ਦੁਆਬੇ ਦੇ ਇਕ ਬੜੇ ਪ੍ਰਸਿਧ ਨਗਰ ਨਵਾਂ ਸ਼ਹਿਰ ਨੇ ਇਕ ਨਵੀਂ ਨਕੋਰ ਲੜਕੀ ਰਾਜਵੰਤ ਕੌਰ ਨੂੰ ਕ੍ਰਿਸ਼ਨਾ ਰਾਣੀ ਤੇ ਸ: ਹਰਜੀਤ ਸਿਘ ਦੇ ਘਰ ਦਾ 25 ਮਈ ਵਾਲੇ ਦਿਨ ਇਕ ਚਹੁ-ਮੁਖੀਆ ਚਰਾਗ਼ ਬਣਾਇਆ, ਜੋ ਹੁਣ ਭਰ ਜੁਆਨੀ ਦੀ ਦਹਿਲੀਜ਼ ਉਤੇ ਖਲੋਤੀ ਜੋਬਨ ਦੀ ਰੁਤੇ ਪਹੁੰਚ ਕੇ ਪੂਰੇ ਜਾਹੋ ਜਲਾਲ ਵਿਚ ਖਿੜੀ ਹੋਈ ਹੈ । ਉਹ ਹੁਣ ਰਾਜਵੰਤ ਕੌਰ ਦੀ ਬਜਾਏ ਰੀਆ ਸਿੰਘ ਦੇ ਨਾਮ ਨਾਲ ਚਕਾ ਚੌਂਧ ਵਾਲੀ ਦੁਨੀਆਂ ਵਿਚ ਜਾਣੀ ਜਾਂਦੀ ਹੈ, ਕਿਉਂਕਿ ਉਹ ਵਡੀਆਂ ਉਡਾਰੀਆਂ ਭਰਨ ਤੇ ਚਾਨਣ ਬਖੇਰਨ ਲਈ ਬੜੀ ਤੇਜ਼ੀ ਨਾਲ ਕਮਰ ਕਸਾ ਕਰ ਚੁਕੀ ਹੈ । ਰੀਆ ਦੇ ਮਾਤਾ ਪਿਤਾ ਪੰਜਾਬ ਦੇ ਸਿਹਤ ਵਿਭਾਗ ਵਿਚ ਕੰਮ ਕਰਦੇ ਸਨ । ਮੇਰਾ ਖਿਆਲ ਹੈ ਹੋ ਸਕਦਾ ਹੈ ਕਿ ਰੀਆ ਸਿੰਘ ਦੀ ਚੰਗੀ ਸਿਹਤ ਦਾ ਰਾਜ਼ ਵੀ ਉਸਦੇ ਮਾਤਾ ਪਿਤਾ ਦਾ ਸਿਹਤ ਵਿਭਾਗ ਵਿਚ ਕੰਮ ਕਰਨਾ ਹੀ ਹੋਵੇ । ਕਾਫ਼ੀ ਭੀੜ ਭੜਕੇ ਵਾਲੇ ਸ਼ਹਿਰ ਵਿਚ ਰਹਿ ਕੇ ਵੀ ਉਹ ਬੇਰੋਕ ਆਪਣੇ ਰਾਹਾਂ ਉਤੇ ਮਗਨ ਤੁਰੀ ਗਈ ਤੇ ਸਕੂਲ ਤੋਂ ਹੀ ਅਥਲੈਟਿਕਸ ਵਿਚ ਸਰਗਰਮ ਹੋ ਕੇ ਹਿਸਾ ਲੈਣਾ ਸ਼ੁਰੂ ਕਰ ਦਿਤਾ । ਉਸਦੀਆਂ ਪਸੰਦੀਦਾ ਖੇਡਾਂ ਵਿਚ ਦੌੜਨਾ, ਛਾਲ ਮਾਰਨੀ, ਗੋਲਾ ਸੁਟਣਾ ਆਦਿ ਸ਼ਾਮਲ ਸਨ । ਉਸਨੇ ਅਥਲੈਟਿਕਸ ਵਿਚ ਸਿਰਫ਼ ਹਿਸਾ ਹੀ ਨਹੀਂ ਲਿਆ, ਸਗੋਂ ਆਪਣੀਆਂ ਪ੍ਰਾਪਤੀਆਂ ਸਦਕਾ ਆਪਣਾ, ਆਪਣੇ ਮਾਤਾ ਪਿਤਾ ਦਾ, ਆਪਣੇ ਸਮੁਚੇ ਪਰਿਵਾਰ ਦਾ, ਆਪਣੇ ਸਕੂਲ ਦਾ, ਆਪਣੇ ਸ਼ਹਿਰ ਦਾ, ਆਪਣੇ ਅਧਿਆਪਕਾਂ ਦਾ ਤੇ ਖਾਸ ਕਰਕੇ ਮਾਸਟਰ ਮਹਿੰਦਰ ਸਿੰਘ ਬਨਵੈਤ ਦਾ ਨਾਮ ਵੀ ਰੌਸ਼ਨ ਕੀਤਾ । ਸ: ਬਨਵੈਤ ਤਾਂ ਰੀਆ ਦੀਆਂ ਪ੍ਰਾਪਤੀਆਂ ਤੋਂ ਇੰਨੇ ਖੁਸ਼ ਤੇ ਪ੍ਰਭਾਵਤ ਹੋਏ ਕਿ ਉਨ੍ਹਾਂ ਨੇ ਉਸ ਸਮੇਂ ਨਿਜੀ ਤੌਰ ਉਤੇ ਆਪਣੀ ਜੇਬ ਵਿਚੋਂ ਇਕ ਸੌ ਰੁਪਏ ਦਾ ਨੋਟ ਕਢ ਕੇ ਤੇ ਆਪਣੇ ਦਸਤਖ਼ਤ ਕਰਕੇ ਉਸਨੂੰ ਨਕਦ ਇਨਾਮ ਦਿਤਾ ਤੇ ਕਿਹਾ ਕਿ ਇਹ ਤੈਨੂੰ ਮੇਰੀ ਅਸ਼ੀਰਵਾਦ ਦਾ ਹੈ । ਰੀਆ ਨੇ ਵੀ ਅੱਜ ਤਕ ਉਹ ਨੋਟ ਆਪਣੇ ਕੋਲ ਪਾਵਰ ਬਾਲ ਦੀ ਲਾਟਰੀ ਦੀ ਟਿਕਟ ਸਮਝ ਕੇ ਬੜੀ ਸ਼ਿਦਤ ਨਾਲ ਸੰਭਾਲ ਕੇ ਰਖਿਆ ਹੋਇਆ ਹੈ ।
