ਪੰਜਾਬੀ ਸ਼ੁਰੂ ਤੋਂ ਹੀ ਦੁਨੀਆਂ ਭਰ ‘ਚ ਬੜੇ ਖੁੱਲ੍ਹਦਿਲੇ, ਖੁਸ਼ਮਿਜਾਜ਼ ਅਤੇ ਜੋਸ਼ੀਲੇ ਮੰਨੇ ਗਏ ਹਨ। ਸ਼ਾਇਦ ਇਨ੍ਹਾਂ ਦੇ ਇਸੇ ਸੁਭਾਅ ਦੇ ਕਾਰਨ ਹੀ ਪੰਜਾਬ ‘ਚ ਸਾਰਾ ਸਾਲ ਕਿਤੇ ਨਾ ਕਿਤੇ ਮੇਲੇ ਲਗਦੇ ਰਹਿੰਦੇ ਹਨ ਜੋ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ ਰੂਹ ਦੀ ਖੁਰਾਕ ਬਣ ਚੁੱਕੇ ਹਨ। ਸਾਡੇ ਦੇਸ਼ ਵਿੱਚ ਤੀਜ–ਤਿਉਹਾਰਾਂ ਅਤੇ ਮੇਲਿਆਂ ਨੂੰ ਖ਼ਾਸ ਥਾਂ ਹਾਸਲ ਹੈ।
ਪੰਜਾਬ ਦੇ ਇਨ੍ਹਾਂ ਮੇਲਿਆਂ ‘ਚ ਮੂਹਰਲੀ ਕਤਾਰ ‘ਚ ਆਉਂਦਾ ਜਗਰਾਵਾਂ ਦਾ ਰੋਸ਼ਨੀ ਦਾ ਮੇਲਾ ਵੀ ਆਪਣਾ ਖ਼ਾਸ ਰੁੱਤਬਾ ਰੱਖਦਾ ਹੈ। ਪੰਜਾਬ ਦੇ ਲੋਕ ਗੀਤ ਅਤੇ ਲੋਕ ਬੋਲੀਆਂ ਵੀ ਰੋਸ਼ਨੀ ਦੇ ਮੇਲੇ ਦੀ ਸ਼ਾਹਦੀ ਭਰਦੀਆਂ ਨਹੀਂ ਥੱਕਦੀਆਂ।
ਜਿਥੇ ਇਹ ਮੇਲੇ ਸਾਨੂੰ ਸਾਡੇ ਸਭਿਆਚਾਰ ਅਤੇ ਵਿਰਾਸਤ ਨਾਲ ਜੋੜਦੇ ਹਨ, ਉਥੇ ਇਹ ਸਾਨੂੰ ਆਪਸੀ ਮਿਲਵਰਤਣ ਅਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਵੀ ਪ੍ਰੇਰਦੇ ਹਨ। ਇਹ ਮੇਲੇ ਸਾਰੇ ਧਰਮਾਂ ਦੇ ਲੋਕਾਂ ਵਿਚਕਾਰ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਅੱਜ ਦੀ ਗੁੰਝਲਦਾਰ, ਤੇਜ਼–ਤਰਾਰ ਅਤੇ ਥਕੇਵੇਂ ਵਾਲੀ ਜ਼ਿੰਦਗੀ ‘ਚੋਂ ਸਮਾਂ ਕੱਢ ਦੇ ਲੋਕ ਇਨ੍ਹਾਂ ਮੇਲਿਆਂ ਰਾਹੀਂ ਆਪਣੇ ਗੁਆਚੇ ਹੋਏ ਸਕੂਨ ਨੂੰ ਲੱਭਣ ਦਾ ਯਤਨ ਕਰਦੇ ਹਨ। ਲੋਕ–ਗੀਤ ਅਤੇ ਬੋਲੀਆਂ, ਇਨ੍ਹਾਂ ਤੀਜ਼–ਤਿਉਹਾਰਾਂ ਅਤੇ ਮੇਲਿਆਂ ਦੀ ਗਹਿ–ਗੱਢਵੀਂ ਪਛਾਣ ਬਣਾਉਣ ਅਤੇ ਇਨ੍ਹਾਂ ਦੀ ਵਿਰਾਸਤ ਨੂੰ ਸਾਂਭਣ, ਪ੍ਰਚਾਰਣ, ਫੈਲਾਉਣ ਅਤੇ ਲੋਕਾਂ ‘ਚ ਇਨ੍ਹਾਂ ਨੂੰ ਹਰਮਨ ਪਿਆਰਾ ਬਣਾਉਣ ‘ਚ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੇ ਹਨ। ਇਨ੍ਹਾਂ ਮੇਲਿਆਂ ‘ਚੋਂ ਇਕ ਪ੍ਰਸਿੱਧ ਮੇਲਾ ਹੈ–ਰੋਸ਼ਨੀ ਦਾ ਮੇਲਾ। ਜਿਸ ਬਾਰੇ ਕਿਹਾ ਜਾਂਦਾ ਹੈ :–
ਆਰੀ ––– ਆਰੀ ––– ਆਰੀ
ਵਿੱਚ ਜਗਰਾਵਾਂ ਦੇ, ਲੱਗਦੀ ਰੋਸ਼ਨੀ ਭਾਰੀ।
ਇਸ ‘ਚ ਕੋਈ ਦੋ ਰਾਏ ਨਹੀਂ ਕਿ ਰੋਸ਼ਨੀ ਦਾ ਮੇਲਾ, ਪੰਜਾਬ ‘ਚ ਲੱਗਦੇ ਮੇਲਿਆਂ ਦੀ ਸੂਚੀ ‘ਚ ਇਕ ਅਹਿਮ ਥਾਂ ਰੱਖਦਾ ਹੈ ਅਤੇ ਭਾਰੀ ਗਿਣਤੀ ‘ਚ ਲੋਕ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਸਤੇ ਮੰਨਤਾਂ ਲਈ ਇਥੇ ਆਉਂਦੇ ਅਤੇ ਨਤਮਸਤਕ ਹੁੰਦੇ ਹਨ। ਦੇਸ਼ ਦੀ ਵੰਡ ਤੋਂ ਬਾਅਦ ਇਸ ਨੂੰ ਮਨਾਉਣ ਦੇ ਉਤਸਾਹ ਵਿੱਚ ਭੌਤਿਕ ਅਤੇ ਭੁਗੋਲਿਕ ਕਾਰਨਾਂ ਕਰਕੇ ਕਮੀ ਜ਼ਰੂਰ ਆਈ ਹੈ ਪਰ ਅੱਜ ਵੀ ਲੋਕ ਵੱਡੀ ਤਦਾਦ ਵਿੱਚ ਇਥੇ ਢੁਕਦੇ ਹਨ ਤੇ ਮੇਲੇ ਵਿੱਚ ਸ਼ਾਮਿਲ ਹੋਣ ਵਾਲੇ ਲੋਕ ਪਹਿਲਾਂ ਤੋਂ ਹੀ ਮੇਲੇ ਦੀਆਂ ਤਿਆਰੀਆਂ ‘ਚ ਰੁੱਝ ਜਾਂਦੇ ਹਨ।ਜਗਰਾਉਂ ‘ਚ ਰੋਸ਼ਨੀ ਦਾ ਮੇਲਾ ਇਕ ਮੁਸਲਮਾਨ ਪੀਰ ਦੀ ਦਰਗਾਹ ‘ਤੇ ਲਗਦਾ ਹੈ। ਪੰਜਾਬ ਦੇ ਮਾਲਵੇ ਖੇਤਰ ਦੀ ਇਕ ਬੋਲੀ ਹੈ:–
ਨੰਦਪੁਰ ਜੈਸਾ ਹੈ ਨੀ ਹੋਲਾ, ਮੁਕਸਰ ਤੀਰਥ ਭਾਰੀ
ਨਾਨਕਸਰ ਦੀ ਲਗੇ ਪੁੰਨਿਆ, ਅੰਬਰਸਰ ਦੀ ਦਿਵਾਲੀ
ਮੋਹਕਮਦੀਨ ਦਾ ਲਗਦਾ ਮੇਲਾ, ਜਗ੍ਹਾ ਖਾਨਗ੍ਹਾ ਵਾਲੀ
ਵਿਚ ਜਗਰਾਮਾਂ ਦੇ, ਲਗਦੀ ਰੋਸ਼ਨੀ ਭਾਰੀ…………
ਜਗਰਾਉਂ ਦੀ ਧਰਤੀ ਨੂੰ ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਪੁਰਾਣੇ ਕਾਗਜ਼ਾਂ ‘ਚ ਅਜੇ ਵੀ ਇਸ ਦਾ ਨਾਂ ‘ਜਗਰਾਉਂ ਸ਼ਰੀਫ਼’ ਬੋਲਦਾ ਹੈ, ਕਿਉਂਕਿ ਇਥੇ-ਪੀਰ ਲੱਪੇ ਸ਼ਾਹ, ਪੀਰ ਮੋਹਕਮਦੀਨ, ਪੀਰ ਜ਼ਾਮਨ ਸ਼ਾਹ, ਪੀਰ ਟੁੰਡੇ ਸ਼ਾਹ, ਪੀਰ ਮਹਿੰਦੇ ਸ਼ਾਹ, ਪੀਰ ਬਾਬਾ ਜ਼ਾਹਿਰ ਵਲੀ ਅਤੇ ਪੀਰ ਸੁਥਰੇਸ਼ਾਹ ਨੇ ਇਸ ਧਰਤੀ ਨੂੰ ਆਪਣੀ ਕਰਮਭੂਮੀ ਬਣਾਇਆ। ਇਨ੍ਹਾਂ ‘ਚੋਂ ਪੀਰ ਮੋਹਕਮਦੀਨ ਦੀ ਦਰਗਾਹ ਉੱਤੇ 13 ਤੋਂ 16 ਫ਼ੱਗਣ (ਇਸ ਵਾਰ 25–27 ਫ਼ਰਵਰੀ 2016) ਨੂੰ ਇਹ ਮੇਲਾ ਲਗਦਾ ਹੈ। (ਕੁਝ ਇਤਿਹਾਸਕਾਰ ਬਾਬਾ ਜੀ ਦਾ ਨਾਂ ਅਬਦੁਲ ਕਾਦਰ ਜਲਾਨੀ ਦਸਦੇ ਹਨ।)
