ਨਵੀਂ ਦਿੱਲੀ – ਸ਼ੋ੍ਰਮਣੀ ਅਕਾਲੀ ਦਲ ਨੇ ਆਜ਼ਾਦੀ ਸੰਗਰਾਮ ਦੇ ਪਹਿਲੇ ਆਜ਼ਾਦੀ ਘੁਲਾਟੀਏ ਬਾਬਾ ਰਾਮ ਸਿੰਘ ਦਾ 200 ਸਾਲਾ ਜਨਮ ਸ਼ਤਾਬਦੀ ਕੌਮੀ ਪੱਧਰ ’ਤੇ ਮਨਾਉਣ ਲਈ ਰਾਸ਼ਟਰੀ ਲੈਵਲ ’ਤੇ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕਰਨ ਦੀ ਮੰਗ ਕੀਤੀ ਹੈ।ਅੱਜ ਇੱਥੇ ਦਲ ਦੇ ਸਕੱਤਰ ਜਨਰਲ ਤੇ ਸਾਂਸਦ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਸਾਂਸਦਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਸ਼ੇਰ ਸਿੰਘ ਘੁਬਾਇਆ, ਸਾਬਕਾ ਸਾਂਸਦ ਤਰਲੋਚਨ ਸਿੰਘ ਤੇ ਨਾਮਧਾਰੀ ਸੰਪਰਦਾ ਦੇ ਸਕੱਤਰ ਸੁਰਿੰਦਰ ਸਿੰਘ ਭੈਣੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਬਾਬਾ ਰਾਮ ਸਿੰਘ ਦੇ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ ਤੇ ਸਮਾਜ ਸੁਧਾਰਕ ਕਾਰਜਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਤਿਹਾਸ ਵਿੱਚ ਬੇਸ਼ੱਕ ਅਗਸਤ 1857 ਦੇ ਮੇਰਠ ਮਿਲਟਰੀ ਵਿਦਰੋਹ ਨੂੰ ਅੰਗਰੇਜ ਵਿਰੁੱਧ ਲੜਨ ਦਾ ਅਗਾਜ਼ ਕਿਹਾ ਜਾ ਸਕਦਾ ਹੈ। ਪਰ ਇਹ ਬਾਬਾ ਰਾਮ ਸਿੰਘ ਸਨ ਜਿਨ੍ਹਾਂ ਇਸ ਤੋਂ ਵੀ ਪਹਿਲਾਂ 12 ਅਪ੍ਰੈਲ 1857 ਨੂੰ ਆਜ਼ਾਦੀ ਸੰਗਰਾਮ ਲਈ ਬਿਗਲ ਵਜਾ ਦਿੱਤਾ।
ਵਫ਼ਦ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਬਾਬਾ ਰਾਮ ਸਿੰਘ ਦੀ ਸ਼ਤਾਬਦੀ ਬਾਰੇ ਜੋ 12 ਫਰਵਰੀ 2016 ਤੋਂ 12 ਫਰਵਰੀ 2017 ਤੱਕ ਮਨਾਈ ਜਾਏਗੀ, ਪੰਜਾਬ ਸਰਕਾਰ ਨੇ ਪਹਿਲਾਂ ਹੀ ਇਸ ਸਬੰਧੀ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਇਹ ਬਾਬਾ ਰਾਮ ਸਿੰਘ ਹੀ ਸਨ ਜਿਨ੍ਹਾਂ ਨੇ ਮਹਾਤਮਾ ਗਾਂਧੀ ਤੋਂ ਵੀ ਪਹਿਲਾਂ ਸਵਰਾਜ, ਅਹਿੰਸਾ, ਨਾ-ਮਿਲਵਰਤਣ, ਵਿੱਦਿਆ, ਔਰਤ ਦੇ ਹੱਕਾਂ ਲਈ ਤੇ ਸਮਾਜ ਸੁਧਾਰ ਲਈ ਨਿੱਗਰ ਕਦਮ ਚੁੱਕੇ। ਗਊ ਹੱਤਿਆ ਵਿਰੁੱਧ ਇੱਕੋ ਸਮੇਂ 66 ਨਾਮਧਾਰੀਆਂ ਨੂੰ ਤੋਪਾਂ ਦੇ ਅੱਗੇ ਉਡਾ ਦਿੱਤਾ ਗਿਆ। ਇਸ ਲਈ ਬਾਬਾ ਰਾਮ ਸਿੰਘ ਦੀ ਸ਼ਤਾਬਦੀ ਨੂੰ ਨੈਸ਼ਨਲ ਪੱਧਰ ’ਤੇ ਮਨਾਏ ਜਾਣ ਦੀ ਲੋੜ ਹੈ।
ਵਫਦ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੂਜੂ ਵੱਲੋਂ ਪੰਜਾਬ ਨੂੰ ਡਿਸਟਰਬਡ ਰਾਜ ਦੱਸਣ ਨੂੰ ਅਤਿ ਮੰਦਭਾਗਾ ਕਹਿੰਦਿਆਂ ਗ੍ਰਹਿ ਮੰਤਰੀ ਕੋਲ ਇਸ ਬਾਰੇ ਰੋਸ ਪ੍ਰਗਟਾਇਆ ਤੇ ਇਸ ਬਾਰੇ ਸਰਹੱਦੀ ਰਾਜਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਸਬੰਧੀ ਪਾਰਲੀਮੈਂਟ ਦੇ 30 ਮੈਂਬਰਾਂ ਦਾ ਡੈਲੀਗੇਸ਼ਨ 8 ਤੋਂ 12 ਫਰਵਰੀ ਹਿੰਦ-ਪਾਕ ਸਰਹੱਦ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰੇਗਾ ਜਿਸ ਦੇ ਤਹਿਤ 8 ਤੋਂ 10 ਫਰਵਰੀ ਜੈਸਲਮੇਰ ਅਤੇ ਬਾਕੀ ਦੋਨੋਂ ਦਿਨ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਦਾ ਜਾਣ ਦਾ ਪ੍ਰੋਗਰਾਮ ਹੈ।