀ.ਸੀ. ਦੇ ਮੁੱਖੀਆਂ ਵੱਲੋ ਕੋਈ ਅਮਲ ਨਹੀਂ ਹੋ ਰਿਹਾ । ਕਿਉਂਕਿ ਇਹ ਸਭ ਜੋ ਸਿਆਸੀ ਤੇ ਧਾਰਮਿਕ ਨੁਮਾਇੰਦੇ ਸਿੱਖ ਕੌਮ ਨੇ ਚੁਣਕੇ ਭੇਜੇ ਹਨ, ਉਹ ਆਪਣੀਆਂ ਦੁਨਿਆਵੀ ਲਾਲਸਾਵਾਂ ਦੇ ਅਧੀਨ ਹੋ ਕੇ ਸਿੱਖ ਕੌਮ ਨੇ ਚੁਣੇ ਹਨ । ਇਹੀ ਕਾਰਨ ਹੈ ਕਿ ਅੱਜ ਸਿੱਖ ਕੌਮ ਵੱਲੋ ਪੰਜਾਬ ਵਿਧਾਨ ਸਭਾ, ਹਿੰਦ ਦੀ ਪਾਰਲੀਮੈਟ ਅਤੇ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਵਿਚ ਪਹੁੰਚੇ ਨੁਮਾਇੰਦੇ ਆਪਣੀਆਂ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਪ੍ਰਤੀ ਬਣਦੀਆਂ ਜਿੰਮੇਵਾਰੀਆਂ ਪੂਰੀਆਂ ਨਹੀਂ ਕਰ ਰਹੇ । ਉਹਨਾਂ ਵਿਚ ਇਹ ਜਿੰਮੇਵਾਰੀ ਪੂਰੀ ਕਰਨ ਦੀ ਸਮਰੱਥਾਂ ਹੀ ਨਹੀਂ ਹੈ । ਇਸ ਲਈ ਬੀਤੇ ਦਿਨੀ ਜਰਨਲਿਸਟਾਂ ਵੱਲੋ ਭੇਜੇ ਵਿਚਾਰ ਬਿਲਕੁਲ ਦਰੁਸਤ ਹਨ ।