ਪੀਰ ਬਾਬਾ ਮੋਹਕਮਦੀਨ ਨੂੰ ਜਗਰਾਉਂ ਦਾ ਪਹਿਲਾ ਦੇਸ਼ ਭਗਤ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 1849 ‘ਚ ਅੰਗਰੇਜਾਂ ਅਤੇ ਪੰਜਾਬੀਆਂ ਵਿਚਕਾਰ ਹੋਈ ਜੰਗ ਸਮੇਂ ਪੰਜਾਬੀਆਂ ਨੂੰ ਧਨ ਅਤੇ ਫ਼ੋਜ ਦੀ ਪੇਸ਼ਕਸ਼ ਕੀਤੀ ਸੀ ਤਾਂ ਜੋ ਭਾਰਤੀਆਂ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾ ਕੇ ਸੁਖ ਦਾ ਸਾਹ ਲੈਣ ਜੋਗਾ ਬਣਾਇਆ ਜਾ ਸਕੇ:
ਮੁਹਕਮ ਦੀਨ ਸਰਦਾਰ ਨੇ ਲਿਖੀ ਚਿੱਠੀ, ਤੁਸਾਂ ਤਰਫ਼ ਲੁੱਟੇ ਚੰਗੇ ਸ਼ਾਨ ਦੇ ਜੀ।
ਦੇਹ ਭੇਜ ਉਰਾਰ ਸਭ ਕਾਰਖਾਨੇ, ਪਇਓ ਗੱਜਿਓ ਵਿਚ ਮੈਦਾਨ ਦੇ ਜੀ।
ਤੈਨੂੰ ਅੱਜ ਹਜੂਰ ਦੀ ਫਤਹਿ ਆਈ, ਖਬਰਾਂ ਉੱਡੀਆਂ ਵਿਚ ਜਹਾਨ ਦੇ ਜੀ।
ਸ਼ਾਹ ਮੁਹੰਮਦਾ ਵੈਰੀ ਨੂੰ ਜਾਣ ਹਾਜ਼ਰ, ਸਦਾ ਰੱਖੀਏ ਵਿਚ ਧਿਆਨ ਦੇ ਜੀ।
– ਵਾਰ ਸ਼ਾਹ ਮੁਹੰਮਦ
(ਉਪਰੋਕਤ ਪੈਰੇ ਅਤੇ ਵਾਰ ਸ਼ਾਹ ਮੁਹੰਮਦ ਸਬੰਧੀ ਜਾਣਕਾਰੀ ਡਾਇਟ ਦੇ ਸੇਵਾਮੁਕਤ ਲੈਕਚਰਾਰ ਅਵਤਾਰ ਸਿੰਘ ਜੀ ਤੋਂ ਪ੍ਰਾਪਤ ਹੋਈ)
ਇਸੇ ਦੇਸ਼ ਭਗਤ ਫ਼ਕੀਰ ਬਾਬਾ ਮੋਹਕਮਦੀਨ ਦੀ ਮਜਾਰ ‘ਤੇ ਰੋਸ਼ਨੀ ਦਾ ਮੇਲਾ ਲਗਦਾ ਹੈ। ਲੋਕ ਦੂਰ-ਦੁਰਾਡੇ ਤੋਂ ਆ ਕੇ 13 ਫੱਗਣ ਨੂੰ ਇਥੇ ਚੌਕੀਆਂ ਭਰਦੇ ਹਨ। ਸਰੀਰਕ ਰੋਗਾਂ ਤੋਂ ਮੁਕਤੀ ਲਈ ਅਤੇ ਪੁੱਤਰਾਂ ਦੀ ਪ੍ਰਾਪਤੀ ਲਈ ਅਰਦਾਸਾਂ ਕਰਦੇ ਹਨ। ਇਥੇ ਲੂਣ, ਤੇਲ, ਝਾੜੂ, ਪਤਾਸਿਆਂ ਆਦਿ ਦਾ ਚੜ੍ਹਾਵਾ ਚੜ੍ਹਦਾ ਹੈ। ਤੇਰਾਂ ਤੋਂ ਪੰਦਰਾਂ ਫੱਗਣ (24 ਤੋਂ 26 ਫਰਵਰੀ) ਤੱਕ ਸ਼ਹਿਰ ‘ਚ ਗਹਿਮਾ-ਗਹਿਮੀ ਰਹਿੰਦੀ ਹੈ। ਸਰਕਸਾਂ, ਜਾਦੂਗਰਾਂ ਦੇ ਸ਼ੋਅ, ਚੰਡੋਲ ਅਤੇ ਕਈ ਹੋਰ ਮਨ-ਪ੍ਰਚਾਵੇ ਦੇ ਸਾਧਨ ਲੋਕਾਂ ਦੇ ਦਿਲਾਂ ‘ਚ ਖਿੱਚ ਬਣਾਈ ਰੱਖਦੇ ਹਨ। ਬੁੱਚੇ, ਬੁੱਢੇ, ਜਵਾਨ, ਔਰਤਾਂ ਤੇ ਮੁਟਿਆਰਾਂ ਮੇਲੇ ਵਿਚ ਆ ਕੇ ਫੜ੍ਹੀਆਂ ਤੋਂ ਖਰੀਦੋ-ਫਰੋਖਤ ਕਰਦੀਆਂ ਹਨ। ਪਹਿਲੇ ਦਿਨ ਲੋਕ ਬਾਬੇ ਦੀ ਦਰਗਾਹ ‘ਤੇ ਚੌਂਕੀ ਭਰਦੇ ਹਨ ਅਤੇ ਮਨੋਕਾਮਨਾਵਾਂ ਦੀ ਪੂਰਤੀ ਲਈ ਦੁਆਵਾਂ ਮੰਗਦੇ ਹਨ ਅਤੇ ਰਾਤ ਭਰ ਜਾਗਰਣ ਕਰਕੇ ਬਾਬਾ ਜੀ ਦਾ ਗੁਣਗਾਣ ਕਰਦੇ ਹਨ। ਜਗਰਾਵਾਂ ਦੇ ਬਜ਼ੁਰਗ ਅੱਜ ਵੀ ਬੂਟਾ ਮੁਹੰਮਦ ਅਤੇ ਨਗੀਨੇ ਵਰਗਿਆਂ ਗਵਈਆਂ ਨੂੰ ਯਾਦ ਕਰਦੇ ਹਨ।
ਇਸ ਮੌਕੇ ਪਹਿਲੀ ਰਾਤ ਅਤੇ ਅਗਲੇ ਦਿਨ ਚੋਲਾਂ ਦੀ ਨਿਆਜ਼ ਦੇਗ਼ ਤਿਆਰ ਕਰਕੇ ਵੰਡੀ ਜਾਂਦੀ ਹੈ। ਇਸ ਮੰਤਵ ਅਧੀਨ ਦਰਗ਼ਾਹ ਸ਼ਰੀਫ਼ ਦੇ ਪਿਛਵਾੜੇ ਪੱਕੀਆਂ ਭੱਠੀਆਂ ਦਾ ਇੰਤਜ਼ਾਮ ਪੁਰਾਤਣ ਰਵਾਇਤ ਅਨੁਸਾਰ ਚੱਲਿਆ ਆ ਰਿਹਾ ਹੈ। ਅਗਲੇ ਦਿਨ ਸ਼ਰਧਾਲੂ ਜਗਰਾਉਂ ਸ਼ਹਿਰ ਦੇ ਅੰਦਰ ‘ਮਾਈ ਜ਼ੀਨਾ’ ਜੋ ਕਿ ਬਾਬਾ ਜੀ ਦੀ ਸੇਵਾਦਾਰਨੀ ਸੀ, ਦੀ ਸਮਾਧ ‘ਤੇ ਵੀ ਚੌਂਕੀ ਭਰਦੇ ਹਨ। ਤੀਜੇ ਦਿਨ ਬਾਬਾ ਜੀ ਦੀ ਦਰਗਾਹ ਤੇ ਵੱਡਾ ਮੇਲਾ ਲੱਗਦਾ ਹੈ। ਵਰਣਨਯੋਗ ਹੈ ਕਿ ਬਾਬਾ ਮੋਹਕਮ ਦੀਨ ਜੀ ਦੇ ਘਰ ਵਿੱਚ ਉਨ੍ਹਾਂ ਦਾ ਪਲੰਘ, ਲੋਟਾ, ਜੋੜਾ ਅਜੇ ਵੀ ਮੌਜੂਦ ਹੈ।
ਜਗਰਾਵਾਂ ਦਾ ਰੌਸ਼ਨੀ ਮੇਲਾ ਸਾਂਝੇ ਪੰਜਾਬ ਸਮੇਂ ਸੂਫੀਆ ਦੇ ਨਕਸ਼ਬੰਦੀ ਫਿਰਕੇ ਦੀ ਇਬਾਦਤਗਾਹ ਸੀ, ਜਿਥੇ ਤੇਰਾਂ ਤੋਂ ਸੋਲਾਂ ਫੱਗਣ ਦੀਆਂ ਵਿਚਕਾਰਲੀਆਂ ਰਾਤਾਂ ਨੂੰ ਹਿੰਦੋਸਤਾਨ ਭਰ ਦੇ ਕਵਾਲਾਂ ਨੂੰ ਆਪਣੀ ਕਲਾ ਦੁਆਰਾ ਇਬਾਦਤ ਕਰਨ ਦਾ ਇਕ ਆਲੌਕਿਕ ਜ਼ਰੀਆ ਪ੍ਰਾਪਤ ਹੁੰਦਾ ਹੈ। ਕਵਾਲੀਆਂ ਵਿਚ ਕਹੀ ਗਈ ਰੱਬ ਦੀ ਪ੍ਰਸ਼ੰਸਾ ਦਾ ਲੋਕੀਂ ਰਾਤ ਭਰ ਆਨੰਦ ਮਾਣਦੇ ਹਨ। ਇਹ ਧਾਰਮਿਕ ਉਤਸਵ ਹੋਲੀ-ਹੋਲੀ ਸਮੇਂ ਦੇ ਚੱਕਰ ਨਾਲ ਸਮਾਜਿਕ ਅਤੇ ਸਭਿਆਚਾਰਕ ਮੇਲੇ ਦਾ ਰੂਪ ਧਾਰਨ ਕਰ ਗਿਆ। ਰੌਸ਼ਨੀ ਦੇ ਮੇਲੇ ਦਾ ਪਿਛੋਕੜ ਮੁਸਲਮਾਨ ਸੂਫੀ ਫਕੀਰ ਪੀਰ ਬਾਬਾ ਮੋਹਕਮਦੀਨ ਵਲੀ ਅੱਲਾ (ਨਕਸ਼ਬੰਦੀ) ਨਾਲ ਜੁੜਿਆ ਹੋਇਆ ਹੈ। ਬਾਬਾ ਮੋਹਕਮਦੀਨ ਨੈਣੀ ਸ਼ਹਿਰ, ਮਨਕਾਣਾ ਮੁਹੱਲਾ ਤਹਿਸੀਲ ਲੋਹੀਆਂ ਜ਼ਿਲਾ ਵਲਟੋਹਾ ਦੇ ਵਸਨੀਕ ਸਨ। ਰੱਬੀ ਇਸ਼ਕ ਉਨ੍ਹਾਂ ਨੂੰ ਸਰਹੰਦ ਲੈ ਆਇਆ ਤੇ ਉਹ ਜ਼ਰਤ ਖਵਾਜਾ ਅਵਾਮ ਸਾਹਿਬ (ਅਮੀਨ ਸਰਹੰਦੀ) ਦੇ ਮੁਰੀਦ ਬਣ ਗਏ।
ਹਜ਼ਰਤ ਖਵਾਜਾ ਦੇ ਉਪਦੇਸ਼ ਸਦਕਾ ਬਾਬਾ ਮੋਹਕਮਦੀਨ ਨੇ ਰੱਤੀ ਖੇੜੀ (ਫਰੀਦਕੋਟ) ਵਿਖੇ ਬਾਰਾਂ ਸਾਲ ਮੌਨ ਧਾਰਿਆ ਅਤੇ ਇਸ ਉਪਰੰਤ ਖਵਾਜਾ ਦੇ ਨਿਰਦੇਸ਼ਾਂ ਅਧੀਨ ਅਗਵਾੜ ਗੁੱਜਰਾਂ ਜਗਰਾਉਂ ਵਿਖੇ ਆ ਡੇਰੇ ਲਾਏ।
ਇਸ ਮੇਲੇ ਬਾਰੇ ਕਈ ਦੰਦ–ਕਥਾਵਾਂ ਮਸ਼ਹੂਰ ਹਨ। ਇਕ ਦੰਦ–ਕਥਾ ਅਨੁਸਾਰ ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਕੋਈ ਡੇਢ ਕੁ ਸਦੀ ਪੁਰਾਣਾ ਹੈ। ਇਸ ਕਥਾ ਅਨੁਸਾਰ ਸ਼ਹਿਨਸ਼ਾਹ ਜਹਾਂਗੀਰ ਨੇ ਪੁੱਤਰ ਦੀ ਮੁਰਾਦ ਹਾਸਲ ਕਰਨ ਲਈ ਹਜ਼ਰਤ ਬਾਬਾ ਮੋਹਕਮ ਦੀਨ ਦੀ ਦਰਗਾਹ ‘ਤੇ ਜਾ ਕੇ ਸੁੱਖ ਸੁੱਖੀ ਅਤੇ ਬਾਬਾ ਜੀ ਨੇ ਪੁੱਤਰ ਪ੍ਰਾਪਤੀ ਦਾ ਵਰ ਦਿੱਤਾ। ਜਦੋਂ ਰਾਜੇ ਦੇ ਘਰ ਪੁੱਤਰ ‘ਸ਼ਾਹਜਹਾਂ’ ਪੈਦਾ ਹੋਇਆ ਤਾਂ ਰਾਜੇ ਦੀਆਂ ਖੁਸ਼ੀਆਂ ਦਾ ਕੋਈ ਠਿਕਾਣਾ ਨਾ ਰਿਹਾ।
ਉਸ ਨੇ ਹਾਥੀ ਲਿਆ ਕੇ ਬਾਬਾ ਮੋਹਕਮਦੀਨ ਜੀ ਨੂੰ ਹਾਥੀ ਦੀ ਸਵਾਰੀ ਕਰਾਉਣੀ ਸ਼ੁਰੂ ਕਰ ਦਿੱਤੀ ਅਤੇ ਬਾਬਾ ਜੀ ਦੇ ਉੱਪਰੋਂ ਖੁਸ਼ੀ ਨਾਲ ਮੋਹਰਾਂ ਸੁੱਟਣੀਆਂ ਸ਼ੁਰੂ ਕੀਤੀਆਂ। ਮੋਹਰਾਂ ਚੁੱਕਣ ਲਈ ਬੱਚੇ, ਸਿਆਣੇ ਆਦਿ ਹਾਥੀ ਦੇ ਪੈਰਾਂ ਵੱਲ ਵਧਣੇ ਸ਼ੁਰੂ ਹੋਏ ਤਾਂ ਬਾਬਾ ਜੀ ਨੇ ਰਾਜੇ ਨੂੰ ਕਿਹਾ ਕਿ ਇਸ ਤਰ੍ਹਾਂ ਮੋਹਰਾਂ ਸੁੱਟਣ ਨਾਲ ਬੱਚੇ ਅਤੇ ਸਿਆਣੇ ਹਾਥੀ ਦੇ ਪੈਰਾਂ ਹੇਠ ਲਿਤਾੜੇ ਜਾਣਗੇ। ਇਸ ਲਈ ਮੈਨੂੰ ਦਰਗ਼ਾਹ ‘ਤੇ ਹੀ ਲਿਜਾਇਆ ਜਾਵੇ। ਜੇ ਕੋਈ ਖੁਸ਼ੀ ਮਨਾਉਣੀ ਹੈ, ਤਾਂ ਉਹ ਇਥੇ ਹੀ ਮਨਾਈ ਜਾਵੇ। ਉਦੋਂ ਸ਼ਾਮ ਦਾ ਸਮਾਂ ਸੀ, ਰਾਜੇ ਨੇ ਪੁੱਤਰ ਪ੍ਰਾਪਤੀ ਦੀ ਖੁਸ਼ੀ ਵਿੱਚ ਦਰਗ਼ਾਹ ‘ਤੇ ਜਾ ਕੇ ਚਿਰਾਗ ਜਗਾਏ ਅਤੇ ਕੱਵਾਲਾਂ ਰਾਹੀਂ ਪ੍ਰਭੂ ਦੇ ਗੁਣ ਗਾਏ। ਉਸ ਦਿਨ ਤੋਂ ਹੀ ਇਸ ਮੇਲੇ ਨੂੰ ਮਨਾਉਣ ਦੀ ਰਵਾਇਤ ਸ਼ੁਰੂ ਹੋਈ ਅਤੇ ਬੀਤੇ ਸਮਿਆਂ ਵਿੱਚ ਤਾਂ ਪਾਕਿਸਤਾਨ ਤੋਂ ਕੱਵਾਲ ਆ ਕੇ ਸਾਰੀ–ਸਾਰੀ ਰਾਤ ਅੱਲ੍ਹਾ ਦਾ ਗੁਣਗਾਣ ਕਰਦੇ ਰਹੇ ਹਨ। ਸਮਾਂ ਬੀਤਣ ਦੇ ਨਾਲ ਇਹ ਮੇਲਾ ‘ਜਗਰਾਵਾਂ ਦੀ ਰੋਸ਼ਨੀ’ ਦੇ ਨਾਂ ਨਾਲ ਮਸ਼ਹੂਰ ਹੋ ਗਿਆ।
ਦੂਜੀ ਦੰਦ–ਕਥਾ ਅਨੁਸਾਰ ਪੀਰ ਹਜ਼ਰਤ ਮੋਹਕਮ ਦੀਨ ਦੇ ਵੱਖ–ਵੱਖ ਧਰਮਾਂ ਦੇ 48 ਸ਼ਰਧਾਲੂ ਸਨ। ਸ਼ਰਧਾਲੂਆਂ ਨੇ ਉਨ੍ਹਾਂ ਦਾ ਨਾਂ ਰੋਸ਼ਨ ਕਰਨ ਲਈ ਰੋਸ਼ਨੀ ਦਾ ਮੇਲਾ 15 ਫ਼ੱਗਣ ਨੂੰ ਉਨ੍ਹਾਂ ਦੇ ਸ਼ਹੀਦੀ ਦਿਨ ‘ਤੇ ਕਰਵਾਇਆ।
ਸਭ ਧਰਮਾਂ ਦੇ ਲੋਕ ਅੱਜ ਵੀ ਬਿਨ੍ਹਾਂ ਭੇਦ–ਭਾਵ ਅਤੇ ਬਿਨ੍ਹਾਂ ਕਿਸੇ ਦਿਖਾਵੇ ਦੇ ਇਸ ਮੇਲੇ ‘ਚ ਸ਼ਾਮਿਲ ਹੁੰਦੇ ਹਨ। ਮੇਲੇ ਵਿੱਚ ਢੋਲਾਂ ਦੀ ਥਾਪ ਅਤੇ ਡੱਗਿਆਂ ਦੀ ਗੜਗੜਾਹਟ ਵਿੱਚ ਸ਼ਰਧਾਲੂ ਲੋਰ ਅਤੇ ਮਸਤੀ ‘ਚ ਆ ਕੇ ਖੇਡਦੇ ਹਨ। ਕਲੀਆਂ ਲਗਾਉਣ ਵਾਲਿਆਂ ਦੀ ਟੋਲੀ, ਤੂੰਬੇ ਵਾਲੀ ਗਿੱਧਾ ਪਾਰਟੀ ਆਪਣਾ ਰੰਗ ਵਿਖਾਉਂਦੀ ਹੈ। ਬੋਲੀਆਂ ਰਾਹੀਂ ਆਪਣੇ ਇਲਾਕੇ ਦੇ ਬੈਲੀਆਂ, ਵੀਰਾਂ, ਲੜਾਕਿਆਂ ਅਤੇ ਮਸ਼ਹੂਰ ਚੀਜ਼ਾਂ ਦਾ ਜੱਸ ਗਾਇਆ ਜਾਂਦਾ ਹੈ :–
ਆਰੀ––––––– ਆਰੀ–––––– ਆਰੀ
ਵਿੱਚ ਜਗਰਾਮਾਂ ਦੇ, ਲਗਦੀ ਰੋਸ਼ਨੀ ਭਾਰੀ
ਮੁਨਸ਼ੀ ਡਾਂਗੋਂ ਦਾ, ਡਾਂਗ ਰੱਖਦਾ ਗੰਡਾਸੀ ਵਾਲੀ
ਕੇਹਰਾ ਰਕਬੇ ਦਾ, ਉਹ ਕਰਦਾ ਲੜਾਈ ਭਾਰੀ
ਅਰਜਨ ਚੀਮਿਆਂ ਦਾ, ਉਹ ਡਾਕੇ ਮਾਰਦਾ ਭਾਰੀ
ਮੋਦਨ ਕਾਉਂਕਿਆਂ ਦਾ, ਜ੍ਹੀਨੇ ਕੁੱਟਤੀ ਪੰਡੋਰੀ ਸਾਰੀ
ਧੰਨ ਕੌਰ ਦੌਧਰ ਦੀ, ਜਿਹੜੀ ਬੈਲਣ ਹੋ ਗਈ ਭਾਰੀ
ਮੋਕਲ ਸਰੂਮੇ ਨੇ, ਪੈਰ ਜੋੜ ਕੇ ਗੰਡਾਸੀ ਮਾਰੀ
