ਫਤਹਿਗੜ੍ਹ ਸਾਹਿਬ – “ਕਿਸੇ ਵੀ ਕੌਮ ਦੀ ਨੌਜਵਾਨੀ ਦੇ ਜਦੋਂ ਮਨ ਅਤੇ ਆਤਮਾ ਨੂੰ ਹਕੂਮਤਾਂ ਵੱਲੋਂ ਠੇਸ ਪਹੁੰਚਾਉਣ ਦੀ ਕਾਰਵਾਈ ਹੁੰਦੀ ਹੈ ਜਾਂ ਉਹਨਾਂ ਦੇ ਮਨ-ਆਤਮਾ ਨੂੰ ਕਿਸੇ ਸੰਜ਼ੀਦਾ ਮੁੱਦੇ ਉਤੇ ਦੁੱਖ ਪਹੁੰਚਾਉਣ ਦੇ ਅਮਲ ਹੁੰਦੇ ਹਨ, ਤਾਂ ਨੌਜਵਾਨੀ ਦੇ ਮਨ ਵਿਚ ਹਕੂਮਤਾਂ ਵਿਰੁੱਧ ਬ਼ਗਾਵਤੀ ਰੋਹ ਉੱਠਣਾ ਕੁਦਰਤੀ ਹੁੰਦਾ ਹੈ। ਕਿਉਂਕਿ ਐਕਸ਼ਨ ਦਾ ਰੀਐਕਸ਼ਨ ਜ਼ਰੂਰ ਹੁੰਦਾ ਹੈ । ਬੀਤੇ ਦਿਨੀਂ ਜੋ ਜੰਮੂ-ਕਸ਼ਮੀਰ ਦੇ ਮੁਸਲਿਮ ਨੌਜ਼ਵਾਨਾਂ ਵੱਲੋਂ ਉਥੇ ਕੋਈ ਨਾਅਰੇਬਾਜੀ ਕੀਤੀ ਗਈ ਹੈ, ਉਸ ਨੂੰ ਸਹੀ ਢੰਗ ਨਾਲ ਹੱਲ ਕਰਨ ਦੀ ਬਜਾਇ ਜੋ ਹਿੰਦੂਤਵ ਹਕੂਮਤਾਂ ਵੱਲੋਂ ਉਹਨਾਂ ਨੂੰ ਪਾਕਿਸਤਾਨੀ ਗਰਦਾਨਕੇ ਜ਼ਲੀਲ ਅਤੇ ਟਾਰਚਰ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਉਤੇ ਸੰਗੀਨ ਜੁਰਮਾਂ ਦੇ ਦੋਸ਼ ਲਗਾਕੇ ਕੇਸ ਦਰਜ ਕਰਨ ਦੇ ਅਮਲ ਹੋ ਰਹੇ ਹਨ, ਹਕੂਮਤਾਂ ਦੇ ਅਜਿਹੇ ਅਮਲ ਧੁੱਖਦੀ ਅੱਗ ਨੂੰ ਭਾਂਬੜ ਬਣਾਉਣ ਵਾਲੇ ਅਤਿ ਦੁੱਖਦਾਇਕ ਅਤੇ ਬਚਕਾਨਾਂ ਅਮਲ ਹਨ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਹਿੰਦੂਤਵ ਹਕੂਮਤ ਅਤੇ ਜੰਮੂ-ਕਸ਼ਮੀਰ ਦੀ ਹਕੂਮਤ ਨੂੰ ਖ਼ਬਰਦਾਰ ਕਰਦਾ ਹੈ ਕਿ ਨੌਜ਼ਵਾਨਾਂ ਨੂੰ ਇਸ ਤਰ੍ਹਾਂ ਟਾਰਚਰ ਕਰਨਾ ਅਤੇ ਜ਼ਲੀਲ ਕਰਨਾ ਬੰਦ ਕੀਤਾ ਜਾਵੇ, ਵਰਨਾ ਇਸ ਦੇ ਨਤੀਜੇ ਅਤਿ ਖਤਰਨਾਕ ਸਾਬਤ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ-ਕਸ਼ਮੀਰ ਵਿਖੇ ਉਥੋਂ ਦੀ ਨੌਜਵਾਨੀ ਨਾਲ, ਖੂਫੀਆਂ ਏਜੰਸੀਆਂ, ਹੁਕਮਰਾਨਾਂ ਵੱਲੋਂ ਬਿਗਾਨਿਆਂ ਅਤੇ ਮੁਜ਼ਰਿਮਾਂ ਦੀ ਤਰ੍ਹਾਂ ਪੇਸ਼ ਆਉਣ ਅਤੇ ਉਹਨਾਂ ਉਤੇ ਨਿਰਆਧਾਰ ਦੋਸ਼ ਲਗਾਕੇ, ਪਾਕਿਸਤਾਨੀ ਕਹਿਕੇ ਮੁਸਲਿਮ ਨੌਜਵਾਨਾਂ ਦੇ ਮਨਾਂ ਅਤੇ ਆਤਮਾਵਾਂ ਨੂੰ ਠੇਸ ਪਹੁੰਚਾਉਣ ਦੇ ਅਮਲਾਂ ਨੂੰ ਗੈਰ-ਵਿਧਾਨਿਕ ਅਤੇ ਗੈਰ ਸਮਾਜਿਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਸੇ ਤਰ੍ਹਾਂ ਹੁਕਮਰਾਨਾਂ ਵੱਲੋਂ ਸ੍ਰੀ ਜਵਾਹਰ ਲਾਲ ਯੂਨੀਵਰਸਿਟੀ ਵਿਖੇ ਤਾਲੀਮ ਹਾਸਿਲ ਕਰਨ ਵਾਲੇ ਸੂਝਵਾਨ ਉਹਨਾਂ ਨੌਜਵਾਨਾਂ ਜਿਨ੍ਹਾਂ ਨੇ ਆਪਣੇ ਸ਼ਹੀਦਾਂ ਸ੍ਰੀ ਮਕਬੂਲ ਭੱਟ ਅਤੇ ਅਫਜਲ ਗੁਰੂ ਦੀਆਂ ਅਸਥੀਆਂ ਮੁਸਲਿਮ ਕੌਮ ਦੇ ਹਵਾਲੇ ਕਰਨ ਦੀ ਜ਼ਾਇਜ ਮੰਗ ਕੀਤੀ ਸੀ, ਉਹਨਾਂ ਉਤੇ ਵੀ ਅਪਰਾਧਿਕ ਕੇਸ ਦਰਜ ਕਰਕੇ ਦਿਮਾਗੀ ਤੌਰ ਤੇ ਅਤੇ ਸਰੀਰਕ ਤੌਰ ਤੇ ਤਸ਼ੱਦਦ ਕਰਕੇ ਹਿੰਦ ਦੇ ਵਿਧਾਨ ਦੀ ਧਾਰਾ 14, 19 ਅਤੇ 21 ਜੋ ਕ੍ਰਮਵਾਰ ਬਰਾਬਰਤਾ ਦੇ ਆਜ਼ਾਦੀ ਨਾਲ ਬੋਲਣ, ਤਕਰੀਰ ਕਰਨ ਜਾਂ ਲਿਖਤੀ ਸਮੱਗਰੀ ਵੰਡਣ ਜਾਂ ਆਪਣੇ ਖਿਆਲਾਤ ਪ੍ਰਗਟਾਉਣ ਨੂੰ ਕੁਚਲਣ ਦੀ ਕਾਰਵਾਈ ਕੀਤੀ ਹੈ । ਅਜਿਹੇ ਵਿਤਕਰੇ ਭਰੇ ਅਮਲ ਹਿੰਦ ਵਿਚ ਕੇਵਲ ਮੁਸਲਿਮ ਕੌਮ ਨਾਲ ਹੀ ਨਹੀਂ ਹੋ ਰਹੇ, ਬਲਕਿ ਸਿੱਖ, ਇਸਾਈ ਅਤੇ ਰੰਘਰੇਟਿਆਂ ਨਾਲ ਰੋਜ਼ਾਨਾ ਹੀ ਵੇਖਣ ਨੂੰ ਪ੍ਰਤੱਖ ਮਿਲਦੇ ਹਨ । ਜਿਸ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਹਿੰਦੂਤਵ ਸੋਚ ਵਾਲੇ ਹੁਕਮਰਾਨ ਇਥੇ ਕੇਵਲ ਹਿੰਦੂ, ਹਿੰਦੀ, ਹਿੰਦੂਸਤਾਨ ਦੀ ਗੱਲ ਕਰਕੇ ਘੱਟ ਗਿਣਤੀ ਕੌਮਾਂ ਨੂੰ ਆਪਣਾ ਗੁਲਾਮ ਰੱਖਣ ਲਈ ਸਾਜਿ਼ਸ਼ਾਂ ਰਚ ਰਹੇ ਹਨ ਜੋ ਜੰਮੂ-ਕਸ਼ਮੀਰ ਵਿਖੇ ਨੌਜਵਾਨਾਂ ਨੂੰ ਪਾਕਿਸਤਾਨੀ ਗਰਦਾਨਣ ਦੇ ਅਸਹਿ ਅਮਲ ਹੋਏ ਹਨ, ਇਹ ਵੀ ਹਿੰਦੂਤਵ ਹੁਕਮਰਾਨਾਂ ਦੀ ਘੱਟ ਗਿਣਤੀ ਕੌਮਾਂ ਨੂੰ ਗੁਲਾਮੀਅਤ ਦਾ ਅਹਿਸਾਸ ਕਰਵਾਉਣ ਅਤੇ ਗਲਤ ਢੰਗਾਂ ਰਾਹੀ ਉਹਨਾਂ ਉਤੇ ਝੂਠੇ ਕੇਸ ਦਰਜ ਕਰਕੇ ਤਸ਼ੱਦਦ ਕਰਨ ਦਾ ਇਕ ਬਹਾਨਾ ਬਣਾਇਆ ਜਾ ਰਿਹਾ ਹੈ ਅਤੇ ਜ਼ਬਰੀ ਮੁਸਲਿਮ, ਸਿੱਖ ਆਦਿ ਘੱਟ ਗਿਣਤੀ ਕੌਮਾਂ ਨੂੰ ਬਾਗੀ, ਅੱਤਵਾਦੀ, ਵੱਖਵਾਦੀ ਨਾਮ ਦੇ ਕੇ ਬਦਨਾਮ ਕਰਨ ਦੀ ਸਾਜਿ਼ਸ਼ ਰਚੀ ਜਾ ਰਹੀ ਹੈ । ਉਹਨਾਂ ਕਿਹਾ ਕਿ ਸ.ਪਰਮਜੀਤ ਸਿੰਘ ਪੰਮਾ ਜੋ ਕਿ ਇਨਸਾਨੀਅਤ ਅਤੇ ਕਾਨੂੰਨੀ ਤੌਰ ਤੇ ਇਕ ਗੁਰਸਿੱਖ ਇਨਸਾਨ ਹੈ ਅਤੇ ਜਿਸ ਨੂੰ ਹਿੰਦ ਦੀ ਹਕੂਮਤ ਨੇ ਝੂਠੇ ਕੇਸਾਂ ਰਾਹੀ ਉਲਝਾਉਣ ਦੀ ਕੋਸਿ਼ਸ਼ ਕੀਤੀ ਸੀ, ਲੇਕਿਨ ਉਸ ਵਿਚ ਕੌਮਾਂਤਰੀ ਪੱਧਰ ਤੇ ਅਸਫ਼ਲ ਹੋ ਜਾਣ ‘ਤੇ ਉਸ ਨੂੰ ਇਥੋਂ ਦੀਆਂ ਹਿੰਦੂਤਵ ਅਖ਼ਬਾਰਾਂ “ਅੱਤਵਾਦੀ” ਲਿਖਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਨੂੰ ਵਲੂੰਧਰਣ ਦੀ ਕਾਰਵਾਈ ਕਰ ਰਹੀਆਂ ਹਨ । ਜਦੋਂਕਿ ਅੱਤਵਾਦੀ ਤਾਂ ਇਥੋਂ ਦੇ ਜ਼ਾਬਰ ਤੇ ਜ਼ਾਲਮ ਉਹ ਹੁਕਮਰਾਨ ਹਨ, ਉਹ ਪੁਲਿਸ ਤੇ ਫੋਰਸਾਂ ਹਨ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਪੰਜਾਬ, ਜੰਮੂ-ਕਸ਼ਮੀਰ ਅਤੇ ਹੋਰ ਕਈ ਸਥਾਨਾਂ ਉਤੇ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਜਿੰਦਗੀ ਬਸਰ ਕਰ ਰਹੇ ਮੁਸਲਿਮ ਅਤੇ ਸਿੱਖ ਨੌਜ਼ਵਾਨਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਝੂਠੇ ਕੇਸ ਵੀ ਦਰਜ ਕੀਤੇ, ਗੁਜਰਾਤ ਵਿਚ ਅਤੇ ਜੰਮੂ-ਕਸ਼ਮੀਰ ਵਿਚ ਮੁਸਲਿਮ ਕੌਮ ਦਾ ਕਤਲੇਆਮ ਕੀਤਾ, ਪੰਜਾਬ ਵਿਚ ਸਿੱਖ ਕੌਮ ਦਾ ਕਤਲੇਆਮ ਕੀਤਾ, ਨਸਲੀ ਸਫ਼ਾਈ ਕੀਤੀ । ਇਹਨਾ ਕੌਮਾਂ ਦੇ ਵਿਧਾਨਿਕ ਹੱਕ ਕੁਚਲਕੇ ਉਹਨਾਂ ਉਤੇ ਵੱਡੇ ਵਿਤਕਰੇ ਕੀਤੇ । ਅਸਲੀਅਤ ਵਿਚ ਅਜਿਹੇ ਹੁਕਮਰਾਨ, ਅਜਿਹੇ ਪੁਲਿਸ ਅਧਿਕਾਰੀ ਹੀ ਅੱਤਵਾਦੀ ਹਨ ਨਾ ਕਿ ਜ਼ਮਹੂਰੀਅਤ ਅਤੇ ਅਮਨਮਈ ਲੀਹਾਂ ਤੇ ਚੱਲਣ ਵਾਲੀ ਸਿੱਖ ਕੌਮ ਅਤੇ ਮੁਸਲਿਮ ਕੌਮ ।