ਕਿਉਂਕਿ ਰੀਆ ਸਿੰਘ ਦੇ ਭਰਾ ਦਾ ਪਰਿਵਾਰ ਤੇ ਉਸਦੇ ਮਾਂ ਬਾਪ ਅਮਰੀਕਾ ਵਿਚ ਪਕੇ ਤੌਰ ਉਤੇ ਪਹਿਲਾਂ ਹੀ ਆ ਚੁਕੇ ਸਨ, ਇਸ ਲਈ ਆਖ਼ਰ ਉਸਨੇ ਵੀ ਦੇਸ ਦੁਆਬੇ ਨੂੰ ਅਲਵਿਦਾ ਕਹਿ ਕੇ ਅਮਰੀਕਾ ਚਾਲੇ ਪਾ ਦਿਤੇ ਤੇ ਆਪਣੇ ਭਰਾ-ਭਰਜਾਈ ਤੇ ਮਾਂ-ਬਾਪ ਨਾਲ ਰਹਿਣ ਦਾ ਤੇ ਅਗੋਂ ਪੜ੍ਹਾਈ ਜਾਰੀ ਰਖਣ ਦਾ ਮਨ ਬਣਾ ਲਿਆ । ਮੇਰੇ ਵਲੋਂ ਪੁਛੇ ਇਕ ਸੁਆਲ ਦੇ ਜੁਆਬ ਵਿਚ ਉਸਨੇ ਦਸਿਆ ਕਿ ਫਿਲਮੀ ਸਨਅਤ ਨੂੰ ਹੀ ਉਹ ਆਪਣਾ ਭਵਿਖ ਬਨਾਉਣਾ ਚਾਹੁੰਦੀ ਹੈ, ਇਸ ਲਈ ਐਕਟਿੰਗ ਦੇ ਕਿਸੇ ਚੰਗੇ ਸਕੂਲ ਵਿਚ ਦਾਖ਼ਲਾ ਲਵੇਗੀ । ਨਵਾਂ ਸ਼ਹਿਰ, ਜਿਸਨੇ ਉਸਨੂੰ ਸ਼ੋਹਰਤ ਦੀਆਂ ਪੌੜੀਆਂ ਦਗੜ ਦਗੜ ਚੜ੍ਹਨੀਆਂ ਸਿਖਾਈਆਂ ਸਨ, ਆਖ਼ਰ ਉਸਨੂੰ ਉਹ ਸੋਹਣਾ ਸ਼ਹਿਰ ਖੁਸ਼ੀ ਤੇ ਗ਼ਮੀ ਦੋਹਾਂ ਦੇ ਮਾਹੌਲ ਵਿਚ ਛਡਣਾ ਪਿਆ । ਖੁਸ਼ੀ ਇਸ ਗਲ ਦੀ ਕਿ ਉਸਦਾ ਹੁਣ ਆਪਣੇ ਮਾਂ ਬਾਪ ਤੇ ਭਰਾ ਦੇ ਪਰਿਵਾਰ ਨਾਲ ਮਿਲਾਪ ਹੋਵੇਗਾ, ਗ਼ਮੀ ਇਸ ਕਰਕੇ ਕਿ ਫਲਾਂ ਦੇ ਬਾਦਸ਼ਾਹ ਅੰਬਾਂ ਦੇ ਅਮੀਰ ਦੇਸ ਦੁਆਬੇ ਨੂੰ ਛੱਡ ਕੇ ਜਾਣਾ ਪਵੇਗਾ, ਜਿਸ ਬਾਰੇ ਆਦਿ ਤੋਂ ਇਹ ਗਲ ਪ੍ਰਚਲਤ ਹੈ:
“ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ ਦੁਆਬਾ”
ਨਵਾਂ ਸ਼ਹਿਰ ਦੀ ਮਲਿਕਾ ਰੀਆ ਸਿੰਘ
ਰੀਆ ਸਿੰਘ ਬਾਰੇ ਕੁਝ ਲਿਖਣ ਤੋਂ ਪਹਿਲਾਂ ਇਹ ਦਸਣਾ ਵੀ ਜ਼ਰੂਰੀ ਹੈ ਕਿ ਉਸ ਨਾਲ ਮੇਰੀ ਜਾਣ ਪਹਿਚਾਣ ਕੋਈ ਬਹੁਤ ਪੁਰਾਣੀ ਨਹੀਂ, ਸਗੋਂ ਬਿਲਕੁਲ ਨਰੋਈ ਹੈ । ਇਹ ਇਕ ਮਹਿਜ਼ ਇਤਫ਼ਾਕ ਸੀ ਕਿ ਪਿਛਲੇ ਇਕ ਸਾਲ ਤੋਂ ਮਿਸ ਰੀਆ ਸਿੰਘ, ਜਿਸਨੂੰ ਮੈਂ ਪਹਿਲਾਂ ਮੀਡੀਏ ਨਾਲ ਜੁੜੀ ਇਕ ਸ਼ਖਸੀਅਤ ਸਮਝ ਕੇ ਆਪਣੀ ਫੇਸਬੁਕ ਦੋਸਤੀ ਵਿਚ ਸ਼ਾਮਲ ਕੀਤਾ । ਵਕਤਨ-ਬਾ-ਵਕਤਨ ਉਸ ਨਾਲ ਥੋੜਾ ਕੁ ਜੇਹਾ ਸੰਪਰਕ ਰਿਹਾ, ਪਰ ਫੇਰ ਉਹ ਲੁਕਣ ਮੀਟੀ ਖੇਡਦੀ ਖੇਡਦੀ ਅਚਾਨਕ ਕਿਤੇ ਅਲੋਪ ਹੋ ਗਈ । ਹੁਣ ਪਿਛਲੇ ਦੋ ਕੁ ਮਹੀਨੇ ਤੋਂ ਉਸ ਨਾਲ ਫੇਸਬੁਕ ਰਿਸ਼ਤੇ ਦੀ ਗੰਢ ਥੋੜੀ ਜਿਹੀ ਹੋਰ ਪੀਡੀ ਹੋ ਗਈ, ਜਿਸ ਵਿਚ ਉਸਨੇ ਮੇਰਾ ਭੁਲੇਖਾ ਦੂਰ ਕੀਤਾ ਕਿ ਉਹ ਮੀਡੀਏ ਨਾਲ ਨਹੀਂ, ਸਗੋਂ ਚਕਾ ਚੌਂਧ ਵਾਲੀ ਦੁਨੀਆਂ ਨਾਲ ਸਬੰਧ ਰਖਦੀ ਹੈ । ਇਥੇ ਮੈਨੂੰ ਆਪਣੀ ਇਕ ਕਮਜ਼ੋਰੀ ਦਸਣ ਵਿਚ ਕੋਈ ਸੰਗ ਸੰਗਾ ਨਹੀਂ ਕਿ ਮੈਂ ਫਿਲਮੀ ਦੁਨੀਆਂ ਤੋਂ ਕੁਝ ਅਨਜਾਣ ਹਾਂ । ਇਕ ਤਾਂ ਲਿਖਣ ਪੜ੍ਹਣ ਤੋਂ ਫ਼ੁਰਸਤ ਨਹੀਂ ਮਿਲਦੀ, ਦੂਜਾ ਇਹ ਕਿ ਫਿਲਮੀ ਦੁਨੀਆਂ ਦੀਆਂ ਕਹਾਣੀਆਂ ਤਕਰੀਬਨ ਇਕੋ ਜੇਹੀਆਂ ਹੀ ਹੁੰਦੀਆਂ ਹਨ । ਗੀਤ ਬਦਲ ਜਾਂਦੇ ਹਨ, ਨਾਚ ਬਦਲ ਜਾਂਦੇ ਹਨ, ਸੰਗੀਤਕ ਧੁਨਾਂ ਬਦਲ ਜਾਂਦੀਆਂ ਹਨ, ਥਾਵਾਂ ਬਦਲ ਜਾਂਦੀਆਂ ਹਨ, ਸੀਨ ਬਦਲ ਜਾਂਦੇ ਹਨ, ਨਵੇਂ ਕਿਰਦਾਰ ਆ ਜਾਂਦੇ ਹਨ, ਪੁਸ਼ਾਕਾਂ ਬਦਲ ਜਾਂਦੀਆਂ ਹਨ, ਪਰੋਡਯੂਸਰ ਤੇ ਡਾਇਰੈਕਟਰ ਬਦਲ ਜਾਂਦੇ ਹਨ, ਪਰ ਕਹਾਣੀ ਸਾਰੀਆਂ ਫਿਲਮਾਂ ਦੀ ਤਕਰੀਬਨ ਇਕੋ ਜਿਹੀ ਹੀ ਹੁੰਦੀ ਹੈ । ਮੇਰੀ ਪਤਰਕਾਰੀ ਦੇ ਮੁਢਲੇ ਸਾਲਾਂ ਵਿਚ ਇਕ ਉਹ ਸਮਾਂ ਵੀ ਸੀ, ਜਦੋਂ ਮੈਂ ਹੋਰ ਕੋਈ ਫਿਲਮ ਵੇਖਾਂ ਜਾਂ ਨਾ, ਪਰ ਹਰੇਕ ਪੰਜਾਬੀ ਫਿਲਮ ਜ਼ਰੂਰ ਵੇਖਦਾ ਸੀ । ਕਾਰਨ ਸਿਰਫ਼ ਇਕ ਸੀ ਕਿ ਜੇ ਪੰਜਾਬੀ ਲੋਕ ਪੰਜਾਬੀ ਫਿਲਮਾਂ ਨਹੀਂ ਵੇਖਣਗੇ ਤਾਂ ਕੀ ਫੇਰ ਬੰਗਾਲੀ, ਗੁਜਰਾਤੀ ਜਾਂ ਮਦਰਾਸੀ ਲੋਕ ਵੇਖਣਗੇ ।
ਖ਼ੈਰ, ਜਦੋਂ ਮੈਨੂੰ ਰੀਆ ਸਿੰਘ ਬਾਰੇ ਪਤਾ ਲਗਾ ਕਿ ਇਹ ਫਿਲਮੀ ਫ਼ਨਕਾਰਾ ਹੁਣ ਅਮਰੀਕਾ ਦੀ ਮਿਸ਼ੀਗਨ ਸਟੇਟ ਦੇ ਡਿਟਰਾਇਟ ਸ਼ਹਿਰ ਵਿਚ ਵਿਚ ਰਹਿ ਰਹੀ ਹੈ, ਤਾਂ ਮੇਰੀ ਉਸ ਵਿਚ ਹੋਰ ਦਿਲਚਸਪੀ ਵਿਚ ਵਾਧਾ ਹੋਇਆ ਤੇ ਉਸ ਬਾਰੇ ਹੋਰ ਬੜਾ ਕੁਝ ਜਾਨਣ ਨੂੰ ਦਿਲ ਉਤਾਵਲਾ ਹੋਇਆ। ਸੋ ਆਹਿਸਤਾ ਆਹਿਸਤਾ ਫੇਸਬੁਕ ਦੀ ਦੋਸਤੀ ਦਾ ਰੰਗ ਹੋਰ ਗੂੜ੍ਹਾ ਹੁੰਦਾ ਗਿਆ।