ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਾਂਗਰਸ ਵੱਲੋ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਲੜਨ ਦਾ ਬਾਈਕਾਟ ਕੀਤੇ ਜਾਣ ਦਾ ਸੁਆਗਤ ਕਰਦਿਆਂ ਕਿਹਾ ਕਿ ਮਰ ਚੁੱਕੀ ਜ਼ਮੀਰ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੀ ਚਾਹੀਦਾ ਹੈ ਕਿ ਉਹ ਵੀ ਚੋਣ ਦਾ ਬਾਈਕਾਟ ਕਰਕੇ ਜਿਸ ਘਟਨਾ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨੂੰ ਮੁੱਖ ਰੱਖ ਕੇ ਰਮਨਜੀਤ ਸਿੰਘ ਸਿੱਕੀ ਨੇ ਅਸਤੀਫਾ ਦਿੱਤਾ ਸੀ ਪਹਿਲਾਂ ਉਸ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ।
ਜਾਰੀ ਇੱਕ ਬਿਆਨ ਰਾਹੀ ਸ੍ਰ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ, ਤਖਤਾਂ ਦੇ ਜਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਦਿੱਤੀ ਗਈ ਮੁਆਫੀ ਤੇ ਸਿੱਖ ਪੰਥ ਵਿੱਚ ਵਿਸ਼ੇਸ਼ ਮਹੱਤਤਾ ਰੱਖਦੇ ਪੰਜ ਪਿਆਰਿਆਂ ਦੇ ਖਿਲਾਫ ਕੀਤੀ ਗਈ ਕਾਰਵਾਈ ਨੂੰ ਮੁੱਖ ਰੱਖ ਕੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਅਸਤੀਫਾ ਦੇ ਕੇ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ, ਪੰਥ ਦੋਖੀ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਤਖਤਾਂ ਦੇ ਜਥੇਦਾਰਾਂ ਨੂੰ ਲਾਂਭੇ ਕਰਨ ਤੇ ਪੰਜ ਪਿਆਰਿਆਂ ਦੀ ਆਣ ਤੇ ਸ਼ਾਨ ਨੂੰ ਬਹਾਲ ਰੱਖਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਪਰ ਅੱਜ ਤੱਕ ਉਪਰਕੋਤ ਤਿੰਨ ਮਾਮਲਿਆਂ ਵਿੱਚ ਕਿਸੇ ਇੱਕ ਮਾਮਲੇ ਵਿੱਚ ਵੀ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਹੈ ਸਗੋਂ ਪੰਜ ਪਿਆਰਿਆ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਬਰਖਾਸਤ ਕਰਕੇ ਸਾਬਤ ਕਰ ਦਿੱਤਾ ਕਿ ਗੁਰੂ ਦੀ ਗੋਲਕ ਦਾ ਧਾਨ ਖਾ ਖਾ ਕੇ ਇਹਨਾਂ ਦੀ ਮੱਤ ਮਾਰੀ ਜਾ ਚੁੱਕੀ ਹੈ ਤੇ ਇਹਨਾਂ ਨੂੰ ਪੰਥਕ ਮਰਿਆਦਾ ਵੀ ਭੁੱਲ ਗਈ ਹੈ।
ਉਹਨਾਂ ਕਿਹਾ ਕਿ ਸਿੱਕੀ ਨੇ ਪਹਿਲਾਂ ਵਿਧਾਇਕ ਦੇ ਆਹੁਦੇ ਤੋਂ ਰੋਸ ਵਜੋਂ ਅਸਤੀਫੇ ਦੇ ਕੇ ਤੇ ਫਿਰ ਚੋਣ ਲੜਨ ਤੋਂ ਇਨਕਾਰ ਕਰਕੇ ਸਾਬਤ ਕਰ ਦਿੱਤਾ ਕਿ ਸਿੱਖ ਪੰਥ ਵਿੱਚ ਅੱਜ ਵੀ ਸਿੱਖ ਧਰਮ ਤੇ ਸਿੱਖੀ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਲਈ ਸੱਤਾ ਨੂੰ ਤਿਲਾਜ਼ਲੀ ਦੇਣ ਵਾਲੇ ਮੌਜੂਦ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਨੇ ਧਰਮ ਦਾ ਬੁਰਕਾ ਪਾ ਕੇ ਸਿਰਫ ਸਿੱਖਾਂ ਨੂੰ ਗੁੰਮਰਾਹ ਕਰਕੇ ਹੀ ਸੱਤਾ ਦਾ ਅਨੰਦ ਮਾਣਿਆ ਹੈ, ਕੋਲੋਂ ਸਿੱਖ ਕੌਮ ਨੂੰ ਕੋਈ ਵੀ ਭਲਾਈ ਦੀ ਆਸ ਨਹੀਂ ਰੱਖਣੀ ਚਾਹੀਦੀ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰਤੀ ਭਰ ਵੀ ਸਤਿਕਾਰ ਹੁੰਦਾ ਤਾਂ ਉਹ ਪਹਿਲਾਂ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਨੂੰਨ ਦੇ ਹਵਾਲੇ ਕਰਦੇ ਪਰ ਸ੍ਰ. ਬਾਦਲ ਨੂੰ ਗੁਰੂ ਦੀ ਅਜ਼ਮਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਹ ਤਾਂ ਸਿਰਫ ਸੱਤਾ ਦੇ ਵਪਾਰੀ ਹਨ।
ਉਹਨਾਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮੱਰਪਿਤ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ‘ਤੇ ਪਹਿਰਾ ਦਿੰਦੇ ਹੋਏ ਬਾਦਲ ਦਲ ਦੇ ਉਮੀਦਵਾਰ ਨੂੰ ਵੋਟ ਨਾ ਪਾਉਣ ਤੇ ਵੋਟਾਂ ਮੰਗਣ ਆਉਣ ਵੇਲੇ ਬਾਦਲ ਮਾਰਕਾ ਆਗੂਆਂ ਨੂੰ ਇਹ ਜਰੂਰ ਪੁੱਛਣ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਨੂੰ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਣ ਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਬਾਦਲ ਦਲ ਦੇ ਉਮੀਦਵਾਰ ਰਾਵਿੰਦਰ ਸਿੰਘ ਬ੍ਰਹਮਪੁਰਾ ਨੂੰ ਕਿਸੇ ਵੀ ਸੂਰਤ ਵਿੱਚ ਵੋਟ ਨਾ ਪਾ ਕੇ ਆਪਣਾ ਰੋਸ ਪ੍ਰਗਟ ਕਰਨਗੀਆਂ ਅਤੇ ਖਡੂਰ ਸਾਹਿਬ ਤੋਂ ਕਿਸੇ ਪੰਥਕ ਦਿੱਖ ਵਾਲੇ ਉਮੀਦਵਾਰ ਨੂੰ ਹੀ ਵੋਟ ਪਾਈ ਜਾਵੇਗੀ। ਉਹਨਾਂ ਕਿਹਾ ਕਿ ਫੈਸਲਾ ਖਡੂਰ ਸਾਹਿਬ ਦੀ ਸੰਗਤ ਨੇ ਕਰਨਾ ਹੈ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਨੀ ਹੈ ਜਾਂ ਫਿਰ ਬਾਦਲ ਦੇ ਹੱਥ ਵਿੱਚ ਸੱਤਾ ਦਾ ਗੁਰਜ ਫੜਾ ਕੇ ਸਿੱਖ ਧਰਮ ਤੇ ਸਿੱਖੀ ਦਾ ਹੋਰ ਘਾਣ ਕਰਵਾਉਣਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਸਿੱਖੀ ਕਿਰਦਾਰ ਵਾਲੇ ਅਕਸ ਵਾਲੇ ਵਿਅਕਤੀ ਹਨ ਤੇ ਉਹਨਾਂ ਨੇ ਇੱਕ ਵਾਰੀ ਨਹੀਂ ਸਗੋਂ ਗੁਰੂ ਸਾਹਿਬ ਦੀ ਹੋਈ ਤੌਹੀਨ ਨੂੰ ਲੈ ਕੇ ਕਈ ਵਾਰੀ ਸੱਤਾ ਨੂੰ ਲੱਤ ਮਾਰੀ ਹੈ ਤੇ ਹੁਣ ਵੀ ਉਹਨਾਂ ਨੇ ਚੋਣ ਨਾ ਲੜਨ ਦਾ ਫੈਸਲਾ ਕਰਕੇ ਦਰਸਾ ਦਿੱਤਾ ਹੈ ਕਿ ਉਹ ਗੁਰੂ ਸਾਹਿਬ ਨੂੰ ਸਮੱਰਪਿੱਤ ਹਨ ਅਤੇ ਸ੍ਰੀ ਗੁਰੂ ਸਾਹਿਬ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਨੂੰ ਜੇਲ੍ਹ ਦੀਆ ਸਲਾਖਾਂ ਪਿੱਛੇ ਵੇਖਣਾ ਚਾਹੁੰਦੇ ਹਨ।