ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਪੰਜਵਾਂ ਯੁਵਕ ਮੇਲਾ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ। ਇਸ ਮੌਕੇ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ, ਪਰੋ-ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਨੇ ਸੀਨੀਅਰ ਅਧਿਕਾਰੀਆਂ ਸਹਿਤ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸ੍ਰ. ਸਿੱਧੂ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਪ੍ਰੇਰਨਾਦਾਇਕ ਸ਼ਬਦ ਕਹੇ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਦੀ ਸਖਸ਼ੀਅਤ ਉਸਾਰੀ ਲਈ ਇਕ ਮੰਚ ਦੇ ਤੌਰ ‘ਤੇ ਅਹਿਮ ਯੋਗਦਾਨ ਪਾਉਂਦੇ ਹਨ, ਇਸਦੇ ਨਾਲ ਹੀ ਉਹ ਆਪੋ-ਆਪਣੇ ਇਲਾਕਿਆਂ ਦੇ ਸੱਭਿਆਚਾਰ ਦੀ ਪੇਸ਼ਕਾਰੀ ਕਰਕੇ ਵਿਰਸੇ ਨੂੰ ਹੋਰ ਅਮੀਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡੀਨ ਅਕਾਦਮਿਕਸ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਆਏ ਹੋਏ ਮਹਿਮਾਨਾਂ, ਅਧਿਆਪਕੀ, ਗੈਰ-ਅਧਿਆਪਕੀ ਅਮਲੇ, ਵਿਦਿਆਰਥੀਆਂ ਅਤੇ ਹੋਰ ਹਾਜ਼ਰੀਨ ਸਰੋਤਿਆਂ ਨੂੰ ਰਸਮੀ ਤੌਰ ‘ਤੇ ‘ਜੀ ਆਇਆਂ’ ਕਿਹਾ। ਯੂਨੀਵਰਸਿਟੀ ਦੇ ਲੋਕ ਸੰਪਰਕ ਅਧਿਕਾਰੀ, ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਹਾਜ਼ਰੀਨ ਸਰੋਤਿਆਂ ਅਤੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਵੱਖੋ-ਵੱਖ ਦੋ ਸਟੇਜਾਂ ‘ਤੇ ਇੱਕੋ ਸਮੇਂ ਕਰਵਾਏ ਜਾ ਰਹੀਆਂ ਸੱਭਿਆਚਾਰਕ ਗਤੀਵਿਧੀਆਂ ਵਿਚ ਭੰਗੜਾ, ਗੀਤ, ਗਜ਼ਲ, ਕਵੀਸ਼ਰੀ ਆਦਿ ਦੇ ਨਾਲ-ਨਾਲ ਕਵਿਤਾ ਮੁਕਾਬਲੇ, ਸਮੂਹਿਕ ਵਾਰਤਾਲਾਪ, ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਵਿਦਿਆਰਥੀਆਂ ਅਤੇ ਹਾਜ਼ਰੀਨ ਸਰੋਤਿਆਂ ਦੀ ਸੁਵਿਧਾਂ ਲਈ ਖਾਣ-ਪੀਣ ਅਤੇ ਮਨੋਰੰਜਨ ਵਾਲੇ ਵੱਖ-ਵੱਖ ਤਰ੍ਹਾਂ ਦੇ ਸਟਾਲ ਯੂਨੀਵਰਸਿਟੀ ਕੈਂਪਸ ਵਿਖੇ ਲਗਾਏ ਗਏ। ਯੂਨੀਵਰਸਿਟੀ ਦੇ ਅਧੀਨ ਪੈਂਦੇ ਅੱਠ ਵੱਖੋ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਸੱਭਿਆਚਾਰਕ ਮੁਕਾਬਲਿਆਂ ਤੋਂ ਇਲਾਵਾ ਪੰਜਾਬ ਦੇ ਕਈ ਨਾਮਵਰ ਗਾਇਕਾਂ ਐਮੀ ਵਿਰਕ ਅਤੇ ਬਲਕਾਰ ਸਿੱਧੂ ਨੇ ਆਪਣੇ ਸੁਰੀਲੇ ਸੁਰਾਂ ਸਹਿਤ ਗਾਏ ਗੀਤਾਂ ਨਾਲ ਸਰੋਤਿਆਂ ਦੇ ਪੈਰ ਥਿਰਕਣ ਲਾਏ।
ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਵਿਦਿਆਰਥੀਆਂ ਅਤੇ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਯੋਗ ਅਗਵਾਈ ਸਦਕਾ ਇਹ ਪ੍ਰੋਗਰਾਮ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ।ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ, ਪ੍ਰੋ. ਸੁਖਵਿੰਦਰ ਸਿੰਘ ਬਰਾੜ, ਪ੍ਰੋ. ਅਮਰਿੰਦਰ ਸੰਧੂ, ਪ੍ਰੋ. ਜੁਝਾਰ ਸਿੰਘ, ਪ੍ਰੋ. ਵੀਰਪਾਲ ਕੌਰ ੳਤੇ ਗਾਇਕ ਬਲਕਾਰ ਸਿੱਧੂ ਨੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਦੇ ਮੁਕਾਬਲਿਆਂ ਮੌਕੇ ਜੱਜਾਂ ਦੀ ਭੁਮਿਕਾ ਨਿਭਾਈ। ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਜਸਬੀਰ ਸਿੰਘ ਸਿੱਧੂ ਨੇ ਆਏ ਹੋਏ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।