ਅੱਜ ਦੀ ਭੱਜ ਦੌੜ ਭਰੀ ਜਿੰਦਗੀ ਵਿੱਚ ਜਿਆਦਾਤਰ ਮਨੁੱਖ ਨੂੰ ਰੋਗਾਂ ਨੇ ਆਪਣਾ ਸਾਥੀ ਬਣਾ ਲਿਆ ਹੈ। ਅੱਜ ਦੇ ਸਮੇਂ ਵਿੱਚ ਮਨੁੱਖ ਨੂੰ ਬਿਮਾਰੀਆਂ ਦੇ ਘੇਰਨ ਦਾ ਮੁੱਖ ਕਾਰਨ ਹੈ ਉਸਦਾ ਕੁਦਰਤ ਤੋਂ ਦੂਰ ਹੋਣਾ। ਜਿਉਂ ਜਿਉਂ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਤਿਉਂ ਤਿਉਂ ਉਹ ਬਿਮਾਰੀਆਂ ਦੇ ਨੇੜੇ ਹੋ ਰਿਹਾ ਹੈ। ਸਿਹਤਮੰਦ ਰਹਿਣ ਲਈ ਇਹ ਬਹੁਤ ਜਰੂਰੀ ਹੈ ਕਿ ਜੀਵਨ ਦਾ ਕੁਦਰਤ ਦੇ ਨਾਲ ਸੰਤੁਲਨ ਬਣਿਆ ਰਹੇ। ਪਰ ਅੱਜ ਦਾ ਮਨੁੱਖ ਕੁਦਰਤ ਅਤੇ ਕੁਦਰਤੀ ਸੰਸਾਧਨਾਂ ਦਾ ਇਸ ਕਦਰ ਦੋਹਨ ਕਰ ਰਿਹਾ ਹੈ ਕਿ ਜਿਸਦਾ ਨਤੀਜਾ ਛੋਟੀ ਉਮਰ ਵਿੱਚ ਹੀ ਨਵੀਂਆਂ ਨਵੀਂਆਂ ਭਿਆਨਕ ਬਿਮਾਰੀਆਂ ਦੇ ਰੂਪ ਵਿੱਚ ਸਾਮਣੇ ਆ ਰਿਹਾ ਹੈ। ਜਿਹਨਾਂ ਦਾ ਇਲਾਜ ਕਰਨ ਵਿੱਚ ਵਿਗਿਆਨ ਵੀ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰ ਰਿਹਾ ਹੈ। ਇਸ ਕਾਰਨ ਹੀ ਮੁੜ ਲੋਕਾਂ ਦਾ ਰੁਝਾਨ ਕੁਦਰਤੀ ਇਲਾਜ ਵੱਲ ਵੱਧ ਰਿਹਾ ਹੈ। ਕਿਸੀ ਨੇ ਠੀਕ ਹੀ ਕਿਹਾ ਹੈ ‘ਪਹਿਲਾ ਸੁਖ ਨਿਰੋਗੀ ਕਾਯਾ’। ਹਰ ਮਨੁਖ ਸਿਹਤਮੰਦ ਰਹਿਣ ਅਤੇ ਲੰਮੀ ਉਮਰ ਜੀਣ ਦੀ ਇੱਛਾ ਰੱਖਦਾ ਹੈ। ਮਨੁੱਖ ਕੋਲ ਭਾਵੇਂ ਦੁਨੀਆ ਦੀ ਹਰ ਐਸ਼ ਹੋਵੇ ਪਰ ਜੇ ਦੇਹ ਨਿਰੋਗੀ ਨਹੀਂ ਤਾਂ ਉਹ ਉਹਨਾਂ ਦਾ ਸੁੱਖ ਨਹੀਂ ਮਾਣ ਸਕਦਾ। ਅੱਜ ਹਰ ਮਨੁੱਖ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੈ। ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਰੋਗਾਂ ਦਾ ਇਲਾਜ ਵੀ ਲੱਭ ਲਿਆ ਹੈ ਪਰ ਕਿ ਇਹ ਇਲਾਜ ਸਥਾਈ ਹੈ? ਕੀ ਵਿਗਿਆਨ ਕਿਸੇ ਵੀ ਤਕਲੀਫ ਦਾ ਇਲਾਜ ਕਰਕੇ ਇਹ ਯਕੀਨ ਦਿਵਾ ਸਕਦਾ ਹੈ ਕਿ ਉਹ ਬਿਮਾਰੀ ਫਿਰ ਤੋਂ ਨਹੀਂ ਹੋਵੇਗੀ? ਨਹੀਂ, ਅਜਿਹਾ ਵਿਗਆਨ ਪਾਸ ਕੋਈ ਤਕਨੀਕ ਨਹੀਂ ਹੈ। ਅੱਜ ਸਾਇੰਸ ਕਈ ਲਾਇਲਾਜ ਬਿਮਾਰੀਆਂ ਦਾ ਇਲਾਜ ਲੱਭ ਲੈਣ ਦਾ ਦਾਅਵਾ ਕਰਦੀ ਹੈ। ਠੀਕ ਹੈ ਕਿ ਮਲੇਰੀਆ, ਹੈਜਾ, ਪੋਲੀਓ, ਚੇਚਕ, ਪਲੇਗ ਆਦਿ ਮਹਾਮਾਰੀਆਂ ਦਾ ਇਲਾਜ ਲੱਭਿਆ ਜਾ ਚੁੱਕਿਆ ਹੈ ਪਰ ਇਹ ਨਹੀਂ ਭੁਲਣਾ ਚਾਹੀਦਾ ਕਿ ਅੱਜ ਦੇ ਸਮੇਂ ਵਿੱਚ ਹੋਰ ਵੀ ਘਾਤਕ ਬਿਮਾਰੀਆਂ ਜਿਵੇਂ ਕਿ ਕੈਂਸਰ, ਏਡਜ਼, ਸ਼ੂਗਰ, ਬੀ ਪੀ, ਦਮਾ, ਗਠੀਆ ਆਦਿ ਬੜੀ ਤੇਜੀ ਨਾਲ ਆਪਣੇ ਪੈਰ ਪਸਾਰ ਰਹੀਆਂ ਹਨ। ਵਿਸ਼ਵ ਸਿਹਤ ਸੰਗਠਨ ਵਲੋਂ ਦਿੱਤਾ ਨਾਅਰਾ ਕਿ ‘ਸਿਹਤ ਸਪਨਾ ਨਹੀਂ ਸੰਕਲਪ ਹੈ’ ਅੱਜ ਕੀਤੇ ਦਿਖਾਈ ਨਹੀਂ ਦਿੰਦਾ। ਸ਼ਹਿਰ ਹੋਵੇ ਜਾ ਪਿੰਡ ਹਰ ਜਗ੍ਹਾਂ ਹਸਪਤਾਲ ਖੁੱਲ ਰਹੇ ਹਨ। ਇਹਨਾਂ ਵਿੱਚ ਮਰੀਜਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਿਹਤ ਵਿਭਾਗ ਵਲੋਂ ਵੱਡੇ ਵੱਡੇ ਵਾਦੇ ਤੇ ਦਾਅਵੇ ਕੀਤੇ ਜਾਂਦੇ ਹਨ ਪਰ ਅੱਜ ਜਿਸ ਗਿਣਤੀ ਵਿੱਚ ਨਵੇਂ ਨਵੇਂ ਹਸਪਤਾਲ ਖੁੱਲ ਰਹੇ ਹਨ, ਨਵੀਆਂ- ਨਵੀਆਂ ਦਵਾਈਆਂ ਇਜਾਦ ਕੀਤੀਆਂ ਜਾਂ ਰਹੀਆਂ ਹਨ ਅਤੇ ਨਵੇਂ ਡਾਕਟਰ ਬਣ ਰਹੇ ਹਨ ਕਿ ਉਸ ਤੋਂ ਜਿਆਦਾ ਅਨੁਪਾਤ ਵਿੱਚ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ। ਦਵਾਈਆਂ ਨਾਲ ਰੋਗਾਂ ਦੀ ਸਿਰਫ ਰੋਕਥਾਮ ਹੋ ਰਹੀ ਹੈ ਇਲਾਜ ਨਹੀਂ। ਕੈਂਸਰ ਅਤੇ ਏਡਜ਼ ਨਾਲ ਆਏ ਦਿਨ ਹਜਾਰਾਂ ਲੋਕ ਮਰ ਰਹੇ ਹਨ। ਸ਼ੂਗਰ, ਬੀ ਪੀ, ਥਾਈਰਾਇਡ ਕਿਸੇ ਨੂੰ ਹੋ ਜਾਵੇ ਤਾਂ ਸਾਰੀ ਉਮਰ ਗੋਲੀ ਖਾਣੀ ਪੈਂਦੀ ਹੈ ਭਾਵ ਗੋਲੀ ਖਾ ਰਹੇ ਹੋ ਤਾਂ ਤਕਲੀਫ ਠੀਕ ਹੈ ਨਹੀਂ ਤਾਂ ਬਿਮਾਰੀ ਉਥੇ ਦੀ ਉਥੇ ਹੀ ਕਾਇਮ ਹੈ ਭਾਵ ਸਿਹਤ ਦਵਾਈ ਨਾਲ ਨਹੀਂ ਮਿਲਦੀ। ਉਲਟਾ ਨਿਤ ਦੀਆਂ ਗੋਲੀਆਂ ਕਈ ਹੋਰ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ ਤੇ ਮਨੁੱਖ ਵੀ ਕਾਫੀ ਹੱਦ ਤੱਕ ਇਹਨਾਂ ਗੋਲੀਆਂ ਦੇ ਆਸਰੇ ਜੀਣ ਦਾ ਆਦਿ ਹੋ ਜਾਂਦਾ ਹੈ। ਪਰ ਇਸ ਵਿੱਚ ਕਸੂਰ ਡਾਕਟਰਾਂ ਦਾ ਵੀ ਕੋਈ ਨਹੀਂ ਕਿਉਂਕਿ ਅੱਜ ਮਨੁੱਖ ਬਿਮਾਰ ਹੋ ਕੇ ਗੋਲੀ ਖਾਣ ਲਈ ਤਾਂ ਤਿਆਰ ਹੈ ਪਰ ਆਪਣੇ ਮਨ ਅਤੇ ਆਪਣੀ ਜੀਭ ਦੇ ਸੁਆਦ ਤੇ ਕੋਈ ਕਾਬੂ ਨਹੀਂ ਰਖੱਣਾ ਚਾਹੁੰਦਾ।
ਅੰਗਰੇਜੀ ਦਵਾਈਆਂ ਨਾਲ ਰੋਗ ਦੇ ਇਲਾਜ ਦੇ ਨਾਲ ਨਾਲ ਹੁੰਦੇ ਨੁਕਸਾਨ ਨੂੰ ਦੇਖਦੇ ਹੋਏ ਪਿਛਲੇ 100-150 ਸਾਲ ਤੋਂ ਅਮਰੀਕਾ, ਬ੍ਰਿਟੇਨ ਆਦਿ ਪੱਛਮੀ ਦੇਸ਼ ਹੁਣ ਕੁਦਰਤੀ ਇਲਾਜ ਵੱਲ ਵੱਧ ਰਹੇ ਹਨ। ਇਸ ਕੁਦਰਤੀ ਇਲਾਜ ਵੱਲ ਦੁਨੀਆ ਦੇ ਹੋਰ ਦੇਸ਼ਾਂ ਦਾ ਵੀ ਰੁਝਾਨ ਵੱਧ ਰਿਹਾ ਹੈ। ਪਰ ਭਾਰਤ ਵਿੱਚ ਕੁਦਰਤੀ ਇਲਾਜ਼ ਦੀ ਇਹ ਪ੍ਰਣਾਲੀ ਕਈ ਸਦਿਆਂ ਤੋਂ ਚਲਦੀ ਆ ਰਹੀ ਹੈ ਜਿਸਦਾ ਜਿਕਰ ਮਹਾਨ ਗ੍ਰਰੰਥਾਂ ਵੇਦਾਂ ਵਿੱਚ ਮਿਲਦਾ ਹੈ। ਸੂਰਜ ਦੀ ਰੋਸ਼ਨੀ, ਹਵਾ, ਪਾਣੀ ਅਤੇ ਮਿੱਟੀ ਦੇ ਨਾਲ ਕਈ ਬਿਮਾਰੀਆਂ ਦੇ ਇਲਾਜ਼ ਕੀਤੇ ਜਾਂਦੇ ਹਨ। ਇਸਦੇ ਨਾਲ ਹੀ ਭੋਜਨ ਨੂੰ ਵੀ ਔਸ਼ਧੀ ਮੰਨਿਆ ਗਿਆ ਹੈ। ਕੁਦਰਤੀ ਚਕਿਤਸਾ ਦਾ ਮਤਲਬ ਹੈ ਕੁਦਰਤ ਦੇ ਪੰਜ ਤੱਤਾਂ ਨਾਲ ਸਿਹਤ ਦਾ ਰੱਖ ਰਖਾਵ। ਦੇਖਿਆ ਜਾਵੇ ਤਾਂ ਇਹ ਜਿਆਦਾ ਔਖਾ ਵੀ ਨਹੀਂ। ਜਦੋਂ ਤੱਕ ਮਨੁੱਖ ਕੁਦਰਤੀ ਨਿਯਮਾਂ ਦੀ ਪਾਲਨਾ ਕਰਦੇ ਹੋਏ ਸਹੀ ਢੰਗ ਦੇ ਨਾਲ ਜੀਵਨ ਵਤੀਤ ਕਰਦਾ ਹੈ ਤਾਂ ਮਨੁੱਖ ਉਤੇ ਕੁਦਰਤੀ ਮੇਹਰਬਾਨ ਰਹਿੰਦੀ ਹੈ। ਪਰ ਜਦੋਂ ਮਨੁੱਖ ਕੁਦਰਤ ਤੋਂ ਦੂਰ ਹੱਟਦੇ ਹੋਏ ਆਪਣੇ ਰਹਿਨ ਸਹਿਨ ਅਤੇ ਖਾਨ ਪਾਨ ਨੂੰ ਦਿਖਾਵੇ ਅਤੇ ਗੈਰ ਕੁਦਰਤੀ ਤਰੀਕਿਆਂ ਵੱਲ ਲੈ ਜਾਂਦਾ ਹੈ ਉਸਦੀਆਂ ਸਿਹਤ ਸੰਬੰਧੀ ਤਕਲੀਫਾਂ ਵੀ ਵੱਧਦੀਆਂ ਜਾਂਦੀਆਂ ਹਨ। ਨਿਰੋਗੀ ਜੀਵਨ ਜੀਣ ਲਈ ਪੰਜ ਚੀਜਾਂ ਬਹੁਤ ਜਰੂਰੀ ਹਨ – ਸਾਫ ਵਤਾਵਰਨ, ਸਾਫ ਪਾਣੀ, ਸ਼ੁੱਧ ਸੰਤੁਲਿਤ ਭੋਜਨ, ਭਰਪੂਰ ਨੀਂਦ ਅਤੇ ਮਨ ਦੀ ਖੁਸ਼ੀ। ਪਰ ਅਜੀਬ ਗੱਲ੍ਹ ਹੈ ਕਿ ਅੱਜ ਇਹ ਪੰਜੋ ਹੀ ਨਸੀਬ ਨਹੀਂ ਹੋ ਰਹੀਆਂ।
ਮਨੁੱਖ ਦੀ ਸਿਹਤ ਦਾ ਸਿੱਧਾ ਸੰਬੰਧ ਉਸਦੇ ਖਾਨ ਪਾਨ ਨਾਲ ਹੈ। ਮਨੁੱਖ ਜੋ ਖਾਂਦਾ ਹੈ ਉਹੋ ਜਿਹਾ ਹੀ ਉਸਦਾ ਸ਼ਰੀਰ ਬਣ ਜਾਂਦਾ ਹੈ। ਕੁਦਰਤ ਨੇ ਮਨੁੱਖ ਨੂੰ ਖਾਣ ਦੀਆਂ ਵੰਨਸੁਵੰਨੀਆਂ ਚੀਜਾਂ ਸਿਹਤ ਦੇ ਨੇਮਤ ਵਜੋਂ ਬਖਸ਼ੀਆਂ ਹਨ। ਹਰ ਰੁੱਤ ਦੇ ਅਲਗ ਖਾਨੇ ਹਨ ਪਰ ਅੱਜ ਮਨੁੱਖ ਨੇ ਵਿਗਿਆਨ ਦੀ ਤਰੱਕੀ ਨਾਲ ਆਪਣੇ ਖਾਨ ਪੀਣ ਵਿੱਚ ਵੀ ਕਾਫੀ ਬਦਲਾਵ ਕਰ ਲਿਆ ਹੈ। ਡਿੱਬਾ ਬੰਦ ਖਾਨੇ ਅਤੇ ਫਰੋਜ਼ਨ ਫੂਡ ਨਾਲ ਬੇਮੌਸਮੀ ਫਲ ਸਬਜੀਆਂ ਵੀ ਆਹਾਰ ਵਿੱਚ ਸ਼ਾਮਲ ਹੋ ਗਈਆਂ ਹਨ ਜੋਕਿ ਸਿਹਤ ਲਈ ਨੁਕਸਾਨਦੇਹ ਹੈ ਅਤੇ ਇਸ ਦਾ ਨਤੀਜਾ ਬਿਮਾਰੀਆਂ ਦੇ ਰੂਪ ਵਿੱਚ ਸਾਮਣੇ ਆਉਂਦਾ ਹੈ। ਅੱਜ ਦੀ ਭੱਜਦੌੜ ਅਤੇ ਤਨਾਵ ਭਰੀ ਜਿੰਦਗੀ ਵਿੱਚ ਨਾ ਤਾਂ ਕਿਸੇ ਕੌਲ ਆਰਾਮ ਨਾਲ ਬੈਠ ਕੇ ਖਾਨ ਦਾ ਵਕਤ ਹੈ ਤੇ ਨਾ ਹੀ ਭਰਪੂਰ ਨੀਂਦ ਲੈਣ ਦਾ। ਮਨੁੱਖ ਲਈ ਸਿਹਤਮੰਦ ਰਹਿਣ ਲਈ 8 ਘੰਟੇ ਦੀ ਨੀਂਦ ਦੀ ਜਰੂਰਤ ਹੁੰਦੀ ਹੈ ਪਰ ਰਾਤ ਨੂੰ ਟੀ ਵੀ ਦੇਖਦਿਆਂ ਤੇ ਸਵੇਰੇ ਕੰਮ ਦੀ ਭਜਦੌੜ ਦੇ ਚਲਦਿਆਂ 6 ਘੰਟੇ ਦੀ ਨੀਂਦ ਵੀ ਮੁਸ਼ਕਲ ਦੇ ਨਾਲ ਹੀ ਲਈ ਜਾਂਦੀ ਹੈ ਜੋਕਿ ਅੱਗੇ ਜਾ ਕੇ ਸਿਹਤ ਤੇ ਮਾੜਾ ਅਸਰ ਪਾਉਂਦੀ ਹੈ।
ਅਜਿਹੇ ਹਾਲਾਤਾਂ ਵਿੱਚ ਅੱਜ ਸਿਹਤਮੰਦ ਰਹਿਣਾ ਇੱਕ ਜਟਿਲ ਸਮਸਿਆ ਬਣਦਾ ਜਾ ਰਿਹਾ ਹੈ। ਅੱਜ ਦੇ ਸਮੇਂ ਦੇ ਖਾਨ ਪਾਨ ਅਤੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਨਾਲ ਸ਼ਰੀਰ ਵਿੱਚ ਹਾਨੀਕਾਰਕ ਤੱਤਾਂ ਦੀ ਮਾਤਰਾ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਸ਼ਰੀਰ ਆਪਣੇ ਆਪ ਵਿੱਚ ਵੱਡਾ ਚਕਿਤਸਕ ਹੈ। ਸਰੀਰ ਵਿੱਚ ਸਥਿਤ ਕੁੱਝ ਅੰਗ ਤੇ ਕਈ ਗਲਾਂਡ ਰੋਗ ਦੇ ਕਿਟਾਣੂਆਂ ਨੂੰ ਖਤਮ ਕਰਣ ਵਾਲੇ ਰਸਾਇਣਾਂ ਦਾ ਨਿਰਮਾਣ ਕੁਦਰਤੀ ਤੌਰ ਤੇ ਕਰਦੇ ਹਨ। ਕੁਦਰਤੀ ਚਕਿਤਸਾ ਨਾਲ ਸ਼ਰੀਰ ਦੇ ਇਸ ਚਮਤਕਾਰੀ ਕਰਿਸ਼ਮੇ ਦਾ ਭਲੀ ਭਾਂਤੀ ਉਪਯੋਗ ਕੀਤਾ ਜਾ ਸਕਦਾ ਹੈ। ਕੁਦਰਤੀ ਚਕਿਤਸਾ ਅਪਣਾਉਣ ਨਾਲ ਸ਼ਰੀਰ ਨੂੰ ਸਿਹਤਮੰਦ ਰੱਖਣ ਵਾਲੇ ਇਹ ਰਸਾਇਣ ਸ਼ਰੀਰ ਵਿੱਚ ਸਹੀ ਮਾਤਰਾ ਵਿੱਚ ਬਣਦੇ ਹਨ ਜਿਸ ਨਾਲ ਰੋਗੀ ਜਲਦੀ ਬਿਮਾਰੀ ਤੋਂ ਠੀਕ ਹੋ ਜਾਂਦਾ ਹੈ। ਕੁਦਰਤੀ ਚਕਿਤਸਾ ਨੂੰ ਅਪਣਾ ਕੇ ਜਿੱਥੇ ਦਿਮਾਗੀ ਪਰੇਸ਼ਾਨੀਆਂ ਤੋਂ ਆਰਾਮ ਪਾਇਆ ਜਾ ਸਕਦਾ ਹੈ ਉਥੇ ਹੀ ਸਿਹਤ ਵਿੱਚ ਵੀ ਕਰਿਸ਼ਮਾਈ ਸੁਧਾਰ ਵੇਖਣ ਨੂੰ ਮਿਲਦਾ ਹੈ। ਕਿਸੇ ਮਾਹਿਰ ਜਾਣਕਾਰ ਤੋਂ ਸਿੱਖ ਕੇ ਜੇਕਰ ਰੋਜਾਨਾ 10-15 ਮਿੰਟ ਦਾ ਯੋਗਾ ਜਾ ਧਿਆਨ ਕੀਤਾ ਜਾਵੇ ਤਾਂ ਨਾ ਸਿਰਫ ਦਿਮਾਗੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਸਗੋਂ ਸਰੀਰਿਕ ਰੋਗਾਂ ਤੋਂ ਵੀ ਮੁਕਤੀ ਮਿਲਦੀ ਹੈ ਜਿਸ ਨਾਲ ਕਿ ਸਿਹਤਮੰਦ ਖੁਸ਼ਹਾਲ ਜੀਵਨ ਬਿਤਾਇਆ ਜਾ ਸਕਦਾ ਹੈ।
ਯੋਗਾ ਅਤੇ ਐਕਉਪ੍ਰੈਸ਼ਰ ਦੇ ਨਾਲ ਬਿਮਾਰੀਆਂ ਤੋਂ ਮੁਕਤੀ ਪਾਈ ਜਾ ਸਕਦੀ ਹੈ ਅਤੇ ਕਿਸੇ ਤਜਰਬੇਕਾਰ ਤੋਂ ਯੋਗਾ ਅਤੇ ਐਕਉਪ੍ਰੈਸ਼ਰ ਦੀ ਟਰੇਨਿੰਗ ਲੈ ਕੇ ਇਨਸਾਨ ਖੁਦ ਘਰ ਵਿੱਚ ਹੀ ਨਿਰੋਗ ਰਹਿ ਸਕਦਾ ਹੈ। ਇਸਦੇ ਨਾਲ ਹੀ ਇਨਸਾਨ ਨੂੰ ਇਹ ਜਾਣਨਾ ਵੀ ਜਰੂਰੀ ਹੈ ਕਿ ਕਿਹੜੀ ਰੁਤ ਵਿੱਚ ਕਿਹੜੀ ਵਸਤੂ ਖਾਣੀ ਚਾਹੀਦੀ ਹੈ ਅਤੇ ਕਿਹੜੀ ਵਸਤੂਆਂ ਦੀ ਤਸੀਰ ਕੀ ਹੁੰਦੀ ਹੈ। ਅੱਜ ਇਨਸਾਨ ਇਹਨਾਂ ਸਭ ਚੀਜ਼ਾਂ ਨੂੰ ਭੁੱਲ ਚੁਕਿਆ ਹੈ ਅਤੇ ਰੁਤ ਦੇ ਹਿਸਾਬ ਦੇ ਨਾਲ ਗਲਤ ਤਸੀਰ ਵਾਲੀਆਂ ਵਸਤੂਆ ਖਾ ਰਿਹਾ ਹੈ ਜਿਸ ਦਾ ਨਤੀਜਾ ਨਵੀਂਆਂ ਨਵੀਆਂ ਬਿਮਾਰੀਆਂ ਰੋਜ ਸਾਹਮਣੇ ਆ ਰਹੀਆਂ ਹਨ। ਇਸ ਲਈ ਨਿਰੋਗ ਜੀਵਨ ਜੀਣ ਲਈ ਆਪਣੇ ਗਿਆਨ ਵਿੱਚ ਵਾਧਾ ਕਰੋ ਅਤੇ ਆਪਣੇ ਪਰਿਵਾਰ ਨੂੰ ਨਿਰੋਗ ਬਣਾਓ।