ਅਹਿਮਦਾਬਾਦ – ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਪਤਨੀ ਜਸ਼ੋਦਾਬੇਨ ਨੇ ਅਹਿਮਦਾਬਾਦ ਦੇ ਪਾਸਪੋਰਟ ਦੇ ਆਫਿ਼ਸ ਵਿੱਚ ਇੱਕ ਆਰਟੀਆਈ ਦਰਖਾਸਤ ਦਾਇਰ ਕਰਕੇ ਪੁੱਛਿਆ ਹੈ ਕਿ ਗੁਜਰਾਤ ਦੇ ਮੁੱਖਮੰਤਰੀ ਰਹਿੰਦੇ ਹੋਏ ਜਦੋਂ ਮੋਦੀ ਨੇ ਪਾਸਪੋਰਟ ਬਣਵਾਇਆ ਸੀ, ਤਾਂ ਉਨ੍ਹਾਂ ਨੇ ਸ਼ਾਦੀ ਨਾਲ ਸਬੰਧਤ ਦਸਤਾਵੇਜ ਜਮ੍ਹਾਂ ਕਰਵਾਏ ਸਨ।
ਜਸ਼ੋਦਾਬੇਨ ਨੇ ਅਸਲ ਵਿੱਚ ਪਿੱਛਲੇ ਸਾਲ ਪਾਸਪੋਰਟ ਬਣਵਾਉਣ ਲਈ ਦਰਖਾਸਤ ਦਿੱਤੀ ਸੀ। ਪਰ ਪਾਸਪੋਰਟ ਦਫ਼ਤਰ ਨੇ ਜਸ਼ੋਦਾਬੇਨ ਦੀ ਦਰਖਾਸਤ ਇਸ ਲਈ ਖਾਰਿਜ ਕਰ ਦਿੱਤੀ ਸੀ ਕਿ ਉਨ੍ਹਾਂ ਨੇ ਸ਼ਾਦੀ ਦਾ ਅਜਿਹਾ ਕੋਈ ਪਰਮਾਣ ਪੱਤਰ ਜਾਂ ਇੱਕਠੇ ਰਹਿਣ ਦਾ ਕੋਈ ਵੀ ਸਬੂਤ ਪੇਸ਼ ਨ੍ਹੀਂ ਕੀਤਾ, ਜਿਸ ਤੋਂ ਇਹ ਸਾਬਿਤ ਹੁੰਦਾ ਹੋਵੇ ਕਿ ਉਸ ਦੀ ਮੋਦੀ ਨਾਲ ਸ਼ਾਦੀ ਹੋਈ ਹੈ। ਜਸ਼ੋਦਾਬੇਨ ਨੇ ਇਸੇ ਸਬੰਧ ਵਿੱਚ ਆਰਟੀਆਈ ਤੋਂ ਜਾਣਕਾਰੀ ਮੰਗੀ ਹੈ।
ਪਾਸਪੋਰਟ ਅਧਿਕਾਰੀ ਖਾਨ ਨੇ ਕਿਹਾ, ‘ਜਸ਼ੋਦਾਬੇਨ ਬੁੱਧਵਾਰ ਨੂੰ ਦਫ਼ਤਰ ਆਈ ਸੀ ਅਤੇ ਉਸ ਨੇ ਆਪਣੇ ਪਾਸਪੋਰਟ ਨਾਲ ਸਬੰਧਿਤ ਆਰਟੀਆਈ ਦਰਖਾਸਤ ਦਾਇਰ ਕੀਤੀ। ਅਸੀਂ ਸਹੀ ਸਮੇਂ ਤੇ ਉਨ੍ਹਾਂ ਨੂੰ ਜਵਾਬ ਦੇਵਾਂਗੇ।’ ਜਸ਼ੋਦਾਬੇਨ ਦੇ ਭਰਾ ਨੇ ਕਿਹਾ ਕਿ ਜਸ਼ੋਦਾਬੇਨ ਉਨ੍ਹਾਂ ਦਸਤਾਵੇਜ਼ਾਂ ਬਾਰੇ ਜਾਣਕਾਰੀ ਚਾਹੁੰਦੀ ਹੈ ਜਿਨ੍ਹਾਂ ਦੁਆਰਾ ਮੋਦੀ ਨੇ ਗੁਜਰਾਤ ਦੇ ਮੁੱਖਮੰਤਰੀ ਰਹਿੰਦੇ ਹੋਏ ਆਪਣਾ ਪਾਸਪੋਰਟ ਬਣਵਾਇਆ ਸੀ।