ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਅਸਾਂ ਇਸ ਉਪ ਚੋਣ ਵਿੱਚ ਆਪਣੇ ਉਮੀਦਵਾਰ ਨਾਂ ਉਤਾਰਨ ਦਾ ਫੈਂਸਲਾ ਕੀਤਾ ਹੈ। ਬੁੱਧਵਾਰ ਇਸ ਉਪਚੋਣ ਲਈ ਨਾਮਜ਼ਦਗੀ ਪੇਪਰ ਭਰਨ ਦਾ ਆਖਰੀ ਦਿਨ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਡੂਰ ਸਾਹਿਬ ਤੋਂ ਵਿਧਾਇਕ ਰਹੇ ਰਮਨਜੀਤ ਸਿੰਘ ਸਿਕੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਅਸਤੀਫ਼ਾ ਦਿੱਤਾ ਸੀ। ਰਾਜ ਵਿੱਚ ਹਾਲਾਤ ਅਜੇ ਵੀ ਉਸੇ ਤਰ੍ਹਾਂ ਹੀ ਹਨ, ਕੋਈ ਵੀ ਸੁਧਾਰ ਨਹੀਂ ਹੋਇਆ। ਇਸ ਲਈ ਅਸਾਂ ਇਸ ਉਪ ਚੋਣ ਦਾ ਬਾਈਕਾਟ ਕਰਨ ਦਾ ਫੈਂਸਲਾ ਕੀਤਾ ਹੈ। ਚੋਣ ਦੀ ਜਿੱਤ-ਹਾਰ ਸਾਡੇ ਲਈ ਕੋਈ ਮਹਿਣੇ ਨਹੀਂ ਰੱਖਦੀ।
ਕਾਂਗਰਸ ਦੁਆਰਾ ਉਪ ਚੋਣ ਵਿੱਚ ਮੈਦਾਨ ਛੱਡਣ ਦੇ ਸਵਾਲ ਤੇ ਕੈਪਟਨ ਨੇ ਕਿਹਾ, ‘ ਮੈਂ ਕਦੇ ਵੀ ਮੈਦਾਨ ਛੱਡ ਕੇ ਭੱਜਣ ਵਾਲਿਆਂ ਵਿੱਚੋਂ ਨਹੀਂ ਹਾਂ। ਪਰ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਪਹਿਲਾਂ ਹੈ, ਚੋਣ ਬਾਅਦ ਵਿੱਚ।’ ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਕਾਨੂੰਨ-ਵਿਵਸਥਾ ਦੀ ਹਾਲਤ ਬਹੁਤ ਹੀ ਖਰਾਬ ਹੈ। ਬਾਦਲ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਹੈ। ਰਾਜ ਵਿੱਚ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਹਨ, ਉਹ ਦਿਲ ਨੂੰ ਬਹੁਤ ਦੁੱਖ ਪਹੁੰਚਾਉਣ ਵਾਲੀਆਂ ਸਨ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਸਲੀ ਗੁਨਾਹਗਾਰਾਂ ਨੂੰ ਫੜਨ ਦੀ ਬਜਾਏ ਨਿਰਦੋਸ਼ ਲੋਕਾਂ ਨੂੰ ਫਸਾਉਣ ਵਿੱਚ ਲਗੀ ਹੋਈ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਵਾਉਣਗੇ। ਬਾਦਲ ਸਰਕਾਰ ਉਸ ਤੇ ਪਰਦਾ ਪਾ ਰਹੀ ਹੈ। ਇਸ ਲਈ ਪੰਜਾਬ ਵਿੱਚ ਅਜਿਹੀ ਸਥਿਤੀ ਨੂੰ ਵੇਖਦੇ ਹੋਏ ਕਾਂਗਰਸ ਨੇ ਇਸ ਉਪ ਚੋਣ ਦਾ ਬਾਈਕਾਟ ਕਰਨ ਦਾ ਫੈਂਸਲਾ ਕੀਤਾ ਹੈ।