ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸੀ ਜ਼ਿੰਦਗੀ ਦੀ ਆਖ਼ਰੀ ਲੜਾਈ ਹਰ ਹੀਲੇ ਜਿੱਤਣ ਲਈ ਦੂਰ ਅੰਦੇਸ਼ੀ ਨਾਲ ਕੰਮ ਕਰ ਰਹੇ ਹਨ। ਇੱਕ ਪੜ੍ਹਿਆ ਲਿਖਿਆ ਵਿਅਕਤੀ ਹੋਣ ਕਰਕੇ ਹਰ ਆਧੁਨਿਕ ਢੰਗ ਨਾਲ ਯੋਜਨਾਬੰਦੀ ਕਰ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਲਈ ਯੋਜਨਾਬੱਧ ਢੰਗ ਨਾਲ ਚੋਣ ਲੜਨ ਲਈ ਕਿਹੜੇ ਸਾਧਨ ਵਰਤਣੇ ਚਾਹੀਦੇ ਹਨ ਦੀ ਜਾਣਕਾਰੀ ਲੈਣ ਲਈ ਨਰਿੰਦਰ ਮੋਦੀ ਅਤੇ ਨਿਤਿਸ਼ ਕੁਮਾਰ ਨੂੰ ਸਲਾਹ ਦੇਣ ਵਾਲੇ ਪ੍ਰਸ਼ਾਂਤ ਭੂਸ਼ਣ ਦੀਆਂ ਸੇਵਾਵਾਂ ਲੈ ਲਈਆਂ ਹਨ। ਉਸਦੀ ਸਲਾਹ ਅਨੁਸਾਰ ਹੀ ਨੌਜਵਾਨਾ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸੂਚਨਾ ਤਕਨਾਲੋਜੀ ਦਾ ਜ਼ਮਾਨਾ ਹੋਣ ਕਰਕੇ ਪ੍ਰਚਾਰ ਲਈ ਸ਼ੋਸ਼ਲ ਸਾਈਟਸ ਅਤੇ ਸਕਾਈਪ ਦੀ ਪੂਰੀ ਵਰਤੋਂ ਕੀਤੀ ਜਾ ਰਹੀ ਹੈ। ਲੋਕਾਂ ਦੇ ਹਰ ਸੁਝਾਆ ਨੂੰ ਵਿਚਾਰ ਕੇ ਫੈਸਲੇ ਕੀਤੇ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਤੀਜੀ ਵਾਰ ਪੰਜਾਬ ਪ੍ਰਦੇਸ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਆਪਣੀ ਕਾਰਜਸ਼ੈਲੀ ਵਿਚ ਹੈਰਾਨੀਜਨਕ ਤਬਦੀਲੀ ਕਰ ਲਈ ਹੈ। ਪਹਿਲੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਵਿਚ 2002 ਵਿਚ ਪੰਜਾਬ ਵਿਧਾਨ ਸਭਾ ਦੀ ਚੋਣ ਹੋਈ ਸੀ, ਜਿਸ ਚੋਣ ਵਿਚ ਕਾਂਗਰਸ ਪਾਰਟੀ ਨੇ ਬਹੁਮਤ ਪ੍ਰਾਪਤ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਰਾਜ ਭਾਗ ਦੇ ਸਮੇਂ ਬਹੁਤ ਹੀ ਮਹੱਤਵਪੂਰਨ ਅਤੇ ਦਲੇਰਾਨਾ ਫੈਸਲੇ ਕਰਕੇ ਵਾਹਵਾ ਸ਼ਾਹਵਾ ਖੱਟੀ ਸੀ। ਉਹ ਪਟਿਆਲਾ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਦੇ ਸ਼ਾਹੀ ਖ਼ਾਨਦਾਨ ਦਾ ਚਿਰਾਗ ਹੈ, ਇਸ ਕਰਕੇ ਵਿਰਸੇ ਵਿਚੋਂ ਪ੍ਰਬੰਧਕੀ ਕਾਰਜਕੁਸ਼ਲਤਾ ਪ੍ਰਾਪਤ ਕਰਕੇ ਦੇਸ਼ ਦੀਆਂ ਸਰਹੱਦਾਂ ਤੇ ਜਾ ਕੇ ਦੇਸ਼ ਦੀ ਰਾਖੀ ਕੀਤੀ ਅਤੇ ਦੇਸ਼ ਭਗਤੀ ਦੀ ਪ੍ਰਵਿਰਤੀ ਦਾ ਸਬੂਤ ਦਿੱਤਾ। ਰਾਜ ਭਾਗ ਚਲਾਉਣ ਦਾ ਤਜਰਬਾ ਉਨ੍ਹਾਂ ਨੂੰ ਗੁੜ੍ਹਤੀ ਵਿਚ ਹੀ ਮਿਲਿਆ ਸੀ, ਇਸ ਲਈ ਇਨ੍ਹਾਂ ਸਾਰੇ ਗੁਣਾਂ ਕਰਕੇ ਹੀ ਪੰਜਾਬ ਵਿਚ ਉਨ੍ਹਾਂ ਭਰਿਸ਼ਟਾਚਾਰ ਵਿਰੁਧ ਜਹਾਦ ਸ਼ੁਰੂ ਕਰਕੇ ਸੰਵਿਧਾਨਿਕ ਅਹੁਦਿਆਂ ਉਤੇ ਬੈਠੇ ਭਰਿਸ਼ਟ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਦਲੇਰੀ ਭਰਿਆ ਕੰਮ ਕੀਤਾ ਸੀ ਅਤੇ ਰਾਜ ਭਾਗ ਚਲਾਉਣ ਦੀ ਕਾਰਜਕੁਸ਼ਲਤਾ ਦਾ ਸਬੂਤ ਦਿੱਤਾ ਸੀ। ਉਸ ਰਾਜ ਭਾਗ ਦੇ ਦੌਰਾਨ ਉਨ੍ਹਾਂ ਪਾਣੀਆਂ ਦਾ ¦ਮੇਂ ਸਮੇਂ ਤੋਂ ਉਲਝਿਆ ਤੇ ਲਟਕਦਾ ਆ ਰਿਹਾ ਮਸਲਾ ਜਿਸ ਕਰਕੇ ਪੰਜਾਬ ਦੀ ਅਮਨ ਅਤੇ ਸ਼ਾਂਤੀ ਨੂੰ ਗ੍ਰਹਿਣ ਲੱਗਾ ਸੀ ਦਾ ਇਤਿਹਾਸਿਕ ਫੈਸਲਾ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਤੋਂ ਕਰਵਾਕੇ ਪੰਜਾਬ ਦੇ ਲੋਕਾਂ ਦੀ ਨਬਜ ਹੱਥ ਰੱਖਿਆ। ਅਕਾਲੀ ਦਲ ਦਾ ਕਾਂਗਰਸ ਵਿਰੁਧ ਬੋਲਣ ਮੁੱਦਾ ਹੀ ਖ਼ਤਮ ਕਰ ਦਿੱਤਾ, ਜਿਸ ਫ਼ੈਸਲੇ ਕਰਕੇ ਉਨ੍ਹਾਂ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਰਕੇ ਜਾਣਿਆਂ ਜਾਂਣ ਲੱਗ ਪਿਆ। ਪੰਜਾਬ ਦੀ ਕਿਸਾਨੀ ਜੋ ਅਕਾਲੀ ਦਲ ਦੀ ਵੋਟ ਬੈਂਕ ਗਿਣੀ ਜਾਂਦੀ ਸੀ, ਉਮਰ ਭਰ ਲਈ ਉਸਦੀ ਮੁੱਦਈ ਹੋ ਗਈ। ਉਸ ਰਾਜ ਭਾਗ ਸਮੇਂ ਭਾਵੇਂ ਕੁੱਝ ਨੁਕਤਿਆਂ ਤੇ ਕਿੰਤੂ ਪ੍ਰੰਤੂ ਵੀ ਹੋਏ ਜੋ ਹਰ ਸ਼ਾਸ਼ਕ ਤੇ ਆਮ ਤੌਰ ਤੇ ਹੁੰਦੇ ਹਨ, ਫਿਰ ਵੀ ਉਹ ਪਰਤਾਪ ਸਿੰਘ ਕੈਰੋਂ, ਗਿਆਨੀ ਜ਼ੈਲ ਸਿੰਘ ਅਤੇ ਬੇਅੰਤ ਸਿੰਘ ਦੀ ਤਰ੍ਹਾਂ ਇੱਕ ਸਫਲ ਮੁਖ ਮੰਤਰੀ ਦੇ ਤੌਰ ਤੇ ਜਾਣੇ ਗਏ। ਉਸ ਤੋਂ ਬਾਅਦ ਦੋ ਵਾਰ ਇਕ ਵਾਰ ਕੈਪਟਨ ਦੇ ਮੁੱਖ ਮੰਤਰੀ ਹੁੰਦਿਆਂ ਅਤੇ ਦੂਜੀ ਵਾਰ ਉਨ੍ਹਾਂ ਦੀ ਪ੍ਰਧਾਨਗੀ ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਈ। ਉਨ੍ਹਾਂ ਹਾਰਾਂ ਵਿਚ ਹੋਈਆਂ ਗ਼ਲਤੀਆਂ ਅਤੇ ਅਣਗਹਿਲੀਆਂ ਨੂੰ ਉਹ ਦੂਰ ਕਰਨਗੇ ਤਾਂ ਹੀ ਕਾਂਗਰਸ ਦੇ ਪੱਲੇ ਰਾਜ ਭਾਗ ਪੈ ਸਕਦਾ ਹੈ। ਹੁਣ ਤੀਜੀ ਵਾਰ ਵਿਧਾਨ ਸਭਾ ਦੀ ਚੋਣ ਜਨਵਰੀ 2017 ਵਿਚ ਹੋਣੀ ਹੈ। ਕਾਫੀ ਦੇਰ ਦੀ ਜਦੋਜਹਿਦ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪਰਤਾਪ ਸਿੰਘ ਬਾਜਵਾ ਨੂੰ ਹਟਾ ਕੇ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਆਪਣੇ ਬਲਬੂਤੇ ਤੇ ਬਣ ਗਏ ਹਨ। ਕਾਂਗਰਸ ਹਾਈ ਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸੁਣਦਿਆਂ ਹੀ ਇਹ ਫੈਸਲਾ ਕੀਤਾ ਹੈ। ਪ੍ਰੰਤੂ ਕੇਂਦਰ ਵਿਚ ਕਾਂਗਰਸ ਪਾਰਟੀ ਦੀ ਹਾਲਤ ਪਤਲੀ ਹੈ। ਇਸ ਕਰਕੇ ਉਹ ਹੁਣ ਕਿਸੇ ਕਿਸਮ ਦੀ ਅਣਗਹਿਲੀ ਕਰਕੇ ਕੋਈ ਵੀ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ ਸਨ, ਜਿਨ੍ਹਾਂ ਕਰਕੇ ਦੋ ਵਾਰ ਹਾਰਾਂ ਦਾ ਮੂੰਹ ਵੇਖਣਾ ਪਿਆ। ਹਾਲਾਂ ਕਿ ਲੋਕ ਉਦੋਂ ਵੀ ਅਕਾਲੀ ਦਲ ਦੀ ਸਰਕਾਰ ਬਦਲਣਾ ਚਾਹੁੰਦੇ ਸਨ ਪ੍ਰੰਤੂ ਉਦੋਂ ਵੀ ਕਾਂਗਰਸ ਆਪਣੀਆਂ ਗ਼ਲਤੀਆਂ ਕਰਕੇ ਹੀ ਹਾਰੀ ਸੀ। ਉਨ੍ਹਾਂ ਗ਼ਲਤੀਆਂ ਨੂੰ ਹੁਣ ਕੈਪਟਨ ਅਮਰਿੰਦਰ ਸਿੰਘ ਕਿਸੇ ਕੀਮਤ ਤੇ ਵੀ ਦੁਹਰਾਉਣਾ ਨਹੀਂ ਚਾਹੁੰਣਗੇ।
