ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਦੀ ਸੋਸਲ ਮੀਡੀਆ ’ਤੇ ਚਲ ਰਹੀ ਬਨਾਵਟੀ ਵੀਡੀਓ ਤੇ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਕਮੇਟੀ ਨੇ ਸਰਨਾ ਕੋਲ ਮੁਦਿਆਂ ਦੀ ਘਾਟ ਹੋਣ ਨਾਲ ਜੋੜਿਆ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਸਿਆਸਤ ਦਾ ਮਿਆਰ ਕਿਨ੍ਹਾਂ ਗਿਰ ਚੁੱਕਿਆ ਹੈ ਇਸ ਦਾ ਅੰਦਾਜਾ ਇਸ ਗਲ ਨਾਲ ਲਗ ਜਾਂਦਾ ਹੈ ਕਿ ਅੱਜ ਸਰਨਾ ਨੂੰ ਸਿਆਸੀ ਮੁਫਾਦ ਲਈ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਇਰਾਦਤਨ ਕਮੇਟੀ ਪ੍ਰਬੰਧਕਾਂ ਨੂੰ ਬਦਨਾਮ ਕਰਨ ਲਈ ਕੋਝੀ ਹਰਕਤ ਕਰਕੇ ਕਟ-ਪੇਸ਼ਟ ਤਰੀਕੇ ਦੀ ਵਰਤੋਂ ਕਰਦੇ ਹੋਏ ਬਣਾਈ ਗਈ ਕਾਲਪਨਿਕ ਵੀਡੀਓ ਦਾ ਸਹਾਰਾ ਆਪਣੀ ਸਿਆਸੀ ਜਮੀਨ ਨੂੰ ਬਚਾਉਣ ਵਾਸਤੇ ਕਰਨਾ ਪੈ ਰਿਹਾ ਹੈ।
ਸਰਨਾ ਦੀ ਲਚਾਰਗੀ ਨਾਲ ਇਸ ਮੁੱਦੇ ਨੂੰ ਜੋੜਦੇ ਹੋਏ ਪਰਮਿੰਦਰ ਨੇ ਹਿਤ ਵੱਲੋਂ ਇਸ ਵੀਡੀਓ ਬਾਰੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਦੋ ਦਿਨ ਪਹਿਲੇ ਭੇਜੇ ਗਏ ਪੱਤਰ ਅਤੇ ਸ਼ੋਸਲ ਮੀਡੀਆ ’ਤੇ ਦਿੱਤੇ ਗਏ ਸਪਸ਼ਟੀਕਰਨ ਦਾ ਵੀ ਹਵਾਲਾ ਦਿੱਤਾ। ਪਰਮਿੰਦਰ ਨੇ ਕਿਹਾ ਕਿ ਹਿਤ ਨੇ ਇਸ ਮਸਲੇ ’ਚ ਉਨ੍ਹਾਂ ਦੇ ਖਿਲਾਫ ਗਹਿਰੀ ਸਾਜਿਸ਼ ਹੋਣ ਦਾ ਖਦਸਾ ਜਤਾਉਂਦੇ ਹੋਏ ਇਸ ਦੇ ਪਿੱਛੇ ਸਿਆਸੀ ਵਿਰੋਧੀਆਂ ਦਾ ਹੱਥ ਹੋਣ ਦਾ ਕਥਿਤ ਦੋਸ਼ ਲਗਾਇਆ ਹੈ। ਜਿਸਤੋਂ ਬਾਅਦ ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਵੱਲੋਂ ਇਸ ਬਾਰੇ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੂੰ ਸਬੂਤਾਂ ਨੂੰ ਨੱਥੀ ਕਰਕੇ ਸ਼ਿਕਾਇਤ ਭੇਜੀ ਜਾ ਰਹੀ ਹੈ ਤੇ ਉਕਤ ਸਿਕਾਇਤ ’ਤੇ ਕਾਰਵਾਈ ਹੋਣ ਦੇ ਬਾਅਦ ਇਸ ਮਸਲੇ ’ਚ ਦੋਸ਼ੀ ਸਾਰੇ ਲੋਕਾਂ ਦੇ ਕਾਨੂੰਨੀ ਸ਼ਿਕੰਜੇ ’ਚ ਕਾਬੂ ਹੋਣ ਦਾ ਰਾਹ ਪਧਰਾ ਹੋ ਜਾਵੇਗਾ।
ਪਰਮਿੰਦਰ ਨੇ ਕਿਹਾ ਕਿ ਅੱਜ ਸਰਨਾ ਨੇ 1984 ਸਿੱਖ ਕਤਲੇਆਮ ਦੇ ਬਾਰੇ ਵੀ ਗਲਤ ਬਿਆਨੀ ਕਰਕੇ ਆਪਣੇ ਆਪ ਨੂੰ ਕਾਂਗਰਸ ਦਾ ਸਮਰਥਕ ਹੋਣ ਦੇ ਆਪਣੇ ਪੁਰਾਣੇ ਦਾਅਵੇ ਨੂੰ ਵੀ ਪੁਖਤਾ ਕਰ ਦਿੱਤਾ ਹੈ। ਮਾਰਚ 2015 ਦੌਰਾਨ ਸੀ.ਬੀ.ਆਈ. ਵੱਲੋਂ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਣ ਤੋਂ ਬਾਅਦ ਦਿੱਲੀ ਕਮੇਟੀ ਦੀ ਚੁੱਪੀ ਬਾਰੇ ਸਰਨਾ ਵੱਲੋਂ ਕੀਤੀ ਗਈ ਬਿਆਨਬਾਜੀ ਨੂੰ ਵੀ ਪਰਮਿੰਦਰ ਨੇ ਝੂਠ ਦਾ ਪੁਲਿੰਦਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਨੇ ਜਿਥੇ ਸੀ.ਬੀ.ਆਈ.ਦੇ ਫੈਸਲੇ ਤੋਂ ਬਾਅਦ ਸੀ.ਬੀ.ਆਈ. ਹੈਡਕੁਆਟਰ ’ਤੇ ਰੋਸ਼ ਪ੍ਰਦਰਸ਼ਨ ਕੀਤਾ ਸੀ ਉਥੇ ਹੀ ਅਦਾਲਤ ’ਚ ਸੀ.ਬੀ.ਆਈ. ਦਾ ਫੈਸਲਾ ਗਲਤ ਹੋਣ ਦੀ ਦਲੀਲ ਦੇ ਕੇ ਕੋਰਟ ਦੇ ਸਾਹਮਣੇ 2 ਨਵੇਂ ਗਵਾਹ ਪੇਸ਼ ਕਰਦੇ ਹੋਏ ਟਾਈਟਲਰ ਦੀ ਕਲੀਨ ਚਿੱਟ ਰੱਦ ਕਰਵਾਈ ਸੀ।
ਦਿੱਲੀ ਕਮੇਟੀ ਦੀਆਂ ਐਫ.ਡੀ. ਆਰ. ਬਾਰੇ ਸਰਨਾ ਵੱਲੋਂ ਖਦਸਿਆਂ ਦੀ ਵਜਾਈ ਜਾ ਰਹੀ ਪੁਰਾਣੀ ਤੂਤੀ ਦੀ ਪੋਲ ਅਗਲੇ ਹਫਤੇ ਪ੍ਰੈਸ ਕਾਨਫਰੰਸ ਦੌਰਾਨ ਕਮੇਟੀ ਵੱਲੋਂ ਖੋਲਣ ਦੀ ਵੀ ਪਰਮਿੰਦਰ ਨੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਸਰਨਾ ਮੁੱਦਿਆਂ ਦੀ ਰਾਜਨੀਤੀ ਕਰਨ ਦੇ ਥਾਂ ਤੇ ਝੂਠ ਅਤੇ ਕੁਫਰ ਦੇ ਸਹਾਰੇ ਸਿਆਸਤ ਕਰਕੇ ਸੰਗਤ ਨੂੰ ਬੇਵਕੂਫ ਨਹੀਂ ਬਣਾ ਸਕਦੇ ਹਨ।