ਫ਼ਤਹਿਗੜ੍ਹ ਸਾਹਿਬ – 12 ਫਰਵਰੀ ਦਾ ਦਿਨ ਸਿੱਖ ਕੌਮ ਲਈ ਅਹਿਮ ਦਿਨ ਹੈ । ਕਿਉਂਕਿ ਇਸ ਦਿਨ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜੇ ਦੇ ਤੌਰ ਤੇ ਸਿੱਖ ਕੌਮ ਵਿਚ ਪ੍ਰਵਾਨਿਤ ਹੋ ਚੁੱਕਿਆ ਹੈ। 12 ਫਰਵਰੀ ਨੂੰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ ਖੁੱਲ੍ਹੇ ਪੰਡਾਲ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਨਾਲ ਸੰਬੰਧਤ ਸਮੁੱਚੀਆਂ ਧਿਰਾ ਵੱਲੋਂ ਸਾਂਝੇ ਰੂਪ ਵਿਚ ਮਨਾਏ ਜਾ ਰਹੇ ਇਸ ਦਿਹਾੜੇ ਨੂੰ ਲੈਕੇ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ । ਜਿਥੇ ਪੰਜਾਬ ਵਿਚ ਇਸ ਜਨਮ ਦਿਹਾੜੇ ਮੌਕੇ ਸਮੁੱਚੀ ਸਿੱਖ ਕੌਮ ਆਪਣੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਮਾਲੀ ਸਮੱਸਿਆਵਾਂ ਦੇ ਚਿੰਤਨ ਲਈ ਇਕੱਠੀ ਹੋ ਰਹੀ ਹੈ, ਉਥੇ ਵਿਦੇਸ਼ਾਂ ਵਿਚ ਵੀ ਸੰਤ ਜਰਨੈਲ ਸਿੰਘ ਦੀ ਹਰਮਨ ਪਿਆਰਤਾ ਦਿਨੋ-ਦਿਨ ਵੱਧ ਰਹੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੈਨੇਡਾ ਦੇ ਸੀਨੀਅਰ ਆਗੂ ਸੁਖਮਿੰਦਰ ਸਿੰਘ ਹੰਸਰਾ ਦੀ ਅਗਵਾਈ ਹੇਠ ਸਮੁੱਚੀ ਜਥੇਬੰਦੀ ਵੱਲੋਂ 07 ਫਰਵਰੀ 2016 ਨੂੰ ਕੈਨੇਡੀਅਨ ਕੰਨਵੈਨਸ਼ਨ ਸੈਂਟਰ 79 ਬ੍ਰਾਹਮਸਟੀਲ ਰੋਡ, ਬੈਪਟਨ ਵਿਖੇ ਅੰਤਰ-ਰਾਸ਼ਟਰੀ ਸਿੱਖ ਕੰਨਵੈਨਸ਼ਨ ਖ਼ਾਲਿਸਤਾਨ ਦੇ ਮੁੱਦੇ ਤੇ ਕਰਵਾਈ ਜਾ ਰਹੀ ਹੈ । ਸਿੱਖ ਕੌਮ ਵਿਚ ਆ ਰਹੀ ਇਹ ਚੇਤਨਤਾ ਅਤੇ ਜਾਗਰੂਕਤਾ ਇਕ ਨਵੇ ਸਿੱਖ ਇੰਨਕਲਾਬ ਦਾ ਮੁੱਢ ਬੰਨ੍ਹੇਗੀ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪ੍ਰੈਸ ਬਿਆਨ ਰਾਹੀ ਪ੍ਰਗਟ ਕੀਤੇ ।
ਉਹਨਾਂ ਕਿਹਾ ਕਿ ਸਿੱਖ ਕੌਮ ਨਾਲ ਮੁੱਢ ਤੋ ਹੀ ਜਿਆਦਤੀਆਂ ਹੋ ਰਹੀਆਂ ਹਨ । ਕੌਮ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਮਾਲੀ ਮਸਲਿਆਂ ਦਾ ਕਦੇ ਵੀ ਕਿਸੇ ਵੀ ਹਕੂਮਤ ਨੇ ਹੱਲ ਕਰਨ ਲਈ ਕੋਸਿ਼ਸ਼ ਨਹੀਂ ਕੀਤੀ । ਹਿੰਦੂਸਤਾਨੀ ਸੰਵਿਧਾਨ ਦੀ ਧਾਰਾ 25 ਜੋ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦੀ ਹੈ, 1947 ਵਿਚ ਸਿੱਖ ਕੌਮ ਦੀ ਨਸ਼ਲੀ ਸਫ਼ਾਈ ਪਾਕਿਸਤਾਨ ਤੋ ਕਰਵਾ ਦਿੱਤੀ ਗਈ । ਪੰਜਾਬੀ ਸੂਬਾ ਮੋਰਚਾ ਜੋ ਅਕਾਲੀ ਦਲ ਨੇ ਵਿੱਢਿਆ, ਉਹ ਵੀ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ । ਪੰਜਾਬੀ ਬੋਲਦੇ ਇਲਾਕੇ ਹਰਿਆਣਾ, ਰਾਜਸਥਾਨ ਆਦਿ ਨਾਲ ਲੱਗਦੇ ਸੂਬਿਆਂ ਵਿਚ ਰਹਿ ਗਏ । ਪੰਜਾਬ ਇਕ ਲਗੜਾਂ-ਲੂਲ੍ਹਾ ਸੂਬਾ ਬਣਕੇ ਰਹਿ ਗਿਆ । ਕਿਉਂਕਿ ਇਸ ਮੋਰਚੇ ਦੇ ਸਿੱਖ ਆਗੂ ਸੰਤ ਫਤਹਿ ਸਿੰਘ ਅਤੇ ਸੰਤ ਚੰਨਣ ਸਿੰਘ ਉਸ ਵੇਲੇ ਵਲੈਤ ਦੇ ਦੌਰੇ ਉਤੇ ਚਲੇ ਗਏ । ਇਹ ਇਸ ਤਰ੍ਹਾਂ ਹੈ ਜਿਵੇ ਕਿਸੇ ਜਿੰਮੀਦਾਰ ਦੇ ਖੇਤ ਦੀ ਗਰਦਾਵਰੀ ਹੋ ਰਹੀ ਹੋਵੇ ਅਤੇ ਉਹ ਆਪ ਸਿਨਮੇ ਵਿਚ ਜਾ ਕੇ ਫਿਲਮਾਂ ਦੇਖਣ ਵਿਚ ਮਸਰੂਫ ਹੋ ਜਾਵੇ, ਫਿਰ ਗਰਦਾਵਰੀ ਸਹੀ ਕਿਵੇ ਹੋ ਸਕਦੀ ਹੈ ? ਇਸੇ ਤਰ੍ਹਾਂ ਹੀ ਪੰਜਾਬ ਨਾਲ ਹੋਇਆ ਕਿ ਇਸਦੇ ਆਗੂ ਵਕਤ ਆਉਣ ਤੇ ਅਵੇਸਲੇ ਹੋ ਕੇ ਐਸਪ੍ਰਸਤੀ ਵਿਚ ਮਸਰੂਫ ਹੋ ਗਏ । ਇਸ ਤੋ ਬਾਅਦ ਕਪੂਰੀ ਦਾ ਮੋਰਚਾ ਲੱਗਿਆ ਜੋ ਸਿੱਖ ਆਗੂਆਂ ਦੀ ਨਲਾਇਕੀ ਕਾਰਨ ਫੇਲ੍ਹ ਹੋ ਗਿਆ । ਧਰਮ ਯੁੱਧ ਮੋਰਚਾ ਵੀ ਦਿਸ਼ਾਹੀਣ ਆਗੂਆਂ ਨੇ ਸਿਰੇ ਨਹੀਂ ਲੱਗਣ ਦਿੱਤਾ । 1984 ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 36 ਹੋਰ ਸਿੱਖ ਕੌਮ ਦੇ ਗੁਰਘਰਾਂ ਨੂੰ ਢਹਿ-ਢੇਰੀ ਕਰ ਦਿੱਤਾ ਗਿਆ । ਇਸ ਹਮਲੇ ਵਿਚ ਬਰਤਾਨੀਆ ਦੀ ਪ੍ਰਾਈਮ ਮਨਿਸਟਰ ਮਾਰਗ੍ਰੇਟ ਥੈਚਰ ਅਤੇ ਸੋਵੀਅਤ ਯੂਨੀਅਨ ਨੇ ਭਾਰਤੀ ਹਕੂਮਤ ਦਾ ਡੱਟਕੇ ਪੱਖ ਪੂਰਿਆ । ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ 20 ਹਜ਼ਾਰ ਸਿੱਖ ਸਰਧਾਲੂਆਂ ਅਤੇ ਕੌਮ ਦੇ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਆਦਿ ਨੂੰ ਤੋਪਾ, ਗੋਲੀਆਂ ਨਾਲ ਸ਼ਹੀਦ ਕਰ ਦਿੱਤਾ ਗਿਆ । ਅਕਤੂਬਰ 1984 ਵਿਚ ਇੰਦਰਾ ਦੀ ਮੌਤ ਤੋ ਬਾਅਦ ਦਿੱਲੀ ਅਤੇ ਦੇਸ਼ ਦੇ ਹੋਰਨਾਂ ਸੂਬਿਆਂ ਵਿਚ ਸਿੱਖ ਕੌਮ ਦੀ ਹੋਈ ਨਸ਼ਲਕੁਸੀ ਸਭ ਦੇ ਸਾਹਮਣੇ ਹੈ । ਇਸ ਤੋ ਬਾਅਦ ਸੈਟਰ ਹਕੂਮਤ ਅਤੇ ਸੂਬਾ ਸਰਕਾਰਾਂ ਨੇ ਮਿਲਕੇ ਸਿੱਖ ਨੌਜਵਾਨੀ ਨੂੰ ਹਿਜ਼ਰਤ ਕਰਨ ਲਈ ਮਜ਼ਬੂਰ ਕਰ ਦਿੱਤਾ । ਸਿੱਖ ਕੌਮ ਦੇ ਨੌਜਵਾਨਾਂ ਨੂੰ ਵਿਦਿਆ ਤੋ ਵਾਝਿਆ ਕਰ ਦਿੱਤਾ ਅਤੇ ਨਸਿ਼ਆਂ ਵਿਚ ਗਲਤਾਨ ਕਰਨ ਲਈ ਸਮੱਗਲਰਾਂ ਅਤੇ ਡਰੱਗ ਮਾਫੀਏ ਨੂੰ ਉਤਸਾਹਿਤ ਕੀਤਾ ਅਤੇ ਇਹ ਵਰਤਾਰਾ ਅੱਜ ਵੀ ਜਾਰੀ ਹੈ ।
ਜਦੋਂ ਸੌਦਾ ਸਾਧ ਨੇ ਸਿੱਖਾਂ ਦੇ ਦਸਵੇ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਕੇ ਅੰਮ੍ਰਿਤ ਤਿਆਰ ਕਰਨ ਦੀ ਨਕਲ ਕਰਨ ਦੀ ਕੋਸਿ਼ਸ਼ ਕੀਤੀ ਤਾਂ ਇਸ ਦੇ ਵਿਰੋਧ ਵਿਚ ਉੱਠੇ ਸਿੱਖ ਨੌਜਵਾਨਾਂ ਨੂੰ ਸੂਬਾ ਸਰਕਾਰ ਨੇ ਸੈਟਰ ਦੀ ਸ਼ਹਿ ਤੇ ਜ਼ਬਰ ਨਾਲ ਦਬਾਇਆ । ਸਾਡੇ ਨੌਜਵਾਨ ਸ਼ਹੀਦ ਭਾਈ ਕੰਵਲਜੀਤ ਸਿੰਘ ਸੁਨਾਮ, ਸ਼ਹੀਦ ਬਲਕਾਰ ਸਿੰਘ ਮੁੰਬਈ, ਹਰਮਿੰਦਰ ਸਿੰਘ ਡੱਬਵਾਲੀ ਨੂੰ ਸ਼ਹੀਦ ਕਰ ਦਿੱਤਾ । ਜਦੋ ਹਿੰਦ ਹਕੂਮਤ ਨੇ ਸ. ਬਲਵੰਤ ਸਿੰਘ ਰਾਜੋਆਣਾ ਨੂੰ ਫ਼ਾਂਸੀ ਦੇ ਤਖ਼ਤੇ ਤੇ ਟੰਗਣ ਦਾ ਨਾਦਰਸ਼ਾਹੀ ਹੁਕਮ ਸੁਣਾਉਦਿਆ ਸਮਾਂ ਨਿਸ਼ਚਿਤ ਕਰ ਦਿੱਤਾ ਤਾਂ ਇਸ ਵਿਤਕਰੇ ਨੂੰ ਸਿੱਖ ਕੌਮ ਨਾ ਸਹਾਰ ਸਕੀ ਇਸ ਗੱਲ ਦਾ ਵਿਰੋਧ ਕਰਦਿਆ ਕੌਮ ਸੜਕਾਂ ਤੇ ਉਤਰ ਆਈ ਜਿਸ ਨੂੰ ਪੰਜਾਬ ਪੁਲਿਸ ਨੇ ਜ਼ਬਰ ਨਾਲ ਦਬਾਉਦਿਆ ਗੁਰਦਾਸਪੁਰ ਵਿਚ ਭਾਈ ਜਸਪਾਲ ਸਿੰਘ ਚੌੜ ਸਿਧਵਾਂ ਨੂੰ ਸ਼ਹੀਦ ਕਰ ਦਿੱਤਾ । ਹੁਣ ਜਦੋਂ ਅਖੌਤੀ ਪੰਥਕ ਸਰਕਾਰ ਦਾ ਮੁਖੌਟਾ ਪਹਿਨੀ ਬੈਠੀ ਬਾਦਲ ਹਕੂਮਤ ਦੇ ਰਾਜ ਦੌਰਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਥਾਂ-ਥਾਂ ਬੇਅਦਬੀ ਹੋਈ, ਇਸ ਦੇ ਖਿਲਾਫ਼ ਉੱਠੀ ਸਿੱਖ ਕੌਮ ਨੂੰ ਦਬਾਉਣ ਲਈ ਵੀ ਪੁਲਿਸ ਨੇ ਉਹੀ ਵੈਹਿਸ਼ੀਆਨਾ ਰਸਤਾ ਅਪਣਾਇਆ ਜੋ ਪਹਿਲਾ ਅਪਣਾਇਆ ਗਿਆ ਸੀ । ਬਰਗਾੜੀ ਵਿਖੇ ਅਮਨ-ਅਮਾਨ ਨਾਲ ਬੈਠੀ ਸਿੱਖ ਸੰਗਤ ਉਤੇ ਪੁਲਿਸ ਦੀਆਂ ਧਾੜਾਂ ਨੇ ਹਮਲਾ ਕਰਕੇ ਭਾਈ ਗੁਰਜੀਤ ਸਿੰਘ ਸਰਾਵਾ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਅਤੇ ਅਨੇਕਾਂ ਸਿੱਖ ਨੌਜਵਾਨਾਂ ਉਤੇ ਅੰਨ੍ਹਾ ਤਸੱਦਦ ਕਰਦਿਆ ਵੱਖ-ਵੱਖ ਜੇਲ੍ਹਾਂ ਵਿਚ ਬੰਦੀ ਬਣਾ ਲਿਆ ਗਿਆ। ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਨ ਅਤੇ ਬੇਅਦਬੀ ਕਰਨ ਵਾਲੇ ਕਿਸੇ ਵੀ ਮੁਜ਼ਰਿਮ ਨੂੰ ਨਹੀਂ ਫੜਿਆ ਗਿਆ ਅਤੇ ਨਾ ਹੀ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਣ ਵਾਲੇ ਨੌਜ਼ਵਾਨਾਂ ਦੇ ਕਾਤਲਾਂ ਖਿਲਾਫ਼ ਕੋਈ ਕਾਰਵਾਈ ਹੋਈ ਹੈ ।
ਪੰਜਾਬ ਦਾ ਜਿੰਮੀਦਾਰ ਅਤੇ ਮਜ਼ਦੂਰ ਖੁਦਕਸੀਆ ਕਰ ਰਿਹਾ ਹੈ । ਘਟੀਆ ਕੀੜੇਮਾਰ ਦਵਾਈਆਂ ਅਤੇ ਘਟੀਆਂ ਕਿਸਮ ਦੇ ਬੀਜ ਦੇਕੇ ਜਿੰਮੀਦਾਰਾਂ ਨੂੰ ਆਰਥਿਕ ਕੰਗਾਲੀ ਵੱਲ ਧੱਕ ਦਿੱਤਾ ਹੈ । ਇਥੋ ਦਾ ਗਰੀਬ ਨਿੱਕੇ-ਨਿੱਕੇ ਘਰਾਂ ਵਿਚ ਠੰਡ ਤੋ ਬਚਣ ਲਈ ਆਪਣੇ ਡੰਗਰ-ਪਸੂਆਂ ਨਾਲ ਰਹਿਣ ਲਈ ਮਜ਼ਬੂਰ ਹੈ । ਇਹਨਾਂ ਨੂੰ ਦਿਨ ਭਰ ਦੀ ਦਿਹਾੜੀ ਵੀ ਨਸ਼ੀਬ ਨਹੀਂ ਹੋ ਰਹੀ । ਜਿਸ ਕਾਰਨ ਇਹਨਾਂ ਪਰਿਵਾਰਾਂ ਦੀ ਆਰਥਿਕ ਹਾਲਤ ਦਿਨ-ਬ-ਦਿਨ ਗਿਰਦੀ ਜਾ ਰਹੀ ਹੈ । ਗੁਜਰਾਤ ਦੇ ਕੱਛ ਇਲਾਕੇ ਵਿਚੋਂ ਮੋਦੀ ਹਕੂਮਤ ਨੇ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਆਪਣੀਆਂ ਜ਼ਮੀਨਾਂ-ਜ਼ਾਇਦਾਦਾਂ ਤੋ ਵਾਂਝਾ ਕੀਤਾ ਹੋਇਆ ਹੈ ।
ਸੈਂਟਰ ਹਕੂਮਤ ਪੰਜਾਬ ਨੂੰ ਡਿਸਟਰਬ ਏਰੀਆ ਐਲਾਨ ਕੇ ਮਨੁੱਖਤਾ ਵਿਰੋਧੀ ਘਟੀਆ ਐਕਟ ਬਣਾ ਦਿੱਤੇ ਹਨ । ਜਿਸ ਨਾਲ ਪੁਲਿਸ ਹੁਣ ਕਿਸੇ ਨੂੰ, ਕਿਸੇ ਵੇਲੇ ਫੜਕੇ ਮਾਰ ਸਕਦੀ ਹੈ ਜਾਂ ਤਸੱਦਦ ਕਰਕੇ ਨਕਾਰਾ ਕਰ ਦੇਵੇ ਤਾਂ ਕੋਈ ਕਾਰਵਾਈ ਨਹੀਂ ਹੋਵੇਗੀ । ਇਸ ਤੋ ਇਲਾਵਾ ਬਿਨ੍ਹਾਂ ਕਿਸੇ ਸਬੂਤ ਅਤੇ ਕਾਰਨ ਤੋ ਕਿਸੇ ਦੇ ਵੀ ਕਿਸੇ ਵੇਲੇ ਵੀ ਘਰ ਦੀ ਤਲਾਸੀ ਲਈ ਜਾ ਸਕਦੀ ਹੈ । ਇਸ ਕਾਨੂੰਨ ਦੇ ਬਣਨ ਨਾਲ ਹਾਈਕੋਰਟ ਅਤੇ ਸੁਪਰੀਮ ਕੋਰਟ ਦੀ ਵੀ ਤੋਹੀਨ ਹੈ । ਫਿਰ ਇਹ ਸਾਰਾ ਕੁਝ ਪੰਜਾਬ-ਹਰਿਆਣਾ ਹਾਈਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਚੁੱਪ ਰਹਿਕੇ ਕਿਉਂ ਦੇਖ ਰਹੀਆਂ ਹਨ? ਜਦੋਕਿ ਭਾਰਤ ਦਾ ਸੰਵਿਧਾਨ ਹਰ ਇਕ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ, ਉਸਦੀ ਜਾਨ ਲੈਣ ਲਈ ਜਿੰਨਾ ਚਿਰ ਕਾਨੂੰਨੀ ਪ੍ਰਕਿਰਿਆ ਵਿਚੋ ਗੁਜ਼ਰਦਿਆ ਅਦਾਲਤ ਫੈਸਲਾ ਨਾ ਕਰ ਦੇਵੇ, ਉਨਾ ਚਿਰ ਕਿਸੇ ਦੀ ਜਾਨ ਨਹੀਂ ਲਈ ਜਾ ਸਕਦੀ ।
