ਸੁਰਜੀਤ ਸ਼ਾਮ ਦੀ ਚਾਹ ਧਰਨ ਲਈ ਚੁੱਲੇ ਕੋਲ੍ਹ ਗਈ ਹੀ ਸੀ ਕਿ ਚਰਨੋ ਝੀਰੀ ਘਬਰਾਈ ਜਿਹੀ ਆਈ ਅਤੇ ਆਉਂਦੀ ਹੀ ਬੋਲੀ, “ਕੁੜੇ ਬਹੂ, ਤੈਨੂੰ ਕੁਝ ਪਤਾ ਲੱਗਾ, ਲਹੌਰੀਆਂ ਦੀ ਕੁੜੀ ਗੋਗਾਂ ਮਰ ਗਈ।”
ਇਹ ਸੁਣ ਕੇ ਸੁਰਜੀਤ ਦੇ ਹੱਥੋਂ ਚਾਹ ਵਾਲਾ ਪਤੀਲਾ ਛੁੱਟ ਗਿਆ। ਉਸ ਨੇ ਅਜੇ ਪਰਸੋਂ ਪੜ੍ਹਨ ਜਾਂਦੀ ਗੋਗਾਂ ਨੂੰ ਦੇਖਿਆ ਸੀ। ਗੋਗਾਂ ਦੱਸਵੀ ਕਲਾਸ ਵਿਚ ਨਾਲ ਦੇ ਪਿੰਡ ਵਾਲੇ ਸਕੂਲ ਵਿਚ ਪੜ੍ਹਦੀ ਸੀ।
“ਤਾਈ, ਉਹਨੂੰ ਕੀ ਹੋਇਆ?” ਸੁਰਜੀਤ ਦੇ ਮੂੰਹੋਂ ਮਸੀਂ ਇਹ ਸ਼ਬਦ ਨਿਕਲੇ।
“ਭਾਈ, ਲੋਕੀ ਤਾਂ ਭਾਂਤ ਭਾਂਤ ਦੀਆਂ ਗੱਲਾਂ ਕਰਦੇ ਆ, ਮੈਂ ਤਾਂ ਸੁਣਿਆ ਪਈ ਲਹੌਰੀਆਂ ਨੇ ਆਪੇ ਹੀ ਮਾਰ ਦਿੱਤੀ।”
“ਉਹ ਕਾਹਤੋਂ।”
“ਆਪਣੇ ਨਾਲ੍ਹ ਵਾਲ੍ਹੇ ਟਿੱਬੀ ਪਿੰਡ ਦੇ ਮੁੰਡੇ ਨਾਲ ਬਦਨਾਮ ਹੋ ਗਈ ਸੀ ਅਤੇ ਗੱਲ ਜ਼ਿਆਦਾ ਵੱਧ ਜਾਣ ਕਰਕੇ ਘਰਦਿਆਂ ਨੇ ਉਸ ਦਾ ਫਾਹਾ ਵੱਢ ਦਿੱਤਾ।” ੳਦੋਂ ਹੀ ਹਰਨਾਮ ਕੌਰ ਵੀ ਖੂਹ ਨੂੰ ਚਾਹ ਲਿਜਾਣ ਲਈ ਪਹੁੰਚ ਗਈ। ਜਦੋਂ ਉਸ ਨੇ ਚਰਨੋ ਝੀਰੀ
ਨੂੰ ਦੇਖਿਆਂ ਤਾਂ ਆਉਂਦੀ ਬੋਲੀ, “ਚਰਨੋ, ਪਿੰਡ ਵਿਚ ਇਹ ਕੀ ਕਹਿਰ ਵਰਤ ਗਿਆ?”
