ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਦਿੱਲੀ ਦੇ ਖੁਰਾਕ ਮੰਤਰੀ ਇਮਰਾਨ ਹੁਸੈਨ ’ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਮੁਲਾਕਾਤ ਕਰਵਾਉਣ ਦਾ ਗੰਭੀਰ ਦੋਸ਼ ਲਗਾਇਆ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ. ਕੇ. ਨੇ ਆਮ ਆਦਮੀ ਪਾਰਟੀ ਦੇ ਦੋ ਬੁਲਾਰਿਆਂ ਕੁਲਤਾਰ ਸਿੰਘ ਅਤੇ ਹਰਦੀਪ ਸਿੰਘ ਕਿੰਗਰਾ ਦੀ ਸਿੱਖ ਵਿਰੋਧੀ ਟਿੱਪਣੀਆਂ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਆਪਣਾ ਵਿਰੋਧ ਦਰਜ ਕਰਵਾਉਣ ਦਾ ਵੀ ਐਲਾਨ ਕੀਤਾ।
ਕੇਜਰੀਵਾਲ ’ਤੇ ਕਰਾਰਾ ਹਮਲਾ ਬੋਲਦੇ ਹੋਏ ਜੀ. ਕੇ. ਨੇ ਕਿਹਾ ਕਿ 32 ਸਾਲ ਪਹਿਲਾਂ ਕਾਂਗਰਸ ਨੇ ਸਿੱਖਾਂ ਦੀਆਂ ਲਾਸ਼ਾਂ ’ਤੇ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਕੇਜਰੀਵਾਲ ਸਿਆਸੀ ਮੁਫਾਦ ਲਈ ਸਿੱਖਾਂ ਦੀਆਂ ਲਾਸ਼ਾਂ ‘ਤੇ ਰਾਜਨੀਤਕ ਰੋਟੀਆਂ ਸੇਕ ਰਹੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਕੌਮ ’ਤੇ ਹਮਲੇ ਕਰਨ ਵਾਲੇ ਆਪ ਦੇ ਆਗੂਆਂ ਨੂੰ ਸੁਚੇਤ ਕਰਦੇ ਹੋਏ ਜੀ।ਕੇ। ਨੇ ਉਨ੍ਹਾਂ ਨੂੰ ਇੰਦਰਾ ਗਾਂਧੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫੌਜੀ ਹਮਲੇ ਦੇ ਬਦਲੇ ਮਿਲੇ ਅੰਜਾਮ ਨੂੰ ਯਾਦ ਰੱਖਣ ਦੀ ਵੀ ਚੇਤਾਵਨੀ ਦਿੱਤੀ। ਆਪ ਦੇ 4 ਸਿੱਖ ਵਿਧਾਇਕਾਂ ਦੀ ਲਗਾਤਾਰ ਆਪ ਪਾਰਟੀ ਦੀ ਸਿੱਖ ਵਿਰੋਧੀ ਮਾਨਸਿਕਤਾ ’ਤੇ ਚੁੱਪੀ ਨੂੰ ਸ਼ੱਕੀ ਕਰਾਰ ਦਿੰਦੇ ਹੋਏ ਜੀ।ਕੇ। ਨੇ ਸਿੱਖ ਵਿਧਾਇਕਾਂ ਨੂੰ ਆਪਣਾ ਰੁੱਖ ਸਪੱਸ਼ਟ ਕਰਨ ਦੀ ਵੀ ਅਪੀਲ ਕੀਤੀ।
