ਮਾਸਕੋ – ਰੂਸ ਨੇ ਅਮਰੀਕਾ ਦੇ ਵਿੱਤ ਵਿਭਾਗ ਨੂੰ ਕਿਹਾ ਹੈ ਕਿ ਅਗਰ ਉਹ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੂੰ ਭ੍ਰਿਸ਼ਟ ਮੰਨਦਾ ਹੈ ਤਾਂ ਉਸ ਦੇ ਖਿਲਾਫ਼ ਸਬੂਤ ਪੇਸ਼ ਕਰੇ।
ਰੂਸ ਦੇ ਰਾਸ਼ਟਰਪਤੀ ਭਵਨ ਦੇ ਬੁਲਾਰੇ ਪੇਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੂਤਿਨ ਨੂੰ ਭ੍ਰਿਸ਼ਟ ਦੱਸਣ ਵਾਲੇ ਆਰੋਪ ‘ਅਧਿਕਾਰਿਕ ਤੌਰ ਤੇ ਦੋਸ਼ਪੂਰਣ’ ਹਨ ਅਤੇ ਇਹ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹਨ। ਅਮਰੀਕੀ ਅਧਿਕਾਰੀ ਐਡਮ ਸ਼ੂਬਿਨ ਨੇ ਕਿਹਾ ਹੈ ਕਿ ਅਮਰੀਕਾ ਬਹੁਤ ਸਮਾਂ ਪਹਿਲਾਂ ਤੋਂ ਹੀ ਪੂਤਿਨ ਨੂੰ ਭ੍ਰਿਸ਼ਟ ਮੰਨਦਾ ਹੈ। ਅਮਰੀਕਾ ਨੇ ਪਹਿਲੀ ਵਾਰ ਪੂਤਿਨ ਤੇ ਸਿੱਧੇ ਤੌਰ ਤੇ ਆਰੋਪ ਲਗਾਏ ਹਨ। ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਪੂਤਿਨ ਦੇ ਕਈ ਸਾਥੀਆਂ ਤੇ ਪ੍ਰਤੀਬੰਧ ਲਗਾਏ ਹਨ, ਪਰ ਰਾਸ਼ਟਰਪਤੀ ਪੂਤਿਨ ਤੇ ਉਨ੍ਹਾਂ ਨੇ ਕਦੇ ਵੀ ਅਜਿਹੇ ਆਰੋਪ ਨਹੀਂ ਸਨ ਲਗਾਏ।
ਪੂਤਿਨ ਨੇ ਜਦੋਂ 2014 ਵਿੱਚ ਕਰੀਮੀਆ ਨੂੰ ਯੂਕਰੇਨ ਤੋਂ ਵੱਖਰਾ ਕਰਕੇ ਰੂਸ ਵਿੱਚ ਮਿਲਾਉਣ ਦਾ ਆਦੇਸ਼ ਦਿੱਤਾ ਸੀ ਤਾਂ ਅਮਰੀਕਾ ਨੇ ਰੂਸ ਦੇ ਕਈ ਅਧਿਕਾਰੀਆਂ ਤੇ ਪ੍ਰਤੀਬੰਧ ਲਗਾ ਦਿੱਤੇ ਸਨ। ਯੌਰਪੀ ਸੰਘ ਨੇ ਵੀ ਰੂਸ ਦੀਆਂ ਕੁਝ ਕੰਪਨੀਆਂ ਅਤੇ ਵਿਅਕਤੀਆਂ ਦੇ ਖਿਲਾਫ਼ ਇਸ ਤਰ੍ਹਾਂ ਦੇ ਪ੍ਰਤੀਬੰਧ ਲਗਾਏ ਸਨ। ਉਸ ਸਮੇਂ ਵੀ ਅਮਰੀਕੀ ਸਰਕਾਰ ਨੇ ਕਿਹਾ ਸੀ ਕਿ ਰਾਸ਼ਟਰਪਤੀ ਪੂਤਿਨ ਦੇ ਊਰਜਾ ਖੇਤਰ ਵਿੱਚ ਗੁਪਤ ਨਿਵੇਸ਼ ਹਨ।