“ਬੀਬੀ, ਕਹਿੰਦੇ ਨੇ ਨਾਂ, ਮੰਦੇ ਕੰਮੀਂ ਨਾਨਕਾ, ਜਦ ਕਦ ਮੰਦਾ ਹੋਇ’ ਚਰਨੋ ਨੇ ਕਿਹਾ।
“ਤਾਈ, ਤੈਨੂੰ ਇਸ ਤੁਕ ਦੇ ਮਤਲਬ ਦਾ ਪਤਾ ਹੈ।” ਸੁਰਜੀਤ ਨੇ ਪੁੱਛਿਆ।
ਬਚਨੋ ਨੇ ਸੁਰਜੀਤ ਨੂੰ ਸਵਾਲ ਦਾ ਜਵਾਬ ਦੇਣ ਦੀ ਥਾਂ ਹਰਨਾਮ ਕੌਰ ਨੂੰ ਸਵਾਲ ਕਰ ਦਿੱਤਾ, “ਬੀਬੀ , ਹੁਣ ਲਹੌਰੀਆਂ ਦੇ ਮਸੋਸ ਕਰਨ ਜਾਣਾਂ ਬਣਦਾ ਆ।”
“ਮੈ ਤਾਂ ਆਪਣੇ ਵਲੋਂ ਦਾਗ ਉੱਪਰ ਗਈ ਸਾਂ।” ਹਰਨਾਮ ਕੌਰ ਨੇ ਦੱਸਿਆ, “ਪਰ ਕੁੜੇ, ਉਹਨਾਂ ਤਾਂ ਤੜਕੇ ਹੀ ਕੁੜੀ ਨੂੰ ਅੱਗ ਦੇ ਦਿੱਤੀ।”
“ਆਹੋ, ਇਹ ਸਲਾਹ ਉਹਨਾਂ ਨੂੰ ਪੰਚਾਇਤ ਨੇ ਦਿੱਤੀ ਸੀ, ਪਈ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਦਾਗ ਦੇ ਦਿਉ।” ਚਰਨੋ ਨੇ ਪੂਰੀ ਜਾਣਕਾਰੀ ਦਿੰਦੇ ਕਿਹਾ, “ਨਹੀ ਤਾਂ ਪੁਲਸ ਨੇ ਉਹਨਾਂ ਨੁੰ ਵੀ ਖ਼ਰਾਬ ਕਰਨਾ ਸੀ ਅਤੇ ਲਾਸ਼ ਦਾ ਵੱਖ ਚੀਰ-ਪਾੜ ਕਰਦੇ।”
“ਇਹਨਾਂ ਗੱਲਾਂ ਕਰਕੇ ਕੁੜੀਆਂ ਤੋਂ ਡਰ ਲੱਗਦਾ ਹੈ।” ਹਰਨਾਮ ਕੌਰ ਨੇ ਹਉਕਾ ਭਰ ਕੇ ਕਿਹਾ ਅਤੇ ਨਾਲ ਹੀ ਆਪਣੀਆਂ ਪੋਤੀਆਂ ਵੱਲ ਦੇਖਿਆ।
“ਆਹ ਜਿਹੜਾ ਕੁੜੀਆਂ ਪੜ੍ਹਾਉਣ ਦਾ ਰਿਵਾਜ ਪੈ ਗਿਆ ਆ, ਰੰਡੀਆਂ ਇਸ ਕਰਕੇ ਵੀ ਵਿਗੜਦੀਆਂ ਜਾਂਦੀਆਂ ਨੇ।” ਚਰਨੋ ਨੇ ਪੜ੍ਹਨ ਵਾਲੀਆਂ ਸਾਰੀਆਂ ਕੁੜੀਆਂ ਨੂੰ ਹੀ ਮਾੜਾ ਦੱਸਿਆ।
“ਤਾਈ, ਪੜ੍ਹਦੀਆਂ ਸਾਰੀਆਂ ਕੁੜੀਆਂ ਹੀ ਨਹੀ ਮਾੜੀਆਂ। ਸੀਬੋ ਦੀ ਕੁੜੀ ਕੁੰਤੀ ਵੀ ਤਾਂ ਪੜ੍ਹਦੀ ਹੈ। ਬਥੇਰੀ ਅਕਲ ਵਾਲੀ ਹੈ।” ਸੁਰਜੀਤ ਨੇ ਕੁੰਤੀ ਦੀ ਸਿਫ਼ਤ ਕੀਤੀ।
“ਚਰਨੋ, ਮੈਨੂੰ ਤਾਂ ਪਤਾ ਲੱਗਾ ਕਿ ਲਹੌਰੀਆਂ ਨੇ ਉਹ ਟਿਬੀ ਪਿੰਡ ਵਾਲਾ ਮੁੰਡਾ ਵੀ ਨਹੀਂ ਛੱਡਣਾ।” ਹਰਨਾਮ ਕੌਰ ਨੇ ਕੁੰਤੀ ਵਾਲੀ ਗੱਲ ਅਨਸੁਣੀ ਕਰਕੇ ਨਵੀਂ ਗੱਲ ਤੋਰ ਲਈ। “ਟਿੱਬੀ ਵਾਲਿਆਂ ਦਾ ਸੁਨੇਹਾ ਵੀ ਲਹੌਰੀਆਂ ਨੂੰ ਆ ਗਿਆ ਪਈ ਪਿੰਡ ਵੜੇ ਤਾਂ ਲੱਤਾਂ ਵੱਢ ਦੇਵਾਂਗੇ, ਅਖੇ, ਆਪਣੀ ਕੁੜੀ ਸਾਂਭੀ ਨਹੀਂ ਗਈ ਮੁੰਡੇ ਨੂੰ ਡਰਾਵੇ ਦਿੰਦੇ ਆਂ।” ਚਰਨੋ ਨੇ ਦੱਸਿਆ।
“ਤਾਈ, ਗੋਗਾਂ ਤਾਂ ਮਾਰ ਦਿੱਤੀ ਪਈ ਉਹ ਪਿਉ ਭਰਾ ਦੀ ਇੱਜ਼ਤ ਰੋਲਦੀ ਸੀ, ਪਰ ਗੋਗਾਂ ਦਾ ਭਰਾ ਬੱਗਾ ਕੀ ਕੁਝ ਨਹੀ ਕਰਦਾ, ਉਹ ਨੂੰ ਕਿਸੇ ਨੇ ਕਦੀ ਝਿੜਕਿਆ ਵੀ ਨਹੀਂ ਲੱਗਦਾ।” ਸੁਰਜੀਤ ਨੇ ਨਵਾਂ ਸਵਾਲ ਚਰਨੋ ਦੇ ਨਾਲ ਹਰਨਾਮ ਕੌਰ ਨੂੰ ਵੀ ਪਾਇਆ।
“ਧੀਏ, ਤੈਨੂੰ ਚੰਗਾ ਭਲਾ ਪਤਾ ਪਈ ਬੱਗਾ ਮੁੰਡਾ ਹੈ, ਉਹਦਾ ਕੀ ਵਿਗੜਨਾ। ਨ੍ਹਾਤਾ ਧੋਤਾ ਇਕੋ ਜਿਹਾ।” ਚਰਨੋ ਨੇ ਮੁੰਡੇ ਕੁੜੀ ਦਾ ਫ਼ਰਕ ਸਾਫ ਹੀ ਦੱਸ ਦਿੱਤਾ।
“ਚਰਨੋ, ਇਹਦੇ ਖਾਨੇ ਹਾਅ ਗੱਲ ਪੈਂਦੀ ਹੀ ਨਹੀਂ, ਕਈ ਵਾਰੀ ਇਹ ਆਪਣੀਆਂ ਕੁੜੀਆਂ ਨੂੰ ਵੀ ਮੇਰੇ ਪੋਤੇ ਵਾਂਗ ਹੀ ਮੱਖਣ ਚਾਰੂਗੀ, ਇਹਨੂੰ ਮੁੰਡੇ ਕੁੜੀ ਦੇ ਅੰਤਰ ਦਾ ਹੀ ਪਤਾ ਨਹੀ ਲੱਗਦਾ।” ਹਰਨਾਮ ਕੌਰ ਨੇ ਆਪਣੇ ਘਰ ਦੀ ਮਿਸਾਲ ਦਿੱਤੀ।
“ਕੁੜੀ ਵੀ ਮੁੰਡੇ ਵਾਂਗ ਰੱਬ ਦਾ ਹੀ ਜੀਅ ਹੈ।” ਸੁਰਜੀਤ ਚਾਹ ਡੋਲੂ ਵਿਚ ਪਾਉਂਦੀ ਹੌਲ੍ਹੀ ਜਿਹੀ ਬੋਲੀ, “ਪਤਾ ਨਹੀਂ ਆਪਾਂ ਕਿਉਂ ਫ਼ਰਕ ਪਾ ਲਈਦਾ।”