ਜੀ. ਕੇ. ਨੇ ਕਿਹਾ ਕਿ ਅੱਜ ਕੇਜਰੀਵਾਲ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਬਿਲਡਰ ਤੋਂ ਰਿਸ਼ਵਤ ਮੰਗਦੇ ਹੋਏ ਸਟਿੰਗ ਵਿੱਚ ਕੈਦ ਹੋਏ ਇਮਰਾਨ ਨੂੰ ਕੇਜਰੀਵਾਲ ਮੰਤਰੀਮੰਡਲ ਤੋਂ ਬਾਹਰ ਦਾ ਰਸਤਾ ਕਿਉਂ ਨਹੀਂ ਵਿਖਾ ਰਹੇ ਹਨ। ਜੀ. ਕੇ. ਨੇ ਕੇਜਰੀਵਾਲ ਦੀ ਇਸ ਮਜਬੂਰੀ ਨੂੰ ਟਾਈਟਲਰ ਦੀ ਮੁਲਾਕਾਤ ਨਾਲ ਜੋੜਦੇ ਹੋਏ ਕੇਜਰੀਵਾਲ ’ਤੇ ਟਾਈਟਲਰ ਦੀ ਗੰਢ-ਤੁੱਪ ਤੋਂ ਬਾਅਦ 1984 ਸਿੱਖ ਕਤਲੇਆਮ ਵਰਗੇ ਸੰਵੇਦਨਸ਼ੀਲ ਮਸਲੇ ’ਤੇ ਐਸ.ਆਈ.ਟੀ. ਦੀ ਫਾਈਲ ਦਿੱਲੀ ਸਰਕਾਰ ਵੱਲੋਂ ਗਾਇਬ ਕਰਨ ਦਾ ਠੀਕਰਾ ਵੀ ਕੇਜਰੀਵਾਲ ਦੇ ਸਿਰ ਤੇ ਭੰਨਿਆ। ਜੀ. ਕੇ. ਨੇ ਸਵਾਲ ਕੀਤਾ ਕਿ ਚੋਣਾਂ ਤੋਂ ਪਹਿਲਾ ਜਨਤਾ ਨੂੰ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ ਸਟਿੰਗ ਕਰਕੇ ਆਪਣੇ ਵੱਲੋਂ ਕਾਰਵਾਹੀ ਦਾ ਭਰੋਸਾ ਦੇਕੇ ਬੁਲਾਉਣ ਵਾਲੇ ਕੇਜਰੀਵਾਲ ਅੱਜ ਇਮਰਾਨ ਹੁਸੈਨ ’ਤੇ ਸਟਿੰਗ ਸਾਹਮਣੇ ਆਉਣ ਦੇ ਬਾਵਜੂਦ ਕਾਰਵਾਹੀ ਤੋਂ ਕਿਉਂ ਕੰਨੀ ਕਤਰਾ ਰਹੇ ਹਨ ?
ਜੀ. ਕੇ. ਨੇ ਆਟੋ ਪਰਮਿਟ ਘੋਟਾਲੇ ਦੇ ਦੋਸ਼ੀ ਮੰਤਰੀ ਗੋਪਾਲ ਰਾਏ ਅਤੇ ਇਮਰਾਨ ਹੁਸੈਨ ਨੂੰ ਭ੍ਰਿਸ਼ਟ ਦੱਸਦੇ ਹੋਏ ਉਨ੍ਹਾਂ ਨੂੰ ਕੇਜਰੀਵਾਲ ਵੱਲੋਂ ਮੰਤਰੀਮੰਡਲ ਵਿੱਚ ਰੱਖਣ ’ਤੇ ਸਵਾਲ ਵੀ ਖੜੇ ਕੀਤੇ। ਸੋਮਵਾਰ 22 ਫਰਵਰੀ 2016 ਨੂੰ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਕਤਲੇਆਮ ਪੀੜਿਤ ਪਰਿਵਾਰਾਂ ਦੇ ਨਾਲ ਜੰਤਰ-ਮੰਤਰ ’ਤੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕਰਦੇ ਹੋਏ ਜੀ।ਕੇ। ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਸ਼ਾਂਤਮਈ ਮਾਰਚ ਕਮੇਟੀ ਵੱਲੋਂ ਕੱਢਣ ਦੀ ਵੀ ਜਾਣਕਾਰੀ ਦਿੱਤੀ।
ਇੱਕ ਨਿਜੀ ਚੈਨਲ ’ਤੇ ਬਹਿਸ ਦੇ ਦੌਰਾਨ ਕੱਲ ਰਾਤ ਪੰਜਾਬ ਵਿੱਚ ਆਪ ਸਰਕਾਰ ਆਉਣ ’ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬਾਂਹ ਮਰੋੜਨ ਦਾ ਦਾਅਵਾ ਆਪ ਪਾਰਟੀ ਦੇ ਬੁਲਾਰੇ ਹਰਦੀਪ ਸਿੰਘ ਕਿੰਗਰਾ ਵੱਲੋਂ ਕਰਨ ਨੂੰ ਜੀ. ਕੇ. ਨੇ ਆਪ ਦੀ ਸਿੱਖ ਵਿਰੋਧੀ ਮਾਨਸਿਕਤਾ ਨਾਲ ਜੋੜਿਆ। ਜੀ. ਕੇ।. ਨੇ ਸਾਫ਼ ਕੀਤਾ ਕਿ ਆਪ ਸਾਂਸਦ ਭਗਵੰਤ ਮਾਨ ਵੱਲੋਂ ਦਾਰੂ ਦੇ ਨਸ਼ੇ ਵਿੱਚ ਬਰਗਾੜੀ ਗੁਰਮਤਿ ਸਮਾਗਮ ਵਿੱਚ ਜਾਣਾ, ਕਿੰਗਰਾ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ ਇਤਰਾਜਯੋਗ ਟਿੱਪਣੀ ਕਰਨਾ ਅਤੇ ਇੱਕ ਹੋਰ ਬੁਲਾਰੇ ਕੁਲਤਾਰ ਸਿੰਘ ਵੱਲੋਂ ਕੁੱਝ ਦਿਨ ਪਹਿਲਾਂ ਕੇਜਰੀਵਾਲ ਦੀ ਬਰਾਬਰੀ ਗੁਰੂ ਗੋਬਿੰਦ ਸਿੰਘ ਨਾਲ ਕਰਨ ਦੇ ਮਸਲੇ ’ਤੇ ਦਿੱਲੀ ਕਮੇਟੀ ਚੁਪ ਨਹੀਂ ਬੈਠੇਗੀ । ਜੀ. ਕੇ. ਨੇ ਭਗਵੰਤ ਮਾਨ ਦੇ ਗੈਰਸਿਖ ਹੋਣ ਦਾ ਹਵਾਲਾ ਦਿੰਦੇ ਹੋਏ ਕਿੰਗਰਾ ਅਤੇ ਕੁਲਤਾਰ ਦੀ ਸ਼ਿਕਾਇਤ ਸ਼੍ਰੀ ਅਕਾਲ ਤਖ਼ਤ ਸਾਹਿਬ ਕੋਲ ਕਮੇਟੀ ਵੱਲੋਂ ਭੇਜਣ ਦੀ ਵੀ ਜਾਣਕਾਰੀ ਦਿੱਤੀ।
ਜੀ. ਕੇ. ਨੇ ਕੇਜਰੀਵਾਲ ਨੂੰ ਸਿੱਖ ਵਿਰੋਧੀ ਤਾਕਤਾਂ ਦਾ ਅਗੁਵਾ ਵੀ ਕਰਾਰ ਦਿੱਤਾ। ਇਸ ਸੰਬੰਧ ਵਿੱਚ ਕੇਜਰੀਵਾਲ ਵੱਲੋਂ ਸਿੱਖ ਵਿਰੋਧੀ ਨਿਰੰਕਾਰੀ ਦਰਬਾਰ ਵਿੱਚ ਭਰੀ ਹਾਜਰੀ ਅਤੇ ਲਗਾਤਾਰ ਸਿੱਖ ਗੁਰੂਆਂ ਤੇ ਸਿੱਖ ਸੰਸਥਾਵਾਂ ’ਤੇ ਆਪ ਦੇ ਆਗੂਆਂ ਦੀ ਬਿਆਨਬਾਜੀ ਨੂੰ ਗੰਭੀਰਤਾ ਨਾਲ ਲੈਣ ਦੀ ਵੀ ਜੀ. ਕੇ. ਨੇ ਸਿੱਖ ਕੌਮ ਨੂੰ ਅਪੀਲ ਕੀਤੀ।
ਇਸ ਮੌਕੇ ’ਤੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਆਗੂ ਓਂਕਾਰ ਸਿੰਘ ਥਾਪਰ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਹਰਵਿੰਦਰ ਸਿੰਘ ਕੇ।ਪੀ।, ਗੁਰਮੀਤ ਸਿੰਘ ਮੀਤਾ, ਹਰਜਿੰਦਰ ਸਿੰਘ, ਹਰਦੇਵ ਸਿੰਘ ਧਨੌਵਾ, ਪਰਮਜੀਤ ਸਿੰਘ ਚੰਢੋਕ, ਚਮਨ ਸਿੰਘ, ਸਮਰਦੀਪ ਸਿੰਘ ਸੰਨੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਤੇ ਪੁਨਪ੍ਰੀਤ ਸਿੰਘ ਮੌਜੂਦ ਸਨ।