ਜਦੋ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਥਾਂ-ਥਾਂ ਤੇ ਹੋਇਆ, ਇਸ ਬੇਅਦਬੀ ਨੂੰ ਨਾ ਸਹਾਰਦਿਆ ਸਿੱਖ ਕੌਮ ਨੇ ਫੈਸਲਾ ਕੀਤਾ ਕਿ 10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਸੱਦਿਆ ਜਾਵੇ । ਇਸ ਸੱਦੇ ਨੂੰ ਪ੍ਰਵਾਨ ਕਰਦਿਆ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਨੇ ਵਿਤਕਰੇਬਾਜੀ, ਧੜੇਬੰਦੀ ਜਾਂ ਪਾਰਟੀਬਾਜੀ ਤੋ ਉਪਰ ਉੱਠਕੇ ਇਸ ਸਰਬੱਤ ਖ਼ਾਲਸਾ ਵਿਚ ਲੱਖਾਂ ਦੀ ਤਦਾਦ ਵਿਚ ਪਹੁੰਚਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਸਨਮੁੱਖ ਰੱਖਿਆ। ਸਿੱਖ ਕੌਮ ਵਿਚ ਆਈ ਇਸ ਚੇਤਨਤਾ ਅਤੇ ਇਕ-ਜੁਟਤਾ ਤੋ ਘਬਰਾਕੇ ਬਾਦਲ ਹਕੂਮਤ ਨੇ ਸੈਟਰ ਹਕੂਮਤ ਦੀ ਸਹਿ ਤੇ ਸਰਬੱਤ ਖ਼ਾਲਸਾ ਦੌਰਾਨ ਥਾਪੇ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਅਤੇ ਹੋਰ ਪੰਥਕ ਆਗੂਆਂ ਨੂੰ ਝੂਠੇ ਦੇਸ਼ ਧ੍ਰੋਹ ਦੇ ਕੇਸ ਦਰਜ ਕਰਕੇ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਵੱਸਣ ਸਿੰਘ ਜੱਫ਼ਰਵਾਲ, ਸਤਨਾਮ ਸਿੰਘ ਮਨਾਵਾ, ਗੁਰਦੀਪ ਸਿੰਘ ਬਠਿੰਡਾ ਆਦਿ ਹੋਰ ਬਹੁਤ ਸਾਰੇ ਆਗੂਆਂ ਨੂੰ ਬਿਨ੍ਹਾਂ ਕਿਸੇ ਕਾਰਨ ਜੇਲ੍ਹ ਵਿਚ ਰੱਖਕੇ ਬਾਦਲ ਹਕੂਮਤ ਸਿੱਖ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ ।
ਹੁਣ ਪਰਮਜੀਤ ਸਿੰਘ ਪੰਮਾ ਨੂੰ ਪੁਰਤਗਾਲ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਉਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਰਾਸਟਰੀ ਸਿੱਖ ਸੰਗਤ ਦੇ ਆਗੂ ਰੁਲਦਾ ਸਿੰਘ ਨੂੰ ਕਤਲ ਕਰਨ ਵਿਚ ਭੂਮਿਕਾ ਨਿਭਾਈ ਸੀ, ਜਦਕਿ ਹੁਣ ਤੱਕ ਜਿੰਨੇ ਵੀ ਸਿੱਖ ਨੌਜਵਾਨ ਇਸ ਕਤਲ ਕੇਸ ਵਿਚ ਨਾਮਜ਼ਦ ਕੀਤੇ ਗਏ ਉਹ ਸਾਰੇ ਦੇ ਸਾਰੇ ਬਾਇੱਜ਼ਤ ਬਰੀ ਹੋ ਚੁੱਕੇ ਹਨ । ਫਿਰ ਹੁਣ ਕੀ ਤੁੱਕ ਬਣਦੀ ਹੈ ਕਿ ਸ. ਪੰਮਾ ਉਤੇ ਇਹ ਕੇਸ ਦੁਬਾਰਾ ਚਲਾਇਆ ਜਾਵੇ ਜਦੋਕਿ ਇਸ ਕਤਲ ਹੋਣ ਦੀ ਘਟਨਾ ਸਮੇਂ ਪੰਮਾ ਇੰਡੀਆ ਵਿਚ ਨਹੀਂ ਰਹਿ ਰਿਹਾ ਸੀ । ਕਨਿਸ਼ਕਾਂ ਹਵਾਈ ਹਾਦਸੇ ਨੂੰ ਵੀ ਸਿੱਖਾਂ ਦੇ ਸਿਰ ਮੜ੍ਹਨ ਲਈ ਬੇਹੱਦ ਯਤਨ ਕੀਤੇ ਗਏ ਸਿੱਖਾਂ ਨੂੰ ਬਿਨ੍ਹਾਂ ਕਿਸੇ ਕਾਰਨ ਜੇਲ੍ਹਾਂ ਵਿਚ ਵੀ ਰੱਖਿਆ ਗਿਆ, ਜਦਕਿ ਇਸ ਘਟਨਾ ਪਿੱਛੇ ਇੰਡੀਆ ਦੀਆਂ ਖੂਫੀਆ ਏਜੰਸੀਆਂ ਅਤੇ ਰਾਅ ਦੀ ਭੂਮਿਕਾ ਪ੍ਰਤੱਖ ਜ਼ਾਹਰ ਹੋ ਚੁੱਕੀ ਹੈ । ਇਹ ਸਾਰੀਆ ਘਟਨਾਵਾਂ ਦੱਸਦੀਆਂ ਹਨ ਕਿ ਸਿੱਖਾਂ ਨੂੰ ਅੱਜ ਵੀ ਸ਼ੱਕ ਅਤੇ ਬੇਗਾਨਗੀ ਦੀਆਂ ਨਜ਼ਰਾਂ ਨਾਲ ਤੱਕਿਆ ਜਾ ਰਿਹਾ ਹੈ। ਜੋ ਉਹਨਾਂ ਦੇ ਗੁਲਾਮ ਹੋਣ ਦੀ ਨਿਸ਼ਾਨੀ ਹੈ ।
ਸਿੱਖਾਂ ਕੌਮ ਦੇ ਨਾਇਕਾਂ ਅਤੇ ਸ਼ਹੀਦਾਂ ਖਿਲਾਫ਼ ਵੀ ਹਿੰਦੂਤਵੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਵੱਲੋਂ ਅਪ ਸ਼ਬਦ ਬੋਲਕੇ ਜਾਂ ਉਹਨਾਂ ਵੱਲੋਂ ਕਿਤਾਬਾਂ ਲਿਖਕੇ ਨੀਵਾਂ ਦਿਖਾਉਣ ਦੀ ਕੋਈ ਕਸਰ ਨਹੀਂ ਛੱਡੀ। ਬੀਜੇਪੀ ਦੇ ਵੱਡੇ ਆਗੂ ਐਲ.ਕੇ. ਅਡਵਾਨੀ ਨੇ ਆਪਣੇ ਵੱਲੋ ਲਿਖੀ ਕਿਤਾਬ ਮਾਈ ਕੰਟਰੀ, ਮਾਈ ਲਾਈਫ ਵਿਚ ਸਪੱਸ਼ਟ ਲਿਖ ਦਿੱਤਾ ਹੈ ਕਿ ਆਪਰੇਸ਼ਨ ਬਲਿਊ ਸਟਾਰ ਕਰਵਾਉਣ ਲਈ ਇੰਦਰਾ ਗਾਂਧੀ ਨੂੰ ਹੱਲਾਸ਼ੇਰੀ ਦੇਣ ਵਿਚ ਉਹਨਾਂ ਦਾ ਵਿਸ਼ੇਸ਼ ਹੱਥ ਸੀ ਅਤੇ ਉਸਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਇਸ ਕਿਤਾਬ ਵਿਚ ਭਸਮਾਸੁਰ ਦੈਂਤ ਆਖਕੇ ਸਿੱਖ ਕੌਮ ਨੂੰ ਚਿੜ੍ਹਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ । ਹਿੰਦੂਤਵ ਦੀ ਨਵੀਂ ਬਣੀ “ਆਪ” ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ਨੇ ਵੀ ਆਪਣੀ ਤਕਰੀਰ ਅਤੇ ਪ੍ਰੈਸ ਕਾਨਫਰੰਸਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦੈਂਤ ਅਤੇ ਦੇਸ਼ ਵਿਰੋਧੀ ਆਖਕੇ ਆਪਣਾ ਅਸਲੀ ਚਿਹਰਾ ਨੰਗਾਂ ਕਰ ਲਿਆ ਹੈ । ਹੁਣ ਹਿੰਦ ਦੇ ਸਦਰ ਸ੍ਰੀ ਪ੍ਰਣਾਬ ਮੁਖਰਜੀ ਨੇ ਵੀ ਆਪਣੇ ਵੱਲੋਂ ਲਿਖੀ ਕਿਤਾਬ ਅਸ਼ਾਂਤ ਵਰ੍ਹੇ 1980-96 ਵਿਚ ਆਪਰੇਸ਼ਨ ਬਲਿਊ ਸਟਾਰ ਦੀ ਘਟਨਾ ਨੂੰ ਸਹੀ ਕਰਾਰ ਦਿੰਦਿਆ ਕਿਹਾ ਹੈ ਕਿ ਇਸ ਹਮਲੇ ਦੀ ਵਿਊਂਤਬੰਦੀ ਕਰਨ ਵਾਲੀਆਂ ਮੀਟਿੰਗਾਂ ਵਿਚ ਮੈਂ ਖੁਦ ਹਾਜ਼ਰ ਸੀ ।
26 ਜਨਵਰੀ 2016 ਦੀ ਰੀਪਬਲਿਕ ਡੇ ਪਰੇਡ ਵਿਚ ਵੀ ਕਿਸੇ ਸਿੱਖ ਰੈਜੀਮੈਂਟ ਨੂੰ ਸ਼ਾਮਿਲ ਨਾ ਕਰਕੇ ਮੋਦੀ ਹਕੂਮਤ ਨੇ ਸਿੱਖ ਕੌਮ ਪ੍ਰਤੀ ਆਪਣੀ ਸੋਚ ਨੂੰ ਪ੍ਰਤੱਖ ਕਰ ਦਿੱਤਾ ਹੈ । ਪਰ ਇਸ ਦੇ ਬਾਵਜੂਦ ਵੀ ਕੁਝ ਜਿਹੜੇ ਸਿੱਖ ਆਪਣੇ ਆਪ ਨੂੰ ਭਾਰਤ ਵਰਸ਼ ਦੇ ਵਾਸੀ ਹੋਣ ਤੇ ਮਾਣ ਮਹਿਸੂਸ ਕਰ ਰਹੇ ਹਨ, ਉਹਨਾਂ ਨੂੰ ਉਪਰ ਦਿੱਤੀਆਂ ਸਾਰੀਆਂ ਘਟਨਾਵਾਂ ਤੋਂ ਜਾਣੂ ਹੁੰਦਿਆ ਵੀ ਚੁੱਪ ਰਹਿਣਾ ਹੈਰਾਨਗੀ ਪੈਦਾ ਕਰਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮਝ ਹੈ ਜਿਨ੍ਹਾਂ ਚਿਰ ਸਿੱਖ ਕੌਮ ਦਾ ਆਪਣਾ ਘਰ ਖ਼ਾਲਿਸਤਾਨ ਨਹੀਂ ਬਣ ਜਾਂਦਾ, ਉਨ੍ਹਾਂ ਚਿਰ ਸਿੱਖਾਂ ਦੇ ਮਸਲਿਆ ਅਤੇ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ ਹੈ । ਜਦੋਂ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਤਿੰਨੋ ਪ੍ਰਮਾਣੂ ਸ਼ਕਤੀਆਂ ਮੁਸਲਿਮ ਪਾਕਿਸਤਾਨ, ਹਿੰਦੂ ਹਿੰਦੂਸਤਾਨ ਅਤੇ ਕਾਮਰੇਡ ਚੀਨ ਦੇ ਵਿਚਕਾਰ ਬਫ਼ਰ ਸਟੇਟ ਨਹੀਂ ਬਣ ਜਾਂਦਾ, ਉਨ੍ਹਾਂ ਚਿਰ ਦੱਖਣ ਏਸੀਆ ਖਿੱਤੇ ਵਿਚ ਅਮਨ ਦੀ ਬੰਸਰੀ ਨਹੀਂ ਵੱਜ ਸਕਦੀ । ਸਿੱਖ ਕੌਮ ਅਣਖ਼, ਇੱਜ਼ਤ ਅਤੇ ਸਨਮਾਨ ਨਾਲ ਤਾ ਹੀ ਰਹਿ ਸਕੇਗੀ ।