ਫਤਹਿਗੜ੍ਹ ਸਾਹਿਬ – “ਹਿੰਦੂਤਵ ਕੱਟੜ ਜਮਾਤਾਂ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਨੂੰ ਕਦੀ ਵੀ ਬਣਦਾ ਇਨਸਾਫ਼ ਇਸ ਕਰਕੇ ਨਹੀਂ ਦੇ ਸਕਦੀਆਂ, ਕਿਉਂਕਿ ਉਹਨਾਂ ਤਾਕਤਾਂ ਦੇ ਮਨ ਅਤੇ ਆਤਮਾ ਵਿਚ ਹਮੇਸ਼ਾਂ “ਹਿੰਦੂਤਵ” ਸੋਚ ਹੀ ਭਾਰੂ ਰਹਿੰਦੀ ਹੈ ਨਾ ਕਿ ਇਨਸਾਨੀ ਕਦਰਾ-ਕੀਮਤਾ, ਜਮਹੂਰੀਅਤ ਅਤੇ ਅਮਨਮਈ ਸੋਚ ਨੂੰ ਕਾਇਮ ਕਰਨ ਲਈ ਅਮਲ ਹੋ ਰਹੇ ਹਨ । ਅੱਜ ਜੇਕਰ ਚੰਡੀਗੜ੍ਹ ਵਿਚ ਕਾਮਰੇਡਾਂ ਉਤੇ ਬੀਜੇਪੀ ਤੇ ਆਰ.ਐਸ.ਐਸ ਵੱਲੋ ਹਮਲੇ ਹੋ ਰਹੇ ਹਨ, ਤਾਂ ਇਸ ਵਿਚ ਕਾਮਰੇਡਾਂ ਦੀ ਉਹ ਸੋਚ ਹੀ ਦੋਸ਼ੀ ਹੈ ਜਿਸ ਨਾਲ ਹੁਣ ਤੱਕ ਸੈਟਰ ਵਿਚ ਬਣਨ ਵਾਲੀਆਂ ਹਿੰਦੂਤਵ ਹਕੂਮਤਾਂ ਭਾਵੇ ਉਹ ਕਾਂਗਰਸ, ਬੀਜੇਪੀ ਜਾਂ ਹੋਰ ਉਹਨਾ ਹਕੂਮਤਾਂ ਵਿਚ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਕਾਮਰੇਡ ਸਾਂਝ ਪਾਉਦੇ ਰਹੇ ਹਨ । ਵੈਸਟ ਬੰਗਾਲ ਵਿਚ ਜੇਕਰ ਕੁਝ ਸਮਾਂ ਕਾਮਰੇਡਾਂ ਦੀ ਹਕੂਮਤ ਬਣੀ, ਉਹ ਵੀ ਹਿੰਦੂਤਵ ਤਾਕਤਾਂ ਨਾਲ ਅੰਦਰੂਨੀ ਸਾਂਝ ਕਰਕੇ । ਜਦੋਕਿ 1943 ਵਿਚ ਕਾਮਰੇਡ ਆਗੂ ਸ੍ਰੀ ਹਰਕ੍ਰਿਸਨ ਸੁਰਜੀਤ ਨੇ ਆਪਣੇ ਹਾਊਸ ਵਿਚ ਖ਼ਾਲਿਸਤਾਨ ਦਾ ਮਤਾ ਪਾਸ ਕਰਵਾਇਆ ਸੀ । ਜੋ ਕਿ ਸਹੀ ਮਾਇਨਿਆ ਵਿਚ ਆਜ਼ਾਦੀ, ਮਨੁੱਖਤਾ ਅਤੇ ਇਨਸਾਨੀ ਕਦਰਾ-ਕੀਮਤਾ ਨੂੰ ਕਾਇਮ ਰੱਖਣ ਵੱਲ ਇਕ ਉਦਮ ਹੋਇਆ ਸੀ । ਲੇਕਿਨ ਫਿਰ ਸਿਆਸੀ ਇਛਾਵਾਂ ਅਤੇ ਆਪਣੀਆਂ ਹਕੂਮਤਾਂ ਬਣਾਉਣ ਦੀ ਸੋਚ ਅਧੀਨ ਇਸ ਆਪਣੇ ਵੱਲੋ ਪਾਏ ਗਏ ਖ਼ਾਲਿਸਤਾਨ ਦੇ ਮਤੇ ਨੂੰ ਆਪ ਹੀ ਛੱਡ ਦਿੱਤਾ । ਜੇਕਰ ਕਾਮਰੇਡ ਖ਼ਾਲਿਸਤਾਨ ਦੀ ਮਨੁੱਖਤਾ ਪੱਖੀ ਸੋਚ ਉਤੇ ਦ੍ਰਿੜ ਰਹਿੰਦੇ, ਇਸ ਦਿਸ਼ਾ ਵੱਲ ਇਮਾਨਦਾਰੀ ਨਾਲ ਅਮਲ ਕਰਦੇ ਤਾਂ ਅੱਜ ਕਾਮਰੇਡਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਵਰਗੇ ਵਾਪਰੇ ਦੁਖਾਤਾਂ ਦਾ ਸਾਹਮਣਾ ਨਾ ਕਰਨਾ ਪੈਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਕਾਉਮਨਿਸਟਾਂ ਦੇ ਉਤੇ ਹੋਏ ਬੀਜੇਪੀ ਤੇ ਆਰ.