ਇਹ ਕਹਿ ਲਿਆ ਜਾਵੇ ਕਿ ਕਿਤੇ ਨਾ ਕਿਤੇ ਪੰਜਾਬ ਦੀ ਪਹਿਚਾਣ ਪੰਜਾਬੀ ਮਾਂ ਬੋਲੀ, ਪੰਜਾਬ ਦੇ ਅਮੀਰ ਵਿਰਸੇ, ਸੱਭਿਆਚਾਰ, ਪੰਜਾਬ ਵਿੱਚ ਵੱਸਦੇ ਸਿੱਖਾਂ ਦੇ ਬਹਾਦਰੀ ਭਰੇ ਕਾਰਨਾਮਿਆਂ, ਦੇਸ਼-ਕੌਮ ਮਜ਼ਲੂਮਾਂ ਦੇ ਲਈ ਹੱਕ-ਸੱਚ ਦੇ ਲੜਾਈ ਲੜਨ ਵਾਲੇ ਸੂਰਬੀਰਾਂ, ਯੋਧਿਆਂ ਜਿਨ੍ਹਾਂ ਨੇ ਦੁਸ਼ਮਣ ਨੂੰ ਉਸਦੇ ਘਰ ਵਿੱਚ ਜਾ ਕੇ ਸੋਧਾ ਲਾਇਆ ਅਤੇ ਕਿਸੇ ਦੀ ਟੈਂ ਨਾ ਮੰਨੀ, ਨਾ ਕਿਸੇ ਨੂੰ ਗੁਲਾਮ ਬਣਾਇਆ ਨਾ ਕਿਸੇ ਦੀ ਗੁਲਾਮੀ ਮੰਨੀ, ਅਜਿਹੀਆਂ ਰੂਹਾਂ ਦੇ ਕਰਕੇ ਹੈ ਅਤੇ ਨਾਲ ਹੀ ਪੰਜਾਬ ਦੇ ਰਸਮਾਂ-ਰਿਵਾਜ਼ਾਂ, ਸੰਸਕਾਰਾਂ, ਰੀਤੀਆਂ ਆਦਿ ਕਰਕੇ ਵੀ ਕੀਤੀ ਜਾਂਦੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਜਿਹੜੀਆਂ ਕਿ ਪੰਜਾਬੀ ਸਮਾਜ ਦਾ ਇੱਕ ਮੰਨਿਆ ਪ੍ਰਮੰਨਿਆਂ ਹਿੱਸਾ ਹਨ। ਇਹਨਾਂ ਵਿੱਚ ਜੇਕਰ ਇਸ਼ਕ ਹਕੀਕੀ ਦਾ ਆਖੀਰ ਹੈ ਤਾਂ ਇਸ਼ਕ ਮਿਜਾਜੀ ਦਾ ਵੀ ਸਿਖਰ ਹੈ। ਜੋ ਦੱਸਵੀਂ ਜਮਾਤ ਤੋਂ ਪਹਿਲਾਂ ਹੀ ਵਿਦਿਆਰਥੀਆਂ ਤੱਕ ਇਸ ਦਾ ਇਲਮ ਬਾਬੇ ਨਾਨਕ ਦੀ ਬਾਣੀ ਤੋਂ ਲੈ ਕੇ ਸਮੇਂ ਸਮੇਂ ਪ੍ਰਚੱਲਿਤ ਹੋਏ ਇਸ਼ਕ ਮਿਜਾਜੀ ਦੇ ਪਾਠਕ੍ਰਮ ਤੋਂ ਹੋ ਜਾਂਦਾ ਹੈ, ਜੋ ਸੂਬਾਈ ਸਰਕਾਰਾਂ ਵੱਲੋਂ ਇਹਨਾਂ ਦੇ ਸਿਲੇਬਸ ਵਿੱਚ ਸ਼ਾਮਲ ਹੈ।
ਬਿਨ੍ਹਾਂ ਸ਼ੱਕ ਮਨੁੱਖੀ ਜੀਵਣ ਤੇ ਜੇਕਰ ਧਰਮ ਦਾ ਕੁੰਡਾ ਹੋਵੇ ਤਾਂ ਮਨੁੱਖੀ ਜੀਵਣ ਬਹੁਤ ਸਾਰੀਆਂ ਫਾਲਤੂ ਰਸਮਾਂ-ਰਿਵਾਜ਼ਾਂ, ਕਰਮਕਾਂਡਾਂ, ਆਡੰਬਰਾਂ ਤੋਂ ਬੱਚ ਜਾਂਦਾ ਹੈ ਅਤੇ ਬਹੁਤ ਸਾਰੀਆਂ ਮਨੁੱਖੀ ਸੱਭਿਆਚਾਰ ਲਈ ਘਾਤਕ ਸਾਬਤ ਹੋਣ ਵਾਲੀਆਂ ਕਾਰਵਾਈਆਂ ਵਿੱਚ ਸ਼ਾਮਲ ਹੋਣ ਦੇ ਨਾਲ ਨਾਲ ਉਹਨਾਂ ਕਾਰਵਾਈਆਂ ਦੇ ਆਪਣੇ ਜਾਂ ਹੋਰਨਾਂ ਦੇ ਜੀਵਣ ਨੂੰ ਪ੍ਰਭਾਵਿਤ ਕਰਨ ਤੋਂ ਵੀ ਬਚਾ ਸਕਦਾ ਹੈ। ਖੈਰ! ਅਸੀਂ ਧਰਮ ਵਾਲੇ ਪਾਸੇ ਬਹੁਤਾ ਨਾ ਜਾਂਦੇ ਹੋਏ ਇਸ ਲੇਖ ਦੇ ਸਿਰਲੇਖ ਵੱਲ ਵਾਪਸ ਮੁੜਦੇ ਹਾਂ ਕਿ ਇਹ ਸਿਰਲੇਖ ਚੁਨਣ ਦੀ ਲੋੜ ਕਿਉਂ ਪਈ? ਸ਼ੁਰੂਆਤ ਵਿੱਚ ਹੀ ਪੰਜਾਬੀ ਸੱਭਿਆਚਾਰ/ਵਿਰਸੇ ਅਤੇ ਰਸਮੋਂ ਰਿਵਾਜ਼ਾਂ ਦੀ ਗੱਲ ਸੰਖੇਪ ਵਿੱਚ ਆਪਾਂ ਕਰ ਚੁੱਕੇ ਹਾਂ, ਇਹਨਾਂ ਵਿੱਚੋਂ ਹੀ ਇੱਕ ਰਸਮ ਵਿਆਹ ਦੀ ਹੈ, ਜੋ ਪੰਜਾਬੀ ਸੱਭਿਆਚਾਰ ਦਾ ਇੱਕ ਅਟੁੱਟ ਹਿੱਸਾ ਹੈ।
ਵਿਚੋਲਗਿਰੀ ਤੋਂ ਸ਼ੁਰੂ ਹੋ ਕੇ ਰੋਕਾ/ਠਾਕਾ, ਮਹਿੰਦੀ, ਗਾਉਣ, ਜਾਗੋ, ਸ਼ਗਨ, ਵਿਆਹ ਵਰਗੀਆਂ ਕਈ ਰਸਮਾਂ ਵਿੱਚੋਂ ਲੰਘਦਾ ਹੋਇਆ ਲੜਕੀ ਨੂੰ ਚੌਂਕੇ ਚੜ੍ਹਾਉਣ ਤੱਕ ਚੱਲਦਾ ਰਹਿੰਦਾ ਹੈ। ਭਾਵੇਂ ਕਿ ਸਮੇਂ ਦੇ ਨਾਲ ਰਸਮਾਂ ਵਿੱਚ ਭਾਰੀ ਬਦਲਾਵ ਆਇਆ ਹੈ। ਪਰ ਵਿਆਹ ਸੰਸਥਾ ਵਿੱਚ ਲੜਕੀ-ਲੜਕੇ, ਦੋਹਾਂ ਦੇ ਪਰਿਵਾਰਾਂ ਸਬੰਧੀ ਜਿੰਮੇਵਾਰੀਆਂ, ਸਮਾਜ ਵਿੱਚ ਚੰਗਾ ਸੁਨੇਹਾ ਦੇਣ ਲਈ ਕਈ ਤਰ੍ਹਾਂ ਦੇ ਸਮਝੌਤੇ, ਸਮਾਜਕ ਪ੍ਰੰਪਰਾਵਾਂ ਸਮੇਤ ਸਮਾਜ ਦੀ ਪ੍ਰਵਾਨਗੀ, ਬੱਚੇ-ਬੱਚੀ ਦੀ ਖੁਸ਼ੀ ਆਦਿ ਬਹੁੱਤ ਕੁੱਝ ਦੇਖਣਾ ਪੈਂਦਾ ਹੈ, ਜੋ ਕਿ ਚੰਗੇ ਅਤੇ ਨਰੋਏ ਸਮਾਜ ਲਈ ਜ਼ਰੂਰੀ ਵੀ ਹੈ। ਬੱਚੀ ਵੱਲੋਂ ਆਪਣੇ ਬਾਬੁਲ ਦੀ ਪੱਗ ਅਤੇ ਲੜਕੇ ਵੱਲੋਂ ਆਪਣੇ ਖਾਨਦਾਨ ਦੀ ਇੱਜ਼ਤ ਇੱਕ ਬਹੁਤ ਅਹਿਮ ਵਿਸ਼ਾ ਹੁੰਦਾ ਹੈ।
