ਚੰਡੀਗੜ੍ਹ – ਹਰਿਆਣਾ ਵਿੱਚ ਜਾਟ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਹੋ ਰਹੀ ਹਿੰਸਾ ਤੋਂ ਬਾਅਦ ਇਨੈਲੋ ਨੇ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਹੈ। ਪੁਲਿਸ ਵਿਭਾਗ ਨੇ ਹਿਆਰ ਅਤੇ ਹਾਂਸੀ ਵਿੱਚ ਵੇਖਦੇ ਹੀ ਗੋਲੀ ਮਾਰਨ ਦੇ ਆਦੇਸ਼ ਦਿੱਤੇ ਹਨ। ਆਰਮੀ ਵੀ ਮਾਰਚ ਕਰ ਰਹੀ ਹੈ। ਹੁਣ ਤੱਕ ਇਸ ਜਾਟ ਰਾਖਵਾਂਕਰਨ ਅੰਦੋਲਨ ਦੌਰਾਨ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਹੁਤ ਸਾਰੇ ਜਖਮੀ ਹੋਏ ਹਨ।
ਹਰਿਆਣਾ ਵਿੱਚ ਜਾਟ ਅੰਦੋਲਨ ਕਾਰਣ ਕਈ ਜਿਲ੍ਹਿਆਂ ਵਿੱਚ ਸਥਿਤੀ ਤਣਾਅਪੂਰਣ ਬਣੀ ਹੋਈ ਹੈ। ਰਸਤੇ ਬੰਦ ਹੋਣ ਕਰਕੇ ਆਰਮੀ ਨੂੰ ਹੈਲੀਕਾਪਟਰ ਦੁਆਰਾ ਉਤਾਰਿਆ ਗਿਆ ਹੈ।ਰੋਹਤਕ ਵਿੱਚ ਅੰਦੋਲਨਕਾਰੀਆਂ ਦੇ ਹੰਗਾਮੇ ਨੂੰ ਵੇਖਦੇ ਹੋਏ ਸੈਨਾ ਨੂੰ ਵੀ ਪਿੱਛੇ ਹਟਣਾ ਪਿਆ ਸੀ। ਸ਼ੁਕਰਵਾਰ ਪੂਰੀ ਰਾਤ ਅੰਦੋਲਨ ਦੇ ਨਾਂ ਤੇ ਜਮ ਕੇ ਲੁੱਟਖੋਹ ਹੁੰਦੀ ਰਹੀ। ਮਹਿਮ ਵਿੱਚ ਸ਼ਨਿਚਰਵਾਰ ਦੀ ਸਵੇਰ ਤੋਂ ਹਿੰਸਾ ਅਤੇ ਲੁੱਟਖੋਹ ਹੋ ਰਹੀ ਹੈ। ਕਈ ਸਥਾਨਾਂ ਤੇ ਪੁਲਿਸ ਥਾਣੇ, ਚੌਕੀ ਅਤੇ ਪੈਟਰੌਲ ਪੰਪ, ਬੱਸਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਵਾਹਣਾਂ ਦੀ ਤੋੜਫੋੜ ਕੀਤੀ ਗਈ ਅਤੇ ਅੱਗਾਂ ਲਗਾਈਆਂ ਗਈਆਂ।
ਸੜਕਾਂ ਤੇ ਪ੍ਰਦਰਸ਼ਨਕਾਰੀ ਜਮੇ ਹੋਏ ਹਨ ਅਤੇ ਉਹ ਆਪਣੇ ਸਾਥੀਆਂ ਨੂੰ ਰੋਹਤਕ ਪਹੁੰਚਣ ਅਤੇ ਅੰਦੋਲਨਕਾਰੀਆਂ ਦਾ ਸਾਥ ਦੇਣ ਦੀ ਅਪੀਲ ਕਰ ਰਹੇ ਹਨ।ਰਾਜ ਦੇ 8 ਸ਼ਹਿਰਾਂ ਵਿੱਚ ਕਰਫਿਊ ਲਗਾ ਹੋਇਆ ਹੈ। ਕੁਝ ਸ਼ੀਹਰਾਂ ਵਿੱਚ ਅੰਦੋਲਨਕਾਰੀਆਂ ਅਤੇ ਗੈਰ ਜਾਟਾਂ ਵਿੱਚਕਾਰ ਝੜਪਾਂ ਵੀ ਹੋਈਆਂ ਹਨ। ਝੱਜਰ ਵਿੱਚ 7 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇੱਕ ਵਿਅਕਤੀ ਕੈਥਲ ਵਿੱਚ ਵੀ ਇਸ ਅੰਦੋਲਨ ਦੀ ਭੇਟ ਚੜ੍ਹਿਆ ਹੈ। ਸਾਬਕਾ ਮੰਤਰੀ ਦੇ ਭਰਾ ਨੂੰ ਵੀ ਗੋਲੀ ਲਗੀ ਹੈ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਰਾਜ ਵਿੱਚ ਸਥਿਤੀ ਨੂੰ ਕਾਬੂ ਵਿੱਚ ਕਰਨ ਲਈ ਸੈਨਾ ਦੀਆਂ 13 ਟੁਕੜੀਆਂ ਪਹੁੰਚ ਗਈਆਂ ਹਨ ਅਤੇ 10 ਕੰਪਨੀਆਂ ਹੋਰ ਜਲਦ ਹੀ ਪਹੁੰਚਣ ਵਾਲੀਆਂ ਹਨ। ਬੀਐਸਐਫ਼ ਦੀਆਂ 10 ਕੰਪਨੀਆਂ ਵੀ ਮੋਰਚਾ ਸੰਭਾਲੇ ਹੋਏ ਹਨ। ਆਰਮੀ ਦੀਆਂ ਹੋਰ 23 ਕੰਪਨੀਆਂ ਨੇ ਹਰਿਆਣਾ ਵਿੱਚ ਹਾਲਾਤ ਤੇ ਕਾਬੂ ਪਾਉਣ ਲਈ ਚਾਲੇ ਪਾ ਦਿੱਤੇ ਹਨ। ਹਿਸਾਰ ਵਿੱਚ ਭੜਕੀ ਭੀੜ ਨੇ ਸੈਨਾ ਦੀਆਂ ਰੋਹਤਕ ਜਾ ਰਹੀਆਂ 11 ਗੱਡੀਆਂ ਨੂੰ ਵੀ ਰੋਕ ਦਿੱਤਾ।
ਹਿਸਾਰ ਵਿੱਚ ਜਾਤੀ ਟਕਰਾਅ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਸਥਿਤੀ ਹੋਰ ਵੀ ਨਾਜੁਕ ਹੋ ਗਈ ਹੈ। ਗਿੱਦੜਬਾਹਾ ਪਿੰਡ ਵਿੱਚ ਜਾਟਾਂ ਨੇ ਇੱਕ ਪਿੰਡ ਨੂੰ ਘੇਰਾ ਪਾ ਲਿਆ। ਦੂਸਰੇ ਪਾਸੇ ਸੈਣੀ ਅਤੇ ਗੁਜਰ ਸਮਾਜ ਵੀ ਮੋਰਚੇ ਲਈ ਤਿਆਰ ਹੋ ਗਏ। ਦੋਵਾਂ ਗੁੱਟਾਂ ਵਿੱਚ ਜਮ ਕੇ ਫਾਇਰਿੰਗ ਹੋਈ।ਸੈਨਾ ਦੇ ਪਹੁੰਚਣ ਦੇ ਬਾਵਜੂਦ ਵੀ ਹਾਲਾਤ ਕੰਟਰੋਲ ਤੋਂ ਬਾਹਰ ਹਨ।
ਜਾਟ ਅੰਦੋਲਨ ਕਾਰਣ ਹੁਣ ਤੱਕ ਇੱਕਲੀ ਰੇਲਵੇ ਨੂੰ ਹੀ 200 ਕਰੋੜ ਦਾ ਨੁਕਸਾਨ ਹੋਇਆ ਹੈ। ਹੁਣ ਤੱਕ 600 ਤੋਂ ਵੱਧ ਟਰੇਨਾਂ ਨੂੰ ਰੱਦ ਕਰਨਾ ਪਿਆ ਹੈ। ਕਈ ਰੇਲਵੇ ਸਟੇਸ਼ਨ ਵੀ ਅੱਗ ਦੀ ਭੇਂਟ ਚੱੜ੍ਹ ਗਏ ਹਨ।