“ਫ਼ਰਕ ਤਾਂ ਰੱਬ ਨੇ ਵੀ ਇਨਾਂ ਨਾਲ ਪਾਇਆ ਹੈ।” ਹਰਨਾਮ ਕੌਰ ਦੱਸਦੀ, “ਮਨੁੱਖ ਹਰ ਪੱਖੋਂ ਕਿੰਨਾ ਤਕੜਾ ਹੁੰਦਾ ਹੈ ਅਤੇ ਔਰਤ ਕਮਜ਼ੋਰ ਅਤੇ ਨਾਲ ਆਹ ਜਿਹੜਾ ਹਰ ਮਹੀਨੇ ਤੀਵੀਆਂ ਨੂੰ ਫਾਹਾ ਉਹ।”
ਸੁਰਜੀਤ ਨੇ ਚੁੱਪ ਹੋ ਜਾਣ ਵਿਚ ਹੀ ਭਲੀ ਸਮਝੀ ਅਤੇ ਹਰਨਾਮ ਕੌਰ ਵੀ ਚਾਹ ਲੈ ਕੇ ਖੂਹ ਨੂੰ ਤੁਰ ਪਈ। ਚਰਨੋ ਦੇ ਜਾਣ ਤੋਂ ਬਾਅਦ ਸੁਰਜੀਤ ਲਹੌਰੀਆਂ ਦੀ ਗੋਗਾਂ ਬਾਰੇ ਸੋਚ ਕੇ ਡਰ ਗਈ। ਉਸ ਨੇ ਦੋਵੇ ਹੱਥ ਰੱਬ ਅੱਗੇ ਜੋੜ ਲਏ ਅਤੇ ਅਰਦਾਸ ਕਰਨ ਲੱਗੀ,
“ਹੇ ਵਾਹਿਗੁਰੂ ਜੇ ਮੈਨੂੰ ਤੈਂ ਧੀਆਂ ਦਿੱਤੀਆਂ ਹਨ ਤਾਂ ਇੱਜ਼ਤ ਵੀ ਨਾਲ ਹੀ ਬਖਸ਼ੀ।” ਫਿਰ ਇਕਦਮ ਉਸ ਦਾ ਧਿਆਨ ਰਾਤ ਦੇ ਰੋਟੀ-ਟੁੱਕ ਵੱਲ ਹੋ ਗਿਆ। ਵੱਡੀ ਕੁੜੀ ਦੀਪੀ ਦੇ ਅੱਗੇ ਚਾਹ ਵਾਲੇ ਭਾਂਡੇ ਧੋਣ ਨੂੰ ਰੱਖ ਦਿੱਤੇ ਅਤੇ ਆਪ ਸਬਜ਼ੀ ਕੱਟਣ ਲੱਗ ਪਈ।
“ਮੇਰੀ ਹਰੀ ਪੱਗ ਧੋ ਦਿੱਤੀ ਕਿ ਨਹੀ।” ਬਾਹਰੋਂ ਆਉਂਦਾ ਹੀ ਮੁਖਤਿਆਰ ਬੋਲਿਆ, “ਤੈਨੂੰ ਪਤਾ ਹੈ ਕਿ ਕੱਲ ਨੂੰ ਮੈਂ ਤੂਤ ਵਾਲਿਆਂ ਦੇ ਮੁੰਡੇ ਦੀ ਬਰਾਤ ਜਾਣਾ ਹੈ।”
“ਪੱਗ ਵੀ ਧੋਤੀ ਪਈ ਏ ਅਤੇ ਨਾਲ ਚਾਦਰਾ ਵੀ।”
“ਅੱਛਾ, ਹੁਣ ਤਾਂ ਬੜੀ ਸਿਆਣੀ ਹੋ ਗਈ ਏਂ।” ਮੁਖਤਿਆਰ ਟਿੱਚਰ ਕੀਤੀ।
“ਸਿਆਣੀ ਤਾਂ ਮੈਂ ਪਹਿਲਾਂ ਹੀ ਸੀ, ਪਰ ਤੁਸੀਂ ਅਤੇ ਤੁਹਾਡੇ ਟੱਬਰ ਨੇ ਮੈਨੂੰ ਕਮਲ੍ਹੀ ਬਣਾ ਦਿੱਤਾ।
“ਅੱਛਾ ਅੱਛਾ, ਹੁਣ ਲੜਾਈ ਦੀਆਂ ਗੱਲਾਂ ਨਾ ਛੇੜੀਂ। ਮੁਖਤਿਆਰ ਇਹ ਕਹਿ ਕੇ ਰੇਡੀਉ ਸੁਣਨ ਲੱਗ ਪਿਆ। ਘੰਟੇ ਕੁ ਬਾਅਦ ਉਸ ਨੇ ਰੇਡੀਉ ਬੰਦ ਕਰ ਦਿੱਤਾ। ਕਿਉਂਕਿ ਪਿੰਡ ਦੇ ਲਹਿੰਦੇ ਵਾਲੇ ਪਾਸਿਉ ਰੌਲਾ ਪੈਂਦਾ ਸੁਣਿਆ।
