ਲੁਧਿਆਣਾ : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਪੰਜਾਬ ਦੀਆਂ ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ‘ਅਜੋਕੇ ਕੌਮੀ ਹਾਲਾਤ ਅਤੇ ਪ੍ਰਗਟਾਵੇ ਦੀ ਆਜ਼ਾਦੀ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕੀਤਾ ਗਿਆ। ਸੈਮੀਨਾਰ ਵਿਚ ਸੰਬੋਧਨ ਕਰਦਿਆਂ ਗੁਰਬਚਨ ਸਿੰਘ ਭੁੱਲਰ ਹੋਰਾਂ ਨੇ ਕਿਹਾ ਕਿ ਸਰਕਾਰ ਬੁੱਧੀਜੀਵੀਆਂ ਨਾਲ ਸੰਬਾਦ ਦੀ ਥਾਂ ਤੇ ਗਾਲੀ ਗਲੋਚ ਪਹੁੰਚ ਅਪਣਾ ਰਹੀ ਹੈ। ਇਹ ਸਾਨੂੰ ਅਸਾਂ ਤੁਸਾਂ ਵਿਚ ਵੰਡ ਕੇ ਕਲਮ ਅਤੇ ਚਿੰਤਨ ਦੀ ਤਾਕਤ ਤੋਂ ਮੁਨਕਰ ਹੋਣ ਦਾ ਗ਼ੈਰ ਇਤਿਹਾਸਕ ਅਤੇ ਗ਼ੈਰ ਵਿਗਿਆਨਕ ਰਾਹ ਅਪਣਾ ਰਹੀ ਹੈ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਭੁੱਲਰ ਜੀ ਸਮੇਤ ਡਾ. ਸੁਰਜੀਤ ਪਾਤਰ, ਪ੍ਰੋ. ਅਜਮੇਰ ਸਿੰਘ ਔਲਖ, ਬਲਦੇਵ ਸਿੰਘ ਮੋਗਾ, ਡਾ. ਪਰਮਿੰਦਰ ਸਿੰਘ, ਡਾ. ਮੋਹਨਜੀਤ ਅਤੇ ਸੰਘ ਦੇ ਕੌਮੀ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਸ਼ਾਮਲ ਸਨ। ਸਭ ਤੋਂ ਪਹਿਲਾਂ ਡਾ. ਸਰਬਜੀਤ ਸਿੰਘ ਹੋਰਾਂ ਨੇ ਸਮੁੱਚੇ ਚਿੰਤਕਾਂ ਅਤੇ ਇਕੱਤਰਤ ਬੁੱਧੀਜੀਵੀਆਂ ਨੂੰ ਜੀ ਆਇਆਂ ਆਖਦਿਆਂ ਆਸ ਪ੍ਰਗਟ ਕੀਤੀ ਕਿ ਇਹ ਆਵਾਜ਼ ਸਾਡੇ ਸਾਂਝੇ ਸਭਿਆਚਾਰ ਦੀ ਪਿੱਠ ਭੂਮੀ ਵਿਚ ਹੋਰ ਉੱਚੀ ਹੋਵੇਗੀ। ਸ਼ਾਇਰ ਗੁਰਚਰਨ ਵੱਲੋਂ ਬੜੀ ਬਾਮੌਕਾ ਕਵਿਤਾ ‘ਬਾਦਸ਼ਾਹ ਚੁੱਪ ਹੈ’ ਅਤੇ ਰਮੇਸ਼ ਰੰਗੀਲਪੁਰ ਵੱਲੋਂ ਮਾਂ ਬੋਲੀ ਸਬੰਧੀ ਤਰੁੰਨਮ ਵਿਚ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਇਕ ਪੁਸਤਕ ‘ਸਿੱਖ ਰਾਜ ਦੇ
ਆਖ਼ਰੀ ਦਸ ਸਾਲ’ ਲੋਕ ਅਰਪਨ ਕੀਤੀ ਗਈ ਜਿਸ ਦੇ ਲੇਖਕ ਸ੍ਰੀ ਪਰਸ਼ੋਤਮ ਸਿੰਘ ਲੱਲੀ ਹਨ।
