ਲੁਧਿਆਣਾ: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਉੱਘੇ ਸਾਹਿਤਕਾਰ, ਪੱਤਰਕਾਰ ਜਿਹੜੇ ਬੜੇ ਵਕਾਰੀ ਮੈਗਜ਼ੀਨ ਅਕਸ ਅਤੇ ਸੁਆਣੀ ਦਾ ਸੰਪਾਦਨ ਕਰਦੇ ਰਹੇ ਹਨ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਆਖਿਆ ਕਿ ਅਮਰਜੀਤ ਸਿੰਘ ਨੇ ਚਿਹਰੇ, ਬਾਰਿਸ਼, ਕੌਫ਼ੀ ਹਾਊਸ ਦੇ ਬਾਹਰ ਖੜ੍ਹਾ ਆਦਮੀ ਅਤੇ ਬਰਜਿੰਦਰ ਸਿੰਘ ਹਮਦਰਦ ਅਭਿਨੰਦਨ ਗ੍ਰੰਥ ਆਦਿ ਪੁਸਤਕਾਂ ਰਚ ਕੇ ਪੰਜਾਬੀ ਸਾਹਿਤ ਦੇ ਖਜਾਨੇ ਨੂੰ ਹੋਰ ਭਰਪੂਰ ਕੀਤਾ ਹੈ। ਜਨਰਲ ਸਕੱਤਰ ਡਾ. ਅਨੂਪ ਸਿੰਘ ਜੀ ਨੇ ਅਮਰਜੀਤ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕਹਾਣੀ ਨਾਵਲ ਨਿਬੰਧ ਆਦਿ ਵਿਧਾਵਾਂ ਵਿਚ ਰਚੀਆਂ ਪੁਸਤਕਾਂ ਸਬੰਧੀ ਆਖਿਆ ਕਿ ਉਨ੍ਹਾਂ ਦੀਆਂ ਪੁਸਤਕਾਂ ਜਿੱਥੇ ਕੋਮਲਭਾਵੀ ਹਨ ਉੱਥੇ ਗੰਭੀਰ ਗਹਿਰਾਈ ਤੇ ਵੀ ਮਾਣ ਕੀਤਾ ਜਾ ਸਕਦਾ ਹੈ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਅਮਰਜੀਤ ਸਿੰਘ ਆਪਣੀ ਪੱਤਰਕਾਰੀ ਅਤੇ ਸਾਹਿਤ ਕਰਕੇ ਪੰਜਾਬੀ ਸਾਹਿਤ ਜਗਤ ਵਿਚ ਹਮੇਸ਼ਾ ਜਾਣੇ ਜਾਂਦੇ ਰਹਿਣਗੇ। ਉਹ ਨਿੱਕੇ ਮਸਲਿਆਂ ਨੂੰ ਵੱਡੇ ਸੰਦਰਭਾਂ ਵਿਚ ਅੰਕਿਤ ਕਰਕੇ ਸਾਹਿਤ ਰਚਨਾ ਕਰਦੇ ਸਨ। ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਅਮਰਜੀਤ ਸਿੰਘ ਦੀ ਮਿਹਨਤ ਅਤੇ ਸੂਝ ਸਦਕਾ ਬਣੀ ਪੰਜਾਬੀ ਸਾਹਿਤ ਜਗਤ ਵਿਚ ਪਛਾਣ ਹਮੇਸ਼ਾ ਲਈ ਆਪਣੀ ਛਾਪ ਛੱਡ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਡਾ. ਸਰਦਾਰਾ ਸਿੰਘ ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਗਿੱਲ, ਰਵਿੰਦਰ ਭੱਠਲ, ਮਿੱਤਰ ਸੈਨ ਮੀਤ, ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਸੁਰਿੰਦਰ ਰਾਮਪੁਰੀ, ਸਹਿਜਪ੍ਰੀਤ ਮਾਂਗਟ, ਪ੍ਰੀਤਮ ਸਿੰਘ ਭਰੋਵਾਲ, ਇੰਦਰਜੀਤਪਾਲ ਕੌਰ, ਦੀਪ ਜਗਦੀਪ ਸਿੰਘ, ਭਗਵਾਨ ਢਿ¤ਲੋਂ, ਭੁਪਿੰਦਰ ਸਿੰਘ ਧਾਲੀਵਾਲ, ਸੁਖਮਿੰਦਰ ਰਾਮਪੁਰੀ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।