ਅੰਮ੍ਰਿਤਸਰ :- ਮਹਾਨ ਸੂਰਬੀਰ, ਸਿਰਲੱਥ ਯੋਧੇ, ਕਹਿਣੀ ਤੇ ਕਥਨੀ ਦੇ ਸੂਰੇ, ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਚਾਟੀਵਿੰਡ ਗੇਟ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ।ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਜਗਜੀਤ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਨੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਮਲਕੀਤ ਸਿੰਘ ਗ੍ਰੰਥੀ ਨੇ ਅਰਦਾਸ ਕੀਤੀ ਤੇ ਹੁਕਮਨਾਮਾ ਲਿਆ।ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁਖਵਾਕ ਦੀ ਕਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਨੇ ਕੀਤੀ।ਇਸ ਉਪਰੰਤ ਗੁਰਦੁਆਰਾ ਸ਼ਹੀਦ ਗੰਜ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ ਜਿਸ ਵਿੱਚ ਤਕਰੀਬਨ ਇਕ ਹਜ਼ਾਰ ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣੇ।ਰਾਤ ਸਮੇਂ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਪੰਥ ਪ੍ਰਸਿੱਧ ਰਾਗੀ ਜਥਿਆਂ ਵਿੱਚ ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਹਰਚਰਨ ਸਿੰਘ ਖਾਲਸਾ ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਭਾਈ ਹਰਜੋਤ ਸਿੰਘ ਜ਼ਖਮੀ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਅਮਰਜੀਤ ਸਿੰਘ ਤਾਨ ਪਟਿਆਲਾ, ਭਾਈ ਅਨੂਪ ਸਿੰਘ ਊਨਾ ਵਾਲੇ, ਭਾਈ ਕੁਲਦੀਪ ਸਿੰਘ ਦੇਹਰਾਦੂਨ, ਭਾਈ ਤਰਜਿੰਦਰ ਸਿੰਘ ਅੰਮ੍ਰਿਤਸਰ ਸੰਗੀਤ ਸਭਾ, ਭਾਈ ਗੁਰਪ੍ਰੀਤ ਸਿੰਘ, ਪ੍ਰੋ। ਪੁਸ਼ਪਿੰਦਰ ਕੌਰ ਬੇਬੇ ਨਾਨਕੀ ਗੁਰਮਤਿ ਸੰਗੀਤ ਐਕਡਮੀ, ਬੀਬਾ ਪਰਨੀਤ ਕੌਰ ਕਾਦੀਆਂ ਦੇ ਜਥੇ ਨੇ ਅੰਮ੍ਰਿਤਮਈ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ। ਚਮਨਜੀਤ ਸਿੰਘ ਚਮਨ ਹਰਿਗੋਬਿੰਦਪੁਰੀ, ਸ। ਗੁਰਬਚਨ ਸਿੰਘ ‘ਖੇਮਕਰਨੀ’, ਸ। ਤਰਲੋਕ ਸਿੰਘ ‘ਦੀਵਾਨਾ’, ਸ। ਅਵਤਾਰ ਸਿੰਘ ‘ਤਾਰੀ’, ਸ। ਰਣਜੀਤ ਸਿੰਘ ‘ਰਾਣਾ’, ਸ। ਅਜੀਤ ਸਿੰਘ ‘ਰਤਨ’, ਸ। ਕੁਲਦੀਪ ਸਿੰਘ, ਸ। ਪਿਆਰਾ ਸਿੰਘ ‘ਜਾਚਕ’, ਸ। ਸਤਬੀਰ ਸਿੰਘ ‘ਸ਼ਾਨ’, ਸ। ਪ੍ਰੇਮ ਸਿੰਘ ‘ਵਡਾਲੀ’ ਤੇ ਸ। ਕੁਲਵੰਤ ਸਿੰਘ ‘ਪੱਟੀ’ ਆਦਿ ਕਵੀਆਂ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ‘ਤੇ ਰੌਸ਼ਨੀ ਪਾਈ ਗਈ।
ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਸਾਬਕਾ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਧਰਮ ਹੇਤ ਸੀਸ ਦੇਣ ਵਾਲੇ ਸੂਰਮੇ ਸਮੇ-ਸਮੇਂ ਸੰਸਾਰ ਵਿੱਚ ਪੈਦਾ ਹੁੰਦੇ ਰਹਿੰਦੇ ਹਨ ਇਸ ਮਾਰਗ ਦੇ ਪਾਂਧੀਆਂ ਦੀ ਲੜੀ ਬੜੀ ਲੰਮੀ ਹੈ।ਇਨ੍ਹਾਂ ਸੂਰਮਿਆਂ ਦੀ ਕਤਾਰ ਵਿੱਚ ਇਕ ਨਾਮ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਵੀ ਹੈ, ਜਿਨ੍ਹਾਂ ਨੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਾਖੀ ਲਈ ਸ਼ਹਾਦਤ ਦੇ ਅਦੁੱਤੀ ਪੂਰਨੇ ਪਾਏ।ਉਨ੍ਹਾਂ ਸੰਗਤਾਂ ਨੂੰ ਸਤਿਗੁਰਾਂ ਦੀਆਂ ਖੁਸ਼ੀਆਂ ਦੇ ਪਾਤਰ ਬਣਨ ਲਈ ਬਾਬਾ ਦੀਪ ਸਿੰਘ ਜੀ ਦੇ ਆਸ਼ੇ ਅਨੁਸਾਰ ਪਾਵਨ ਗੁਰਧਾਮਾਂ ਦੀ ਸੇਵਾ-ਸੰਭਾਲ ਅਤੇ ਪਹਿਰੇਦਾਰੀ ਨੂੰ ਯਕੀਨੀ ਬਣਾਉਣ ਲਈ ਕਿਹਾ।
ਸਮਾਗਮ ਵਿੱਚ ਸ਼ਾਮਲ ਸੰਤਾਂ-ਮਹਾਂਪੁਰਖਾਂ, ਧਾਰਮਿਕ ਸਖਸ਼ੀਅਤਾਂ, ਸਮੂਹ ਰਾਗੀ ਅਤੇ ਕਵੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ।ਸਟੇਜ ਸਕੱਤਰ ਦੀ ਸੇਵਾ ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ, ਭਾਈ ਸਰਵਣ ਸਿੰਘ ਤੇ ਭਾਈ ਤਰਸੇਮ ਸਿੰਘ ਪ੍ਰਚਾਰਕ ਨੇ ਬਾਖੂਬੀ ਨਿਭਾਈ।ਰਾਤ ਨੂੰ ਦੀਪਮਾਲਾ ਕੀਤੀ ਗਈ ਤੇ ਰਹਰਾਸਿ ਸਾਹਿਬ ਦੀ ਸਮਾਪਤੀ ਉਪਰੰਤ ਆਤਿਸ਼ਬਾਜੀ ਵੀ ਚਲਾਈ ਗਈ।