ਆਖ਼ਰ ਪਿਛਲੇ ਹਫ਼ਤੇ ਉਸ ਨਾਲ ਟੈਲੀਫੋਨ ਰਾਹੀਂ ਇੰਟਰਵੀਊ ਲੈਣਾ ਤਹਿ ਹੋ ਗਿਆ।ਅੱਧੇ ਘੰਟੇ ਦੀ ਇੰਟਰਵੀਊ ਤੇ ਕੁਝ ਕੁ ਈਮੇਲਾਂ ਰਾਹੀਂ ਉਸ ਵਲੋਂ ਮਸੌਦਾ ਭੇਜਣ ਉਤੇ ਇਹ ਲੇਖ ਲਿਖਣਾ ਸ਼ੁਰੂ ਕੀਤਾ, ਜੋ ਹੁਣ ਪਾਠਕਾਂ ਦੀ ਨਜ਼ਰ ਕਰ ਰਿਹਾ ਹਾਂ ।
ਗੱਲਬਾਤ ਦੌਰਾਨ ਮੈਨੂੰ ਇੰਞ ਮਹਿਸੂਸ ਹੋਇਆ, ਜਿਵੇਂ ਨਵੇਂ ਸ਼ਹਿਰ ਨੇ ਇਕ ਨਵੀਂ ਕੁੜੀ ਨੂੰ ਜਨਮ ਦੇ ਕੇ ਉਸਨੂੰ ਕਹਿ ਦਿਤਾ ਹੋਵੇ ਕਿ ਤੂੰ ਹੁਣ ਇਸ ਸ਼ਹਿਰ ਦੀ ਇਕ ਨਵੀਂ ਨੁਹਾਰ ਬਨਣਾ ਹੈ, ਇਸ ਸ਼ਹਿਰ ਨੂੰ ਤੂੰ ਇਕ ਨਵੀਂ ਰੁੱਤ ਦੇਣੀ ਹੈ, ਤੂੰ ਪ੍ਰਭਾਤ ਦੇ ਉਜਾਲੇ ਵਿਚੋਂ ਸਿਰਜ ਕੇ ਇਸ ਨਗਰੀ ਨੂੰ ਇਕ ਨਵੀਂ ਰੌਸ਼ਨੀ ਦੇਣੀ ਹੈ, ਤੂੰ ਸਰੋਂ ਦੇ ਖਿੜੇ ਪੀਲੇ ਫੁਲਾਂ ਉਤੇ ਤਿਤਲੀਆਂ ਬਣ ਕੇ ਉਡਣਾ ਹੈ, ਤੂੰ ਇਕਾਂਤ ਵਿਚ ਵਗਦੇ ਪਾਣੀਆਂ ਨੂੰ ਆਪਣੇ ਗੀਤ ਸੁਨਾਣੇ ਹਨ, ਤੂੰ ਗੁਲਾਬ ਦੀਆਂ ਕੋਮਲ ਪਤੀਆਂ ਉਤੇ ਪਏ ਤ੍ਰੇਲ ਦੇ ਤੁਪਕਿਆਂ ਨੂੰ ਨਿਹਾਰਨਾ ਹੈ, ਤੂੰ ਨਵੇਂ ਰਾਹ ਬਿਖੇਰਨੇ ਹਨ, ਤੂੰ ਨਵਿਆਂ ਪੈਂਡਿਆਂ ਦੀ ਰਾਹੀ ਬਨਣਾ ਹੈ, ਤੂੰ ਗਗਨੀਂ ਉਡਣਾ ਹੈ, ਤੈਨੂੰ ਨਵੀਆਂ ਪਰਵਾਜ਼ਾਂ ਲੈਣੀਆਂ ਪੈਣਗੀਆਂ, ਸੋਨ ਸੁਨਹਿਰੀ ਕਿਰਨਾਂ ਤੇਰਾ ਇੰਤਜ਼ਾਰ ਕਰ ਰਹੀਆਂ ਹਨ । ਇਨ੍ਹਾਂ ਪਗਡੰਡੀਆਂ ਵਿਚੋਂ ਇਕ ਨਵਾਂ ਰਾਹ ਸਿਰਜ, ਜੋ ਤੇਰਾ ਰਾਹ ਹੋਵੇ ਤੇ ਸਿਰਫ਼ ਤੇਰਾ । ਉਠ! ਉਠ!! ਤੇ ਟੁਰ ਪਉ ਹੁਣ ਆਪਣੇ ਨਵੇਂ ਰਾਹਾਂ ਉਤੇ ਹੁਣ । ਸੰਸਾਰ ਤੈਨੂੰ ਆਪਣੀਆਂ ਬਾਹਵਾਂ ਖੋਲ੍ਹ ਕੇ ਆਪਣੀ ਨਿਘੀ ਤੇ ਕੋਸੀ ਬੁਕਲ ਵਿਚ ਲਪੇਟ ਲੈਣਾ ਚਾਹੁੰਦਾ ਹੈ । ਉਸਨੇ ਤੇਰੇ ਲਈ ਮਹਿਕਾਂ ਖਿਲਾਰੀਆਂ ਹੋਈਆਂ ਹਨ । ਤੇਰੀ ਦੁਨੀਆਂ ਸਾਗਰ ਜਿੰਨੀ ਵਿਸ਼ਾਲ ਹੈ । ਇਸ ਰੁਤ ਨੂੰ ਆਪਣੀਆਂ ਸ਼ਹਿਤੋਂ ਮਿਠੀਆਂ ਮੁਸਕਰਾਹਟਾਂ ਨਾਲ ਲੱਥ ਪੱਥ ਕਰ ਦੇ, ਤੂੰ ਘੁਲ ਜਾ ਇਨ੍ਹਾਂ ਫ਼ਿਜ਼ਾਵਾਂ ਵਿਚ ਤੇ ਮਹਿਕਾ ਦੇ ਕੁਲ ਆਲਮ ਨੂੰ ਆਪਣੀਆਂ ਨਵੀਆਂ ਨਕੋਰ ਸੁਰਾਂ ਨਾਲ, ਜੋ ਤੈਨੂੰ ਨਵਾਂ ਸ਼ਹਿਰ ਦੀ ਮਿਟੀ ਨੇ ਦਿਤੀਆਂ ਹਨ । ਤੂੰ ਰੂੰਅ ਦੇ ਗੋਹੜਿਆਂ ਵਰਗੀ ਤਾਜ਼ੀ ਪਈ ਬਰਫ਼ ਵਰਗੀ ਸੋਹਣੀ ਦਿੱਖ ਵਾਲੀ ਏਂ ਤੇ ਚਮਕ ਜਾ ਅਸਮਾਨੀਂ ਚੜ੍ਹ ਕੇ ।
ਰੀਆ ਸਿੰਘ
ਰੀਆ ਨੇ ਕੁਝ ਹੋਰ ਆਮ ਸੁਆਲਾਂ ਦੇ ਜੁਆਬ ਵਿਚ ਇਹ ਵੀ ਦਸਿਆ ਕਿ ਉਸਨੂੰ ਸੰਗੀਤ ਨਾਲ ਬੜਾ ਮੋਹ ਹੈ । ਉਹ ਦਸਦੀ ਹੈ ਕਿ ਸੰਗੀਤ ਉਸਦੀ ਜ਼ਿਹਨੀ ਖੁਰਾਕ ਹੈ । ਇਥੇ ਮੈਨੂੰ ਇਕ ਸ਼ੇਅਰ ਯਾਦ ਆਇਆ ਹੈ, ਜੋ ਰੀਆ ਉਤੇ ਪੂਰੀ ਤਰ੍ਹਾਂ ਢੁਕਦਾ ਹੈ:
“ਜਿਸਕੋ ਸਾਤ ਸੁਰੋਂ ਕਾ ਗਿਆਨ ਨਹੀਂ ਹੈ, ਵੋਹ ਮੂਰਖ ਇਨਸਾਨ ਨਹੀਂ ਹੈ”।
ਰੀਆ ਦਸਦੀ ਹੈ ਕਿ ਚੰਗੀ ਸਿਹਤ ਤਾਂ ਹੀ ਕਾਇਮ ਰਹਿ ਸਕਦੀ ਹੈ ਜੇ ਇਨਸਾਨ ਦਿਮਾਗ਼ੀ ਤੇ ਸਰੀਰਕ ਤੌਰ ਉਤੇ ਬਲਵਾਨ ਹੋਵੇ । ਇਨ੍ਹਾਂ ਦੋਹਾਂ ਵਿਚ ਸੰਤੁਲਨ ਕਾਇਮ ਰਖਣ ਲਈ ਉਹ ਰੱਜ ਕੇ ਚੰਗਾ ਸੰਗੀਤ ਸੁਣਦੀ ਹੈ ਤਾਂ ਕਿ ਦਿਮਾਗ਼ੀ ਤੌਰ ਉਤੇ ਉਹ ਹਲਕੀ ਫੁਲਕੀ ਮਹਿਸੂਸ ਕਰਦੀ ਰਹੇ ਤੇ ਸਰੀਰਕ ਸਿਹਤ ਲਈ ਉਹ ਰੋਜ਼ਾਨਾ ਜਿਮ ਵਿਚ ਜਾ ਕੇ ਕਸਰਤ, ਯੋਗਾ, ਨਾਚ, ਐਰੌਬਿਕਸ ਕਰਦੀ ਹੈ ਤੇ ਨਾਲ ਨਾਲ ਸਿਹਤਮੰਦ ਖਾਣਾ ਵੀ ਖਾਂਦੀ ਹੈ । ਪੰਜਾਬੀ ਖਾਣਾ, ਖਾਸ ਕਰਕੇ ਮਕੀ ਦੀ ਰੋਟੀ, ਸਾਗ ਤੇ ਖੀਰ ਉਸਦਾ ਮਨ ਭਾਉਂਦਾ ਖਾਣਾ ਹੈ । ਹਾਂ ਉਸਨੂੰ ਚਾਕਲੇਟ ਵੀ ਚੰਗਾ ਲਗਦਾ ਹੈ, ਪਰ ਹਰ ਸਵੇਰ ਦੇ ਨੇਮ ਵਿਚ ਸ਼ਹਿਤ ਤੇ ਨਿੰਬੂ ਪਾ ਕੇ ਕੋਸਾ ਪਾਣੀ ਪੀਣਾ ਉਹ ਕਦੇ ਨਹੀਂ ਭੁਲਦੀ । ਉਹ ਸੋਢਾ ਤੇ ਜੂਸ ਦੀ ਬਜਾਏ ਪਾਣੀ ਪੀਣ ਨੂੰ ਤਰਜੀਹ ਦਿੰਦੀ ਹੈ । ਵੈਸੇ ਉਹ ਹਰ ਤਰ੍ਹਾਂ ਦੇ ਖਾਣਿਆਂ ਦਾ ਸੁਆਦ ਚਖਣਾ ਪਸੰਦ ਕਰਦੀ ਹੈ । ਪੀਲਾ ਰੰਗ ਉਸਨੂੰ ਸਭ ਰੰਗਾਂ ਤੋਂ ਬੇਹਤਰੀਨ ਲਗਦਾ ਹੈ । ਇਥੋਂ ਤਕ ਕਿ ਜੇ ਉਹ ਕਿਸੇ ਕਪੜਿਆਂ ਵਾਲੇ ਸਟੋਰ ਵਿਚ ਚਲੀ ਜਾਵੇ ਤਾਂ ਪੀਲੇ ਰੰਗ ਵਾਲੇ ਕਪੜੇ ਬਦੋ ਬਦੀ ਉਸਦੀ ਨਜ਼ਰ ਅੱਗੇ ਆਣ ਖਲੋਂਦੇ ਹਨ । ਸੱਤ ਨੰਬਰ ਉਸਨੂੰ ਖੁਸ਼ਕਿਸਮਤੀ ਵਾਲਾ ਨੰਬਰ ਲਗਦਾ ਹੈ ।
ਰੀਆ ਸਿੰਘ ਨੇ ਭਾਵੇਂ ਇਕ ਸਾਧਾਰਨ ਘਰ ਵਿਚ ਤੇ ਇਕ ਆਮ ਜਹੇ ਕਸਬੇ ਸੁੱਜੋਂ ਵਿਚ ਜਨਮ ਲਿਆ, ਪਰ ਉਸਦੇ ਸੁਪਨਿਆਂ ਦਾ ਗਗਨ ਤਾਂ ਅਕਾਸ਼ ਗੰਗਾ ਤੋਂ ਵੀ ਉਚਾ ਸੀ । ਉਸਨੇ ਪੰਜਵੀਂ ਜਮਾਤ ਪਾਸ ਕੀਤੀ ਤਾਂ ਸਾਰੇ ਜ਼ਿਲੇ ਵਿਚੋਂ ਅਵਲ ਆਈ । ਉਹ ਪੰਜ ਫੁਟ ਪੰਜ ਇੰਚ ਲੰਬੀ ਸੁਲਫ਼ੇ ਦੀ ਲਾਟ ਵਰਗੀ ਦਿਲਖਿਚਵੀਂ ਹੈ । ਵੱਡੇ ਵੱਡੇ ਹਰਨੋਟੇ ਬਲੌਰੀ ਨੈਣਾਂ ਨਾਲ ਜਦੋਂ ਉਹ ਇਕ ਵਾਰ ਕਿਸੇ ਵਲ ਝਾਤ ਪਾ ਲਵੇ ਤਾਂ ਪਥਰ ਵੀ ਵਹਿ ਤੁਰਨ ਲਈ ਮਜਬੂਰ ਹੋ ਜਾਂਦੇ ਹਨ । ਫੇਰ ਉਸਨੇ ਸਰਕਾਰੀ ਹਾਈ ਸਕੂਲ, ਸੂਰਾਂਪੁਰ ਤੋਂ ਦਸਵੀਂ ਪਾਸ ਕੀਤੀ ਤੇ ਆਖ਼ਰ ਆਰ.ਕੇ. ਆਰੀਆ ਕਾਲਜ, ਨਵਾਂ ਸ਼ਹਿਰ ਵਿਚੋਂ ਬੈਚੂਲਰ ਦੀ ਡਿਗਰੀ ਹਾਸਲ ਕੀਤੀ । ਬਤਰਾ ਸਟੋਰ ਵਾਲਿਆਂ ਨੇ ਜਦ ਇਕ ਵਾਰ ਆਪਣੇ ਕਪੜੇ ਲਾਂਚ ਕਰਨੇ ਸਨ ਤਾਂ ਉਨ੍ਹਾਂ ਦੀ ਨਜ਼ਰ ਨਵਾਂ ਸ਼ਹਿਰ ਦੀ ਸੁਹਣੇ ਤੇ ਦਿਲ ਖਿਚਵੇਂ ਜੁਸੇ ਵਾਲੀ ਐਥਲੀਟ, ਖੂਬਸੂਰਤ ਨਕਸ਼ ਨੈਣਾਂ ਵਾਲੀ, ਹਸਦੀ ਤੇ ਮੁਸਕਰਾਉਂਦੀ ਰੀਆ ਸਿੰਘ ਉਤੇ ਟਿਕ ਗਈ ਤੇ ਉਨ੍ਹਾਂ ਨੇ ਰੀਆ ਨੂੰ ਰੈਂਪ ਉਤੇ ਉਤਰਨ ਲਈ ਕਿਹਾ । ਉਸ ਦਿਨ ਤੋਂ ਬਾਅਦ ਰੀਆ ਦੇ ਅੰਦਰਲੇ ਹੁਸਨ ਵਿਚ ਦਿਨ-ਬਾ-ਦਿਨ ਨਿਖਾਰ ਆਉਂਦਾ ਗਿਆ ਤੇ ਉਹ ਲੰਬੀਆਂ ਲੰਬੀਆਂ ਉਲਾਂਘਾ ਪੁਟਦੀ ਆਪਣੀ ਮੰਜ਼ਲ ਵਲ ਅਗੇ ਵਧਣ ਲਗ ਪਈ । ਨਿਰੀ ਹੈਰਾਨੀ ਵਾਲੀ ਗਲ ਹੀ ਨਹੀਂ, ਸਗੋਂ ਕਮਾਲ ਵਾਲੀ ਗਲ ਵੀ ਹੈ ਕਿ ਰੀਆ ਨੇ ਵੀਡੀਓ ਮਿਊਜ਼ਿਕ, ਐਕਟਿੰਗ ਤੇ ਮਾਡਲਿੰਗ ਵਿਚ ਕਿਸੇ ਇੰਸਟੀਚੂਟ ਤੋਂ ਸਿਖਲਾਈ ਨਹੀਂ ਲਈ । ਬਾਵਜੂਦ ਇਸਦੇ ਉਸਦੇ ਅੰਦਰ ਛੁਪਿਆ ਹੋਇਆ ਫ਼ਨ ਫੁਟ ਫੁਟ ਕੇ ਤੇ ਖ਼ੁਦ-ਬਾ-ਖ਼ੁਦ ਆਪਣੇ ਜੌਹਰ ਦਿਖਾਉਣ ਲਗ ਪਿਆ । ਸੁਖੀ ਖ਼ਾਨ ਤੇ ਈਦੂ ਸ਼ਰੀਫ਼ ਦੇ ਇਕ ਬੜੇ ਮਸ਼ਹੂਰ ਗੀਤ “ਕਾਹਨੂੰ ਛੱਡ ਗਿਆ ਗਲੀ ਵਿਚੋਂ ਲੰਘਣਾ, ਪੰਜਾਂ ਦੇ ਤਵੀਤ ਬਦਲੇ” ਤੋਂ ਉਸਦੀ ਚਕਾ ਚੌਂਧ ਵਾਲੀ ਦੁਨੀਆਂ ਵਿਚ ਪਹਿਚਾਣ ਬਨਣੀ ਸ਼ੁਰੂ ਹੋ ਗਈ ਸੀ । ਇਸਤੋਂ ਇਲਾਵਾ ਰੀਆ ਨੇ ਹਰਭਜਨ ਮਾਨ, ਦੇਬੀ ਮਖਸੂਸ ਪੁਰੀ, ਮਿਸ ਪੂਜਾ, ਗੁਰਵਿੰਦਰ ਬਰਾੜ ਤੇ ਕਈ ਹੋਰਾਂ ਦੀਆਂ ਮਿਊਜ਼ਿਕ ਵੀਡੀਓ ਵੀ ਕੀਤੀਆਂ ।
