ਨਵੀਂ ਦਿੱਲੀ- ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਕੇਂਦਰ ਦੀ ਰਾਜਗ ਸਰਕਾਰ ਵਿੱਚ ਆਤਮਵਿਸ਼ਵਾਸ਼ ਦਾ ਸੰਕਟ ਹੈ। ਉਨ੍ਹਾਂ ਨੇ ਇੱਕ ਮੈਗਜੀਨ ਨੂੰ ਦਿੱਤੀ ਇੰਟਰਵਿਯੂ ਵਿੱਚ ਕਿਹਾ ਕਿ ਮੋਦੀ ਇੱਕ ਸਾਈਲੈਂਟ ਪ੍ਰਧਾਨਮੰਤਰੀ ਹੈ। ਅਹਿਮ ਮੁੱਦਿਆਂ ਤੇ ਉਹ ਜਿਆਦਾਤਰ ਚੁੱਪ ਹੀ ਰਹਿੰਦੇ ਹਨ।
ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਤੇ ਭਰੋਸਾ ਨਹੀਂ ਹੈ। ਉਨ੍ਹਾਂ ਅਨੁਸਾਰ ਉਦਯੋਗਪਤੀ ਜਦੋਂ ਮੰਤਰੀਆਂ ਕੋਲ ਜਾਂਦੇ ਹਨ ਤਾਂ ਉਹ ਸੱਭ ਸਹੀ ਗੱਲਾਂ ਕਰਦੇ ਹਨ, ਪਰ ਜਦੋਂ ਉਹ ਵਾਪਿਸ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਜਿਆਦਾ ਕੁਝ ਨਹੀਂ ਬਦਲਿਆ। ਇਸ ਤੋਂ ਜਾਹਿਰ ਹੁੰਦਾ ਹੈ ਕਿ ਸਰਕਾਰ ਵਿੱਚ ਆਤਮਵਿਸ਼ਵਾਸ਼ ਦਾ ਸੰਕਟ ਹੈ। ਉਨ੍ਹਾਂ ਨੇ ਦੇਸ਼ ਵਿੱਚ ਗਾਂ ਦੇ ਮਾਸ ਸਬੰਧੀ ਚੱਲ ਰਹੇ ਵਿਵਾਦ ਅਤੇ ਬਿਸਹਾੜਾ ਕਾਂਡ ਤੇ ਮੋਦੀ ਦੇ ਚੁੱਪ ਰਹਿਣ ਤੇ ਨਿਸ਼ਾਨਾ ਸਾਧਿਆ। ਨੇਪਾਲ ਅਤੇ ਪਾਕਿਸਤਾਨ ਦੇ ਨਾਲ ਦੇਸ਼ ਦੇ ਸਬੰਧਾਂ ਬਾਰੇ ਵੀ ਸਰਕਾਰ ਦੀ ਨੀਤੀ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਨੀਤੀ ਇੱਕ ਕਦਮ ਅੱਗੇ ਅਤੇ ਦੋ ਕਦਮ ਪਿੱਛੇ ਦੀ ਹੋ ਗਈ ਹੈ। ਮੋਦੀ ਦੀ ਅਚਾਨਕ ਲਾਹੌਰ ਯਾਤਰਾ ਦਾ ਜਿਕਰ ਕਰਦੇ ਹੋਏ ਸਾਬਕਾ ਪ੍ਰਧਾਨਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਿਆਦਾ ਉਤਸਾਹਿਤ ਹੋਣ ਦੀ ਜਰੂਰਤ ਨਹੀਂ ਸੀ।