ਪੰਜਾਬ ਦੇ ਭਵਿੱਖ ਵਿੱਚ ਹੋਣ ਵਾਲੀ 2017 ਦੀ ਵਿਧਾਨ ਸਭਾ ਦੀਆਂ ਚੋਣਾਂ ਦਾ ਸੈਮੀ ਫਾਈਨਲ ਮੰਨੀ ਜਾਣੀ ਵਾਲੀ ਚੋਣ ਦਿਲਚਸਪ ਮੋੜ ਤੇ ਹੈ ਅਤੇ ਇਸ ਚੋਣ ਦਾ ਨਤੀਜਾ ਵੀ ਹੈਰਾਨੀ ਜਨਕ ਅਤੇ ਰਾਹ ਦਸੇਰਾ ਹੋਵੇਗਾ। ਪਿੱਛਲੇ ਮਹੀਨੇ ਚੋਣ ਸਰਗਰਮੀ ਵਿੱਚ ਹਿੱਸਾ ਲੈਦਿਆਂ ਅਠਾਰਾਂ ਦਿਨ ਇਸ ਹਲਕੇ ਦੇ ਪਿੰਡਾਂ ਵਿੱਚ ਕੰਮ ਕਰਦਿਆਂ ਬਹੁਤ ਸਾਰੇ ਲੋਕ ਮਨਾਂ ਨੂੰ ਟੋਹਣ ਦਾ ਮੌਕਾ ਮਿਲਿਆ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਕਾਰਜ ਸੈਲੀ ਨੂੰ ਵੀ ਨੇੜਿਉਂ ਦੇਖਣ ਕਰਕੇ ਕੁੱਝ ਸੰਕੇਤ ਮਿਲਦੇ ਹਨ ਜੇ ਉਹ ਸਹੀ ਸਿੱਧ ਹੋਏ ਤਾਂ ਸਥਿਤੀ ਕੁੱਝ ਇਹੋ ਜਿਹੀ ਹੋਣ ਦੀ ਆਸ ਹੈ ਜਿਸਦਾ ਨਤੀਜਾ ਹੈਰਾਨ ਕੁੰਨ ਵੀ ਹੋ ਸਕਦਾ ਹੈ। ਦੂਰੋਂ ਦੇਖਿਆਂ ਬਹੁਤੇ ਵਿਸਲੇਸਕ ਅਕਾਲੀ ਦਲ ਨੂੰ ਇੱਕਪਾਸੜ ਜਿੱਤ ਦਾ ਦਾਅਵੇਦਾਰ ਸਮਝਣ ਲੱਗੇ ਹਨ ਪਰ ਅਸਲੀਅਤ ਵਿੱਚ ਸਥਿਤੀ ਇਹੋ ਜਿਹੀ ਹੈ ਨਹੀਂ। ਬ੍ਰਹਮਪੁਰਾ ਪਰੀਵਾਰ ਦੀ ਹੱਦ ਦਰਜੇ ਦੀ ਦਾਦਾਗਿਰੀ ਤੋਂ ਡਰਦੇ ਲੋਕ ਭਾਵੇਂ ਬੋਲਣ ਦੱਸਣ ਤੁਰਨ ਤੋਂ ਵੀ ਗੁਰੇਜ ਕਰਦੇ ਹਨ ਪਰ ਥੋੜਾ ਜਿਹਾ ਪਿਆਰ ਬਣਾਕਿ ਫਰੋਲਣ ਤੇ ਅਕਾਲੀ ਦਲ ਪ੍ਰਤੀ ਨਫਰਤ ਦਾ ਵਿਖਾਵਾ ਵੀ ਖੂਬ ਕਰਦੇ ਹਨ। ਕਾਂਗਰਸ ਦੇ ਉਮੀਦਵਾਰ ਰਮਨਜੀਤ ਸਿੱਕੀ ਨੂੰ ਇੱਕ ਵੀ ਵਿਅਕਤੀ ਮਾੜਾ ਬੋਲਦਾ ਨਹੀਂ ਮਿਲਿਆ ਪਰ ਕੁੱਝ ਸਿਆਣੇ ਲੋਕ ਉਸਦੀ ਨਰਮਾਈ ਨੂੰ ਜਰੂਰ ਲਾਹੇਵੰਦਾ ਨਹੀਂ ਮੰਨਦੇ ਜੋ ਅਕਾਲੀ ਦਲ ਦੇ ਦਬਾਅ ਨੂੰ ਉਪਜਣ ਦੇਣ ਦਾ ਕਾਰਨ ਮੰਨਦੇ ਹਨ। ਅਕਾਲੀ ਦਲ ਦਾ ਦਬਾਅ ਅਫਸਰ ਸ਼ਾਹੀ ਅਤੇ ਆਮ ਲੋਕਾਂ ਤੇ ਵੀ ਵਿਖਾਈ ਦਿੰਦਾ ਹੈ। ਕੁੱਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਅਫਸਰ ਸ਼ਾਹੀ ਅਕਾਲੀ ਅਹੁਦੇਦਾਰਾਂ ਅੱਗੇ ਆਪਣੀ ਨਿਸਚਿਤ ਕੁਰਸੀ ਤੇ ਵੀ ਬੈਠਣ ਦੀ ਹਿੰਮਤ ਨਹੀਂ ਕਰਦੇ ਕਈ ਵਾਰ ਤਾਂ ਅਕਾਲੀ ਦਲ ਦੇ ਆਗੂ ਵੱਡੇ ਅਫਸਰਾਂ ਦੀ ਕੁਰਸੀ ਤੇ ਵੀ ਖੁਦ ਬੈਠ ਜਾਂਦੇ ਹਨ ਹੋ ਸਕਦਾ ਇਹ ਗਲਤ ਹੋਵੇ ਪਰ ਆਮ ਲੋਕਾਂ ਪੱਤਰਕਾਰਾਂ ਅਤੇ ਸਿਆਣੇ ਲੋਕਾਂ ਵਿੱਚ ਇਸ ਨੂੰ ਸੱਚ ਕਰਕੇ ਮੰਨਿਆ ਜਾਂਦਾ ਹੈ।
ਵਰਤਮਾਨ ਸਮੇਂ ਉਸ ਹਲਕੇ ਵਿੱਚ ਕਾਂਗਰਸ ਦੇ ਦੋ ਧੜੇ ਹਨ ਜਿਸ ਵਿੱਚ ਅਮਰਿੰਦਰ ਸਿੰਘ ਅਤੇ ਬਾਜਵਾ ਧੜਾ ਹੈ। ਭੁਪਿੰਦਰ ਸਿੰਘ ਬਿੱਟੂ ਸਾਬਕਾ ਚੋਣ ਕਮਿਸਨਰ ਮਨੋਹਰ ਸਿੰਘ ਗਿੱਲ ਦਾ ਰਿਸ਼ਤੇਦਾਰ ਜਾਂ ਨਜ਼ਦੀਕੀ ਹੈ। ਇਹੋ ਜਿਹੇ ਹਾਲਤਾਂ ਵਿੱਚ ਅਮਰਿੰਦਰ ਸਿੰਘ ਦਾ ਖਡੂਰ ਸਾਹਿਬ ਵਿੱਚ ਪੈਨਲਟੀ ਸਟਰੋਕ ਹੈ ਸਿੱਕੀ ਨੂੰ ਬਿਠਾਉਣਾ ਜਿਸਨੂੰ ਇੱਕ ਮਜ਼ਬੂਤ ਵਿਰੋਧੀ ਭੁਪਿੰਦਰ ਬਿੱਟੂ ਦੇ ਵਿਰੋਧ ਕਾਰਨ ਹਾਰਨਾ ਪੈਣਾ ਸੀ ਅਤੇ ਸਿੱਧੇ ਤੌਰ ਤੇ ਕਾਂਗਰਸ ਦਾ ਕੋਈ ਉਮੀਦਵਾਰ ਨਹੀਂ ਪਰ ਹੁਣ ਅਸਿੱਧੇ ਤੌਰ ਤੇ ਕਾਂਗਰਸ ਦਾ ਇੱਕ ਉਮੀਦਵਾਰ ਵੀ ਹੈ ਬਿੱਟੂ ਜਿਸਨੇ ਆਪਣੇ ਰਿਸ਼ਤੇਦਾਰ ਸਾਬਕਾ ਚੋਣ ਕਮਿਸ਼ਨਰ ਦੇ ਐਮਪੀ ਖਾਤੇ ਦੇ 25 ਕਰੋੜ ਰੁਪਏ ਗਰਾਂਟਾਂ ਰੂਪ ਵਿੱਚ ਵੰਡੇ ਹਨ ਅਤੇ ਸਿੱਕੀ ਨਾਲੋਂ ਜਿਆਦਾ ਰਾਬਤਾ ਲੋਕਾਂ ਨਾਲ ਬਣਾਈ ਰੱਖਿਆ ਹੈ । ਹੋ ਸਕਦਾ ਗਰਾਂਟਾਂ ਵੰਡਣ ਦਾ ਕੰਮ ਘੱਟ ਵੱਧ ਹੋਵੇ ਪਰ ਲੋਕਾਂ ਵਿੱਚ ਇਹ ਅਕਸ ਸਥਾਪਤ ਹੋ ਚੁੱਕਿਆ ਹੈ। ਇਹ ਵੀ ਹੋ ਸਕਦਾ ਪਹਿਲਾਂ ਇਸਨੂੰ ਅੰਦਰ ਖਾਤੇ ਅਕਾਲੀ ਦਲ ਦਾ ਇਸਾਰਾ ਜਾਂ ਮਦਦ ਵੀ ਹੋਵੇ ਕਿ ਸਿੱਕੀ ਜਾਂ ਕਾਂਗਰਸ ਉਮੀਦਵਾਰ ਨੂੰ ਹਰਾਉਣ ਲਈ ਪਰ ਵਰਤਮਾਨ ਸਮੇਂ ਉਹ ਸਿਰਦਰਦੀ ਸਿੱਧ ਹੋਵੇਗਾ । ਰਾਜਨੀਤੀ ਵਿੱਚ ਬਹੁਤ ਕੁੱਝ ਗੁਪਤ ਹੁੰਦਾ ਹੈ ਅਤੇ ਇਸ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ ਅਤੇ ਹਰ ਰਾਜਨੀਤਕ ਮਿਲੇ ਮੌਕਿਆਂ ਨੂੰ ਆਪਣੀ ਤਾਕਤ ਅਤੇ ਲਿਆਕਤ ਅਨੁਸਾਰ ਵਰਤਦਾ ਹੈ ਅਤੇ ਮੌਕੇ ਤੇ ਫੈਂਂਸਲੇ ਲੈਂਦਾ ਹੈ ਜੋ ਜਰੂਰੀ ਵੀ ਹੈ। ਵਰਤਮਾਨ ਸਥਿਤੀਆਂ ਵਿੱਚ ਕਿਉਂਕਿ ਲੋਕਾਂ ਵਿੱਚ ਅਕਾਲੀ ਦਲ ਦਾ ਭਾਰੀ ਵਿਰੋਧ ਅਤੇ ਨਫਰਤ ਹੈ ਅਤੇ ਬਿੱਟੂ ਹੀ ਹੁਣ ਅਕਾਲੀ ਦਲ ਦਾ ਮੁੱਖ ਵਿਰੋਧੀ ਬਣ ਚੁੱਕਿਆ ਹੈ ਜਿਸਨੂੰ ਕਾਂਗਰਸ ਦੇ ਵੱਡੇ ਆਗੂਆਂ ਦਾ ਪੂਰਾ ਸਮਰਥਨ ਹੋਵੇਗਾ। ਹੁਣ ਅਕਾਲੀ ਦਲ ਨੂੰ ਬਿੱਟੂ ਨੂੰ ਹਰਾਉਣ ਲਈ ਕਿਸੇ ਨਵੇਂ ਉਮੀਦਵਾਰ ਨੂੰ ਮਦਦ ਕਰਕੇ ਬਿੱਟੂ ਦੀ ਵੋਟ ਘਟਾਉਣ ਲਈ ਵਰਤਣਾ ਹੈ ਜਿਸ ਨਾਲ ਬਿੱਟੂ ਕਮਜੋਰ ਹੋਵੇ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ? ਬਸਪਾ ਅੰਬੇਦਕਰ ਦਾ ਉਮੀਦਵਾਰ ਨੂੰ ਅੰਦਰਖਾਤੇ ਮਦਦ ਜਾਂ ਕੋਈ ਹੋਰ ਅਜਾਦ ਉਮੀਦਵਾਰ ਜਿਸ ਵਿੱਚ ਸੁਮੇਲ ਸਿੰਘ ਜਾਂ ਕੋਈ ਹੋਰ ਦੀ ਉਡੀਕ ਕਰਨੀ ਪਵੇਗੀ ਅਤੇ ਇਸਦਾ ਪਤਾ ਆਉਣ ਵਾਲੇ ਸਮੇਂ ਵਿੱਚ ਲੱਗ ਹੀ ਜਾਵੇਗਾ।
ਭਾਈ ਬਲਦੀਪ ਸਿੰਘ ਜਿਹਨਾਂ ਦੇ ਕਾਗਜ ਹੀ ਰੱਦ ਹੋ ਗਏ ਹਨ ਨੂੰ ਵੀ ਗੁਪਤ ਤੌਰ ਤੇ ਇਸ ਏਜੰਡੇ ਤਹਿਤ ਵਰਤਿਆ ਜਾਣਾ ਸੀ ਪਰ ਇਹ ਹਥਿਆਰ ਵਕਤ ਤੋਂ ਪਹਿਲਾਂ ਹੀ ਖੁੰਢਾ ਹੋ ਚੁੱਕਿਆ ਸੀ ਜਿਸ ਤੇ ਦਾਅ ਲਾਉਣ ਵਾਲੇ ਰਾਜਨੀਤੀ ਤੋਂ ਅਣਜਾਣ ਨਵੇਂ ਲੋਕ ਸਨ ਜਿਹਨਾਂ ਦੇ ਕੁੱਝ ਨਿੱਜੀ ਕਾਰਨ ਅਤੇ ਹਿੱਤ ਸਨ ਜਿਹਨਾ ਕਾਰਨ ਇਹ ਸਭ ਹੋਇਆ ਸੀ । ਭਾਈ ਬਲਦੀਪ ਸਿੰਘ ਰਾਜਨੀਤਕ ਵਿਅਕਤੀ ਨਹੀਂ ਹੈ। ਭਾਈ ਬਲਦੀਪ ਸਿੰਘ ਵੱਲੋਂ ਲਗਵਾਏ ਗਏ ਸਵਾ ਲੱਖ ਖਾਲਸਾ ਜਾਂ ਅਬਦਾਲੀ ਰਾਜ ਦੇ ਵੱਡੇ ਵੱਡੇ ਫਲੈਕਸ ਉਹਨਾਂ ਨੂੰ ਗੈਰ ਰਾਜਨੀਤਕ ਵਿਅਕਤੀ ਸਿੱਧ ਕਰਦੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਲੱਗੇ ਅਣਗਿਣਤ ਫਲੈਕਸਾਂ ਤੇ ਲੱਗਿਆ ਲੱਖਾਂ ਰੁਪਏ ਵੀ ਗੁਪਤ ਕਹਾਣੀ ਦੀ ਬਾਤ ਪਾਉਂਦੇ ਹਨ। ਸਵਰਾਜ ਗਰੁੱਪ ਦੇ ਮਨਜੀਤ ਸਿੰਘ ਨਿੱਜ ਹਾਉਮੈ ਕਾਰਨ ਜੋਗਿੰਦਰ ਯਾਦਵ ਅਤੇ ਕੁੱਝ ਹੋਰ ਆਗੂਆਂ ਨੂੰ ਵੀ ਰਗੜਾ ਲਾ ਗਏ ਹਨ।