ਰੀਆ ਨੇ ਪੰਜਾਬੀ ਦੇ ਦੋ ਸੀਰੀਅਲ “ਸੌਦੇ ਦਿਲਾਂ ਦੇ” ਅਤੇ “ਅੱਗ ਦੇ ਕਲੀਰੇ” ਵਿਚ ਵੀ ਕੰਮ ਕੀਤਾ । ਉਸ ਨੇ ਜਿਥੇ ਜਿਥੇ ਵੀ ਕੰਮ ਕੀਤਾ, ਪਿਛੇ ਆਪਣੀ ਇਕ ਅਮਿਟ ਛਾਪ ਵੀ ਛਡਦੀ ਗਈ । ਇਸਤੋਂ ਇਲਾਵਾ ਉਸਨੇ ਕੁਝ ਟੈਲੀਫਿਲਮਾਂ ਵਿਚ ਵੀ ਕੰਮ ਕੀਤਾ, ਜਿਨ੍ਹਾਂ ਵਿਚੋਂ ਕੁਝ ਵਿਸ਼ੇਸ਼ ਨਾਮ ਇਸ ਪ੍ਰਕਾਰ ਹਨ: ਜਸਵੰਤ ਦੀਦ ਵਲੋਂ ਡਾਇਰੈਕਟ ਕੀਤੀ ਹੋਈ “ਕਸਤੂਰੀ”, ਹਰਜੀਤ ਸਿੰਘ ਵਲੋਂ ਡਾਇਰੈਕਟ ਕੀਤੀ ਹੋਈ “ਇਕਾਨੀ” ਤੇ “ਸਾਂਝ ਦਿਲਾਂ ਦੀ” । ਮੁਕੇਸ਼ ਗੌਤਮ ਵਲੋਂ ਡਾਇਰੈਕਟ ਕੀਤੀ ਇਕ ਦਸਤਾਵੇਜ਼ੀ ਫਿਲਮ “ਹੀਰ ਵਾਰਸ ਸ਼ਾਹ”, ਵਿਚ ਰੀਆ ਸਿੰਘ ਨੇ ਹੀਰ ਦੇ ਕਿਰਦਾਰ ਦੀ ਭੂਮਿਕਾ ਬੜੀ ਬਾਖ਼ੂਬੀ ਨਿਭਾਹੀ । ਰੀਆ ਨੇ ਜਲੰਧਰ ਦੂਰ ਦਰਸ਼ਨ ਕੇਂਦਰ ਉਤੋਂ ਭਰੂਣ ਹਤਿਆ ਉਤੇ ਇਕ ਮੂਵੀ ਵਿਚ ਵੀ ਇਕ ਕਿਰਦਾਰ ਦਾ ਰੋਲ ਅਦਾ ਕੀਤਾ । ਚੇਤੇ ਰਹੇ ਕਿ ਇਸ ਫਿਲਮ ਨੂੰ ਕੌਮੀ ਸਨਮਾਨ ਹਾਸਲ ਹੋਇਆ ਸੀ । ਇਸਤੋਂ ਬਾਅਦ ਰੀਆ ਨੇ 2011 ਵਿਚ “ਜਿਹਨੇ ਮੇਰਾ ਦਿਲ ਲੁਟਿਆ” ਵਿਚ ਪਿੰਕੀ ਮੋਗੇ ਵਾਲੀ ਦੇ ਕਿਰਦਾਰ ਦੀ ਭੂਮਿਕਾ ਨਿਭਾਹੀ ਤੇ ਫੇਰ ਅਮਿਤੋਜ ਮਾਨ ਵਲੋਂ ਡਾਇਰੈਕਟ ਕੀਤੀ ਸਨੀ ਦਿਓਲ ਦੀ ਮੂਵੀ “ਕਾਫ਼ਿਲਾ” ਵਿਚ ਵੀ ਕੰਮ ਕੀਤਾ । ਸਫ਼ਲਤਾ ਆਪਣੇ ਆਪ ਕਦਮ ਚੁੰਮਦੀ ਗਈ ਤੇ ਕੁਝ ਹੋਰ ਪੰਜਾਬੀ ਫਿਲਮਾਂ ਵਿਚ ਸ਼ਾਨਦਾਰ ਰੋਲ ਅਦਾ ਕੀਤੇ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: “ਵਾਹਘਾ”, “ਓਇ ਹੋਇ ਪਿਆਰ ਹੋ ਗਿਆ”, “ਤੂੰ ਮੇਰਾ 22 ਮੈਂ ਤੇਰਾ 22” ਤੇ “ਇਹ ਤੇਰਾ ਅਪਮਾਨ”।