ਪਰ ਮੌਜੂਦਾ ਦੌਰ ਵਿੱਚ ਜਿਸ ਢੰਗ ਨਾਲ ਪੰਜਾਬੀ ਸੱਭਿਆਚਾਰ, ਅਮੀਰ ਵਿਰਸੇ ਦਾ ਘਾਣ ਕਰਦਿਆਂ ਹੋਇਆਂ ਮਰਿਯਾਦਾ, ਸੰਸਕਾਰਾਂ, ਅਣਖ, ਗ਼ੈਰਤ ਦੇ ਸੱਭ ਹੱਦ-ਬੰਨ੍ਹੇ ਤੋੜਦੀ ਹੋਈ, ਬੇਲਗਾਮ ਗਾਇਕੀ ਅਤੇ ਗੀਤਕਾਰੀ ਜਿਵੇਂ ਆਏ ਦਿਨ ਪੰਜਾਬੀ ਸੱਭਿਆਚਾਰ, ਨੈਤਿਕਤਾ ਦੀਆਂ ਧੱਜੀਆਂ ਉਡਾਉਂਦੀ ਜਾ ਰਹੀ ਹੈ, ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਪਹਿਚਾਣ ਇਸਦੇ ਸੋਹਣੇ ਸੱਭਿਆਚਾਰ ਦੀ ਥਾਂ ਇਸ ਨੂੰ ਗੰਧਲਾ ਕਰਕੇ ਪੇਸ਼ ਕੀਤੇ ਜਾ ਰਹੇ ਰੀਤੀ-ਰਿਵਾਜ਼ਾਂ ਤੋਂ ਹੋਇਆ ਕਰੇਗੀ। ਕੇਵਲ ਸਾਲ 2015 ਵਿੱਚ ਯੂ-ਟਿਊਬ ਜਾਂ ਚੈਨਲਾਂ ਦੇ ਰਾਹੀਂ ਦਰਜਨਾਂ ਅਜਿਹੇ ਗੀਤ ਨਸ਼ਰ ਹੋਏ ਹਨ ਜਿਸ ਦੀ ਵੀਡੀਉ ਦੇ ਰਾਹੀਂ ਸਿਰਫ ਇੱਕ ਵਿਸ਼ਾ ਇਹ ਦਿਖਾਇਆ ਗਿਆ ਹੈ ਕਿ, ‘ਇਕ ਲੜਕੀ ਜਾਂ ਲੜਕਾ ਜੋ ਆਪਸ ਵਿੱਚ ਇਸ਼ਕ ਕਰਦੇ ਹਨ, ਕਿਵੇਂ ਲੜਕਾ ਉਸ ਲੜਕੀ ਨੂੰ ਆਪਣਾ ਬਣਾਉਣ ਲਈ ਉਸਦੀ ਮੰਗਣੀ ਵਾਲੇ ਦਿਨ ਇਕੱਲਾ ਹੀ, ਲੜਕੀ ਦੇ ਘਰ-ਪਰਿਵਾਰ ਤੇ ਧਾੜਵੀ ਬਣ ਕੇ ਭਾਰੂ ਹੁੰਦਾ ਹੈ ਤੇ ਕੁੜੀ ਦੇ ਮਾਪਿਆਂ ਵੱਲੋਂ ਮਜਬੂਰੀ ਵੱਸ ਜਾਂ ਖੁਸ਼ੀ ਨਾਲ (ਜੋ ਕਿ ਵੀਡੀਉ ਵਿੱਚ ਦਰਸਾਇਆ ਜਾਂਦਾ ਹੈ) ਆਪਣੀ ਬੇਟੀ ਦਾ ਹੱਥ ਉਸ ਲੜਕੇ ਦੇ ਹੱਥ ਵਿੱਚ ਦੇਣਾ ਪੈਂਦਾ ਹੈ। ਅਤੇ ਅਜਿਹੀਆਂ ਫਿਲਮਾਂ ਰਾਹੀਂ ਅਜਿਹੇ ਕਾਰਨਾਮਿਆਂ ਨੂੰ ਹੋਰ ਉਤਸ਼ਾਹ ਮਿਲਣਾ ਸੁਭਾਵਿਕ ਹੈ, ਕਿਉਂਜੋ ਇਸ ਦਾ ਸਿੱਧਾ ਅਸਰ ਨੌਜਵਾਨ ਪੀੜ੍ਹੀ ਦੇ ਮਨਾਂ ਤੇ ਹੋ ਰਿਹਾ ਹੈ। ਅਜਿਹਾ ਲਿਖਣ ਵਾਲੇ, ਗਾਉਣ ਵਾਲ਼ਿਆਂ ਅਤੇ ਉਹਨਾਂ ਵੱਲੋਂ ਲਿਖੇ ਅਤੇ ਗਏ ਸ਼ਬਦਾਂ ਨੂੰ ਮੈਂ ਇੱਥੇ ਲਿਖਣਾ ਬਿਲਕੁਲ ਵੀ ਜ਼ਰੂਰੀ ਨਹੀਂ ਸਮਝਦਾ।
ਬੇਸ਼ੱਕ ਚੰਗਾ ਗਾਉਣ ਅਤੇ ਲਿਖਣ ਵਾਲ਼ਿਆਂ ਦੀ ਕੋਈ ਘਾਟ ਨਹੀਂ ਹੈ, ਪਰ ਝੂਠ ਜਿਸ ਕਦਰ ਵਿਕ ਰਿਹਾ ਹੈ, ਇਹ ਖਾਸ ਤੌਰ ਤੇ ਪੰਜਾਬ ਸੱਭਿਆਚਾਰ ਲਈ ਘਾਤਕ ਹੋ ਨਿਬੜੇਗਾ। ਕੁੱਝ ਗਾਇਕਾਂ ਦਾ ਮੰਨਣਾ ਹੈ ਜੋ ਸਮਾਜ ਵਿੱਚ ਵਾਪਰਦਾ ਹੈ, ਉਹੀ ਵੀਡੀਉ ਵਿੱਚ ਸ਼ੂਟ ਕੀਤਾ ਜਾਂਦਾ ਹੈ ਤਾਂ ਮੇਰਾ ਉਨ੍ਹਾਂ ਨੂੰ ਸੁਆਲ ਹੈ ਜੇਕਰ ਪੰਜਾਬ ਵਿੱਚ ਅਜਿਹੀਆਂ ਇੱਕ ਦੁਕਾ ਵਾਪਰੀਆਂ ਮਾੜੀਆਂ ਘਟਨਾਵਾਂ ਨੂੰ ਅਧਾਰ ਬਣਾ ਕੇ ਤੁਸੀਂ ਅਸ਼ਲੀਲਤਾ ਫੈਲਾਉਣ ਦਾ ਨਾਲ ਨਾਲ ਨੌਜਵਾਨੀ ਨੂੰ ਗਲਤ ਸੁਨੇਹਾ ਦੇ ਰਹੇ ਹੋ ਤਾਂ ਇਸ ਤੋਂ ਇਲਾਵਾ ਪੰਜਾਬ ਵਿੱਚ ਬਹੁਤ ਕੁੱਝ ਚੰਗਾ ਵਾਪਰਦਾ ਹੈ, ਉਸ ਨੂੰ ਅਧਾਰ ਬਣਾ ਕੇ ਕਿਉਂ ਕੋਈ ਪੇਸ਼ਕਾਰੀ ਨਹੀਂ ਕਰਦਾ? ਜੇ ਸਮਾਜ ਵਿੱਚ ਕੋਈ ਗਲਤ ਪ੍ਰਥਾ ਚੱਲਦੀ ਹੈ ਤਾਂ ਕਲਾਕਾਰਾਂ ਨੂੰ ਉਸ ਨੂੰ ਰੋਕਣ ਸਬੰਧੀ ਕੁੱਝ ਕਰਨਾ ਚਾਹੀਦਾ ਹੈ ਜਾਂ ਉਸਨੂੰ ਪ੍ਰਚਾਰਣ ਲਈ ਉਕਤ ਥੋਥੀ ਦਲੀਲ ਦਾ ਸਹਾਰਾ ਲੈਣਾ ਚਾਹੀਦਾ ਹੈ?
ਹੁਣ ਕੋਈ ਗਾਇਕ ਜਾਂ ਗੀਤਕਾਰ ਇਸ਼ਕ ਹਕੀਕੀ ਜਾਂ ਪਵਿੱਤਰ ਇਸ਼ਕ ਮਿਜਾਜ਼ੀ ਬਾਰੇ ਕਿਉਂ ਨਹੀਂ ਲਿਖਦਾ ਗਾਉਂਦਾ? ਜਦਕਿ ਇਸ ਉਲਟ ਇਸ਼ਕ ਮਿਜਾਜ਼ੀ ਨੂੰ ਕੇਵਲ ਕਾਮੁਕਤਾ ਨਾਲ ਭਰ ਕੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਿ ਅਸਿਹ ਹੈ। ਅੱਜ ਪੰਜਾਬੀ ਦੇ ਬਹੁਤੇ ਗੀਤ ਪਰਿਵਾਰ ਵਿੱਚ ਬੈਠ ਕੇ ਵੇਖਣ ਤਾਂ ਦੂਰ ਦੀ ਗੱਲ ਸੁਨਣ ਜੋਗੇ ਵੀ ਨਹੀਂ ਰਹੇ।
ਸੋ ਆਪਣੇ ਨੌਜਵਾਨ ਵਰਗ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਮੁਕੰਮਲ ਬਾਈਕਾਟ ਕਰੋ ਅਜਿਹੇ ਗੀਤਾਂ ਅਤੇ ਗੀਤਕਾਰਾਂ ਦਾ, ਜਾਂ ਫਿਰ ਦੁਨੀਆਂ ਤੇ ਦੇਸ਼ ਨੂੰ ਦੱਸਣਾ ਚਾਹੁੰਦੇ ਹਨ ਕਿ ਸਾਡੇ ਪੰਜਾਬ ਵਿੱਚ ਕੁੜੀਆਂ ਆਪਣੇ ਯਾਰ ਲਈ ਆਪਣੇ ਬਾਬੁਲ ਦੀ ਪੱਗ ਨੂੰ ਪੈਰਾਂ ਵਿੱਚ ਰੋਲਣ ਲਈ ਸਕਿੰਟ ਨਹੀਂ ਲਾਉਂਦੀਆਂ ਅਤੇ ਯਾਰ ਵੀ ਧਾੜਵੀ ਬਣ ਕੇ ਕੁੜੀ ਨੂੰ ਕਦੇ ਵੀ ਕੱਢ ਕੇ ਲਿਜਾ ਸਕਦਾ ਹੈ? ਜਾਂ ਫਿਰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਵਿੱਚ ਵਿਆਹ ਇੰਞ ਹੀ ਹੰਦੇ ਹਨ ਕਿ ਕੁੜੀ ਦੀ ਮੰਗਣੀ ਵੇਲੇ ਇੱਕ ਲੰਡੂ ਜਿਹਾ ਮੁੰਡਾ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਇੱਕ ਦੁਨਾਲੀ ਤੇ ਜੀਪ ਲਿਆ ਕੇ ਕਿਸੇ ਵੇਲੇ ਵੀ ਕਿਸੇ ਦੀ ਧੀ-ਭੈਣ ਕੱਢ ਕੇ ਲਿਜਾ ਸਕਦਾ ਹੈ? ਤ ਪੰਜਾਬੇ ਦੀਆਂ ਧੀਆਂ ਵੀ ਇਸ ਵਿੱਚ ਅੱਗੇ ਹੋ ਕੇ ਸ਼ਾਮਲ ਹੁੰਦੀਆਂ ਹਨ? ਕੀ ਪੰਜਾਬ ਵਿੱਚ ਕਾਨੂੰਨ, ਸੰਸਕਾਰ, ਰਸਮਾਂ ਰਿਵਾਜ਼ਾਂ, ਇੱਜ਼ਤ, ਅਣਖ ਅਤੇ ਗ਼ੈਰਤ ਨਾਮ ਦੀ ਚੀਜ਼ ਮੁੱਕ ਚੁੱਕੀ ਹੈ? ਨੌਜਵਾਨ ਵੀਰੋ ਅਤੇ ਭੈਣੋ! ਸਾਡੇ ਸਿਰਾਂ ਤੇ ਮੜ੍ਹੁੇ ਜਾ ਰਹੇ ਇਸ ਘਟੀਆਂ ਸੱਭਿਆਚਾਰ ਤੋਂ ਸੁਚੇਤ ਹੋਵੋ ਅਤੇ ਗੁੰਮਰਾਹ ਹੋਣ ਤੋਂ ਬੱਚੋ.. ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ।