ਫਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਜਥੇਦਾਰ ਤਰਲੋਚਨ ਸਿੰਘ ਤੁੜ੍ਹ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਖ਼ਾਲਸਾ ਪੰਥ ਤੋਂ ਇਕ ਇਮਾਨਦਾਰ, ਪੰਥ ਦਾ ਡੂੰਘਾਂ ਦਰਦ ਰੱਖਣ ਵਾਲੀ ਧਾਰਮਿਕ ਖਿਆਲਾ ਦੀ ਸਖਸ਼ੀਅਤ ਦਾ ਵਿਛੋੜਾ ਪੈ ਗਿਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਉਹਨਾਂ ਦੇ ਚਲੇ ਜਾਣ ਤੇ ਜਿਥੇ ਡੂੰਘਾਂ ਦੁੱਖ ਤੇ ਅਫਸੋਸ ਹੋਇਆ ਹੈ, ਉਥੇ ਉਹਨਾਂ ਵੱਲੋਂ ਆਪਣੇ ਸਤਿਕਾਰਯੋਗ ਤੁੜ੍ਹ ਖਾਨਦਾਨ, ਪਰਿਵਾਰਿਕ ਮੈਬਰਾਂ ਵੱਲੋਂ ਪੰਥਕ ਲੀਹਾਂ ਉਤੇ ਨਿਰੰਤਰ ਦ੍ਰਿੜਤਾ ਨਾਲ ਦਿੱਤੇ ਜਾਂਦੇ ਆ ਰਹੇ ਪਹਿਰੇ ਦੀ ਰਿਵਾਇਤ ਨੂੰ ਵੀ ਜਥੇਦਾਰ ਤੁੜ੍ਹ ਅੱਗੇ ਵਧਾਉਦੇ ਰਹੇ ਹਨ । ਜਿਸ ਤੇ ਸਿੱਖ ਕੌਮ ਨੂੰ ਉਹਨਾਂ ਵੱਲੋਂ ਅਤੇ ਉਹਨਾ ਦੇ ਬਜੁਰਗਾਂ ਜਥੇਦਾਰ ਮਨਮੋਹਨ ਸਿੰਘ ਤੁੜ੍ਹ ਤੇ ਪਰਿਵਾਰ ਵੱਲੋ ਕੌਮ ਲਈ ਕੀਤੀ ਗਈ ਸੇਵਾ ਨੂੰ ਖ਼ਾਲਸਾ ਪੰਥ ਹਮੇਸ਼ਾਂ ਯਾਦ ਰੱਖੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਤਰਲੋਚਨ ਸਿੰਘ ਤੁੜ੍ਹ ਜੀ ਦੇ ਅਕਾਲ ਚਲਾਣੇ ਉਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋ 1999 ਵਿਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਸਨ, ਤਾਂ ਪੰਜਾਬ ਵੱਲੋਂ ਤਿੰਨ ਪਾਰਲੀਮੈਂਟ ਮੈਬਰ ਪੰਥਕ ਧਿਰਾਂ ਵੱਲੋਂ ਭੇਜੇ ਗਏ ਸਨ । ਜਿਨ੍ਹਾਂ ਵਿਚ ਜਥੇਦਾਰ ਤਰਲੋਚਨ ਸਿੰਘ ਤੁੜ੍ਹ ਤਰਨਤਾਰਨ ਤੋਂ ਅਤੇ ਸ. ਜੋਰਾ ਸਿੰਘ ਮਾਨ ਫਿਰੋਜ਼ਪੁਰ ਤੋਂ ਬਾਦਲ ਦਲ ਵੱਲੋਂ ਸਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਦਾਸ ਸਿਮਰਨਜੀਤ ਸਿੰਘ ਮਾਨ ਸੀ । ਜਦੋ ਪਾਰਲੀਮੈਂਟ ਵਿਚ ਕਾਰਵਾਈ ਚੱਲੀ ਤਾਂ ਇਹਨਾਂ ਉਪੋਕਤ ਦੋਵਾਂ ਸਤਿਕਾਰਯੋਗ ਐਮ.ਪੀ. ਸਾਹਿਬਾਨ ਨੇ ਲੋਕ ਸਭਾ ਦੇ ਸਪੀਕਰ ਨੂੰ ਇਹ ਲਿਖਤੀ ਰੂਪ ਵਿਚ ਦੇ ਦਿੱਤਾ ਸੀ ਕਿ ਜੋ ਪਾਰਲੀਮੈਟ ਵਿਚ ਸਾਡੇ ਬੋਲਣ ਦਾ ਸਮਾਂ ਬਣਦਾ ਹੈ, ਉਸ ਉਤੇ ਪੰਜਾਬ ਦੇ ਅਤੇ ਪੰਥਕ ਹਿੱਤਾ ਉਤੇ ਸ. ਸਿਮਰਨਜੀਤ ਸਿੰਘ ਮਾਨ ਹੀ ਬੋਲਣਗੇ । ਉਸ ਸਮੇਂ ਜੋ ਵੀ ਮੇਰੇ ਜਹਿਨ ਅਤੇ ਦਿਮਾਗ ਵਿਚ ਗੁਰੂ ਸਾਹਿਬ ਨੇ ਬਖਸਿ਼ਸ਼ ਕਰਕੇ ਤਾਕਤ ਬਖ਼ਸੀ, ਮੈਂ ਉਹਨਾਂ ਵਿਚਾਰਾਂ ਨੂੰ ਅਤੇ ਪੰਜਾਬ ਤੇ ਸਿੱਖ ਕੌਮ ਦੇ ਮਸਲਿਆ ਨੂੰ ਪੂਰੀ ਦਲੀਲ ਨਾਲ ਜਿੰਨਾਂ ਵੀ ਹੋ ਸਕਿਆ, ਉਠਾਇਆ। ਪਰ ਦੁੱਖ ਅਤੇ ਅਫਸੋਸ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਉਪਰੋਕਤ ਆਪਣੇ ਦੋਵੇ ਐਮ.ਪੀਜ਼ ਵੱਲੋਂ ਆਪਣੇ ਦਿੱਤੇ ਗਏ ਸਮੇਂ ਦੀ ਬਦੌਲਤ ਪੂਰੀ ਤਰ੍ਹਾਂ ਚਿੜ੍ਹ ਗਏ । ਇਹੀ ਵਜਹ ਹੋਈ ਕਿ 2004 ਵਿਚ ਜਦੋ ਪਾਰਲੀਮੈਟ ਚੋਣਾਂ ਦਾ ਐਲਾਨ ਹੋਇਆ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਪਰੋਕਤ ਆਪਣੇ ਦੋਵੇ ਪੰਥ ਦਾ ਦਿਆਨਤਦਾਰੀ ਨਾਲ ਦਰਦ ਰੱਖਣ ਵਾਲੇ ਸੀਟਿੰਗ ਐਮ.ਪੀਜ਼ ਨੂੰ ਟਿਕਟਾ ਹੀ ਨਾ ਦਿੱਤੀਆਂ । ਜਿਸ ਤੋ ਖ਼ਾਲਸਾ ਪੰਥ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਦੀ ਸੋਚ, ਅਮਲ ਤੋਂ ਗਿਆਨ ਹੋ ਜਾਣਾ ਚਾਹੀਦਾ ਹੈ ਕਿ ਪੰਥ ਅਤੇ ਪੰਜਾਬ ਦੀ ਬਾਦਲੀਲ ਗੱਲ ਕਰਨ ਵਾਲੀਆ ਸਖਸ਼ੀਅਤਾਂ ਦਾ ਇਹਨਾਂ ਦੇ ਮਨ ਵਿਚ ਕੋਈ ਸਤਿਕਾਰ ਨਹੀਂ ਹੈ ਅਤੇ ਨਾ ਹੀ ਇਹ ਆਗੂ ਪੰਜਾਬ-ਪੰਜਾਬੀਆਂ ਅਤੇ ਸਿੱਖ ਕੌਮ ਦੀ ਕੋਈ ਬਿਹਤਰੀ ਕਰ ਸਕਦੇ ਹਨ ।
ਸ. ਜੋਰਾ ਸਿੰਘ ਮਾਨ ਬਹੁਤ ਪਹਿਲੇ ਅਕਾਲ ਚਲਾਣਾ ਕਰ ਗਏ ਹਨ ਅਤੇ ਜਥੇਦਾਰ ਤਰਲੋਚਨ ਸਿੰਘ ਤੁੜ੍ਹ ਬੀਤੇ ਦਿਨੀਂ ਸਵਰਗਵਾਸ ਹੋ ਗਏ ਹਨ । ਦੋਵੇ ਸਖਸ਼ੀਅਤਾਂ ਅੱਜ ਸਾਡੇ ਵਿਚ ਸਰੀਰਕ ਤੌਰ ਤੇ ਨਹੀਂ ਹਨ । ਪਰ ਜੋ ਉਹਨਾਂ ਨੇ ਪੰਥ ਦੇ ਵਡੇਰੇ ਹਿੱਤਾ ਅਤੇ ਪੰਥਕ ਸੋਚ ਨੂੰ ਸਮਰਪਿਤ ਹੁੰਦੇ ਹੋਏ ਦਾਸ ਨੂੰ 1999 ਦੀ ਪਾਰਲੀਮੈਂਟ ਵਿਚ ਆਪੋ-ਆਪਣੇ ਬੋਲਣ ਦਾ ਸਮਾਂ ਮੈਨੂੰ ਦੇਕੇ ਪੰਜਾਬ ਅਤੇ ਸਿੱਖ ਕੌਮ ਦੀ ਗੱਲ ਨੂੰ ਪਾਰਲੀਮੈਂਟ ਅਤੇ ਕੌਮਾਂਤਰੀ ਪੱਧਰ ਤੇ ਉਠਾਉਣ ਵਿਚ ਨਿਰਸਵਾਰਥ ਹੋ ਕੇ ਮਦਦ ਕੀਤੀ, ਉਸ ਲਈ ਮੈਂ ਉਪਰੋਕਤ ਦੋਵਾਂ ਸਖਸ਼ੀਅਤਾਂ ਦਾ ਹਮੇਸ਼ਾਂ ਰਿਣੀ ਰਹਾਂਗਾ ਅਤੇ ਹਮੇਸ਼ਾਂ ਮੇਰੇ ਮਨ ਵਿਚ ਇਹ ਦੋਵੇ ਸਖਸ਼ੀਅਤਾਂ ਆਤਮਿਕ ਤੌਰ ਤੇ ਜਿਊਂਦੀਆਂ ਵੀ ਰਹਿਣਗੀਆਂ ਅਤੇ ਮੈਂ ਉਹਨਾਂ ਵੱਲੋ ਵਿਖਾਏ ਗਏ ਵਡੱਪਣ ਤੋਂ ਅਗਵਾਈ ਵੀ ਲੈਦਾ ਰਹਾਂਗਾ । ਪਰ ਸਾਨੂੰ ਅੱਜ ਤੱਕ ਸਮਝ ਨਹੀਂ ਆਈ ਕਿ ਪੰਥ ਦੀ ਤੇ ਪੰਜਾਬ ਦੀ ਗੱਲ ਕਰਨ ਵਾਲੇ ਉਪਰੋਕਤ ਦੋਵੇ ਐਮ.ਪੀਜ਼ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਸ ਦਲੀਲ ਅਧੀਨ ਨਜ਼ਰ ਅੰਦਾਜ ਕੀਤਾ ਅਤੇ ਉਹਨਾਂ ਨੂੰ ਸਦਾ ਲਈ ਦੁਰਕਾਰ ਦਿੱਤਾ ? ਜਦੋਕਿ ਪੰਥ ਉਹਨਾਂ ਦੀਆਂ ਸੇਵਾਵਾਂ ਨੂੰ ਤੇ ਉਹਨਾ ਦੇ ਪਰਿਵਾਰਾਂ ਵੱਲੋ ਕੀਤੀ ਜਾ ਰਹੀ ਪੰਥਕ ਸੇਵਾ ਨੂੰ ਹਮੇਸ਼ਾਂ ਯਾਦ ਰੱਖੇਗਾ । ਅਸੀਂ ਜਥੇਦਾਰ ਤਰਲੋਚਨ ਸਿੰਘ ਤੁੜ੍ਹ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਪਵਿੱਤਰ ਅਤੇ ਦ੍ਰਿੜ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸਣ ਤੇ ਸਾਨੂੰ ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ ।