ਨਵੀਂ ਦਿੱਲੀ- ਜੇਐਨਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ੀ ਦੌਰਾਨ ਵਕੀਲਾਂ ਦੁਆਰਾ ਕੀਤੇ ਗਏ ਹੰਗਾਮੇ ਅਤੇ ਮਾਰਕੁੱਟ ਦੀ ਜਾਂਚ ਕਰਨ ਲਈ ਭੇਜੇ ਗਏ ਸੁਪਰੀਮ ਕੋਰਟ ਦੇ ਪੈਨਲ ਨਾਲ ਬਦਸਲੂਕੀ ਕੀਤੀ ਗਈ। ਪੈਨਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਅਤੇ ਪਾਕਿਸਤਾਨ ਦਾ ਦਲਾਲ ਤੱਕ ਕਿਹਾ ਗਿਆ।
ਪੱਤਰਕਾਰਾਂ ਤੇ ਸੋਮਵਾਰ ਨੂੰ ਹਮਲਾ ਕਰਨ ਵਾਲੇ ਵਕੀਲਾਂ ਦੇ ਇੱਕ ਗਰੁੱਪ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦੇ ਆਦੇਸ਼ ਦੀਆਂ ਧੱਜੀਆਂ ਉਡਾਉਂਦੇ ਹੋਏ ਦੁਬਾਰਾ ਪੱਤਰਕਾਰਾਂ ਅਤੇ ਦੇਸ਼ਧਰੋਹ ਦੇ ਆਰੋਪ ਵਿੱਚ ਗ੍ਰਿਫ਼ਤਾਰ ਕਨ੍ਹਈਆ ਕੁਮਾਰ ਤੇ ਉਸ ਸਮੇਂ ਹਮਲਾ ਕੀਤਾ ਜਦੋਂ ਕਿ ਉਸ ਨੂੰ ਪਟਿਆਲਾ ਹਾਊਸ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਸੀ। ਸੁਪਰੀਮ ਕੋਰਟ ਨੇ ਪੁਲਿਸ ਦੀ ਸੁਰੱਖਿਆ ਨਾਲ ਲੈਸ 6 ਵਕੀਲਾਂ ਦੀ ਇੱਕ ਟੀਮ ਨੂੰ ਹੇਠਲੀ ਅਦਾਲਤ ਵਿੱਚ ਜਮੀਨੀ ਹਾਲਾਤ ਦਾ ਜਾਇਜਾ ਲੈਣ ਲਈ ਭੇਜਿਆ ਸੀ।
ਸੁਪਰੀਮ ਕੋਰਟ ਦੇ ਪੈਨਲ ਨੇ ਆਪਣੀ ਜਾਂਚ ਵਿੱਚ ਇਹ ਰਿਪੋਰਟ ਦਿੱਤੀ ਕਿ ਪੇਸ਼ੀ ਤੋਂ ਪਹਿਲਾਂ ਕਨ੍ਹਈਆ ਕੁਮਾਰ ਨਾਲ ਮਾਰਕੁੱਟ ਕੀਤੀ ਗਈ ਸੀ। ਜਾਂਚ ਦਲ ਨੇ ਇਹ ਵੀ ਕਿਹਾ ਕਿ ਦਿੱਲੀ ਪੁਲਿਸ ਆਪਣੀ ਡਿਊਟੀ ਠੀਕ ਢੰਗ ਨਾਲ ਨਹੀਂ ਨਿਭਾ ਰਹੀ। ਪ੍ਰਮੁੱਖ ਵਕੀਲ ਰਾਜਧਵਨ ਨੇ ਕਿਹਾ, ‘ ਉਥੇ ਮੌਜੂਦ ਭੀੜ ਨੇ ਸਾਡੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਗਾਲ੍ਹਾਂ ਵੀ ਕੱਢੀਆਂ।’ ਪੈਨਲ ਨੇ ਕਿਹਾ ਕਿ ਸਾਨੂੰ ਪਾਕਿਸਤਾਨ ਦੇ ਦਲਾਲ ਤੱਕ ਕਿਹਾ ਗਿਆ।