ਰੀਆ ਨੇ ਉਸਤੋਂ ਬਾਅਦ ਹੁਣ ਤਕ ਬੜੇ ਪ੍ਰਸਿਧ ਨਾਟਕਾਂ “ਨਾਟੀ ਬਾਬਾ ਇਨ ਟਾਊਨ” ਤੇ ਬੀਨੂ ਢਿਲੋਂ ਵਲੋਂ ਡਾਇਰੈਕਟ ਕੀਤਾ “ਐਨ.ਆਰ.ਆਈ. (ਨਹੀਂ ਰਹਿਣਾ ਇੰਡੀਆ)” ਵਿਚ ਸ਼ਾਨਦਾਰ ਤੇ ਸਫ਼ਲ ਭੂਮਕਾ ਨਿਭਾਹੀਆਂ । ਇਹ ਨਾਟਕ ਬਾਕਾਇਦਾ ਅਮਰੀਕਾ, ਕਨੇਡਾ, ਅਸਟਰੇਲੀਆ, ਨੀਊਜ਼ੀਲੈਂਡ ਤੇ ਮਲੇਸ਼ੀਆ ਦੇ ਬਹੁਤ ਸਾਰੇ ਅਹਿਮ ਸ਼ਹਿਰਾਂ ਵਿਚ ਦਿਖਾਇਆ ਗਿਆ । ਮਾਣਯੋਗ ਪਾਰਲੀਮੈਂਟੇਰੀਅਨ ਭਗਵੰਤ ਮਾਨ ਦੇ ਇਕ ਡਰਾਮੇ “ਜਸਟ ਲਾਫ਼ ਬਾਕੀ ਮਾਫ਼” ਵਿਚ ਵੀ ਕੰਮ ਕੀਤਾ । ਇਸਦੇ ਨਾਲ ਹੀ ਐਮ.ਐਚ. 1 ਵਾਸਤੇ “ਹਸਦੇ ਹਸਾਉਂਦੇ ਰਹੋ” ਵਿਚ ਵੀ ਕੰਮ ਕੀਤਾ ।
ਕੁਝ ਨਿਜੀ ਸੁਆਲਾਂ ਦੀ ਝੜੀ ਵਿਚ ਜਦ ਮੈਂ ਉਸਨੂੰ ਉਸਦੇ ਸੁਪਨਿਆਂ ਦੇ ਰਾਜਕੁਮਾਰ ਬਾਰੇ ਪੁਛਿਆ, ਤਾਂ ਹੱਸ ਕੇ ਕਹਿਣ ਲਗੀ, “ਵਿਆਹ ਦਾ ਲੱਡੂ, ਜੋ ਖਾਵੇ ਉਹ ਪਛਤਾਵੇ ਤੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ”। ਪਰ ਨਾਲ ਹੀ ਸੰਜੀਦਗੀ ਨਾਲ ਕਹਿਣ ਲਗੀ, “ਹਾਂ, ਉਸ ਰਾਜਕੁਮਾਰ ਦੇ ਸੁਪਨੇ ਸਿਰਜਦੀ ਹਾਂ, ਜਿਹੜਾ ਮੈਨੂੰ ਹਸਾ ਸਕੇ, ਖੁਸ਼ ਰੱਖ ਸਕੇ, ਗੁਣਵਾਨ ਹੋਵੇ ਤੇ ਸੁਹਣਾ ਸੁਨੱਖਾ ਵੀ ਹੋਵੇ । ਸ਼ਾਦੀ ਭਾਵੇਂ ਆਪਣੀ ਪਸੰਦ ਦੀ ਹੋਵੇ ਜਾਂ ਮਾਪਿਆਂ ਦੀ ਪਸੰਦਗੀ ਦੀ, ਪਰ ਰਿਸ਼ਤਿਆਂ ਦੀ ਸਾਂਝ ਵਿਚ ਆਪਸੀ ਪਿਆਰ, ਇਤਬਾਰ, ਸਤਿਕਾਰ ਤੇ ਇਕ ਦੂਜੇ ਨੂੰ ਸਮਝਣਾ ਬੜਾ ਜ਼ਰੂਰੀ ਹੈ । ਵੈਸੇ ਹਾਲ ਦੀ ਘੜੀ ਉਸਦੀ ਜ਼ਿੰਦਗੀ ਵਿਚ ਉਸਦਾ ਸੁਪਨਿਆਂ ਦਾ ਰਾਜਾ ਕੋਈ ਵੀ ਨਹੀਂ ਹੈ ।
ਜਦ ਮੈਂ ਪੁਛਿਆ ਕਿ “ਐਕਟਿੰਗ ਵਿਚ ਰੀਆ ਤੇਰੀ ਪ੍ਰੇਰਨਾ ਦਾ ਸਰੋਤ ਕੌਣ ਹੈ?” ਤਾਂ ਉਸਨੇ ਤੁਰਤ ਜੁਆਬ ਦਿਤਾ, “ਮਾਧੁਰੀ ਦੀਖਸ਼ਿਤ”। ਮੈਂ ਅਗੋਂ ਹੱਸ ਕੇ ਕਿਹਾ, “ਮੇਰੀ ਜਾਚੇ ਤੂੰ ਤਾਂ ਮਧੂਬਾਲਾ ਤੋਂ ਟੱਪੀ ਹੋਈ ਹੈਂ”। ਪਹਿਰਾਵੇ ਵਲੋਂ ਬਿਨਾਂ ਪੁਛਿਆਂ ਦਸਣ ਲਗੀ ਕਿ ਮੈਨੂੰ ਪਛਮੀ ਪਹਿਰਾਵਾ ਪਾਉਣਾ ਚੰਗਾ ਲਗਦਾ ਹੈ ।
ਅਖ਼ੀਰ ਵਿਚ ਉਸਨੇ ਆਪਣੇ ਦਿਲ ਦੀ ਗਲ ਕਹਿੰਦਿਆਂ ਦਸਿਆ ਕਿ ਉਹ ਸਾਰੀ ਦੁਨੀਆਂ ਦੇ ਦਿਲਾਂ ਉਤੇ ਰਾਜ ਕਰਨਾ ਚਾਹੁੰਦੀ ਹੈ ।