ਐਸ.ਐਸ. ਦੇ ਮਨੁੱਖਤਾਂ ਵਿਰੋਧੀ ਹਮਲੇ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਕਾਮਰੇਡਾਂ ਵਿਚ ਸੋਚ ਪ੍ਰਤੀ ਆਈਆ ਕਮੀਆ ਨੂੰ ਅਜਿਹੇ ਹਾਲਾਤ ਪੈਦਾ ਕਰਨ ਲਈ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਹ ਕਾਮਰੇਡ ਹੀ ਸਨ ਜਦੋ ਸਿੱਖਾਂ ਦੀ ਆਜ਼ਾਦੀ ਦੀ ਜੱਦੋ-ਜ਼ਹਿਦ ਸਮੇਂ ਇਹਨਾਂ ਵੱਲੋ ਆਪਣੇ ਘਰਾਂ ਵਿਚ ਮਸ਼ੀਨਗੰਨਾਂ ਰੱਖਕੇ ਹਿੰਦੂਤਵ ਹਕੂਮਤਾਂ ਦੇ ਲਈ ਸਿੱਖਾਂ ਵਿਰੁੱਧ ਲੜ੍ਹਨ ਲਈ ਤਿਆਰ ਹੋਏ ਸਨ । ਇਹਨਾਂ ਹਿੰਦੂਤਵ ਤਾਕਤਾਂ ਨੇ ਹੀ 1984 ਵਿਚ ਬਲਿਊ ਸਟਾਰ ਦੇ ਫੌਜੀ ਹਮਲੇ ਸਮੇਂ, ਬਰਤਾਨੀਆ ਅਤੇ ਰੂਸ ਦੀਆਂ ਫੌਜਾਂ ਦੀ ਮਦਦ ਲੈਕੇ ਇਹ ਕਾਲਾ ਕਾਰਨਾਮਾ ਕੀਤਾ ਸੀ ਅਤੇ ਇਸ ਇਨਸਾਨ ਵਿਰੋਧੀ ਅਮਲਾਂ ਵਿਚ ਇਹ ਕਾਮਰੇਡ ਹਿੰਦੂਤਵ ਤਾਕਤਾਂ ਦੇ ਨਾਲ ਸਨ । ਜਿਸ ਸਿੱਖ ਵਿਰੋਧੀ ਸੋਚ ਲਈ ਹਿੰਦੂਤਵ ਤਾਕਤਾਂ ਨੇ ਖੁਦ ਮਾਹੌਲ ਤਿਆਰ ਕਰਕੇ, ਕਾਮਰੇਡਾਂ ਤੋਂ ਇਸ ਲੜਾਈ ਵਿਚ ਸਹਿਯੋਗ ਲਿਆ ਸੀ ਅੱਜ ਉਹੀ ਹਿੰਦੂਤਵ ਤਾਕਤਾਂ ਵੱਲੋ ਇਹਨਾਂ ਉਤੇ ਹੀ ਹੋ ਰਹੇ ਹਮਲੇ, ਇਸ ਗੱਲ ਨੂੰ ਪ੍ਰਤੱਖ ਕਰਦੇ ਹਨ ਕਿ ਕਾਮਰੇਡਾਂ ਨੇ ਸਹੀ ਸੋਚ ਅਤੇ ਲਾਈਨ ਨੂੰ ਛੱਡਕੇ ਹਿੰਦੂਤਵ ਤਾਕਤਾਂ ਦੇ ਪਿੱਛਲਗ ਬਣਕੇ ਬਜ਼ਰ ਗੁਸਤਾਖੀ ਕੀਤੀ ਹੈ ।