“ਸੁਰਜੀਤ, ਤੂੰ ਰੋਟੀ ਪਾ ਕੇ ਰੱਖੀਂ, ਮੈਂ ਜ਼ਰਾ ਦੇਖ ਕੇ ਆਵਾਂ ਆਹ ਰੌਲ੍ਹਾ ਕਾਹਤੇ ਪੈਂਦਾ ਆ।” ਇਹ ਕਹਿ ਕੇ ਮੁਖਤਿਆਰ ਮੰਜੇ ਤੋਂ ਉਠ ਕੇ ਬਾਹਰ ਨੂੰ ਜਾਣ ਲੱਗਾ।
“ਨਾ ਜੀ, ਤੁਸੀਂ ਨਾ ਜਾਉ, ਲੱਗਦਾ ਹੈ ਵਿਆਹ ਵਾਲੇ ਘਰ ਲੜਾਈ ਹੋ ਰਹੀ ਆ।”
ੳਦੋਂ ਹੀ ਬਾਲਮੀਕੀਆਂ ਦਾ ਤਾਰਾ ਰੋਟੀ ਲੈਣ ਆ ਗਿਆ।
“ਤਾਰਿਆ, ਆਹ ਰੌਲ੍ਹਾ ਜਿਹਾ ਵਿਆਹ ਵਾਲਿਆਂ ਦੇ ਘਰ ਪੈਂਦਾ ਹੈ, ਤੂੰ ਉਹਨਾਂ ਦੇ ਬੂਹੇ ਅੱਗੋਂ ਲੰਘ ਕੇ ਆਇਆ ਹੋਣਾ ਏਂ।” ਸੁਰਜੀਤ ਨੇ ਪੁੱਛਿਆ।
“ਆਹੋ। ਭਾਬੀ, ਤੂਤ ਵਾਲਿਆਂ ਦੀ ਅਤੇ ਲੰਬੜਾ ਦੀ ਆਪਸ ਵਿਚ ਲੜਾਈ ਹੋ ਪਈ।”
“ਹੈਂ , ਉਹ ਕਿਉਂ?”
“ਵਿਆਹ ਵਾਲੇ ਸਵੇਰ ਦਾ ਲਾਊਡ ਸਪੀਕਰ ਉੱਪਰ ਵਾਰ ਵਾਰ ਇਕ ਹੀ ਗਾਣਾ ਵਜਾਉਂਦੇ ਸੀਗੇ, ਜਿਸ ਤੋਂ ਲੰਬੜ ਖਿੱਝ ਪਏ।”
“ਕਿਹੜੇ ਗਾਣੇ ਤੋਂ?”
“ਨੈਣ ਪ੍ਰੀਤੋ ਦੇ ਬਹਿ ਜਾ ਬਹਿ ਜਾ ਕਰਦੇ।”
“ਫਿਟੇ ਮੂੰਹ ਤੂਤ ਵਾਲਿਆ ਦਾ, ਉਹਨਾਂ ਨੂੰ ਨਹੀ ਪਤਾ ਕੇ ਲੰਬੜਾ ਦੀ ਵਿਚਲੀ ਕੁੜੀ ਦਾ ਨਾਮ ਪ੍ਰੀਤੋ ਹੈ।”
“ਤਾਹੀਉਂ ਤਾ ਫਿਰ ਡੰਡਾ ਖੜਕਿਆ, ਹੁਣ ਇਹ ਗੱਲ ਠਾਣੇ ਜਾ ਕੇ ਹੀ ਨਿਬੜੂ।”
“ਚੱਲ ਛੱਡ ਇਹਨਾ ਗੱਲਾਂ ਨੂੰ, ਤੂੰ ਰੋਟੀ ਪਾ, ਨਾਲੇ ਤਾਰੇ ਨੂੰ ਵੀ ਫੜਾ ਦੇ, ਸਵੇਰ ਦਾ ਦਿਹਾੜੀ ਲਾ ਕੇ ਥੱਕ ਗਿਆ ਹੋਵੇਗਾ, ਜਾ ਕੇ ਇਹ ਵੀ ਅਰਾਮ ਕਰੇ।” ਮੁਖਤਿਆਰ ਇਹ ਕਹਿ ਕੇ ਮੰਜੇ ਉੱਪਰ ਫਿਰ ਬੈਠ ਗਿਆ।