ਪਰਲੋ ਆ ਜਾਂਦੀ, ਜੋ ਹੁੰਦੀ ਨਾ ਪੁਲਸ ਸਰਕਾਰੀ……………।
ਸਮੇਂ ਦੇ ਬਦਲ ਜਾਣ ਕਾਰਨ ਅਤੇ ਜ਼ਿੰਦਗੀ ਵਿੱਚ ਆਧੁਨਿਕਤਾ ਆਉਣ ਕਾਰਨ ਕਾਫ਼ੀ ਕੁਝ ਤਬਦੀਲ ਹੋਇਆ ਹੈ। ਪਹਿਲਾਂ ਮੇਲਿਆਂ ਉੱਤੇ ਪਹਿਲਵਾਨਾਂ ਦੇ ਘੋਲ ਕਰਾਉਣਾ ਆਮ ਗੱਲ ਸੀ। ਘੋਲਾਂ ਦੇ ਅਖਾੜੇ ਜਗਰਾਵਾਂ ਦੇ ਮੇਲੇ ਦੀ ਰੋਸ਼ਨੀ ‘ਤੇ ਵੀ ਵਾਹਵਾ ਜੁੜਦੇ ਸਨ। ਭਾਵੇਂ ਅੰਗਰੇਜ਼ੀ ਪੁਲਸ ਅਫ਼ਸਰ ‘ਵਟਨ’ ਸੁਪਰੀਟੈਂਡੈਂਟ ਲੁਧਿਆਣਾ ਦਾ ਸਮਾਂ ਗੁਜ਼ਰੇ ਮੁੱਦਤਾਂ ਹੋ ਗਈਆਂ ਹਨ ਪਰ ਉਸ ਨੂੰ ਯਾਦ ਕਰਨ ਵਾਲੀ ਬੋਲੀ ਅੱਜ ਵੀ ਪਾਈ ਜਾਂਦੀ ਹੈ :–
ਆਰਾ ––– ਆਰਾ ––– ਆਰਾ
ਜਗਰਾਵਾਂ ਦੇ ਮੇਲੇ ਤੇ, ਮਰ ਗਿਆ ਮੋਰ ਵਿਚਾਰਾ
ਟਿਕਟਾਂ ‘ਤੇ ਘੋਲ ਬੱਝ ਗਏ, ਦੁਨੀਆਂ ਬੰਨ੍ਹਦੀ ਖਾੜਾ,
‘ਵਟਨ’ ਅੱਗੇ ਅਰਜ਼ ਕਰੇ, ਚੰਦ ਮੈਥੋਂ ਜ਼ੋਰ ਦਾ ਭਾਰਾ,
ਮੁਗਧਰ ਨਾ ਚੁੱਕਦ ਵੇ, ਚੰਦ ਢਹਿ ਗਿਆ ਢਪਾਲ਼ੀ ਵਾਲਾ,
ਰਾਤੀਂ ਕੀ ਗੁਜ਼ਰੀ, ਦੱਸ ਬਿਸ਼ਨੀ ਦਿਆ ਯਾਰਾ……।।
ਬਾਬੇ ਦੇ ਸ਼ਰਧਾਲੂਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਇਸ ਮੇਲੇ ਦਾ ਚਾਅ ਨਿਵੇਕਲਾ ਹੀ ਹੈ। ਦੁਕਾਨਦਾਰ ਆਪਣੀਆਂ ਦੁਕਾਨਾਂ ਸਜਾਉਂਦੇ ਹਨ, ਬੱਚੇ ਚੰਡੋਲ ‘ਤੇ ਝੂਟੇ ਲੈਂਦੇ ਹਨ ਤੇ ਸਰਕਸ ਅਤੇ ਹੋਰ ਤਮਾਸ਼ੇ ਵੇਖਦੇ ਹਨ। ਕਈ ਜਾਦੂਗਰ ਵੀ ਆਪਣੀ ਕਲਾ ਦੇ ਜੌਹਰ ਵਿਖਾਉਂਦੇ ਹਨ। ਸਾਰੇ ਰੰਗ–ਬਿਰੰਗੇ ਬਣੇ ਬਜ਼ਾਰ ਵਿੱਚ ਚਹਿਲ–ਕਦਮੀ ਕਰਦੇ ਹਨ। ਦੇਸ਼ ਦੀ ਵੰਡ ਤੋਂ ਪਹਿਲਾਂ ਤਾਂ ਕਿਹਾ ਜਾਂਦਾ ਹੈ ਕਿ ਇਸ ਮੇਲੇ ਨੂੰ ਰੰਗ ਹੋਰ ਵੀ ਗੂੜ੍ਹਾ ਚੜ੍ਹਦਾ ਸੀ। ਬਾਬੇ ਦੀ ਦਰਗ਼ਾਹ ਤੋਂ ਦੋ ਕਿਲੋਮੀਟਰ ਦੂਰ ਤੱਕ ਤਿਲ ਸੁੱਟਣ ਤੱਕ ਦੀ ਜਗ੍ਹਾ ਵੀ ਨਹੀਂ ਸੀ ਹੁੰਦੀ। ਆਲੇ–ਦੁਆਲੇ ਦਾ ਲੱਗਪੱਗ ਸਾਰਾ ਇਲਾਕਾ ਖਾਲੀ ਸੀ ਅਤੇ ਨੇੜਲੀਆਂ ਸਰਾਵਾਂ ਵਿੱਚ ਸ਼ਰਧਾਲੂਆਂ ਦੇ ਠਹਿਰਣ ਦਾ ਪ੍ਰਬੰਧ ਹੁੰਦਾ ਸੀ। 1947 ਵਿੱਚ ਦੇਸ਼ ਦੀ ਵੰਡ ਸਮੇਂ ਆਪਣੇ ਸ਼ਰਨਾਰਥੀਆਂ ਨੂੰ ‘ਮੁੜ ਵਸਾਊ ਵਿਭਾਗ’ ਨੇ ਇਹ ਕਮਰੇ ਅਲਾਟ ਕਰ ਦਿੱਤੇ। ਹੁਣ ਤਾਂ ਸ਼ਹਿਰ ਦੀਆ ਬਾਕੀ ਸਾਰੀਆਂ ਸਰਾਵਾਂ ਵੀ ਬਾਕੀ ਸਾਰੀ ਹੋਂਦ ਗੁਆ ਚੁੱਕੀਆਂ ਹਨ।
ਪੱਛਮ ਵੱਲੋਂ ਆਈ ਆਧੁਨਿਕਤਾ ਦੀ ਹਵਾ ਨੇ ਇਸ ਮੇਲੇ ਦੀ ਰੌਣਕ ਨੂੰ ਕਾਫ਼ੀ ਸੱਟ ਮਾਰੀ ਹੈ। ਸਰਕਸ ਅਤੇ ਚੰਡੋਲ ਲਗਾਉਣ ਲਈ ਜਗ੍ਹਾ ਦੀ ਘਾਟ ਮਹਿਸੂਸ ਹੋਣ ਲੱਗੀ ਹੈ। ਦਰਗ਼ਾਹ ਸ਼ਰੀਫ਼ ਦੀ ਨੇੜਲੀ ਥਾਂ ‘ਤੇ ਰਹਾਇਸ਼ਾਂ ਅਤੇ ਸੰਘਣੇ ਬਜ਼ਾਰ ਬਣ ਗਏ ਹਨ। ਪੌਪ ਸੰਗੀਤ ਅਤੇ ਡਿਸਕੋ ਦੀਆਂ ਲਹਿਰਾਂ ‘ਤੇ ਥਿਰਕਣ ਵਾਲੀ ਮੌਜੂਦਾ ਨੌਜਵਾਨ ਪੀੜ੍ਹੀ ਇਸ ਮੇਲੇ ਵਿੱਚ ਵੱਜਣ ਵਾਲੀ ਸਾਰੰਗੀ, ਤੂੰਬਾ, ਅਲਗੋਜ਼ੇ ਅਤੇ ਦੋਤਾਰੇ ਤੋਂ ਬੇਮੁਖ ਹੋ ਚੁੱਕੀ ਹੈ। ਇਸ ਮੇਲੇ ਦੌਰਾਨ ਮਾਂ–ਬੋਲੀ ਪੰਜਾਬੀ ਵਿੱਚ ਪਾਈਆਂ ਜਾਣ ਵਾਲੀਆਂ ਬੋਲੀਆਂ ਦੀ ਥਾਂ ‘ਗੱਲ੍ਹਾਂ ਗੋਰੀਆਂ ਤੇ ਵਿੱਚ ਟੋਏ’ ਵਰਗੇ ਗੀਤਾਂ ਨੇ ਲੈ ਲਈ ਹੈ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਮੇਲਾ ਆਪਣੀ ਹੋਂਦ ਬਰਕਰਾਰ ਰੱਖੇ ਹੋਏ ਹੈ।
ਆਰੀ––– ਆਰੀ ––– ਆਰੀ……
ਵਿਚ ਜਗਰਾਮਾਂ ਦੇ, ਹੁਂ ਨੀਂ ਲਗਦੀ ਰੋਸ਼ਨੀ ਭਾਰੀ
ਥਾਂ ਮੱਲ ‘ਲੀ ਵਈ ਲੋਕਾਂ ਨੇ, ਜਗ੍ਹਾਂ ਮੁੱਕ ਗੀ ਮੇਲੇ ਦੀ ਸਾਰੀ
ਗਬਰੂ ਬਜਾਂਦੇ ਡਫ਼ਲੀ, ਥਾਂ ਨਸ਼ਿਆਂ ਨੇ ਦੇਹ ਤੇ ਪਾਲ਼ੀ
‘ਖਾੜੇ ਪਏ ਨੇ ਓਡੀਕ ਕਰਦੇ, ਥੋੜ ਪੈ ‘ਗੀ ਮੱਲਾ ਦੀ ਭਾਰੀ
ਰੱਜੇ ਹੋਏ ਨਸ਼ਿਆਂ ਦੇ, ਆ ਵੜਦੇ ਵਿਚ ਬਜਾਰੀ
ਮੋਢੇ ਨਾਲ ਮੋਢਾ ਮਾਰ ਕੇ, ਛੇੜਦੇ ਨੇ ਕੁੜੀ ਕੁਆਰੀ
ਪੁਲਸ ਨੇ ਕੀ ਆਖਣੈ, ਖੁਦ ਸੇਕਦੇ ਅੱਖਾ ਹਰ ਵਾਰੀ
ਠਰਕੀ ਪਏ ਵੇਖਦੇ ਬਈ, ‘ਜਿੰਦਾ ਡਾਂਸ’ ਚਲੇ ਜੋ ਰਾਤ ਸਾਰੀ
ਮੇਲਾ ਮੁੱਕ ਚਲਿਆ, ਸਾਂਭ ਲੋ ਤੁਸੀਂ ਇਸ ਵਾਰੀ
ਨਿੰਮ ਨਾਲ ਝੂਟਦੀਏ, ਲਾ ਮਿੱਤਰਾਂ ਨਾਲ ਯਾਰੀ………।