ਸ. ਮਾਨ ਨੇ ਕਿਹਾ ਕਿ ਇਸੇ ਤਰ੍ਹਾਂ 1973 ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਸੀ । ਜਿਸ ਵਿਚ ਸਿੱਖ ਕੌਮ ਦੀ ਵੱਖਰੀ ਤੇ ਅਣਖ਼ੀਲੀ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਵੱਧ ਅਧਿਕਾਰਾਂ ਵਾਲਾ ਸਟੇਟ ਕਾਇਮ ਕਰਨ ਦੀ ਗੱਲ ਸੀ । ਪਰ ਦੁੱਖ ਅਤੇ ਅਫਸੋਸ ਹੈ ਕਿ ਉਸ ਸਮੇਂ ਦੇ ਅਕਾਲੀ ਦਲ ਦੇ ਆਗੂਆਂ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ, ਸ. ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ ਆਦਿ ਨੇ 1979 ਵਿਚ ਲੁਧਿਆਣੇ ਵਿਖੇ ਹਿੰਦੂਤਵ ਤਾਕਤਾਂ ਦੇ ਪ੍ਰਭਾਵ ਹੇਠ ਆ ਕੇ ਇਕੱਠ ਕਰਕੇ ਉਪਰੋਕਤ 1973 ਦੇ ਮਤੇ ਦੀ ਅਸਲ ਭਾਵਨਾ ਨੂੰ ਖ਼ਤਮ ਕਰਦੇ ਹੋਏ ਅਜਿਹੀ ਤਬਦੀਲੀ ਕੀਤੀ ਕਿ ਉਸ ਵਿਚੋ ਆਤਮਾ ਹੀ ਕੱਢ ਦਿੱਤੀ ਗਈ । ਜਿਵੇ ਕਿ ਹੁਣ ਇਹਨਾਂ ਆਗੂਆਂ ਨੇ 2003 ਵਾਲੇ ਸਿੱਖ ਕੌਮ ਦੀ ਵੱਖਰੀ ਤੇ ਅਣਖ਼ੀਲੀ ਪਹਿਚਾਣ ਨੂੰ ਕਾਇਮ ਰੱਖਣ ਵਾਲੇ ਨਾਨਕਸਾਹੀ ਕੈਲੰਡਰ ਨੂੰ ਆਰ.ਐਸ.ਐਸ. ਤੇ ਬੀਜੇਪੀ ਦੇ ਪ੍ਰਭਾਵ ਹੇਠ ਆ ਕੇ ਬਿਕ੍ਰਮੀ ਕੈਲੰਡਰ ਬਣਾ ਦਿੱਤਾ ਹੈ ਅਤੇ ਸਿੱਖ ਕੌਮ ਨੂੰ ਪੂਰੀ ਤਰ੍ਹਾਂ ਪਿੱਠ ਦੇ ਦਿੱਤੀ ਹੈ । ਜੇਕਰ ਅਕਾਲੀ ਆਗੂ 1973 ਦੇ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਤੇ ਅਤੇ ਕਾਮਰੇਡ ਆਪਣੇ ਵੱਲੋ 1943 ਵਿਚ ਪਾਸ ਕੀਤੇ ਗਏ ਖ਼ਾਲਿਸਤਾਨ ਦੇ ਮਤੇ ਤੇ ਦ੍ਰਿੜ ਰਹਿੰਦੇ ਤਾਂ 1984 ਵਿਚ ਸ੍ਰੀ ਅਕਾਲ ਤਖ਼ਤ ਤੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਬਲਿਊ ਸਟਾਰ ਦੇ ਫੌਜੀ ਹਮਲਾ ਕਤਈ ਨਹੀਂ ਸੀ ਹੋ ਸਕਦਾ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਵੇ ਰਵਾਇਤੀ ਅਕਾਲੀਆਂ ਨੇ ਸਿਆਸੀ ਤਾਕਤ ਪ੍ਰਾਪਤ ਕਰਨ ਹਿੱਤ ਬਲਿਊ ਸਟਾਰ ਦੇ ਫੌਜੀ ਹਮਲੇ ਨੂੰ ਅਤੇ ਸਿੱਖ ਕੌਮ ਦੇ ਕਤਲੇਆਮ ਤੇ ਨਸ਼ਲਕੁਸੀ ਨੂੰ ਹਿੰਦੂਤਵ ਤਾਕਤਾਂ ਨਾਲ ਸਾਂਝ ਪਾ ਕੇ ਪ੍ਰਵਾਨਗੀ ਦਿੱਤੀ, ਇਸੇ ਤਰ੍ਹਾਂ ਕਾਮਰੇਡਾਂ ਨੇ ਵੈਸਟ ਬੰਗਾਲ ਵਿਚ ਆਪਣੀ ਹਕੂਮਤ ਨੂੰ ਚੱਲਦਾ ਰੱਖਣ ਲਈ ਉਸ ਸਮੇਂ ਐਸ.ਐਸ. ਰੇਅ ਦੇ ਰਾਹੀ ਬੰਗਾਲ ਵਿਚ ਨਕਸਲਾਈਟਾਂ ਨੂੰ ਮਰਵਾਉਣ ਵਿਚ ਰੋਲ ਅਦਾ ਕੀਤਾ ਸੀ ਤੇ ਉਥੋ ਦੇ ਹੁੰਗਲੀ ਦਰਿਆ ਨੂੰ ਮਨੁੱਖਤਾ ਦੇ ਖੂਨ ਨਾਲ ਲਾਲ ਕੀਤਾ । ਇਹੀ ਵਜਹ ਹੈ ਕਿ ਅੱਜ ਹਿੰਦੂਤਵ ਦਾ ਅਜਗਰ ਕਾਮਰੇਡਾਂ, ਸਿੱਖਾਂ, ਮੁਸਲਮਾਨਾਂ, ਇਸਾਈਆ ਆਦਿ ਨੂੰ ਨਿਘਾਲਣ ਲਈ ਫਨ ਖਿਲਾਰੀ ਖੜ੍ਹਾ ਹੈ । ਜਿਸ ਲਈ ਕਾਮਰੇਡਾਂ ਅਤੇ ਅਕਾਲੀਆਂ ਦੀਆਂ ਕਮਜੋਰ ਨੀਤੀਆਂ ਹੀ ਜਿੰਮੇਵਾਰ ਹਨ । ਸ. ਮਾਨ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਦੇ ਸਰਕਾਰੀ ਅਤੇ ਜਹਾਦੀ ਗਰੁੱਪਾਂ ਦੇ ਜ਼ਬਰ-ਜੁਲਮ ਦੇ ਵਿਰੁੱਧ ਹਾਂ । ਸਾਡਾ ਕਿਸੇ ਵੀ ਕੌਮ, ਵਰਗ ਨਾਲ ਕੋਈ ਵੈਰ-ਵਿਰੋਧ ਨਹੀਂ । ਇਸ ਲਈ ਅਜੇ ਵੀ ਇਹਨਾਂ ਕਾਮਰੇਡਾਂ ਅਤੇ ਰਵਾਇਤੀ ਅਕਾਲੀਆਂ ਨੂੰ ਸਪੱਸਟ ਕਰ ਦੇਣਾ ਚਾਹੁੰਦੇ ਹਾਂ ਕਿ “ਡੁੱਲ੍ਹੇ ਬੇਰਾ ਦਾ ਕੁਝ ਨਹੀਂ ਵਿਗੜਿਆ” ਜੇਕਰ ਉਹ ਮਨੁੱਖੀ ਕਦਰਾ-ਕੀਮਤਾ, ਜਮਹੂਰੀਅਤ, ਅਮਨ-ਚੈਨ ਅਤੇ ਸਭ ਨੂੰ ਬਰਾਬਰਤਾ ਦੇ ਹੱਕ ਤੇ ਇਨਸਾਫ਼ ਦੀ ਸੋਚ ਤੇ ਦ੍ਰਿੜ ਹੋ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦੇ ਕੌਮੀ ਨਿਸ਼ਾਨੇ ਉਤੇ ਕਾਇਮ ਹੋ ਜਾਣ ਤਾਂ ਅਸੀਂ ਸਭ ਇਕ ਤਾਕਤ ਹੋ ਕੇ ਸਮੁੱਚੀ ਮਨੁੱਖਤਾ ਨੂੰ ਜਿਥੇ ਇਨਸਾਫ਼ ਵਾਲਾ ਬਰਾਬਰਤਾ ਵਾਲਾ ਰਾਜ ਪ੍ਰਬੰਧ ਦੇ ਸਕਦੇ ਹਾਂ, ਉਥੇ ਸਿੱਖ ਕੌਮ ਦੀ ਸਰਬੱਤ ਦੇ ਭਲੇ ਦੀ ਸੋਚ ਨੂੰ ਵੀ ਅਮਲੀ ਰੂਪ ਦੇ ਕੇ ਸਮੁੱਚੀ ਮਨੁੱਖਤਾ ਅਤੇ ਕਾਇਨਾਤ ਨੂੰ ਇਕ ਵੱਡਮੁੱਲਾ ਸੰਦੇਸ਼ ਦੇਣ ਦੇ ਸਮਰੱਥ ਹੋ ਸਕਦੇ ਹਾਂ ਅਤੇ ਅਜਿਹੇ ਹਿੰਦੂਤਵ ਹੁਕਮਰਾਨਾਂ ਦੇ ਹੋ ਰਹੇ ਸਾਜ਼ਸੀ ਹਮਲਿਆ ਦਾ ਅੰਤ ਕਰ ਸਕਦੇ ਹਾਂ ।