ਨਵੀਂ ਦਿੱਲੀ – ਜੇਐਨਯੂ ਵਿੱਚ ਭਾਰਤ ਵਿਰੋਧੀ ਨਾਅਰੇ ਲਗਾਉਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤੇ ਗਏ ਕਨ੍ਹਈਆ ਕੁਮਾਰ ਦੇ ਮੁੱਦੇ ਤੇ ਹਾਈਕੋਰਟ ਨੇ ਦਿੱਲੀ ਪੁਲਿਸ ਦੀ ਚੰਗੀ ਝਾੜਝੰਬ ਕੀਤੀ। ਅਦਾਲਤ ਨੇ ਪੁਲਿਸ ਨੂੰ ਸਵਾਲਾਂ ਵਿੱਚ ਘੇਰਦੇ ਹੋਏ ਕਿਹਾ, ‘ਤੁਹਾਨੂੰ ਪਤਾ ਵੀ ਹੈ ਕਿ ਦੇਸ਼ਧਰੋਹ ਕੀ ਹੁੰਦਾ ਹੈ।’
ਹਾਈਕੋਰਟ ਵਿੱਚ ਕਨ੍ਹਈਆ ਦੀ ਜਮਾਨਤ ਦਰਖਾਸਤ ਤੇ ਸੁਣਵਾਈ ਦੌਰਾਨ ਪੁਲਿਸ ਦੁਆਰਾ ਕੋਰਟ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਕੋਲ ਕੋਈ ਵੀ ਵੀਡੀਓ ਨਹੀਂ ਹ,ੈ ਜਿਸ ਵਿੱਚ ਕਨ੍ਹਈਆ ਨੂੰ ਦੇਸ਼ ਵਿਰੋਧੀ ਨਾਅਰੇ ਲਗਾਉਂਦੇ ਹੋਏ ਵੇਖਿਆ ਜਾ ਸਕੇ। ਇਸ ਤੇ ਅਦਾਲਤ ਨੇ ਕਨ੍ਹਈਆ ਦੀ ਜਮਾਨਤ ਦੇ ਸਬੰਧ ਵਿੱਚ ਫੈਂਸਲਾ 2 ਮਾਰਚ ਤੱਕ ਸੁੱਰਖਿਅਤ ਰੱਖ ਲਿਆ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਕਨ੍ਹਈਆ ਦੇ ਖਿਲਾਫ਼ ਪੁਲਿਸ ਵੱਲੋਂ ਲਗਾਈਆਂ ਗਈਆਂ ਧਾਰਾਵਾਂ ਤੇ ਕਈ ਸਵਾਲ ਖੜ੍ਹੇ ਕੀਤੇ। ਪੁਲਿਸ ਨੇ ਕਿਹਾ ਕਿ ਸਾਡੇ ਕੋਲ ਨਿਊਜ ਚੈਨਲ ਦੀ ਫੁਟੇਜ ਦੇ ਇਲਾਵਾ ਅਜਿਹਾ ਕੋਈ ਵੀ ਵੀਡੀਓ ਨਹੀਂ ਹੈ ਜਿਸ ਵਿੱਚ ਕਨ੍ਹਈਆ ਵਿਖਾਈ ਦਿੰਦਾ ਹੋਵੇ।
ਉਚ ਅਦਾਲਤ ਨੇ ਪੁਲਿਸ ਤੋਂ ਇਹ ਪੁੱਛਿਆ ਕਿ ਉਨ੍ਹਾਂ ਕੋਲ ਕਨ੍ਹਈਆ ਦੇ ਦੇਸ਼ ਵਿਰੋਧੀ ਨਾਅਰੇ ਲਗਾਉਂਦੇ ਦੀ ਕੋਈ ਰੀਕਾਰਡਿੰਗ ਹੈ, ਜਿਸ ਤੋਂ ਇਹ ਸਾਬਿਤ ਹੋ ਸਕੇ ਕਿ ਕਨ੍ਹਈਆ ਨੇ ਹੀ ਨਾਅਰੇ ਲਗਾਏ ਸਨ। ਅਦਾਲਤ ਨੇ ਪੁਲਿਸ ਵੱਲੋਂ ਸਬੂਤ ਨਾਂ ਪੇਸ਼ ਕਰ ਸਕਣ ਕਾਰਨ ਦਿੱਲੀ ਪੁਲਿਸ ਨੂੰ ਚੰਗੀ ਝਾੜ ਪਾਈ।