ਡਾ. ਸੁਰਜੀਤ ਪਾਤਰ ਜੀ ਨੇ ਇਸ ਮੌਕੇ ਆਪਣੀ ਗਲ ਕਹਿੰਦਿਆਂ ਸ਼ਾਇਰਾਨਾ ਅੰਦਾਜ਼ ਵਿਚ ਗਲਾਂ ਕੀਤੀਆਂ। ਉਨ੍ਹਾਂ ਮਹਿਸੂਸ ਕੀਤਾ ਕਿ ਸਾਹਿਤ ਅਕਾਦੇਮੀ ਦਿੱਲੀ ਪਿਛਲੇ ਸਮੇਂ ਵਿੱਚ ਸਾਹਿਤਕਾਰਾਂ ਦੀ ਖ਼ੁਦਮੁਖਤਾਰ ਸੰਸਥਾ ਵਜੋਂ ਕਾਰਜਸ਼ੀਲ ਰਹੀ ਹੈ। ਅਕਾਡਮੀ ਦੇ ਸਮਾਗਮਾਂ ’ਤੇ ਰਵਾਇਤੀ ਤੌਰ ’ਤੇ ਸਰਕਾਰੀ ਮੰਤਰੀ ਨਹੀਂ ਆਉਦੇ ਰਹੇ। ਲੇਖਕ ਸਰਕਾਰੀ ਦਬਾਅ ਅਤੇ ਗਾਲੀ ਗਲੋਚ ਦੇ ਬਾਵਜੂਦ ਥਿੜਕੇ ਨਹੀਂ। ਸਨਮਾਨ ਮੋੜਨ ਦਾ ਅਸਰ ਸਨਮਾਨ ਲੈਣ ਨਾਲੋਂ ਕਿਤੇ ਵਧੇਰੇ ਹੋਇਆ। ਸਤਿਕਾਰਤ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਹੋਰਾਂ ਨੇ ਆਖਿਆ ਕਿ ਸਾਨੂੰ ਲੋਕਾਂ ਵਿਚ ਜਾ ਕੇ ਸਿਧਾਂਤਕ ਲਿਖਤਾਂ ਰਾਹੀਂ, ਸਾਹਿਤ ਰਾਹੀਂ ਅਤੇ ਲੋਕਾਂ ਨੂੰ ਜਥੇਬੰਧਕ ਤੌਰ ’ਤੇ ਸੰਘਰਸ਼ ਕਰਨਾ ਚਾਹੀਦਾ ਹੈ। ਇਨ੍ਹਾਂ ਤੋਂ ਬਾਅਦ ਡਾ. ਪਰਮਿੰਦਰ ਸਿੰਘ ਹੋਰਾਂ ਨੇ ਸੰਬੋਧਨ ਕਰਦਿਆਂ ਕਈ ਸਿਧਾਂਤਕ ਮਸਲਿਆਂ ਨੂੰ ਬਾਤਰਤੀਬ ਕਰਕੇ ਵਿਚਾਰਿਆ ਅਤੇ ਆਖਿਆ ਕਿ ਸਾਡਾ ਤੰਗ ਨਜ਼ਰ ਰਾਸ਼ਟਰਵਾਦ ਸਾਡੇ ਲੋਕਾਂ ਲਈ ਪੈਦਾ ਹੋਈਆਂ ਸਮੱਸਿਆਵਾਂ ਦੀ ਪਿੱਠ ਭੂਮੀ ਵਿਚ ਪਿਆ ਹੈ। ਲੇਖਕ ਸਾਂਝੇ ਸਮਾਜਿਕ ਭਾਈਚਾਰੇ ਦੀ ਰਾਖੀ ਕਰਨ ਵਾਲੇ ਲੋਕ ਹੁੰਦੇ ਹਨ। ਉਨ੍ਹਾਂ ਦੇ ਪ੍ਰਗਟਾਵੇ ਤੇ ਦਬਾਅ ਸਮਾਜ ਨੂੰ ਸਹੀ ਦਿਸ਼ਾ ਵਿਚ ਜਾਣ ਤੋਂ ਰੋਕਦਾ ਹੈ। ਸਾਹਿਤ ਅਕਾਦੇਮੀ ਦਾ ਇਨਾਮ ਵਾਪਸ ਕਰਨ ਵਾਲੇ ਇਕ ਹੋਰ ਸਾਹਿਤਕਾਰ ਸ. ਬਲਦੇਵ ਸਿੰਘ ਮੋਗਾ ਨੇ ਆਖਿਆ ਕਿ ਪੁਰਸਕਾਰ ਵਾਪਸ ਕਰਨ ਨਾਲ ਲੋਕ ਸਾਨੂੰ ਹੋਰ ਵਧੇਰੇ ਗਲ ਲਾਉਣ ਲੱਗੇ ਹਨ। ਇਥੋਂ ਤੱਕ ਕਿ ਪੰਜਾਬ ਦੇ ਮਸਲਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਲਿਜਾਣ ਲਈ ਪੱਤਰੇ ਪੜਵਾਏ ਗਏ ਅਤੇ ਹੁਣ ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾ ਰਹੀ ਹੈ। ਪ੍ਰਧਾਨਗੀ ਮੰਡਲ ਵਿਚੋਂ ਬੋਲਦਿਆਂ ਡਾ। ਮੋਹਨਜੀਤ ਜੀ ਨੇ ਦਿੱਲੀ ਸਾਹਿਤ ਅਕਾਦੇਮੀ ਦੇ ਪਰਚੇ ਸਮਦਰਸ਼ੀ ਦੇ ਹਵਾਲੇ ਨਾਲ ਐਡੀਟੋਰੀਅਲ ਦੀ ਭੈੜੀ ਸ਼ਬਦਾਵਲੀ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਕਿਹਾ ਕਿ ਸਾਨੂੰ ਸੈਮੀਨਾਰ ਕਰਕੇ ਰਵਾਇਤੀ ਤੌਰ ’ਤੇ ਗਲ ਨਹੀਂ ਕਰਨੀ ਚਾਹੀਦੀ ਸਗੋਂ ਪੈਨਲ ਬਣਾ ਕੇ ਇਸ ਮਸਲੇ ਦੀ ਘੋਖ ਪੜਤਾਲ ਕਰਕੇ ਅਗਲੀ ਦਿਸ਼ਾ ਨਿਰਧਾਰਿਤ ਕਰਨੀ ਚਾਹੀਦੀ ਹੈ।