ਵਰਤ ਮਾਨ ਸਮੇਂ ਵਿਦੇਸ਼ਾਂ ਵਿੱਚਲੇ ਬਹੁਤੇ ਸਮਝਦਾਰ ਲੋਕ ਪੰਜਾਬ ਨੂੰ ਵਧੀਆ ਤਰੱਕੀ ਪਸੰਦ ਸੂਬਾ ਬਨਾਉਣਾ ਲੋਚਦੇ ਹਨ ਪਰ ਵਿਦੇਸ਼ਾਂ ਵਿੱਚ ਬੈਠੇ ਕੁੱਝ ਮਤਲਬ ਪ੍ਰਸਤ ਅਤੇ ਏਜੰਸੀਆਂ ਦੇ ਲੋਕਾਂ ਦਾ ਵੀ ਇਸ ਪਿੱਛੇ ਹੱਥ ਹੈ ਪੰਜਾਬ ਦੀ ਰਾਜਨੀਤੀ ਨੂੰ ਗੰਧਲਾ ਕਰਨ ਦਾ। ਖਡੂਰ ਸਾਹਿਬ ਦੀ ਚੋਣ ਵਿੱਚ ਉਸ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਖਾਸ ਅਧਾਰ ਹੀ ਨਹੀਂ ਹੈ । ਆਮ ਆਦਮੀ ਪਾਰਟੀ ਦੇ ਵਿੱਚ ਧੜੇਬਾਜੀ ਪੂਰੀ ਸਿੱਖਰਾਂ ਤੇ ਹੈ ਵਰਤਮਾਨ ਸਮੇਂ ਵਿੱਚ ਜਿਆਦਾਤਰ ਇਸਦੇ ਆਗੂ ਰਾਜਨੀਤੀ ਤੋਂ ਦੂਰ ਗੁਪਤ ਨੀਤੀਆਂ ਤਹਿਤ ਵਿਸ਼ੇਸ਼ ਵਿਅਕਤੀਆਂ ਲਈ ਨਿੱਜੀ ਹਿੱਤਾਂ ਤਹਿਤ ਕੰਮ ਕਰ ਰਹੇ ਹਨ ਅਤੇ ਬਿਆਨਬਾਜੀ ਵੀ ਜੋ ਪਾਰਟੀ ਦੇ ਵਕਾਰ ਨੂੰ ਢਾਅ ਲਾਵੇਗੀ। ਸੋ ਵਰਤਮਾਨ ਸਮੇਂ ਵਿੱਚ ਇਸ ਹਲਕੇ ਵਿੱਚ ਜਿੱਤ ਕਿਸੇ ਦੀ ਵੀ ਹੋਵੇ ਪਰ ਫੈਸਲਾ ਇਸ ਗੱਲ ਤੋਂ ਹੋਵੇਗਾ ਕਿ ਅਕਾਲੀ ਦਲ ਦੇ ਹੱਕ ਵਿੱਚ ਕਿੰਨੇ ਪ੍ਰਤੀਸ਼ਤ ਵੋਟ ਭੁਗਤਦੀ ਹੈ ਅਤੇ ਵਿਰੋਧ ਵਿੱਚ ਕਿੰਨੀਂ। ਜੇ ਅਕਾਲੀ ਦਲ ਦੇ ਵਿਰੋਧ ਵਿੱਚ ਜਿਆਦਾ ਵੋਟ ਭੁਗਤਦੀ ਹੈ ਭਾਵੇਂ ਉਹ ਜਿੱਤ ਵੀ ਜਾਵੇ ਤਦ ਇਹ ਉਸਦੀ ਹਾਰ ਹੀ ਹੋਵੇਗੀ ਪਰ ਜੇ ਅਕਾਲੀ ਦਲ ਖਿਲਾਫ ਵੋਟ ਜਿਆਦਾ ਨਹੀਂ ਭੁਗਤਦੀ ਤਦ ਅਕਾਲੀ ਦਲ ਫਾਈਨਲ ਦਾ ਦਾਅਵੇਦਾਰ ਹੋਵੇਗਾ ਅਤੇ ਸ਼ਾਇਦ ਜਿੱਤਣ ਦਾ ਵੀ।