ਮਈ 2014 ਵਿਚ ਭਾਰਤੀ ਜਨਤਾ ਪਾਰਟੀ ਲੋਕ ਸਭਾ ਵਿਚ ਭਾਰੀ ਬਹੁਮਤ ਨਾਲ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਬਣਾਉਣ ਵਿਚ ਸਫਲ ਹੋ ਗਈ ਹੈ। ਕਾਂਗਰਸ ਪਾਰਟੀ ਲੋਕ ਸਭਾ ਦੀਆਂ ਸਿਰਫ 44 ਸੀਟਾਂ ਜਿੱਤ ਸਕੀ ਅਤੇ ਵਿਰੋਧੀ ਧਿਰ ਦਾ ਲੀਡਰ ਬਣਾਉਣ ਦੇ ਵੀ ਸਮਰੱਥ ਨਹੀਂ ਰਹੀ। ਕਾਂਗਰਸ ਹਾਈ ਕਮਾਂਡ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀਆਂ ਦੇ ਕਹਿਣ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਭਾਰਤੀ ਜਨਤਾ ਪਾਰਟੀ ਦੇ ਹੈਵੀਵੇਟ ਉਮੀਦਵਾਰ ਅਰੁਣ ਕੁਮਾਰ ਜੇਤਲੀ ਦੇ ਮੁਕਾਬਲੇ ਲੜਨ ਲਈ ਮਜ਼ਬੂਰ ਕੀਤਾ ਗਿਆ। ਜਿਸ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਉਣ ਅਤੇ ਜਿਤਾਉਣ ਦੀ ਜ਼ਿੰਮੇਵਾਰੀ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਲਈ ਸੀ ਕਿਉਂਕਿ ਉਹ ਨਵਜੋਤ ਸਿੰਘ ਸਿੱਧੂ ਦੀ ਟਿਕਟ ਕਟਵਾਉਣੀ ਚਾਹੁੰਦੇ ਸਨ। ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਵੀ ਚਾਹੁੰਦੇ ਸਨ ਕਿ ਉਹ ਚੋਣ ਹਾਰ ਜਾਵੇ ਅਤੇ ਉਨ੍ਹਾਂ ਦੇ ਰਾਹ ਵਿਚੋਂ ਸਿਆਸੀ ਕੰਡਾ ਨਿਕਲ ਜਾਵੇਗਾ ਪ੍ਰੰਤੂ ਹੋਇਆ ਇਸ ਦੇ ਉਲਟ, ਪੰਜਾਬ ਸਰਕਾਰ ਦੇ ਲਟਾ ਪੀਂਘ ਹੋ ਕੇ ਪੂਰਾ ਜ਼ੋਰ ਲਾਉਣ ਅਤੇ ਪੰਜਾਬ ਕਾਂਗਰਸ ਦੇ ਇੱਕ ਧੜੇ ਦੇ ਅੰਦਰਖਾਤੇ ਵਿਰੋਧ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਇੱਕ ਲੱਖ ਤੋਂ ਵੱਧ ਵੋਟਾਂ ਦੇ ਭਾਰੀ ਫਰਕ ਨਾਲ ਚੋਣ ਜਿੱਤ ਗਿਆ, ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਰੁਤਬਾ ਹੋਰ ਵੱਧ ਗਿਆ ਕਿਉਂਕਿ ਇੱਕ ਕਿਸਮ ਨਾਲ ਉਸਨੇ ਪੰਜਾਬ ਸਰਕਾਰ ਨੂੰ ਵੀ ਹਰਾ ਦਿੱਤਾ। ਉਨ੍ਹਾਂ ਨੂੰ ਲੋਕ ਸਭਾ ਵਿਚ ਕਾਂਗਰਸ ਦਾ ਡਿਪਟੀ ਲੀਡਰ ਬਣਾ ਦਿੱਤਾ ਗਿਆ। ਪ੍ਰੰਤੂ ਉਹ ਪੰਜਾਬ ਵਿਚ ਹੀ ਰਹਿਣਾ ਚਾਹੁੰਦੇ ਹਨ। ਹੁਣ ਅਜਿਹੇ ਸਮੇਂ ਜਦੋਂ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਦਾ ਅਕਸ ਡਿਗਿਆ ਹੋਇਆ ਹੈ, ਲੋਕਾਂ ਦਾ ਸਰਕਾਰ ਨਾਲੋਂ ਮੋਹ ਭੰਗ ਹੋ ਗਿਆ ਹੈ ਅਤੇ ਆਮ ਆਦਮੀ ਪਾਰਟੀ ਦਾ ਉਭਾਰ ਹੋ ਰਿਹਾ ਹੈ, ਅਜਿਹੇ ਮੁਸ਼ਕਲ ਸਮੇਂ ਵਿਚ ਕੈਪਟਨ ਅਮਰਿੰਦਰ ਸਿੰਘ ਤੋਂ ਹੀ ਪੰਜਾਬ ਦੀ ਨਸ਼ਿਆਂ ਵਿਚ ਗ੍ਰਸਤ ਜਵਾਨੀ ਨੂੰ ਸਿੱਧੇ ਰਸਤੇ ਪਾਉਣ ਅਤੇ ਪੰਜਾਬ ਦੀ ਵਿਗੜੀ ਆਰਥਿਕਤਾ ਨੂੰ ਠੱਲ ਪਾਉਣ ਦੀ ਆਸ ਕੀਤੀ ਜਾ ਸਕਦੀ ਹੈ, ਇਸ ਨਿਸ਼ਾਨੇ ਨੂੰ ਮੁੱਖ ਰੱਖਕੇ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੀ ਵਾਗ ਡੋਰ ਉਸਨੂੰ ਸੰਭਾਲੀ ਹੈ ਪ੍ਰੰਤੂ ਇਸ ਸਮੇਂ ਪੰਜਾਬ ਕਾਂਗਰਸ ਕਈ ਧੜਿਆਂ ਵਿਚ ਵੰਡੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਲਈ ਅਜਿਹੇ ਹਾਲਾਤ ਵਿਚ ਪੰਜਾਬ ਵਿਧਾਨ ਸਭਾ ਦੀ ਚੋਣ ਜਿੱਤਣ ਲਈ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਇੱਕਮੁੱਠ ਕਰਨਾ ਪਹਿਲਾ ਕੰਮ ਹੋਵੇਗਾ। ਇਸੇ ਲੜੀ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਾਰਜਸ਼ੈਲੀ ਵਿਚ ਵਿਲੱਖਣ ਤਬਦੀਲੀ ਲਿਆਂਦੀ ਹੈ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹਵਾਈ ਜਹਾਜਾਂ ਤੇ ਯਾਤਰਾ ਕਰਦੇ ਸਨ, ਪ੍ਰਧਾਨ ਬਣਨ ਤੋਂ ਬਾਅਦ ਦਿੱਲੀ ਤੋਂ ਸਿੱਧੇ ਰੇਲ ਗੱਡੀ ਵਿਚ ਸਫਰ ਕਰਕੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਮ ਯਾਤਰੂਆਂ ਵਿਚ ਬੈਠ ਕੇ ਆਏ ਅਤੇ ਟਰੇਨ ਵਿਚ ਲੋਕਾਂ ਨੂੰ ਮਿਲਦੇ ਰਹੇ, ਇਹ ਇੱਕ ਸ਼ੁਭ ਸੰਕੇਤ ਹੈ। ਹੁਣ ਉਹ ਲਗਾਤਾਰ ਲੋਕਾਂ ਨਾਲ ਸੰਪਰਕ ਰੱਖ ਰਹੇ ਹਨ। ਇਸ ਤੋਂ ਪਹਿਲਾਂ ਤਾਂ ਮਹੀਨੇ ਵਿਚ ਸਿਰਫ ਇਕ ਪ੍ਰੋਗਰਾਮ ਕਰਦੇ ਸਨ। ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਦੋ ਦਿਨਾ ਪ੍ਰੋਗਰਾਮ ਲੁਧਿਆਣਾ ਵਿਚ ਆਯੋਜਤ ਕੀਤਾ ਹੈ। ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਕਾਂਗਰਸ ਵਿਚ ਧੜੇਬੰਦੀ ਖ਼ਤਮ ਕਰਕੇ ਹੀ ਚੋਣ ਜਿੱਤੀ ਜਾ ਸਕਦੀ ਹੈ। ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਨ੍ਹਾਂ ਕਾਂਗਰਸ ਦੇ ਸਾਰੇ ਧੜਿਆਂ ਨੂੰ ਆਪਣੇ ਨਾਲ ਜੋੜਨ ਲਈ ਨੇਤਾਵਾਂ ਦੇ ਘਰਾਂ ਵਿਚ ਜਾਣ ਦੀ ਕਵਾਇਤ ਸ਼ੁਰੂ ਕੀਤੀ ਹੈ। ਸਭ ਤੋਂ ਪਹਿਲਾਂ ਉਹ ਪਰਤਾਪ ਸਿੰਘ ਬਾਜਵਾ ਦੇ ਚੰਡੀਗੜ੍ਹ ਸਥਿਤ ਘਰ ਵਿਚ ਉਨ੍ਹਾਂ ਨੂੰ ਮਿਲਣ ਗਏ। ਉਸ ਤੋਂ ਬਾਅਦ ਸੀਨੀਅਰ ਲੀਡਰ ਲਾਲ ਸਿੰਘ, ਬ੍ਰਹਮ ਮਹਿੰਦਰਾ ਅਤੇ ਮਹਿੰਦਰ ਸਿੰਘ ਕੇ.ਪੀ.ਦੇ ਘਰ ਜਾ ਕੇ ਉਨ੍ਹਾਂ ਨੂੰ ਆਪਣੇ ਨਾਲ ਜੋੜਿਆ। ਜਗਮੀਤ ਬਰਾੜ ਨਾਲ ਵੀ ਮੀਟਿੰਗ ਕੀਤੀ, ਭਾਵੇਂ ਜਗਮੀਤ ਸਿੰਘ ਬ੍ਰਾੜ ਅਜੇ ਵੀ ਸੰਤੁਸ਼ਟ ਨਹੀਂ ਹੈ। ਪਰਤਾਪ ਸਿੰਘ ਬਾਜਵਾ ਦੇ ਗੁਰਦਾਸਪੁਰ ਵਾਲੇ ਜੱਦੀ ਘਰ ਵਿਚ ਬਾਕੀ ਨੇਤਾਵਾਂ ਨਾਲ ਜਾ ਕੇ ਦੁਪਹਿਰ ਦਾ ਖਾਣਾ ਖਾਧਾ। ਸ਼ਮਸ਼ੇਰ ਸਿੰਘ ਦੂਲੋ ਨਾਲ ਵੀ ਸਹਿਚਾਰ ਵਧਾ ਲਿਆ ਹੈ। ਅਜੇ ਤਾਂ ਸ਼ੁਰੂਆਤ ਹੈ। ਪਤਾ ਲੱਗਾ ਹੈ ਕਿ ਹੋਰ ਵੀ ਸਾਰੇ ਧੜਿਆਂ ਦੇ ਨੇਤਾਵਾਂ ਨਾਲ ਬਾਕਾਇਦਾ ਤਾਲਮੇਲ ਕਾਇਮ ਰੱਖਿਆ ਹੋਇਆ ਹੈ। ਅੰਬਿਕਾ ਸੋਨੀ, ਰਾਜਿੰਦਰ ਕੌਰ ਭੱਠਲ ਅਤੇ ਕਾਂਗਰਸ ਲੈਜਿਸਲੇਚਰ ਪਾਰਟੀ ਦੇ ਨਵੇਂ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਤਾਂ ਹਰ ਸਿਆਸੀ ਪ੍ਰੋਗਰਾਮ ਵਿਚ ਉਹ ਆਪਣੇ ਨਾਲ ਲਿਜਾਂਦੇ ਹਨ ਤਾਂ ਜੋ ਕਾਂਗਰਸ ਦੀ ਏਕਤਾ ਦਾ ਪ੍ਰਭਾਵ ਲੋਕਾਂ ਵਿਚ ਜਾਂਦਾ ਰਹੇ। ਉਹ ਅਜਿਹਾ ਕੋਈ ਖ਼ਤਰਾ ਨਹੀਂ ਲੈਣਾ ਚਾਹੁੰਦੇ ਜਿਸ ਨਾਲ ਵਿਧਾਨ ਸਭਾ ਦੀ ਚੋਣ ਜਿੱਤਣ ਵਿਚ ਕੋਈ ਅੜਚਣ ਆ ਸਕੇ, ਇਸ ਲਈ ਹੋਰ ਧਰਮ ਨਿਰਪੱਖ ਪਾਰਟੀਆਂ ਨਾਲ ਤਾਲਮੇਲ ਕਰਕੇ ਚੋਣਾਂ ਲੜਨ ਦਾ ਵੀ ਐਲਾਨ ਕਰ ਚੁੱਕੇ ਹਨ। ਇਸ ਪਾਸੇ ਪਹਿਲਾ ਕਦਮ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਪੀਪਲਜ਼ ਪਾਰਟੀ ਨੂੰ ਉਨ੍ਹਾਂ ਕਾਂਗਰਸ ਪਾਰਟੀ ਵਿਚ ਦਿੱਲੀ ਲਿਜਾਕੇ ਸਰਬ ਭਾਰਤੀ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਸ਼ਾਮਲ ਕਰਵਾਇਆ ਹੈ। ਇਸ ਪਾਰਟੀ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ 5 ਫ਼ੀ ਸਦੀ ਵੋਟਾਂ ਲਈਆਂ ਸਨ। ਕਾਂਗਰਸ ਨੇ 44 ਸੀਟਾਂ ਜਿੱਤੀਆਂ ਸਨ, ਜੇਕਰ ਉਦੋਂ ਰਲਕੇ ਚੋਣਾਂ ਲੜਦੇ ਤਾਂ ਸਰਕਾਰ ਬਣਾ ਸਕਦੇ ਸਨ। ਬਿਹਾਰ ਦੀਆਂ ਚੋਣਾਂ ਜਿੱਤਣ ਦਾ ਨਮੂਨਾ ਉਨ੍ਹਾਂ ਦੇ ਸਨਮੁਖ ਹੈ। ਇਸ ਲਈ ਬਹੁਜਨ ਸਮਾਜ ਪਾਰਟੀ ਅਤੇ ਖੱਬੀਆਂ ਸੱਜੀਆਂ ਪਾਰਟੀਆਂ ਨਾਲ ਰਲਕੇ ਚੋਣਾਂ ਲੜਨ ਦਾ ਵੀ ਉਹ ਇਰਾਦਾ ਰੱਖਦੇ ਹਨ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਮੁੱਖੀ ਅਵਤਾਰ ਸਿੰਘ ਕਰੀਮਪੁਰੀ ਨੇ ਤਾਂ ਸਾਰਥਕ ਹੁੰਘਾਰਾ ਭਰਿਆ ਹੈ ਭਾਵੇਂ ਪੰਜਾਬ ਕਾਂਗਰਸ ਦੇ ਕੁਝ ਲੀਡਰ ਅਜਿਹੇ ਗਠਜੋੜ ਦਾ ਅੰਦਰਖਾਤੇ ਵਿਰੋਧ ਕਰ ਰਹੇ ਹਨ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਇਹ ਸਾਰੀ ਕਾਰਵਾਈ ਕਾਂਗਰਸ ਹਾਈ ਕਮਾਂਡ ਦੀ ਸਹਿਮਤੀ ਨਾਲ ਕਰ ਰਹੇ ਹਨ। ਇਸ ਲਈ ਉਨ੍ਹਾਂ ਲੀਡਰਾਂ ਦੀ ਅਜਿਹੇ ਫੈਸਲਿਆਂ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਹੈ। ਇਹ ਵੀ ਚੰਗਾ ਹੋਵੇਗਾ ਜੇਕਰ ਕੈਪਟਨ ਅਮਰਿੰਦਰ ਸਿੰਘ ਬੇਅੰਤ ਸਿੰਘ ਦੀ ਤਰ੍ਹਾਂ ਕਾਂਗਰਸ ਭਵਨ ਵਿਚ ਬੈਠਕੇ ਲੋਕਾਂ ਨੂੰ ਮਿਲਿਆ ਕਰਨ ਕਿਉਂਕਿ ਬਹੁਤੇ ਵਰਕਰ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਹੱਥ ਮਿਲਾਕੇ ਹੀ ਸੰਤੁਸ਼ਟ ਹੋ ਜਾਂਦੇ ਹਨ। ਇਹ ਤਾਂ ਠੀਕ ਹੈ ਕਿ ਲੋਕਾਂ ਦਾ ਜਮਘਟਾ ਕਾਂਗਰਸ ਭਵਨ ਵਿਚ ਇਕੱਠਾ ਹੋ ਜਾਇਆ ਕਰੇਗਾ ਪ੍ਰੰਤੂ ਇਸ ਕਵਾਇਦ ਨਾਲ ਵਰਕਰਾਂ ਵਿਚ ਤਾਂ ਹਿਲਜੁਲ ਹੋਵੇਗੀ ਅਤੇ ਉਨ੍ਹਾਂ ਦੇ ਹੌਸਲੇ ਵਧਣਗੇ। ਵਰਕਰਾਂ ਅਤੇ ਲੀਡਰਾਂ ਦੇ ਮਿਲਣ ਦਾ ਸਮਾਂ ਅਤੇ ਦਿਨ ਨਿਸਚਤ ਕਰ ਦਿੱਤੇ ਜਾਣ। ਅਗਲੀਆਂ ਚੋਣਾਂ ਜਿੱਤਣ ਦੇਨਾਲ ਕੈਪਟਨ ਅਮਰਿੰਦਰ ਸਿੰਘ ਹੁਣ ਹਰ ਸਿਆਸੀ ਵਿਅਕਤੀ ਦੇ ਸਮਾਜਕ ਸਮਾਗਮਾਂ ਵਿਚ ਵੀ ਸ਼ਾਮਲ ਹੋ ਰਹੇ ਹਨ। ਬਲਰਾਮ ਜਾਖੜ ਦੇ ਭੋਗ ਸਮਾਗਮ ਵਿਚ ਵੀ ਸ਼ਾਮਲ ਹੋਏ ਹਨ। ਅਕਸਰ ਉਹ ਭੋਗ ਦੇ ਸਮਾਗਮਾਂ ਤੇ ਘੱਟ ਹੀ ਜਾਂਦੇ ਸਨ। ਇਸ ਤੋਂ ਇਲਾਵਾ ਨੌਜਵਾਨ ਜਿਹੜੇ ਆਮ ਆਮ ਆਦਮੀ ਪਾਰਟੀ ਵਲ ਨੂੰ ਖਿੱਚੇ ਗਏ ਹਨ, ਉਨ੍ਹਾਂ ਨੂੰ ਕਾਂਗਰਸ ਨਾਲ ਜੋੜਨ ਲਈ ਵਿਦਿਆਰਥੀਆਂ ਨਾਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਜਾ ਕੇ ਮਿਲ ਰਹੇ ਹਨ। ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਹੁਣ ਉਹ ਜਿਸ ਦਿਨ ਤੋਂ ਪ੍ਰਧਾਨ ਬਣੇ ਹਨ ਲਗਾਤਾਰ ਸਮਾਗਮ ਕਰ ਰਹੇ ਹਨ। ਖਡੂਰ ਸਾਹਿਬ ਦੀ ਉਪ ਚੋਣ ਨਾ ਲੜਨ ਦੇ ਉਨ੍ਹਾਂ ਦੇ ਫੈਸਲੇ ਦਾ ਇਕਾ ਦੁਕਾ ਨੇਤਾਵਾਂ ਨੂੰ ਛੱਡ ਕੇ ਬਹੁਤੇ ਨੇਤਾਵਾਂ ਨੇ ਸਮਰਥਨ ਕੀਤਾ ਹੈ।
ਇਸ ਸਾਰੀ ਪਰੀਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਜਿੱਤਣ ਲਈ ਹਰ ਹੀਲਾ ਵਰਤਣਗੇ ਅਤੇ ਪੰਜਾਬ ਕਾਂਗਰਸ ਦੇ ਸਾਰੇ ਧੜਿਆਂ ਨੂੰ ਨਾਲ ਲੈ ਕੇ ਚਲਣ ਨੂੰ ਪਹਿਲ ਦੇਣਗੇ। ਇਹ ਉਸ ਦੀ ਬਦਲੀ ਕਾਰਜਸ਼ੈਲੀ ਤੋਂ ਆਮ ਲੋਕਾਂ ਵਿਚ ਪ੍ਰਭਾਵ ਪੈ ਰਿਹਾ ਹੈ। ਜੇਕਰ ਇਸੇ ਤਰ੍ਹਾਂ ਉਹ ਸਰਗਰਮ ਰਹੇ ਤਾਂ ਲੜਾਈ ਸਖ਼ਤ ਹੋ ਸਕਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